ਖੁਸ਼ੀ ਕਾਰਪੋਰੇਟ ਦੀ ਨੌਕਰੀ ਵਿੱਚ ਨਹੀਂ, ਮਨਾਲੀ ਦੇ ਨਿੱਕੇ ਜਿਹੇ ਕੈਫ਼ੇ ‘ਚ ਕੰਮ ਕਰਦਿਆਂ ਮਿਲੀ 

ਆਪਣੇ ਮੰਨ ਦੀ ਗੱਲ ਸੁਣ ਕੇ ਉਹ ਕੰਮ ਕਰਨਾ ਜਿਸ ਨੂੰ ਕਰਨ ਵਿੱਚ ਆਨੰਦ ਆਉਂਦਾ ਹੋਏ, ਪੈਸੇ ਕਮਾਉਣ ਨਾਲੋਂ ਕਿਤੇ ਵਧੇਰੇ ਚੰਗਾ ਹੈ. 

0

ਵੱਡੇ ਸ਼ਹਿਰਾਂ ਦੀ ਰੋਸ਼ਨੀਆਂ ਅਤੇ ਨੌਕਰੀਆਂ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ ਅਤੇ ਨੌਜਵਾਨ ਸ਼ਹਿਰੀ ਲਾਈਫ ਸਟਾਇਲ ਵਿੱਚ ਰੁਲ੍ਹ ਜਾਂਦਾ ਹੈ. ਪਰ ਰੂਸ ਦੇ ਮਾਸਕੋ ਸ਼ਹਿਰ ਦੀ ਜੰਮ-ਪਲ ਮਾਰਗ੍ਰੇਤਾ ਨੇ ਗੁੜਗਾਉਂ ਜਿਹੇ ਵੱਡੇ ਸ਼ਹਿਰ ਦੀ ਇੱਕ ਵੱਡੀ ਕੰਪਨੀ ਦੀ ਨੌਕਰੀ ਛੱਡ ਕੇ ਕਿਸੇ ਛੋਟੇ ਜਿਹੇ ਕਸਬੇ ਵਿੱਚ ਵਸ ਜਾਣ ਦਾ ਫ਼ੈਸਲਾ ਲੈਣ ਲੱਗਿਆਂ ਜ਼ਰਾ ਵੀ ਨਹੀਂ ਸੋਚਿਆ.

ਮਾਰਗ੍ਰੇਤਾ ਨੇ ਗੁੜਗਾਉਂ ਵਿੱਚ ਕਾਰਪੋਰੇਟ ਨੌਕਰੀ ਛੱਡ ਕੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਖੇ ਇੱਕ ਨਿੱਕਾ ਜਿਹਾ ਕੈਫ਼ੇ ਖੋਲ ਲਿਆ ਹੈ. ਇੰਨਾ ਵੱਡਾ ਫ਼ੈਸਲਾ ਉਸ ਨੇ ਕੱਲਿਆਂ ਨਹੀਂ ਲਿਆ ਸਗੋਂ ਉਸ ਦੇ ਪਤੀ ਵਿਕਰਮ ਹਾਂਡਾ ਨੇ ਵੀ ਕਾਰਪੋਰੇਟ ਸੇਕਟਰ ਦੀ 22 ਵਰ੍ਹੇ ਦੀ ਨੌਕਰੀ ਛੱਡ ਦਿੱਤੀ.

ਖੁਸ਼ੀ ਦੀ ਤਲਾਸ਼ ਵਿੱਚ ਗੁੜਗਾਉਂ ਛੱਡ ਕੇ ਮਨਾਲੀ ਆਉਣ ਅਤੇ ਕਾਰਪੋਰੇਟ ਸੇਕਟਰ ਦੀ ਨੌਕਰੀ ਛੱਡ ਕੇ ਇੱਕ ਕੈਫ਼ੇ ਖੋਲਣ ਦੀ ਇਹ ਕਹਾਣੀ ਰੂਸ ਦੇ ਮਾਸਕੋ ਦੀ ਜੰਮ-ਪਲ ਮਾਰਗ੍ਰੇਤਾ ਦੀ ਚਾਰ ਸਾਲ ਪਹਿਲਾਂ ਹੋਈ ਭਾਰਤ ਯਾਤਰਾ ਤੋਂ ਹੀ ਸ਼ੁਰੂ ਹੁੰਦੀ ਹੈ. ਇੱਕ ਟੂਰ ਪ੍ਰੋਗ੍ਰਾਮ ਵਿੱਚ ਭਾਰਤ ਆਈ ਮਾਰਗ੍ਰੇਤਾ ਦੀ ਮੁਲਾਕਾਤ ਗੁੜਗਾਉਂ ਵਿੱਚ ਇੱਕ ਬਹੁਰਾਸ਼ਟਰੀ ਬੈੰਕ ਵਿੱਚ ਕੰਮ ਕਰਦੇ ਵਿਕਰਮ ਹਾਂਡਾ ਨਾਲ ਹੋਈ. ਕੁਛ ਸਮੇਂ ਮਗਰੋਂ ਮਾਰਗ੍ਰੇਤਾ ਵਾਪਸ ਆਪਣੇ ਮੁਲਕ ਪਰਤ ਗਈ.

ਪਰ ਉਸਦਾ ਮੰਨ ਭਾਰਤ ਵਿੱਚ ਹੀ ਲੱਗ ਗਿਆ. ਵਿਕਰਮ ਦੀ ਮਦਦ ਨਾਲ ਉਸਨੇ ਭਾਰਤ ਵਿੱਚ ਹੀ ਨੌਕਰੀ ਲੱਭ ਲਈ ਅਤੇ ਨੋਇਡਾ ਦੀ ਇੱਕ ਨਾਮੀ ਬਿਲਡਰ ਕੰਪਨੀ ਵਿੱਚ ਜਨਰਲ ਮੈਨੇਜਰ ਵੱਜੋਂ ਨੌਕਰੀ ਕਰਨ ਲੱਗ ਪਈ. ਇਸੇ ਦੌਰਾਨ ਮਾਰਗ੍ਰੇਤਾ ਅਤੇ ਵਿਕਰਮ ਦੀ ਦੋਸਤੀ ਹੋਰ ਪ੍ਰਵਾਨ ਹੋਈ ਅਤੇ ਦੋਵਾਂ ਨੇ ਵਿਆਹ ਕਰ ਲਿਆ.

ਕਾਰਪੋਰੇਟ ਸੇਕਟਰ ਵਿੱਚ ਪੈਸਾ ਤਾਂ ਬਹੁਤ ਹੈ ਪਰ ਮੰਨ ਦਾ ਚੈਨ ਅਤੇ ਆਪਣੇ ਆਪ ਲਈ ਸਮਾਂ ਨਹੀਂ ਹੈ. ਕੁਛ ਮਹੀਨਿਆਂ ਮਗਰੋਂ ਹੀ ਮਾਰਗ੍ਰੇਤਾ ਨੂੰ ਸਮਝ ਆ ਗਿਆ ਕੇ ਇਹ ਉਹ ਜਗ੍ਹਾਂ ਨਹੀਂ ਹੈ ਜਿਸ ਦੀ ਭਾਲ੍ਹ ਵਿੱਚ ਉਹ ਭਾਰਤ ਆਈ ਸੀ. ਉਸਨੇ ਆਪਣੇ ਮੰਨ ਦੀ ਗੱਲ ਵਿਕਰਮ ਨਾਲ ਸਾਂਝੀ ਕੀਤੀ. ਅਤੇ ਦੋਵਾਂ ਨੇ ਉਸ ਫ਼ੈਸਲਾ ਲਿਆ ਜਿਸਨੂੰ ਸੁਣ ਕੇ ਲੋਕ ਮੂਰਖਤਾ ਵਿੱਚ ਆ ਕੇ ਪੁੱਟਿਆ ਗਿਆ ਪੈਰ ਹੀ ਕਹਿ ਸਕਦੇ ਹਨ.

ਵਿਕਰਮ ਅਤੇ ਮਾਰਗ੍ਰੇਤਾ ਨੇ ਆਪਣੇ ਅਦਾਰਿਆਂ ‘ਚੋਂ ਨੌਕਰੀ ਛੱਡ ਦੇਣ ਦਾ ਫ਼ੈਸਲਾ ਕਰ ਲਿਆ. ਅਤੇ ਕੋਈ ਅਜਿਹਾ ਕੰਮ ਕਰਨ ਦਾ ਫ਼ੈਸਲਾ ਕੀਤਾ ਜਿਸ ਨੂੰ ਕਰ ਕੇ ਉਨ੍ਹਾਂ ਨੂੰ ਮੰਨ ਦੀ ਸ਼ਾਂਤੀ ਮਿਲਦੀ ਹੋਏ ਅਤੇ ਭੱਜ-ਨੱਠ ਨਾ ਹੋਏ. ਇਹ ਵਿਚਾਰ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਲੈ ਆਇਆ.

ਮਾਰਗ੍ਰੇਤਾ ਦਾ ਕਹਿਣਾ ਹੈ ਕੇ ਕਾਰਪੋਰੇਟ ਸੇਕਟਰ ਵਿੱਚ ਭਾਵੇਂ ਪੈਸਾ ਮਿਲਦਾ ਹੈ ਪਰ ਗੱਲ ਇਹ ਸਮਝਣ ਦੀ ਹੈ ਕੇ ਕਿਸੇ ਨੂੰ ਵੀ ਖੁਸ਼ ਰਹਿਣ ਲਈ ਕਿੰਨਾ ਕੁ ਪੈਸਾ ਚਾਹਿਦਾ ਹੈ. ਗੁੜਗਾਉਂ ਜਿਹੇ ਸ਼ਹਿਰ ਵਿੱਚ ਤੁਸੀਂ ਵੱਡੀ ਨੌਕਰੀ ਅਤੇ ਵੱਡੀ ਸੈਲਰੀ ਤਾਂ ਲੈ ਸਕਦੇ ਹੋ ਪਰ ਫੇਰ ਤੁਹਾਡੇ ਸੁਪਨੇ ਵੀ ਤੁਹਾਡੇ ਨਹੀਂ ਰਹਿ ਜਾਂਦੇ.

ਵਿਕਰਮ ਲੰਦਨ ਵਿੱਚ ਕੰਮ ਕਰਦੇ ਰਹੇ ਹਨ. ਗੁੜਗਾਉਂ ਵਿੱਚ ਇੱਕ ਮਲਟੀਨੇਸ਼ਨਲ ਬੈੰਕ ਵਿੱਚ ਉੱਚੇ ਊਹਦੇ ਅਤੇ ਵੱਡੀ ਸੈਲੇਰੀ ‘ਤੇ ਕੰਮ ਕਰਕੇ ਵੀ ਉਨ੍ਹਾਂ ਨੂੰ ਉਹ ਖੁਸ਼ੀ ਨਹੀਂ ਸੀ ਮਿਲ ਰਹੀ ਜੋ ਉਨ੍ਹਾਂ ਨੂੰ ਮਨਾਲੀ ਵਿੱਚ ਇਸ ਨਿੱਕੇ ਜਿਹੇ ਕੈਫ਼ੇ ਵਿੱਚ ਗਾਹਕਾਂ ਲਈ ਖਾਣਾ ਬਣਾਉਂਦਿਆਂ ਅਤੇ ਵਰਤਾਉਂਦੀਆਂ ਮਿਲ ਰਹੀ ਹੈ.

ਵਿਕਰਮ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਕਾਰਪੋਰੇਟ ਸੇਕਟਰ ਦੀ ਨੌਕਰੀ ਛੱਡਣ ਦਾ ਕੋਈ ਮਲਾਲ ਨਹੀਂ ਹੈ ਕਿਉਂਕਿ ਇੱਥੇ ਕੰਮ ਕਰਦਿਆਂ ਉਸਨੂੰ ਆਪਣੇ ਲਈ ਸਮਾਂ ਮਿਲ ਜਾਂਦਾ ਹੈ. ਹੁਣ ਉਹ ਪਹਾੜੀ ਸੜਕਾਂ ‘ਤੇ ਲੰਮੀ ਸੈਰ ਕਰ ਸਕਦਾ ਹੈ, ਝਰਨਿਆਂ ਹੇਠਾਂ ਦੀ ਲੰਘ ਸਕਦਾ ਹੈ. ਮਾਰਗ੍ਰੇਤਾ ਨੂੰ ਗੁੜਗਾਉਂ ਦੇ ਪ੍ਰਦੂਸ਼ਣ ਵਾਲੇ ਮਾਹੌਲ ਤੋਂ ਛੁਟਕਾਰਾ ਮਿਲ ਗਿਆ ਹੈ.

ਹੁਣ ਅੱਗੇ-ਪੁੱਛੇ ਜਾਣ ਬਾਬਤ ਦੱਸੀਆਂ ਵਿਕਰਮ ਦਾ ਕਹਿਣਾ ਹੈ ਕੇ ਇਹ ਤਾਂ ਤੈਅ ਹੈ ਕੇ ਹੁਣ ਮੁੜ ਕੇ ਕਦੇ ਨੌਕਰੀ ਨਹੀਂ ਕਰਨੀ. ਖੁਸ਼ੀ ਦਾ ਵੱਡੀ ਸੈਲਰੀ ਨਾਲ ਕੁਛ ਲੈਣਾ ਦੇਣਾ ਨਹੀਂ ਹੁੰਦਾ. ਦਿਸੰਬਰ ਤਕ ਇੱਥੇ ਕੈਫ਼ੇ ਵਿੱਚ ਕੰਮ ਕਰਨਾ ਹੈ ਅਤੇ ਉਸ ਤੋਂ ਬਾਅਦ ਭਾਰਤ ਦੇ ਦੌਰੇ ‘ਤੇ ਨਿਕਲ ਜਾਣਾ ਹੈ. ਜਿੰਦਗੀ ਨੂੰ ਨਵੇਂ ਤਰੀਕੇ ਨਾਲ ਵੇਖਣਾ ਹੈ. ਖੁਸ਼ੀ ਨੂੰ ਮਹਿਸੂਸ ਕਰਨਾ ਹੈ.

ਲੇਖਕ: ਰਵੀ ਸ਼ਰਮਾ