ਅਸੀਂ 'ਆਈ ਲਵ ਯੂ' ਆਖਦੇ ਹੋਏ ਕਿਉਂ ਸੰਗਦੇ ਹਾਂ?

0

ਇੱਕ ਰਾਸ਼ਟਰ ਦੇ ਤੌਰ ਉੱਤੇ ਸਾਡੇ ਵਿੱਚ ਕੁੱਝ ਨਾ ਕੁੱਝ ਵਧੀਆ ਗੁਣ ਤਾਂ ਜ਼ਰੂਰ ਹਨ। ਜੇ ਕਿਤੇ ਕੋਈ ਮੁਕਾਬਲਾ ਹੁੰਦਾ ਹੈ, ਤਾਂ ਅਸੀਂ ਉਥੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤ ਸਕਦੇ ਹਾਂ। ਮੈਂ ਸਾਡੇ ਉਸ ਪਿਛਲੇ ਰਿਕਾਰਡ ਬਾਰੇ ਗੱਲ ਕਰ ਰਹੀ ਹਾਂ ਕਿ ਜਦੋਂ ਅਸੀਂ ਕਿਸੇ ਦੀ ਗੱਲ ਨੂੰ ਦਿਲੋਂ ਤਾਂ ਪਸੰਦ ਕਰਦੇ ਹਾਂ ਪਰ ਅਸੀਂ ਉਸ ਦੀ ਸ਼ਲਾਘਾ ਕਰਨ ਲਈ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ। ਜੇ ਤੁਹਾਨੂੰ ਮੇਰੇ ਉੱਤੇ ਯਕੀਨ ਨਹੀਂ ਹੈ, ਤਾਂ ਆਪਣੇ-ਆਪ ਬਾਰੇ ਸੋਚ ਕੇ ਵੇਖੋ: ਪਿਛਲੀ ਵਾਰ ਤੁਸੀਂ ਕਦੋਂ ਕਿਸੇ ਦੀ ਸ਼ਲਾਘਾ ਕੀਤੀ ਸੀ ਜਾਂ ਈਮਾਨਦਾਰੀ ਨਾਲ ਕਿਸੇ ਨੂੰ ਸ਼ੁਭ ਇੱਛਾ ਪ੍ਰਗਟਾਈ ਸੀ।

ਸਾਡੇ ਆਲੇ-ਦੁਆਲੇ ਦੇ ਵਿਸ਼ਵ ਵਿੱਚ, ਸਾਡੇ ਸਟਾਰਟ-ਅੱਪ ਦੇ ਆਪਣੇ ਸੁਖਾਵੇਂ ਮਾਹੌਲ ਵਿੱਚ ਵੀ, ਅਤੇ ਜ਼ਿੰਦਗੀ ਦੇ ਹਰ ਪੱਖ ਵਿੱਚ ਵੀ; ਮੁਕਾਬਲੇ ਦੇ ਇਸ ਰੌਲ਼ੇ-ਰੱਪੇ ਵਿੱਚ ਕਦਰਦਾਨੀ ਅਤੇ ਹਾਂ-ਪੱਖੀ ਪਰਖ-ਪੜਚੋਲ਼ ਤਾਂ ਜਿਵੇਂ ਕਿਤੇ ਗੁਆਚ ਹੀ ਗਏ ਹਨ। ਦਰਅਸਲ, ਜਦੋਂ ਸਾਡੇ ਸਟਾਰਟ-ਅੱਪਸ ਦੇ ਵਿਸ਼ਵ ਦੀ ਗੱਲ ਆਉਂਦੀ ਹੈ, ਤਾਂ ਅਸੀਂ ਸਾਰੇ ਹੀ ਮਾਹਿਰ ਆਲੋਚਕ ਵੀ ਹੁੰਦੇ ਹਾਂ।

ਮੈਂ ਇਹ ਸ਼ੈਲੀ ਪਿਛਲੇ ਕਈ ਵਰ੍ਹਿਆਂ ਤੋਂ ਵੇਖਦੀ ਆਈ ਹਾਂ ਅਤੇ ਇਸ ਸਭ ਨੇ ਮੈਨੂੰ ਸਦਾ ਹੈਰਾਨ ਕੀਤਾ ਹੈ - ਅਸੀਂ ਇਸ ਪਾਸੇ ਨੂੰ ਕਿਉਂ ਤੁਰ ਪਏ ਹਾਂ? ਹਾਲੇ ਕੱਲ੍ਹ ਦੀ ਹੀ ਗੱਲ ਹੈ, ਮੈਂ ਇੱਕ ਨਵੀਂ ਕੰਪਨੀ ਦੇ ਕੁੱਝ ਹੋਣਹਾਰ ਤੇ ਨੌਜਵਾਨ ਮੁਲਾਜ਼ਮਾਂ ਦੇ ਝੁੰਡ ਵਿੱਚ ਬੈਠੀ ਸਾਂ ਤੇ ਮੈਂ ਉਨ੍ਹਾਂ ਨੂੰ ਪੁੱਛਿਆ: ''ਕੀ ਤੁਸੀਂ ਸਭ ਨੇ ਕਦੇ ਇੱਕ-ਦੂਜੇ ਦੇ ਅਸਾਧਾਰਣ ਗੁਣਾਂ ਬਾਰੇ ਜਾਣਨਾ ਚਾਹਿਆ ਹੈ ਤੇ ਜੇ ਅਜਿਹਾ ਹੋਇਆ ਹੈ, ਤਦ ਕੀ ਤੁਸੀਂ ਕਦੇ ਉਨ੍ਹਾਂ ਵਿਚੋਂ ਇੱਕ ਗੁਣ ਦੀ ਸ਼ਲਾਘਾ ਕੀਤੀ ਹੈ? ਤੁਸੀਂ ਆਪਣੇ 10 ਸਾਥੀਆਂ ਵਿਚੋਂ ਕਿਸੇ ਇੱਕ ਬਾਰੇ ਕੁੱਝ ਵਧੀਆ ਆਖਿਆ ਹੈ?'' ਬਹੁਤ ਹੈਰਾਨੀ ਹੋਈ: ਉਨ੍ਹਾਂ 'ਚੋਂ ਕਿਸੇ ਨੇ ਵੀ ਅਜਿਹਾ ਕੁੱਝ ਨਹੀਂ ਕੀਤਾ ਸੀ।

ਇਸ ਦਾ ਦੋਸ਼ ਮੈਂ ਆਪਣੇ ਮਾਪਿਆਂ ਉੱਤੇ ਧਰਾਂਗੀ। ਜੀ ਹਾਂ, ਬਿਲਕੁਲ। (ਮੈਂ ਆਪਣੀ ਕਹਾਣੀ ਬਿਆਨ ਕਰ ਲਵਾਂ, ਫਿਰ ਤੁਸੀਂ ਇਸ ਮੁੱਦੇ ਉੱਤੇ ਮੇਰੇ ਨਾਲ ਬਹਿਸ ਵੀ ਕਰ ਸਕਦੇ ਹੋ)। ਜੀ ਹਾਂ, ਕਿਸੇ ਦੀ ਤਾਰੀਫ਼ ਕਰਨਾ ਸਭ ਤੋਂ ਆਸਾਨ ਕੰਮ ਵੀ ਹੈ!

ਸਾਡੇ ਮਾਪਿਆਂ ਨੇ ਸਾਨੂੰ ਸ਼ਲਾਘਾ ਅਤੇ ਪਿਆਰ ਕਰਨ ਦਾ ਇੱਕ ਖ਼ਾਸ ਹੀ ਤਰੀਕਾ ਸਿਖਾਇਆ ਹੈ। ਮੈਨੂੰ ਦੱਸੋ ਕਿ ਕੀ ਮੇਰੀ ਕਹਾਣੀ ਤੁਹਾਡੀ ਕਹਾਣੀ ਨਾਲ ਮੇਲ ਖਾਂਦੀ ਹੈ ਜਾਂ ਨਹੀਂ।

ਮੈਨੂੰ ਚੇਤੇ ਹੈ ਕਿ ਸਕੂਲ ਵਿੱਚ ਵਾਦ-ਵਿਵਾਦ ਦੇ ਮੁਕਾਬਲਿਆਂ ਅਤੇ ਪੜ੍ਹਾਈ ਵਿੱਚ ਸਾਡੀ ਕਾਰਗੁਜ਼ਾਰੀ ਵਧੀਆ ਹੁੰਦੀ ਸੀ। ਹਰ ਵਾਰ ਜਦੋਂ ਵੀ ਮੈਂ ਕੋਈ ਇਨਾਮ ਲੈ ਕੇ ਘਰ ਪਰਤਦੀ, ਮੇਰੀ ਮਾਂ ਦੇ ਚਿਹਰੇ ਉੱਤੇ ਇੱਕ ਮੁਸਕੁਰਾਹਟ ਹੁੰਦੀ ਸੀ: ਮੈਂ ਉਨ੍ਹਾਂ ਦੀ ਉਸ ਅੰਦਰੂਨੀ ਖ਼ੁਸ਼ੀ ਨੂੰ ਮਹਿਸੂਸ ਕਰ ਸਕਦੀ ਸਾਂ ਅਤੇ ਮੈਨੂੰ ਪਤਾ ਸੀ ਕਿ ਉਨ੍ਹਾਂ ਨੂੰ ਮੇਰੇ ਉੱਤੇ ਮਾਣ ਹੁੰਦਾ ਸੀ। ਪਰ ਉਹ ਹਰ ਵਾਰ ਇਹੋ ਆਖਦੇ ਹੁੰਦੇ ਸਨ,''ਇਹ ਤਾਂ ਖ਼ੈਰ ਬਹੁਤ ਵਧੀਆ ਹੈ, ਪਰ ਤੇਰੀ ਉਸ ਫਲਾਣੀ ਆਂਟੀ ਦੀ ਧੀ ਵਿੱਚ ਭਾਸ਼ਣ ਦੇਣ ਦੀ ਬਹੁਤ ਜ਼ਿਆਦਾ ਮੁਹਾਰਤ ਹੈ। ਇਸੇ ਲਈ ਉਸ ਨੂੰ ਬੀ.ਬੀ.ਸੀ. ਦਾ ਪ੍ਰਾਜੈਕਟ ਮਿਲਿਆ ਸੀ। ਤੂੰ ਜੋ ਕੀਤਾ, ਉਹ ਵਧੀਆ ਹੈ ਪਰ ਤੂੰ ਹਾਲੇ ਬਹੁਤ ਦੂਰ ਜਾਣਾ ਹੈ।'' ਮੈਂ ਕੁੱਝ ਆਖਣਾ ਚਾਹੁੰਦੀ ਸਾਂ ਪਰ ਮੈਂ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦੀ ਸਾਂ, ਇਸ ਲਈ ਕੁੱਝ ਨਹੀਂ ਕਹਿ ਸਕਦੀ ਸਾਂ।

ਮੇਰੀ ਮਾਂ ਨੂੰ ਹਰ ਵਾਰ ਇਹੋ ਚਿੰਤਾ ਲੱਗੀ ਰਹਿੰਦੀ ਸੀ ਕਿ ਇਹ ਨਿੱਕੀਆਂ-ਨਿੱਕੀਆਂ ਜਿੱਤਾਂ ਕਿਤੇ ਮੇਰਾ ਦਿਮਾਗ਼ ਖ਼ਰਾਬ ਨਾ ਕਰ ਦੇਣ - ਇਸੇ ਲਈ ਉਹ ਮੈਨੂੰ ਅਜਿਹੀਆਂ ਗੱਲਾਂ ਆਖਦੇ ਰਹਿੰਦੇ ਸਨ। ਪਰ ਮੈਂ ਹਰ ਵਾਰ ਇਹੋ ਬੇਨਤੀ ਕਰਦੀ ਸਾਂ ਕਿ ਮੇਰੀਆਂ ਇਨ੍ਹਾਂ ਨਿੱਕੀਆਂ-ਨਿੱਕੀਆਂ ਜਿੱਤਾਂ ਦੇ ਜਸ਼ਨ ਵੀ ਜ਼ਰੂਰ ਮਨਾਏ ਜਾਣੇ ਚਾਹੀਦੇ ਹਨ: ਮੈਂ ਆਸ ਰਖਦੀ ਸਾਂ ਕਿ ਮੈਨੂੰ ਇਸ ਲਈ ਕੋਈ ਤੋਹਫ਼ਾ ਮਿਲੇ, ਭਾਵੇਂ ਉਹ ਛੋਟਾ ਹੀ ਹੋਵੇ ਜਾਂ ਚਲੋ ਥੋੜ੍ਹੀ ਆਈਸ-ਕ੍ਰੀਮ ਹੀ ਖੁਆ ਦਿੱਤੀ ਜਾਵੇ ਜਾਂ ਫੇਰ ਇੰਨਾ ਹੀ ਆਖ ਦਿੱਤਾ ਜਾਵੇ ਕਿ ਚਲ ਅੱਜ ਤੇਰੀ ਪੜ੍ਹਾਈ ਤੋਂ ਛੁੱਟੀ। ਆਖ਼ਰ ਉਸ ਦਿਨ, ਮੈਂ ਜੇਤੂ ਰਹੀ ਸਾਂ। ਮੇਰੇ ਸਕੂਲ ਦੇ ਵਰ੍ਹਿਆਂ ਦੌਰਾਨ ਅਜਿਹਾ ਸਿਲਸਿਲਾ ਲਗਾਤਾਰ ਚਲਦਾ ਹੀ ਰਿਹਾ।

ਮੈਨੂੰ ਚੇਤੇ ਹੈ ਕਿ ਮੈਨੂੰ ਜਦੋਂ ਸੀ.ਐਨ.ਬੀ.ਸੀ. ਵਿੱਚ ਆਪਣੀ ਨਿਯੁਕਤੀ ਦੀ ਚਿੱਠੀ ਮਿਲੀ ਸੀ, ਮੈਂ ਆਪਣੀ ਮਾਂ ਨੂੰ ਫ਼ੋਨ ਕੀਤਾ ਸੀ: ਉਹ ਇਹ ਸਭ ਸੁਣ ਕੇ ਬਹੁਤ ਖ਼ੁਸ਼ ਹੋਏ ਸਨ ਪਰ ਫਿਰ ਉਨ੍ਹਾਂ ਅੰਤ 'ਚ ਇਹ ਸਤਰ ਆਖੀ ਸੀ,''ਆਪਣੇ ਚਾਚੇ ਦੀ ਮੁੰਡੇ ਵੱਲ ਵੇਖਾ, ਉਹ ਅਮਰੀਕਾ ਚਲਾ ਗਿਆ ਹੈ ਤੇ ਹਰ ਮਹੀਨੇ ਆਪਣੇ ਮਾਪਿਆਂ ਨੂੰ ਘਰੇ 1,000 ਡਾਲਰ ਭੇਜਦਾ ਹੈ।''

ਓਹੋ - ਅਫ਼ਸੋਸ! ਮੇਰੀ ਮਾਂ ਦੀਆਂ ਕੁੱਝ ਗੱਲਾਂ ਤਾਂ ਕਦੇ ਨਹੀਂ ਬਦਲੀਆਂ। ਹਾਲਤ ਅੱਜ ਵੀ ਇਹੋ ਹੈ। ਅਸੀਂ ਕਿਸੇ ਦੀ ਸ਼ਲਾਘਾ ਕਰਦਿਆਂ ਜਾਂ ਕੋਈ ਸ਼ੁਭਕਾਮਨਾ ਭੇਟ ਕਰਦਿਆਂ ਸੰਗਦੇ ਜਿਹੇ ਰਹਿੰਦੇ ਹਾਂ।

ਸ਼ਲਾਘਾ ਨਾਲ ਸਾਡਾ ਰਿਸ਼ਤਾ ਆਮ ਤੌਰ ਉੱਤੇ ਅਣਸੁਖਾਵਾਂ ਹੀ ਰਹਿੰਦਾ ਹੈ ਅਤੇ ਇਸੇ ਲਈ ਸ਼ਲਾਘਾ ਤੋਂ ਬਚਣ ਦਾ ਹੀ ਜਤਨ ਰਹਿੰਦਾ ਹੈ ਤੇ ਉਸ ਨੂੰ ਜਿੰਦਰੇ 'ਚ ਬੰਦ ਕਰ ਕੇ ਰੱਖ ਛੱਡੀਦਾ ਹੈ।

ਦਰਅਸਲ, ਸਾਡੇ ਸ਼ਲਾਘਾ ਨਾ ਕਰਨ ਦਾ ਇੱਕ ਹੋਰ ਕਾਰਣ ਇਹ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਹੁੰਦੇ ਕਿ ਸਾਨੂੰ ਕੋਈ ਆਖੇ ਕਿ ਇਹ ਆਪ ਤਾਂ ਐਵੇਂ ਸਾਧਾਰਣ ਜਿਹਾ/ਜਿਹੀ ਹੀ ਹੈ ਜਾਂ ਐਵੇਂ ਕਿਸੇ ਜਾਦੂਗਰ ਵਾਂਗ ਇੱਧਰ-ਉਧਰ ਦੀਆਂ ਗੱਲਾਂ ਕਰ ਰਿਹਾ/ਰਹੀ ਹੈ। ਅਧਿਐਨਾਂ ਨੇ ਵੀ ਇਹੋ ਦਰਸਾਇਆ ਹੈ ਕਿ ਜਿਹੜੇ ਲੋਕ ਆਲੋਚਨਾ ਕਰਦੇ ਹਨ ਤੇ ਨਾਂਹ-ਪੱਖੀ ਗੱਲਾਂ ਕਰਦੇ ਹਨ, ਅਸੀਂ ਉਨ੍ਹਾਂ ਵਿਅਕਤੀਆਂ ਪ੍ਰਤੀ ਇੱਕ-ਪਾਸੜ ਹੋ ਕੇ ਸੋਚਣ ਲੱਗ ਪੈਂਦੇ ਹਾਂ। ਜਿਹੜੇ ਨਾਂਹ-ਪੱਖੀ ਤਰੀਕੇ ਗੱਲ ਕਰਦੇ ਹਨ, ਅਸੀਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਤੋਂ ਬਹੁਤ ਜ਼ਿਆਦਾ ਅਕਲਮੰਦ, ਵਧੇਰੇ ਸਮਰੱਥ ਅਤੇ ਮਾਹਿਰ ਮੰਨਦੇ ਹਾਂ, ਜਿਹੜੇ ਹਾਂ-ਪੱਖੀ ਗੱਲਾਂ ਕਰਦੇ ਹਨ। ਇਸੇ ਲਈ ਤੁਸੀਂ ਹੋਰਨਾਂ ਦੀ ਜਿੰਨੀ ਆਲੋਚਨਾ ਕਰਦੇ ਹੋ, ਹੋਰਨਾਂ ਦੀਆਂ ਟੰਗਾਂ ਖਿੱਚਦੇ ਹੋ; ਤਦ ਤੁਸੀਂ ਓਨੇ ਹੀ ਜ਼ਿਆਦਾ ਹੋਣਹਾਰ ਅਤੇ ਅਕਲਮੰਦ ਅਖਵਾਓਗੇ।

ਇਸ ਨੁਕਤੇ ਦਾ ਇੱਕ ਮਾਮਲਾ: ਸਾਡਾ ਸਾਰਾ ਪ੍ਰਬੰਧ ਹੀ ਅਜਿਹਾ ਹੋ ਗਿਆ ਹੈ ਕਿ ਜੋ ਕਿਸੇ ਹੋਰ ਕੰਪਨੀ/ਵਿਅਕਤੀ ਨੂੰ ਬੁਰਾ-ਭਲਾ ਆਖਦਾ ਹੈ, ਉਸ ਬਾਰੇ ਮਾੜੀਆਂ ਗੱਲਾਂ ਕਰਦਾ ਹੈ; ਅਸੀਂ ਉਸ ਨੂੰ ਉਤਾਂਹ ਚੁੱਕ ਲੈਂਦੇ ਹਾਂ।

ਰਾਤੋਂ-ਰਾਤ ਅਜਿਹੇ ਵਿਅਕਤੀ ਸਿਤਾਰੇ ਬਣ ਜਾਂਦੇ ਹਨ। ਅਤੇ ਅਸੀਂ ਸਾਰੇ ਉਸ ਗੱਪਬਾਜ਼ੀ ਵਿਚੋਂ ਕੁੱਝ ਨਾ ਕੁੱਝ ਹਾਸਲ ਕਰਨ ਦੀ ਇੱਛਾ ਰਖਦੇ ਹਾਂ।

ਹਾਂ-ਪੱਖੀ ਤੇ ਸਕਾਰਾਤਮਕ ਗੱਲਾਂ ਸੁਣ ਕੇ ਅਸੀਂ ਅੱਕ ਜਾਂਦੇ ਹਾਂ। ਅਸੀਂ ਹਾਂ-ਪੱਖੀ ਗੱਲਾਂ ਬਹੁਤਾ ਚਿਰ ਨਹੀਂ ਸੁਣ ਸਕਦੇ। ਅਸੀਂ ਸਕਾਰਾਤਮਕ ਗੱਲਾਂ ਬਹੁਤਾ ਚਿਰ ਨਹੀਂ ਸੁਣ ਸਕਦੇ ਅਤੇ ਆਪਣੇ ਵਿਹਲੇ ਸਮੇਂ ਸਾਨੂੰ ਅਜਿਹੀਆਂ ਗੱਲਾਂ 'ਚੋਂ ਆਨੰਦ ਨਹੀਂ ਆਉਂਦਾ। ਅਤੇ ਹਾਂ, ਸਕਾਰਾਤਮਕ ਸ਼ਲਾਘਾ ਨਾਲ ਅਖ਼ਬਾਰਾਂ ਤੇ ਮੀਡੀਆ ਦੇ ਹੋਰ ਸਾਧਨਾਂ ਵਿੱਚ ਸੁਰਖ਼ੀਆਂ ਨਹੀਂ ਬਣਦੀਆਂ। ਪਰ ਮੈਂ ਸਦਾ ਸਕਾਰਾਤਮਕਤਾ ਅਤੇ ਸ਼ਲਾਘਾ ਵਿੱਚ ਵਿਸ਼ਵਾਸ ਰਖਦੀ ਹਾਂ ਕਿਉਂਕਿ ਕੋਈ ਖੇਡ ਇਸੇ ਤਰ੍ਹਾਂ ਜਿੱਤੀ ਜਾਂਦੀ ਹੈ। ਮੈਂ ਅਜਿਹੇ ਲੋਕਾਂ ਦੀ ਸਦਾ ਸ਼ਲਾਘਾ ਕਰਦੀ ਹਾਂ, ਜਿਹੜੇ ਹੋਰਨਾਂ ਦੀ ਤਾਰੀਫ਼ ਕਰਨ ਵਿੱਚ ਅਤੇ ਸ਼ੁਭਕਾਮਨਾ ਪ੍ਰਗਟਾਉਣ ਵਿੱਚ ਕਦੇ ਕੋਈ ਕਸਰ ਬਾਕੀ ਨਹੀਂ ਛਡਦੇ। ਉਹ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਪਿਆਰ ਕਰਦੇ ਹਨ।

ਹਰ ਨਵਾ ਦਿਨ ਸਾਨੂੰ ਜੀਵਨ, ਆਪਣੇ-ਆਪ ਤੇ ਸਾਡੇ ਆਲੇ-ਦੁਆਲੇ ਦੀ ਸ਼ਲਾਘਾ ਕਰਨ ਦਾ ਇੱਕ ਮੌਕਾ ਦਿੰਦਾ ਹੈ। ਆਓ ਆਪਾਂ ਸਾਰੇ ਸ਼ਲਾਘਾ ਕਰੀਏ, ਆਓ ਆਪਾਂ ਇੱਕ-ਦੂਜੇ ਨਾਲ ਪਿਆਰ ਕਰੀਏ ਤੇ ਇਸ ਗੱਲ ਦਾ ਰਤਾ ਕੋਈ ਪਰਵਾਹ ਨਾ ਕਰੀਏ ਕਿ ਇਹ ਵਿਸ਼ਵ ਕੀ ਆਖਦਾ ਹੈ।

ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਜਾਂ ਕਿਸੇ ਚੀਜ਼ ਨੂੰ ਚੰਗਾ ਸਮਝਦੇ ਹੋ, ਤਾਂ ਆਪਣਾ ਪਿਆਰ ਬਾਹਰ ਲਿਆਓ ਤੇ ਵਿਖਾਓ। ਇਹੋ ਉਹ ਸਭ ਤੋਂ ਵੱਡੀ ਚੀਜ਼ ਹੈ ਕਿ ਜੋ ਤੁਸੀਂ ਕਿਸੇ ਹੋਰ ਵਿਅਕਤੀ ਲਈ ਕਰ ਸਕਦੇ ਹੋ।

ਹੁਣ ਜਦੋਂ ਅਸੀਂ ਵੈਲੇਨਟਾਇਨ ਦਾ ਦਿਹਾੜਾ ਮਨਾ ਰਹੇ ਹਾਂ ਤੇ ਇਸ ਦਿਵਸ ਨਾਲ ਸਬੰਧਤ ਹੋਰ ਪਤਾ ਨਹੀਂ ਕੀ-ਕੁੱਝ ਕਰ ਰਹੇ ਹਾਂ; ਅਜਿਹੇ ਸਮਿਆਂ ਦੌਰਾਨ ਆਪਾਂ ਸਾਰੇ:

ਆਪਣੇ-ਆਪ ਨਾਲ ਪਿਆਰ ਕਰਨ, ਸ਼ਲਾਘਾ ਕਰਨ, ਸ਼ੁਭ-ਇੱਛਾਵਾਂ ਪ੍ਰਗਟਾਉਣ ਅਤੇ ਆਪਣੀ ਸਟਾਰਟ-ਅੱਪ ਦੀ ਯਾਤਰਾ ਨੂੰ ਸੁਖਾਵੇਂ ਢੰਗ ਨਾਲ ਅੱਗੇ ਵਧਾਉਣ ਦਾ ਵਾਅਦਾ ਕਰੀਏ।

ਲੇਖਕ: ਸ਼੍ਰਧਾ ਸ਼ਰਮਾ