ਇਸ ਡਾਕਟਰ ਨੇ ਭਾਰਤ ਨੂੰ ਲਿਆਂਦਾ ਮੈਡੀਕਲ ਟੂਰਿਜ਼ਮ ਦੇ ਨਕਸ਼ੇ 'ਤੇ

ਇਸ ਡਾਕਟਰ ਨੇ ਭਾਰਤ ਨੂੰ ਲਿਆਂਦਾ ਮੈਡੀਕਲ ਟੂਰਿਜ਼ਮ ਦੇ ਨਕਸ਼ੇ 'ਤੇ

Friday January 15, 2016,

5 min Read

ਉਂਝ ਤਾਂ ਭਾਵੇਂ ਮੈਡੀਕਲ ਡਾਕਟਰ ਰਾਜੀਵ ਰਾਣੇ ਨੂੰ ਸੈਰ-ਸਪਾਟੇ ਦਾ ਬਹੁਤ ਸ਼ੌਕ ਹੈ ਪਰ ਪਹਿਲਾਂ ਜਦੋਂ ਉਨ੍ਹਾਂ ਨੂੰ ਕਈ ਵਾਰ ਵਿਦੇਸ਼ ਜਾ ਕੇ ਕੰਮ ਕਰਨ ਦੇ ਕੋਈ ਮੌਕੇ ਮਿਲੇ, ਉਨ੍ਹਾਂ ਹਰ ਵਾਰ ਬਾਹਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਉਹ ਦੇਸ਼ ਵਿੱਚ ਰਹਿ ਕੇ ਸੇਵਾ ਕਰਨੀ ਚਾਹੁੰਦੇ ਰਹੇ ਹਨ। ਡਾ. ਰਾਜੀਵ ਅਤੇ ਉਨ੍ਹਾਂ ਦੀ ਪਤਨੀ, ਜੋ ਖ਼ੁਦ ਇੱਕ ਗਾਇਨੇਕੌਲੋਜਿਸਟ ਹਨ, ਨੇ ਆਪਣਾ ਮੈਡੀਕਲ ਕੈਰੀਅਰ 1983 'ਚ ਗੁਜਰਾਤ ਦੇ ਬਰਦੋਲੀ ਜ਼ਿਲ੍ਹੇ ਤੋਂ ਅਰੰਭ ਕੀਤਾ ਸੀ। ਉਸ ਪਿੰਡ ਵਿੱਚ ਨਾਮਾਤਰ ਸਿਹਤ ਕੇਂਦਰ ਤੇ ਮੈਡੀਕਲ ਸਹੂਲਤਾਂ ਉਪਲਬਧ ਸਨ। ਡਾ. ਰਾਜੀਵ ਨੇ ਉਥੇ ਹੀ 1991 'ਚ ਆਪਣਾ ਹਸਪਤਾਲ ਖੋਲ੍ਹਿਆ।

ਲਗਭਗ ਇੱਕ ਦਹਾਕੇ ਬਾਅਦ, ਡਾਕਟਰ ਰਾਜੀਵ ਨੇ ਵੇਖਿਆ ਕਿ ਉਥੇ ਬਹੁਤ ਸਾਰੇ ਐਨ.ਆਰ.ਆਈਜ਼ ਤੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਆਉਣ ਲੱਗ ਪਏ, ਜੋ ਦਰਅਸਲ ਮੈਡੀਕਲ ਸੈਲਾਨੀ ਸਨ ਤੇ ਆਪਣਾ ਇਲਾਜ ਕਰਵਾਉਣ ਲਈ ਖ਼ਾਸ ਤੌਰ ਉਤੇ ਭਾਰਤ ਪੁੱਜੇ ਸਨ। ਡਾ. ਰਾਜੀਵ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਮੈਡੀਕਲ ਸੈਲਾਨੀਆਂ ਨੂੰ ਅਨੇਕਾਂ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਇੱਕ ਅਜਿਹਾ ਮੰਚ ਉਸਾਰਨ ਦਾ ਫ਼ੈਸਲਾ ਕਰ ਲਿਆ, ਜਿਸ ਉਤੇ ਅਜਿਹੀਆਂ ਅਸੁਵਿਧਾਵਾਂ ਖ਼ਤਮ ਹੋ ਸਕਣ। ਉਦੋਂ ਇੰਟਰਨੈਟ ਦੀ ਧਾਰਨਾ ਭਾਰਤ ਵਿੱਚ ਹਾਲੇ ਆਪਣੇ ਮੁਢਲੇ ਪੜਾਅ ਉਤੇ ਹੀ ਸੀ ਤੇ ਉਦੋਂ ਇਸ ਤੋਂ ਕੋਈ ਲਾਹਾ ਨਾ ਮਿਲ ਸਕਿਆ।

ਇਸੇ ਦੌਰਾਨ ਡਾ. ਰਾਜੀਵ ਦੇ ਪੁੱਤਰ ਅਨੁਰਵ ਰਾਣੇ ਨੇ ਆਪਣੀ ਇੰਜੀਨੀਅਰਿੰਗ ਤੇ ਐਮ.ਬੀ.ਏ. ਦੀ ਪੜ੍ਹਾਈ ਮੁਕੰਮਲ ਕਰ ਲਈ। ਅਨੁਰਵ ਨੇ ਆਪਣੀ ਖ਼ੁਦ ਦਾ ਮੈਡੀਕਲ ਮੰਚ ਬਣਾਉਣਾ ਸ਼ੁਰੂ ਕਰ ਦਿੱਤਾ। ਪਰ ਅਫ਼ਸੋਸ ਕਿ ਉਹ ਵੀ ਆਪਣੀ ਕੋਈ ਪਕੜ ਨਾ ਬਣਾ ਸਕਿਆ। ਕੁੱਝ ਸਾਲਾਂ ਬਾਅਦ ਪਿਤਾ ਤੇ ਪੁੱਤਰ ਦੀ ਜੋੜੀ ਅੱਗੇ ਵਧੀ ਤੇ ਆਪਣਾ 'ਮੈਡੀਕਲ ਟੂਰਿਜ਼ਮ ਪਲੇਟਫ਼ਾਰਮ' ''ਪਲਾਨ ਮਾਇ ਮੈਡੀਕਲ ਟ੍ਰਿਪ'' ਤਿਆਰ ਕੀਤਾ। ਉਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦਾ ਸੁਫ਼ਨਾ ਜ਼ਰੂਰ ਸਾਕਾਰ ਹੋਵੇਗਾ। ਇਸ ਵਾਰ ਉਨ੍ਹਾਂ ਦੀ ਯੋਜਨਾ ਨੇਪਰੇ ਚੜ੍ਹ ਗਈ।

image


'ਪਲਾਨ ਮਾਇ ਮੈਡੀਕਲ ਟ੍ਰਿਪ' 2012 'ਚ ਅਰੰਭ ਹੋਈ, ਜੋ ਕਿ ਪੁਣੇ ਤੋਂ ਸਸਤੀਆਂ ਮੈਡੀਕਲ ਸੇਵਾਵਾਂ ਤੇ ਲੋੜੀਂਦੇ ਬੁਨਿਆਦੀ ਢਾਂਚੇ ਵਾਲੇ ਹਸਪਤਾਲਾਂ ਦੀ ਸੂਚੀ ਉਪਲਬਧ ਕਰਵਾਉਂਦੀ ਹੈ। ਮਰੀਜ਼ ਆਪਣੀ ਜ਼ਰੂਰਤ ਮੁਤਾਬਕ ਚੋਣ ਕਰ ਸਕਦੇ ਹਨ। ਇਸ ਮੰਚ ਦੇ ਭਾਰਤ ਦੇ 1,500 ਤੋਂ ਵੱਧ ਵੱਕਾਰੀ ਹਪਸਤਾਲਾਂ ਅਤੇ ਡਾਕਟਰਾਂ ਨਾਲ ਤਾਣੇਬਾਣੇ ਨਿਸ਼ਚਤ ਹਨ। ਭਾਰਤ ਤੇ ਤੁਰਕੀ ਦੇ ਡਾਕਟਰਾਂ ਦੀ ਮਦਦ ਨਾਲ ਕੌਮਾਂਤਰੀ ਪੱਧਰ ਦੇ ਮਰੀਜ਼ਾਂ ਨੂੰ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

'ਪਲਾਨ ਮਾਇ ਮੈਡੀਕਲ ਟ੍ਰਿਪ' ਦੇ ਸਹਿ-ਬਾਨੀ ਤੇ ਸੀ.ਓ.ਓ. ਡਾ. ਰਾਜੀਵ ਰਾਣੇ (60) ਦਸਦੇ ਹਨ ਕਿ ''ਇਸ ਮੰਚ ਦੀ ਸਥਾਪਨਾ ਦਾ ਸਿੱਧਾ ਮੰਤਵ ਇਹੋ ਸੀ ਕਿ ਇੰਟਰਨੈਟ ਰਾਹੀਂ ਕੋਈ ਵੀ ਵਧੀਆ ਤੋਂ ਵਧੀਆ/ਆਦਰਸ਼ ਮੈਡੀਕਲ ਸੇਵਾਵਾਂ ਤੇ ਸੁਵਿਧਾਵਾਂ ਦਾ ਲਾਭ ਉਠਾ ਸਕੇ। ਇਹ ਮੰਚ ਨਾ ਕੇਵਲ ਸਸਤੀਆਂ ਕੀਮਤਾਂ ਉਤੇ ਬਿਹਤਰੀਨ ਮੈਡੀਕਲ ਸੇਵਾਵਾਂ ਦੀ ਗਰੰਟੀ ਦਿੰਦਾ ਹੈ, ਸਗੋਂ ਮਰੀਜ਼ਾਂ ਨੂੰ ਇਲਾਜ ਲਈ ਉਨ੍ਹਾਂ ਦੀ ਪਸੰਦ ਦੇ ਹਸਪਤਾਲ ਤੱਕ ਪਹੁੰਚਾਉਣ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਹ ਮਰੀਜ਼ਾਂ ਨੂੰ ਮੈਡੀਕਲ ਵੀਜ਼ੇ ਲਗਵਾਉਣ, ਹੋਟਲਾਂ ਦੀਆਂ ਬੁਕਿੰਗਜ਼ ਕਰਵਾਉਣ, ਉਨ੍ਹਾਂ ਦੀ ਕੋਈ ਅਦਲਾ-ਬਦਲੀ ਕਰਵਾਉਣ ਤੇ ਏਅਰ ਐਂਬੂਲੈਂਸਜ਼ ਮੁਹੰਈਆ ਕਰਵਾਉਣ ਜਿਹੇ ਇੰਤਜ਼ਾਮ ਵੀ ਕਰਦਾ ਹੈ। ਸਾਡੇ ਬਹੁਤ ਸਾਰੇ ਮੈਡੀਕਲ ਪੈਕੇਜਸ ਵਿੱਚ ਡੈਂਟਲ ਕਾਰਜ-ਵਿਧੀਆਂ, ਕਾਸਮੈਟਿਕ ਤੇ ਡਰਮਾਟੌਲੋਜੀਕਲ ਸਰਜਰੀਜ਼, ਅੰਗਾਂ ਦੀ ਟ੍ਰਾਂਸਪਲਾਂਟੇਸ਼ਨ, ਕੈਂਸਰ ਦੇ ਇਲਾਜ, ਗੋਡੇ ਬਦਲੀ, ਆਈ.ਵੀ.ਐਫ਼., ਬਾਇਪਾਸ ਸਰਜਰੀ, ਭਾਰ ਘਟਾਉਣ, ਬੁਢਾਪਾ ਆਉਣ ਤੋਂ ਬਚਾਅ ਅਤੇ ਅਜਿਹੇ ਹੋਰ ਬਹੁਤ ਸਾਰੇ ਇਲਾਜ ਸ਼ਾਮਲ ਹਨ।''

ਡਾ. ਰਾਜੀਵ ਦਸਦੇ ਹਨ ਕਿ ਉਨ੍ਹਾਂ ਦਾ ਇਹ ਮੰਚ ਵਿਲੱਖਣ ਹੈ ਤੇ ਉਨ੍ਹਾਂ ਦੇ ਮੁਕਾਬਲੇ ਅਜਿਹੀਆਂ ਸੇਵਾਵਾਂ ਬਹੁਤ ਘੱਟ ਮੰਚ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੰਚ ਵੱਖੋ-ਵੱਖਰੇ ਸ਼ਹਿਰਾਂ ਦੇ ਹਸਪਤਾਲਾਂ ਦੇ ਖ਼ਰਚਿਆਂ ਦੀ ਤੁਲਨਾ ਕਰ ਕੇ ਵੀ ਸਿੱਟੇ ਕਢਦਾ ਹੈ; ਤਾਂ ਜੋ ਮਰੀਜ਼ ਆਪਣੀ ਪਸੰਦ ਦੇ ਹਸਪਤਾਲ ਤੇ ਡਾਕਟਰ ਦੀ ਚੋਣ ਕਰ ਸਕਣ। ਇਹ ਮੰਚ ਸਾਲ 'ਬੈਸਟ ਮੈਡੀਕਲ ਸੈਂਟਰਜ਼' ਬ੍ਰਾਂਡ ਅਧੀਨ 2007 ਤੋਂ ਲੈ ਕੇ ਹੁਣ ਤੱਕ 3 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਸਫ਼ਲ ਇਲਾਜ ਕਰਵਾ ਚੁੱਕਾ ਹੈ। ਅਮਰੀਕਾ, ਇੰਗਲੈਂਡ, ਅਫ਼ਰੀਕਾ ਤੇ ਮੱਧ-ਪੂਰਬੀ ਦੇਸ਼ਾਂ ਦੇ ਨਾਲ-ਨਾਲ ਧਰਤੀ ਦੇ ਹੋਰਨਾਂ ਬਹੁਤ ਸਾਰੇ ਹਿੱਸਿਆਂ ਤੋਂ ਮਰੀਜ਼ ਇਸ ਸੇਵਾ ਦਾ ਲਾਭ ਉਠਾ ਚੁੱਕੇ ਹਨ।

ਇਹ ਪਲੇਟਫ਼ਾਰਮ ਕਮਿਸ਼ਨ ਆਧਾਰਤ ਵਪਾਰਕ ਮਾੱਡਲ ਨੂੰ ਅਪਣਾਉਂਦਾ ਹੈ ਤੇ ਹਸਪਤਾਲਾਂ ਤੋਂ ਰੈਫ਼ਰਲ ਫ਼ੀਸ ਵਸੂਲ ਕਰਦਾ ਹੈ ਪਰ ਮਰੀਜ਼ਾਂ ਤੋਂ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ।

ਨਿਵੇਸ਼ ਤੇ ਵਿਕਾਸ

ਇਸ ਮੰਚ ਉਤੇ ਹੁਣ ਤੱਕ 80 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਜ਼ਿਆਦਾ ਖ਼ਰਚਾ ਇਸ ਦੀ ਡਿਜੀਟਲ ਹੋਂਦ ਤੇ ਸਮੁੱਚੇ ਭਾਰਤ ਵਿੱਚ ਆਪਣਾ ਪਾਸਾਰ ਕਰਨ ਤੇ ਇੱਥ ਮਜ਼ਬੂਤ ਟੀਮ ਬਣਾਉਣ ਉਤੇ ਹੋਇਆ ਹੈ।

ਲਗਭਗ ਚਾਰ ਸਾਲਾਂ ਦੌਰਾਨ ਇਸ ਮੰਚ ਉਤੇ ਹਰ ਮਹੀਨੇ 15 ਹਜ਼ਾਰ ਤੋਂ ਲੈ ਕੇ 20 ਹਜ਼ਾਰ ਤੱਕ ਵਿਅਕਤੀ ਆਉਂਦੇ ਰਹੇ ਹਨ। ਇੰਝ ਹਰ ਰੋਜ਼ 70 ਦੇ ਲਗਭਗ ਪੁੱਛਗਿੱਛਾਂ ਆਉਂਦੀਆਂ ਰਹੀਆਂ ਹਨ। ਡਾ. ਰਾਜੀਵ ਦਸਦੇ ਹਨ,''ਅਸੀਂ ਵੈਬਸਾਈਟ ਉਤੇ 1,000 ਤੋਂ ਵੱਧ ਇਲਾਜ ਸੌਦੇ ਕੀਤੇ ਹਨ। ਇਹ ਸੌਦੇ ਸਾਡੇ ਕੋਲ 1,500 ਦੇ ਲਗਭਗ ਡਾਕਟਰਾਂ ਤੇ ਹਸਪਤਾਲਾਂ ਰਾਹੀਂ ਪੁੱਜੇ ਹਨ।'' ਇਸ ਤੋਂ ਇਲਾਵਾ ਰੋਜ਼ਾਨਾ 50 ਤੋਂ 100 ਲੋਕ ਆੱਫ਼ਲਾਈਨ ਵੀ ਇਸ ਬਾਰੇ ਪੁੱਛਗਿੱਛ ਕਰਦੇ ਹਨ।

ਇਸ ਮੰਚ ਵਿੱਚ ਇਸੇ ਵਰ੍ਹੇ ਸਵਾ ਕਰੋੜ ਰੁਪਏ ਲਾਏ ਗਏ ਹਨ। ਇਹ ਭਾਰਤ ਦੇ ਵਧੇਰੇ ਵੱਡੇ ਸ਼ਹਿਰਾਂ ਵਿੱਚ ਉਪਲਬਧ ਹੈ ਤੇ ਪਿੱਛੇ ਜਿਹੇ ਇਸ ਨੇ ਤੁਰਕੀ ਵਿੱਚ ਵੀ ਆਪਣਾ ਕਾਰੋਬਾਰ ਅਰੰਭਿਆ ਹੈ।

ਸਾਲ 2015-16 ਦੌਰਾਨ ਇਸ ਦੀ ਟਰਨਓਵਰ 6 ਕਰੋੜ ਰੁਪਏ ਰਹੀ ਹੈ।

ਮੁਢਲੀਆਂ ਤੇ ਬਾਅਦ ਦੀਆਂ ਚੁਣੌਤੀਆਂ

ਸਭ ਤੋਂ ਵੱਡੀ ਚੁਣੌਤੀ ਤਾਂ ਇਹੋ ਹੈ ਕਿ ਡਾਕਟਰਾਂ ਨੂੰ ਇਸ ਵੈਬਸਾਈਟ ਭਾਵ ਮੰਚ ਨਾਲ ਜੋੜਨਾ ਤੇ ਉਨ੍ਹਾਂ ਨੂੰ ਇਸ ਵਿਚਾਰ ਬਾਰੇ ਜਚਾਉਣਾ ਹੈ।

ਡਾ. ਰਾਜੀਵ ਦਸਦੇ ਹਨ,''ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇੱਕ ਤਾਂ ਇਹੋ ਸੀ ਕਿ ਇੱਕ ਤਕਨੀਕੀ ਟੀਮ ਦੀਆਂ ਸੇਵਾਵਾਂ ਲੈਣਾ ਜੋ ਇਸ ਕਾਰੋਬਾਰ ਨੂੰ ਸਮਝ ਸਕੇ ਅਤੇ ਸਾਡੇ ਵਰਤੋਂਕਾਰਾਂ ਭਾਵ ਯੂਜ਼ਰਜ਼ ਲਈ ਇਹ ਮੰਚ ਵਧੇਰੇ ਵਾਜਬ ਬਣ ਸਕੇ ਅਤੇ ਨਾਲ ਹੀ ਖ਼ਰਚੇ ਘੱਟ ਤੋਂ ਘੱਟ ਰੱਖ ਸਕੇ।''

ਪਰ ਮੌਜੂਦਾ ਚੁਣੌਤੀਆਂ ਮਾਰਕਿਟਿੰਗ ਦੀਆਂ ਉਚੇਰੀਆਂ ਲਾਗਤਾਂ ਤੇ ਸਮੁੱਚੇ ਸੰਸਾਰ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਨਾਲ ਸਬੰਧਤ ਹਨ।

ਡਾ. ਰਾਜੀਵ ਦਸਦੇ ਹਨ,''ਜਦੋਂ ਤੱਕ ਅਸੀਂ ਧਨ ਇਕੱਠਾ ਕਰਨ ਦਾ ਅਗਲਾ ਗੇੜ ਨਹੀਂ ਅਰੰਭਦੇ, ਤਦ ਤੱਕ ਖ਼ਰਚੇ ਘੱਟ ਹੀ ਰੱਖੇ ਜਾਣਗੇ। ਮੌਜੂਦਾ ਸਰੋਤਾਂ ਨਾਲ ਹੀ ਕੰਮ ਚਲਾਇਆ ਜਾਵੇਗਾ ਤੇ ਸਾਡੀ ਸਰਕਾਰ ਤੋਂ ਮਦਦ ਲਈ ਜਾਵੇਗੀ ਕਿਉਂਕਿ ਸਰਕਾਰ ਖ਼ੁਦ ਭਾਰਤ ਨੂੰ ਇੱਕ ਮੈਡੀਕਲ ਟੂਰਿਜ਼ਮ ਧੁਰੇ ਵਜੋਂ ਵਿਕਸਤ ਕਰਨਾ ਲੋਚਦੀ ਹੈ।''

ਬਾਜ਼ਾਰ-ਆਕਾਰ ਅਤੇ ਮੁਕਾਬਲਾ

ਇਸ ਵੇਲੇ ਭਾਰਤੀ ਮੈਡੀਕਲ ਟੂਰਿਜ਼ਮ ਉਦਯੋਗ 3 ਅਰਬ ਡਾਲਰ ਦਾ ਹੈ ਅਤੇ ਭਾਰਤ ਵਿੱਚ ਹਰ ਸਾਲ 2 ਲੱਖ 30 ਹਜ਼ਾਰ ਵਿਦੇਸ਼ੀ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ।

ਪੰਜਾਬ-ਹਰਿਆਣਾ ਦਿੱਲੀ ਚੈਂਬਰ ਆੱਫ਼ ਕਾੱਮਰਸ ਐਂਡ ਇੰਡਸਟਰੀ ਅਨੁਸਾਰ ਸਾਲ 2018 ਤੱਕ ਇਹ ਉਦਯੋਗ 6 ਅਰਬ ਡਾਲਰ ਦਾ ਹੋ ਜਾਣ ਦਾ ਅਨੁਮਾਨ ਹੈ ਕਿਉਂਕਿ ਅਗਲੇ ਚਾਰ ਵਰ੍ਹਿਆਂ ਦੌਰਾਨ ਭਾਰਤ ਆਉਣ ਵਾਲੇ ਵਿਦੇਸ਼ੀ ਮਰੀਜ਼ਾਂ ਦੀ ਗਿਣਤੀ ਵਿੱਚ ਦੁੱਗਣਾ ਵਾਧਾ ਹੋਣ ਦੀ ਆਸ ਹੈ।

ਇਸ ਵਿਸ਼ੇਸ਼ ਵਰਗ ਵਿੱਚ ਮੁੰਬਈ ਸਥਿਤ ਟ੍ਰਾਂਸ-ਅਰਥ, ਫ਼ਲਾਈ-ਫ਼ਾਰ-ਸਰਜਰੀ, ਸਿੰਗਾਪੁਰ ਸਥਿਤ ਡੌਕ-ਡੌਕ, ਜਰਮਨੀ ਸਥਿਤੀ ਮੈਡਿਗੋ ਅਤੇ ਵ੍ਹਟ-ਕਲੀਨਿਕ ਵੀ ਕੁੱਝ ਅਜਿਹੇ ਜਾਣੇ-ਪਛਾਣੇ ਮੰਚ ਹਨ, ਜੋ ਭਾਰਤ ਵਿੱਚ ਮੈਡੀਕਲ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ।

ਲੇਖਕ: ਤੌਸੀਫ਼ ਆਲਮ

ਅਨੁਵਾਦ: ਮਹਿਤਾਬ-ਉਦ-ਦੀਨ