ਦਿੱਲੀ ਦੀ 22 ਸਾਲਾ ਕੁੜੀ ਨੇ ਪਹਿਲੀ ਕੋਸ਼ਿਸ਼ 'ਚ ਹੀ ਭਾਰਤੀ ਸਿਵਲ ਸਰਵਿਸੇਜ਼ ਪ੍ਰੀਖਿਆ ਵਿੱਚ ਕੀਤਾ 'ਟਾੱਪ'

ਦਿੱਲੀ ਦੀ 22 ਸਾਲਾ ਕੁੜੀ ਨੇ ਪਹਿਲੀ ਕੋਸ਼ਿਸ਼ 'ਚ ਹੀ ਭਾਰਤੀ ਸਿਵਲ ਸਰਵਿਸੇਜ਼ ਪ੍ਰੀਖਿਆ ਵਿੱਚ ਕੀਤਾ 'ਟਾੱਪ'

Thursday May 12, 2016,

4 min Read

ਦਿੱਲੀ ਦੀ ਕੁੜੀ ਟੀਨਾ ਡਾਬੀ ਸਾਲ 2015 ਦੀ ਭਾਰਤੀ ਸਿਵਿਲ ਸਰਵਿਸੇਜ਼ ਦੀ ਪ੍ਰੀਖਿਆ ਵਿੱਚ ਅੱਵਲ ਰਹੀ ਹੈ। ਜੰਮੂ ਕਸ਼ਮੀਰ ਦਾ ਰੇਲ ਅਧਿਕਾਰੀ ਅਤਹਰ ਆਮਿਰ ਉਲ ਸ਼ਫ਼ੀ ਖ਼ਾਨ ਮੰਗਲਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਦੂਜੇ ਨੰਬਰ 'ਤੇ ਰਿਹਾ ਹੈ।

image


22 ਸਾਲਾ ਟੀਨਾ ਡਾਬੀ ਨੇ ਆਪਣੀ ਪਹਿਲੀ ਕੋਸ਼ਿਸ਼ ਦੌਰਾਨ ਹੀ ਸਮੁੱਚੇ ਭਾਰਤ 'ਚ ਅੱਵਲ ਆਉਣ ਦਾ ਮਾਅਰਕਾ ਮਾਰਿਆ ਹੈ। ਨਵੀਂ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਗਰੈਜੂਏਸ਼ਨ ਕਰਨ ਵਾਲੀ ਟੀਨਾ ਨੇ ਦੱਸਿਆ ਯਕੀਨੀ ਤੌਰ 'ਤੇ ਉਸ ਲਈ ਇਹ ਮਾਣਮੱਤਾ ਛਿਣ ਹੈ।

ਉਸ ਨੇ ਕਿਹਾ ਕਿ ਹਰਿਆਣਾ 'ਚ ਕੰਮਕਾਜੀ ਔਰਤਾਂ ਦੀ ਗਿਣਤੀ ਕਾਫ਼ੀ ਘੱਟ ਹੈ, ਇਸ ਲਈ ਉਹ ਦਿੱਲੀ ਦੇ ਇਸ ਗੁਆਂਢੀ ਸੂਬੇ ਭਾਵ ਹਰਿਆਣਾ ਵਿੱਚ ਰਹਿ ਕੇ ਹੀ ਮਹਿਲਾ-ਸਸ਼ੱਕਤੀਕਰਣ ਨੂੰ ਇੱਕ ਨਵਾਂ ਹੁਲਾਰਾ ਦੇਣਾ ਚਾਹੁੰਦੀ ਹੈ। ਟੀਨਾ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਮਾਂ ਸਿਰ ਬੱਝਦੀ ਹੈ, ਜੋ ਕਿ ਖ਼ੁਦ ਭਾਰਤੀ ਇੰਜੀਨੀਅਰਿੰਗ ਸੇਵਾ ਅਧਿਕਾਰੀ (ਆਈ.ਈ.ਐਸ.) ਰਹਿ ਚੁੱਕੇ ਹਨ। ਉਹ ਹੁਣ ਆਪਣੀ ਸੇਵਾ ਤੋਂ ਆਪਣੀ ਮਰਜ਼ੀ ਨਾਲ ਰਿਟਾਇਰ ਹੋਏ ਹਨ।

ਟੀਨਾ ਡਾਬੀ ਨੇ ਦੱਸਿਆ ਕਿ ਉਹ ਸਦਾ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰਨਾ ਲੋਚਦੀ ਰਹੀ ਹੈ। ਇਸੇ ਲਈ ਉਹ ਹਰਿਆਣਾ ਨੂੰ ਚੁਣਨਾ ਚਾਹੁੰਦੀ ਹੈ। 'ਅਸੀਂ ਸਾਰੇ ਜਾਣਦੇ ਹਾਂ ਕਿ ਹਰਿਆਣਾ 'ਚ ਲੜਕੀਆਂ ਤੇ ਲੜਕਿਆਂ ਦਾ ਲਿੰਗ ਅਨੁਪਾਤ ਕਾਫ਼ੀ ਘੱਟ ਹੈ, ਇਸੇ ਲਈ ਮੈਂ ਉਥੇ ਮਹਿਲਾ-ਸਸ਼ੱਕਤੀਕਰਣ ਲਈ ਕੀਤੇ ਜਾ ਰਹੇ ਉੱਦਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹਾਂਗੀ। ਮੇਰੀ ਮਾਂ ਮੇਰੇ ਆਦਰਸ਼ ਹਨ। ਉਹ ਚਾਹੁੰਦੇ ਸਨ ਕਿ ਮੈਂ ਰਾਜਨੀਤੀ-ਵਿਗਿਆਨ (ਪੋਲਿਟੀਕਲ ਸਾਇੰਸ) ਦਾ ਵਿਸ਼ਾ ਲੈ ਕੇ ਪੜ੍ਹਾਈ ਕਰਾਂ। ਮੈਂ ਉਹੀ ਵਿਸ਼ਾ ਲਿਆ ਤੇ ਪ੍ਰੀਖਿਆ ਵਿੱਚੋਂ ਪਾਸ ਹੋ ਗਈ। ਇਹ ਮੇਰੇ ਮੁੱਖ ਵਿਸ਼ਿਆਂ ਵਿੱਚੋਂ ਇੱਕ ਸੀ।'

ਟੀਨਾ ਦੇ ਪਿਤਾ ਸ੍ਰੀ ਜਸਵੰਤ ਵੀ ਇੱਕ ਆਈ.ਈ.ਐਸ. (ਇੰਡੀਅਨ ਇੰਜੀਨੀਅਰਿੰਗ ਸਰਵਿਸੇਜ਼) ਅਧਿਕਾਰੀ ਹਨ। ਉਨ੍ਹਾਂ ਇੱਕ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਬਿਹਤਰੀਨ ਦਿਨ ਹੈ।

ਟੀਨਾ ਦਾ ਜਨਮ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਹੋਇਆ ਸੀ। ਉਸ ਨੇ ਉਥੋਂ ਦੇ ਕਾਰਮੇਲ ਕਾੱਨਵੈਂਟ ਸਕੂਲ ਤੋਂ ਆਪਣੀ ਸਕੂਲੀ ਸਿੱਖਿਆ ਹਾਸਲ ਕੀਤੀ। ਉਹ ਆਖਦੀ ਹੈ ਕਿ ਪ੍ਰਸ਼ਾਸਨਿਕ ਕੰਮਾਂ ਵਿੱਚ ਔਰਤਾਂ ਨੂੰ ਵਧੇਰੇ ਮੌਕੇ ਮਿਲਣੇ ਚਾਹੀਦੇ ਹਨ।

''ਮਹਿਲਾ ਸਸ਼ੱਕਤੀਕਰਣ ਬਹੁਤ ਅਹਿਮ ਹੈ। ਮੈਂ ਵੇਖਿਆ ਹੈ ਕਿ ਕਿਵੇਂ ਮੇਰੀ ਮਾਂ ਨੇ ਮੈਨੂੰ ਪਾਲ਼ਿਆ ਹੈ। ਮੈਂ ਕੇਵਲ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲ ਕੇ ਹੀ ਦੇਸ਼ ਵਿੱਚੋਂ ਅੱਵਲ ਆ ਸਕੀ ਹਾਂ।''

ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਧੀ ਹੈ। ਉਸ ਦੀ ਛੋਟੀ ਭੈਣ ਰੀਆ ਨੇ ਇਸੇ ਵਰ੍ਹੇ 12ਵੀਂ ਜਮਾਤ ਪਾਸ ਕੀਤੀ ਹੈ। ਉਸ ਦੀ ਮਾਂ ਸ੍ਰੀਮਤੀ ਹਿਮਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਸਿਵਲ ਸਰਵਿਸੇਜ਼ ਪ੍ਰੀਖਿਆ ਦੀ ਤਿਆਰੀ ਲਈ ਹਰ ਤਰ੍ਹਾਂ ਦੀ ਮਦਦ ਕੀਤੀ। 'ਇਸ ਪ੍ਰੀਖਿਆ ਦੀ ਤਿਆਰੀ ਕੋਈ ਸੁਖਾਲ਼ੀ ਨਹੀਂ ਹੈ, ਇਹ ਬਹੁਤ ਔਖਾ ਕੰਮ ਹੈ। ਅੱਜ ਦਾ ਨਤੀਜਾ ਕੇਵਲ ਉਸ ਦੀ ਸਖ਼ਤ ਮਿਹਨਤ ਕਰ ਕੇ ਹੀ ਵੇਖਣ ਨੂੰ ਮਿਲਿਆ ਹੈ।'

ਟੀਨਾ ਦੀ ਮਾਂ ਅੱਜ ਕੱਲ੍ਹ ਆਪਣੇ ਸੂਟ 'ਤੇ ਇੱਕ ਬੈੱਜ ਲਾ ਕੇ ਘੁੰਮਦੇ ਹਨ, ਜਿਸ 'ਤੇ ਲਿਖਿਆ ਹੈ 'ਮਾਇ ਡਾੱਟਰ, ਮਾਇ ਹੀਰੋ' (ਮੇਰੀ ਧੀ, ਮੇਰੀ ਨਾਇਕ)। ਉਹ ਆਖਦੇ ਹਨ,''ਮੇਰੀ ਧੀ ਹੀ ਮੇਰੀ ਅਸਲ ਨਾਇਕ ਹੈ। ਉਸ ਦਾ ਕੋਈ ਬਦਲ ਨਹੀਂ ਹੈ।''

ਉਧਰ ਦਿੱਲੀ ਦਾ ਇੱਕ ਇੰਡੀਅਨ ਰੈਵੇਨਿਊ ਸਰਵਿਸ ਆੱਫ਼ੀਸਰ ਜਸਮੀਤ ਸਿੰਘ ਸੰਧੂ ਦੇਸ਼ ਵਿੱਚ ਤੀਜੇ ਨੰਬਰ 'ਤੇ ਰਿਹਾ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ 23 ਸਾਲਾ ਅਤਹਰ ਨੂੰ ਇਹ ਸਫ਼ਲਤਾ ਆਪਣੀ ਦੂਜੀ ਕੋਸ਼ਿਸ਼ ਵਿੱਚ ਮਿਲੀ ਹੈ। ਸਾਲ 2014 'ਚ ਆਪਣੀ ਪਹਿਲੀ ਕੋਸ਼ਿਸ਼ ਦੌਰਾਨ ਉਸ ਨੂੰ 'ਇੰਡੀਅਨ ਰੇਲਵੇ ਟਰੈਫ਼ਿਕ ਸਰਵਿਸ' ਵਿੱਚ ਸਫ਼ਲਤਾ ਮਿਲ ਗਈ ਸੀ। ਇਸ ਵੇਲੇ ਉਹ ਲਖਨਊ ਦੇ ਇੰਡੀਅਨ ਰੇਲਵੇਜ਼ ਇੰਸਟੀਚਿਊਟ ਆੱਫ਼ ਟਰਾਂਸਪੋਰਟ ਮੈਨੇਜਮੈਂਟ ਵਿਖੇ ਸਿਖਲਾਈ ਲੈ ਰਿਹਾ ਹੈ। ਉਸ ਨੇ ਦੱਸਿਆ,''ਮੇਰਾ ਇੱਕ ਚਿਰੋਕਣਾ ਸੁਫ਼ਨਾ ਪੂਰਾ ਹੋ ਗਿਆ ਹੈ। ਮੈਂ ਆਮ ਜਨਤਾ ਦੀ ਬਿਹਤਰੀ ਲਈ ਹੀ ਸਦਾ ਕੰਮ ਕਰਾਂਗਾ। ਮੈਂ ਜੰਮੂ-ਕਸ਼ਮੀਰ ਕਾਡਰ ਚੁਣਿਆ ਹੈ। ਮੈਨੂੰ ਖ਼ੁਸ਼ੀ ਹੋਵੇਗੀ, ਜੇ ਮੈਨੂੰ ਇੱਥੇ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਮੈਂ ਸਮਝਦਾ ਹਾਂ ਕਿ ਆਪਣੇ ਸੂਬੇ ਦੀ ਜਨਤਾ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਇਸ ਲਈ ਕਈ ਰਾਹ ਹਨ।''

ਜਸਮੀਤ ਦੇ ਪਿਤਾ ਇੰਡੀਅਨ ਕੌਂਸਲ ਆੱਫ਼ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ.) 'ਚ ਕੰਮ ਕਰਦੇ ਹਨ। ਜਸਮੀਤ ਆਪਣੀ ਸਫ਼ਲਤਾ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਦਾ ਹੈ। ਉਸ ਨੇ ਕਿਹਾ,''ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਮੁਕੁਲ ਪਾਠਕ ਸਰ (ਜੋ ਕੋਚਿੰਗ ਕਲਾਸ ਚਲਾਉਂਦੇ ਹਨ) ਕਾਰਣ ਹੀ ਇਸ ਪ੍ਰੀਖਿਆ ਵਿੱਚ ਤੀਜੇ ਨੰਬਰ 'ਤੇ ਆ ਸਕਿਆ ਹਾਂ।''

ਜਸਮੀਤ ਵੀ ਸਾਲ 2014 ਦੀ ਸਿਵਿਲ ਸਰਵਿਸੇਜ਼ ਪ੍ਰੀਖਿਆ ਵਿੱਚ ਚੁਣਿਆ ਗਿਆ ਸੀ ਤੇ ਉਸ ਨੂੰ ਇੰਡੀਅਨ ਰੈਵੇਨਿਊ ਸਰਵਿਸ (ਕਸਟਮਜ਼ ਐਂਡ ਸੈਂਟਰਲ ਐਕਸਾਈਜ਼) ਮਿਲੀ ਸੀ। ਇਸ ਵੇਲੇ ਉਹ ਫ਼ਰੀਦਾਬਾਦ ਸਥਿਤ ਨੈਸ਼ਨਲ ਅਕੈਡਮੀ ਆੱਫ਼ ਕਸਟਮਜ਼, ਐਕਸਾਈਜ਼ ਐਂਡ ਨਾਰਕੌਟਿਕਸ ਵਿਖੇ ਸਿਖਲਾਈ ਲੈ ਰਿਹਾ ਹੈ। ਉਸ ਨੂੰ ਇਸ ਵਾਰ ਦੀ ਇਹ ਸਫ਼ਲਤਾ ਆਪਣੀ ਚੌਥੀ ਕੋਸ਼ਿਸ਼ ਵਿੱਚ ਮਿਲੀ ਹੈ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰ ਕੁੱਲ 1,078 ਉਮੀਦਵਾਰਾਂ; ਜਿਨ੍ਹਾਂ ਵਿਚੋਂ 499 ਜਨਰਲ ਵਰਗ ਨਾਲ, 314 ਹੋਰ ਪੱਛੜੀਆਂ ਸ਼੍ਰੇਣੀਆਂ ਵਿਚੋਂ, 176 ਅਨੁਸੂਚਿਤ ਜਾਤਾਂ ਤੇ 89 ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਸਨ; ਨੂੰ ਕੇਂਦਰ ਸਰਕਾਰ ਦੀਆਂ ਵਿਭਿੰਨ ਸੇਵਾਵਾਂ ਲਈ ਨਿਯੁਕਤ ਕੀਤਾ ਗਿਆ ਹੈ। ਹਾਲੇ 172 ਹੋਰ ਉਮੀਦਵਾਰ ਉਡੀਕ-ਸੂਚੀ ਵਿੱਚ ਹਨ।