GoPaisa.com ਨੂੰ ਸਭਨਾਂ ਲਈ ਬੱਚਤ ਦਾ ਇੱਕੋ-ਇੱਕ ਟਿਕਾਣਾ ਬਣਾਉਣਾ ਚਾਹੁੰਦੀ ਹੈ ਅੰਕਿਤਾ ਜੈਨ

0

ਉਹ ਇਸ ਵੇਲੇ ਸੁਫ਼ਨੇ ਲੈਂਦੀ ਹੈ ਕਿ ਉਸ ਦੀਆਂ ਪੇਂਟਿੰਗਜ਼ ਦਿੱਲੀ ਦੀਆਂ ਉੱਘੀਆਂ ਗੈਲਰੀਆਂ ਵਿਚੋਂ ਇੱਕ ਵਿੱਚ ਪ੍ਰਦਰਸ਼ਿਤ ਹੋਣ। ਉਸ ਨੂੰ ਆਪਣੇ ਕੰਮ 'ਤੇ ਜਾਂਦੇ ਸਮੇਂ ਰਾਹ ਵਿੱਚ ਜਿਹੜਾ ਡੇਢ ਘੰਟਾ ਮਿਲਦਾ ਹੈ, ਉਹ ਰੋਜ਼ਾਨਾ ਉਸ ਸਮੇਂ ਦੌਰਾਨ 'ਮਸਤੀ' ਦੀ ਖ਼ੁਰਾਕ ਲੈਂਦੀ ਹੈ। ਉਹ ਬੜੀ ਉਤਸੁਕਤਾ ਨਾਲ ਸਨਿੱਚਰਵਾਰ ਤੇ ਐਤਵਾਰ ਆਉਣ ਦੀ ਉਡੀਕ ਕਰਦੀ ਹੈ ਕਿ ਤਾਂ ਜੋ ਉਹ ਨਿੱਕੀਆਂ-ਨਿੱਕੀਆਂ ਯਾਤਰਾਵਾਂ ਕਰ ਸਕੇ ਅਤੇ ਉਹ ਇੱਕ ਮੁਕੰਮਲ ਪਰਿਵਾਰਕ ਇਨਸਾਨ ਹੈ।

ਮਿਲੋ GoPaisa.com ਦੀ ਸਹਿ-ਬਾਨੀ 25 ਸਾਲਾ ਅੰਕਿਤਾ ਜੈਨ ਨੂੰ। ਇਹ ਵੈੱਬਸਾਈਟ ਸਭ ਤੋਂ ਵੱਧ ਕੈਸ਼-ਬੈਕ ਅਦਾ ਕਰਦੀ ਹੈ ਤੇ ਇੱਕ ਕੂਪਨ ਸਾਈਟ ਹੈ।

ਗੁਜਰਾਤ ਦੇ ਸ਼ਹਿਰ ਸੂਰਤ ਦੀ ਜੰਮਪਲ਼ ਅੰਕਿਤਾ ਹੁਣ ਤੱਕ ਕਈ ਐਫ਼.ਐਮ. ਰੇਡੀਓ ਕੰਪਨੀਆਂ ਦੇ ਮਾਰਕਿਟਿੰਗ ਵਿਭਾਗ ਲਈ ਕੰਮ ਕਰ ਚੁੱਕੀ ਹੈ। ਉਸ ਨੇ 18 ਸਾਲ ਦੀ ਉਮਰੇ ਆਪਣਾ ਪਹਿਲਾ ਕੰਮ ਅਰੰਭ ਕਰ ਦਿੱਤਾ ਸੀ ਤੇ ਉਸ ਨੂੰ ਸਦਾ ਇੱਕ ਚੁਣੌਤੀ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ; ਉਹ ਇਹ ਕਿ ਲੋਕ ਉਸ ਨੂੰ ਗੰਭੀਰਤਾ ਨਾਲ਼ ਨਹੀਂ ਲੈਂਦੇ ਤੇ ਉਸ ਨੂੰ 'ਹਾਲ਼ੇ ਬਹੁਤ ਛੋਟੀ ਉਮਰ ਦੀ' ਆਖ ਕੇ ਰੱਦ ਹੀ ਕਰ ਛਡਦੇ ਹਨ।

ਆਪਣੇ ਕਾਰੋਬਾਰੀ ਭਾਈਵਾਲ਼ ਅਮਨ ਜੈਨ ਨਾਲ਼ ਉਸ ਨੇ ਬਹੁਤ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ GoPaisa.com ਸ਼ੁਰੂ ਕੀਤੀ ਸੀ। ਅਮਨ ਦਾ ਪਿਛੋਕੜ ਵਿੱਤੀ ਖੇਤਰ ਨਾਲ਼ ਸਬੰਧਤ ਰਿਹਾ ਹੈ ਅਤੇ ਉਨ੍ਹਾਂ ਪਹਿਲਾਂ ਇੱਕ-ਦੂਜੇ ਨੂੰ ਫ਼ਾਈਨਾਂਸ ਅਤੇ ਮਾਰਕਿਟਿੰਗ ਦੇ ਮਾਮਲਿਆਂ ਵਿੱਚ ਸੰਤੁਸ਼ਟ ਕੀਤਾ ਸੀ, ਫਿਰ ਹੀ ਉਨ੍ਹਾਂ ਕੈਸ਼-ਬੈਕ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਸੀ।

ਅੰਕਿਤਾ ਦਸਦੀ ਹੈ, ਅਸੀਂ 2011 'ਚ ਆਪਣੇ ਇੱਕ ਸਾਂਝੇ ਦੋਸਤ ਦੇ ਵਿਆਹ 'ਚ ਮੁੰਬਈ ਵਿਖੇ ਮਿਲ਼ੇ ਸਾਂ ਅਤੇ ਅਸੀਂ ਕੈਸ਼-ਬੈਕ ਧਾਰਨਾ ਬਾਰੇ ਗੱਲਬਾਤ ਕਰਨ ਲੱਗ ਪਏ ਅਤੇ ਅਮਨ ਤਦ ਪਹਿਲਾਂ ਹੀ ਇਸ ਖੇਤਰ ਨੂੰ ਸਫ਼ਲਤਾਪੂਰਬਕ ਅਜ਼ਮਾ ਚੁੱਕਾ ਸੀ, ਜਦੋਂ ਉਹ ਲੰਡਨ ਰਹਿੰਦਾ ਹੁੰਦਾ ਸੀ। ਤਦ ਭਾਰਤ ਹਾਲ਼ੇ ਈ-ਵਣਜ ਉਦਯੋਗ ਵਿੱਚ ਕੈਸ਼-ਬੈਕ ਦੇ ਵਿਚਾਰ ਲਈ ਆਪਣੇ-ਆਪ ਨੂੰ ਖੋਲ੍ਹ ਰਿਹਾ ਸੀ ਅਤੇ ਇਹ ਵਿਚਾਰ ਹਾਲ਼ੇ ਵਿਕਸਤ ਹੋ ਰਿਹਾ ਸੀ।

2012 'ਚ ਸ਼ੁਰੂਆਤ ਹੋਈ ਸੀ ਤੇ ਇੰਝ GoPaisa ਚਲਦਿਆਂ ਚਾਰ ਵਰ੍ਹੇ ਬੀਤ ਗਏ ਹਨ। ਹੁਣ ਇਹ ਕੈਸ਼-ਬੈਕ ਖੇਤਰ ਵਿੱਚ ਇੱਕ ਉੱਘੀ ਕੰਪਨੀ ਹੈ ਅਤੇ ਇਸ ਨਾਲ 550 ਤੋਂ ਵੱਧ ਬ੍ਰਾਂਡ ਜੁੜੇ ਹੋਏ ਹਨ।

ਚੁਣੌਤੀਆਂ

ਇਹ ਸਟਾਰਟ-ਅੱਪ ਅਰੰਭ ਕਰਨ ਦੇ ਪਹਿਲੇ ਦੋ ਵਰ੍ਹੇ ਤਾਂ ਬਹੁਤ ਹੀ ਔਖੇ ਸਨ; ਅੰਕਿਤਾ ਉਦੋਂ ਕੇਵਲ 23 ਸਾਲਾਂ ਦੀ ਸੀ। ਉਹ ਦਸਦੀ ਹੈ,''ਲੋਕਾਂ ਨੇ ਮੈਨੂੰ ਗੰਭੀਰਤਾ ਨਾਲ਼ ਨਹੀਂ ਲਿਆ। ਇਸੇ ਲਈ ਮੈਂ ਬਹੁਤ ਸਖ਼ਤ ਮਿਹਨਤ ਕਰਦੀ ਸਾਂ ਤੇ ਮੇਰੀ ਕਾਰਗੁਜ਼ਾਰੀ ਵੀ ਵਧੀਆ ਰਹਿੰਦੀ ਸੀ। ਅੰਕੜੇ ਇਸ ਗੱਲ ਦੇ ਗਵਾਹ ਹਨ। ਸਮੇਂ ਨਾਲ਼ ਸਾਡਾ ਬਾਜ਼ਾਰ ਵੀ ਵਿਕਸਤ ਹੋ ਗਿਆ ਹੈ ਅਤੇ ਹੁਣ ਵਫ਼ਾਦਾਰੀ ਦੀ ਗੱਲ ਚਲਦੀ ਹੈ। ਅਸੀਂ ਭਾਈਵਾਲ ਕਾਰੋਬਾਰੀ-ਵਪਾਰੀਆਂ ਲਈ ਇਸ ਵਰ੍ਹੇ ਦੇ ਅੰਤ ਤੱਕ 550 ਕਰੋੜ ਰੁਪਏ ਦੀ ਵਿਕਰੀ ਦਾ ਟੀਚਾ ਰੱਖ ਰਹੇ ਹਾਂ।''

ਮੁਢਲੇ ਵਰ੍ਹਿਆਂ ਦੌਰਾਨ, ਉਸ ਦੇ ਸਾਰੇ ਜਤਨ ਅਜਿਹੇ ਭਾਈਵਾਲ਼ਾਂ ਨੂੰ ਆਪਣੇ ਨਾਲ਼ ਜੋੜਨ ਨਾਲ਼ ਹੀ ਸਬੰਧਤ ਰਹੇ ਸਨ। ਉਨ੍ਹਾਂ ਦੀ ਕੰਪਨੀ ਹੁਣ ਤੱਕ ਸੀਮਤ ਫ਼ੰਡਾਂ ਨਾਲ਼ ਹੀ ਚਲਦੀ ਰਹੀ ਹੈ ਤੇ ਉਹ ਹਾਲ਼ੇ ਵੀ ਇੰਝ ਹੀ ਚੱਲ ਰਹੇ ਹਨ। ਅੰਕਿਤਾ ਦਾ ਕਹਿਣਾ ਹੈ ਕਿ ਫਿਰ ਵੀ ਉਨ੍ਹਾਂ ਨੂੰ ਕਾਫ਼ੀ ਮੁਨਾਫ਼ਾ ਹੋ ਰਿਹਾ ਹੈ। ਕੰਪਨੀ ਹੁਣ ਨਿਵੇਸ਼ਕਾਂ ਨਾਲ਼ ਗੱਲ ਕਰ ਰਹੀ ਹੈ ਪਰ ਇਸ ਲਈ ਖ਼ੁਸ਼ ਹੈ ਕਿ ਹਾਲ਼ੇ ਤੱਕ ਉਹ ਆਪਣੇ ਦਮ ਉੱਤੇ ਹੀ ਚਲਦੀ ਰਹੀ ਹੈ। ਅੰਕਿਤਾ ਦਾ ਕਹਿਣਾ ਹੈ,''ਸਾਡਾ ਉਦੇਸ਼ ਤਕਨਾਲੋਜੀ ਨੂੰ ਵਧੇਰੇ ਆੱਟੋਮੈਟਿਕ ਤੇ ਸਵੈ-ਨਿਰਭਰ ਬਣਾਉਣਾ ਹੈ।''

ਸਾਰੀ ਗੱਲ ਪੈਸੇ ਦੀ

GoPaisa ਰਜਿਸਟਰਡ ਵਰਤੋਂਕਾਰਾਂ ਕੈਸ਼-ਬੈਕ ਦੀ ਸਹੂਲਤ ਦਿੰਦੀ ਹੈ ਜਾਂ ਜੇ ਕੋਈ ਗਾਹਕ ਮਿੰਤਰਾ, ਜੈਬੌਂਗ, ਐਕਸਪੀਡੀਆ, ਫ਼ਲਿਪਕਾਰਟ ਤੇ ਇਸ ਵੈੱਬਸਾਈਟ ਉੱਤੇ ਸੂਚੀਬੱਧ ਹੋਰ ਵੱਡੀਆਂ-ਵੱਡੀਆਂ ਈ-ਵਣਜ ਕੰਪਨੀਆਂ ਰਾਹੀਂ ਕੁੱਝ ਖ਼ਰੀਦਦਾ ਹੈ; ਤਾਂ ਉਸ ਨੂੰ ਉਸ ਦੇ ਬਦਲੇ ਕੁੱਝ ਰਕਮ ਵਾਪਸ ਮਿਲ਼ ਜਾਂਦੀ ਹੈ। ਇਹ ਮੰਚ ਆੱਨਲਾਈਨ ਖ਼ਰੀਦਦਾਰੀ ਕਰਨ ਵਾਲ਼ਿਆਂ ਨੂੰ ਅਜਿਹੀ ਛੋਟ ਦੇ ਕੋਡ ਪ੍ਰਦਾਨ ਕਰਦਾ ਹੈ। ਪਿੱਛੇ ਜਿਹੇ GoPaisa ਐਪ. ਵੀ ਐਂਡਰਾੱਇਡ ਅਤੇ ਆਈ.ਓ.ਐਸ. ਲਈ ਲਾਂਚ ਕੀਤੀ ਗਈ ਸੀ। ਇੱਕ ਸਾਲ ਤੋਂ ਵੀ ਘੱਟ ਸਮੇਂ ਅੰਦਰ ਇਸ ਐਪ. ਦੇ 1,00,000 ਤੋਂ ਵੀ ਵੱਧ ਡਾਊਨਲੋਡ ਹੋ ਚੁੱਕੇ ਹਨ।

GoPaisa ਨੂੰ ਇਸ ਵੇਲੇ 10 ਲੱਖ ਤੋਂ ਵੀ ਵੱਧ ਵਿਅਕਤੀ ਵਰਤ ਰਹੇ ਹਨ। ਇਹ ਅੰਕੜੇ ਵੈੱਬਸਾਈਟ ਅਤੇ ਐਪ. ਦੋਵਾਂ ਦੇ ਮਿਲ਼ਾ ਕੇ ਹਨ। ਹਰ ਰੋਜ਼ ਇਸ ਵੈੱਬਸਾਈਟ ਨਾਲ਼ 5,000-6,000 ਗਾਹਕ/ਵਰਤੋਂਕਾਰ ਆ ਕੇ ਜੁੜ ਰਹੇ ਹਨ। ਅਕਤੂਬਰ 2015 'ਚ ਇਸ ਕੰਪਨੀ ਦਾ ਕੁੱਲ ਵਪਾਰਕ ਘੇਰਾ 55 ਕਰੋੜ ਰੁਪਏ ਦਾ ਸੀ; ਜਦ ਕਿ ਅਕਤੂਬਰ 2014 'ਚ ਇਹ ਅੰਕੜਾ ਇੱਕ ਕਰੋੜ ਰੁਪਏ ਤੋਂ ਵੀ ਘੱਟ ਸੀ।

ਉਦਯੋਗ ਦੇ ਅੰਕੜੇ

ਸਮੁੱਚੇ ਵਿਸ਼ਵ ਵਿੱਚ, ਈ-ਕਾਰੋਬਾਰੀ ਬਾਜ਼ਾਰ 'ਚ 20 ਫ਼ੀ ਸਦੀ ਵਿਕਰੀਆਂ ਸਬੰਧਤ ਮਾਰਕਿਟਿੰਗ ਚੈਨਲਾਂ ਰਾਹੀਂ ਹੁੰਦੀਆਂ ਹਨ। ਭਾਰਤ ਵਿੱਚ ਵੀ ਬਾਜ਼ਾਰ ਹੁਣ ਪਰਪੱਕ ਹੋ ਰਿਹਾ ਹੈ, ਇਸ ਕਰ ਕੇ ਇਹ ਅੰਕੜੇ ਹੋਰ ਵਧਣਗੇ। GoPaisa ਦ ਮੰਤਵ ਇਸ ਖੇਤਰ ਵਿੱਚ ਸਭ ਤੋਂ ਵੱਡੀ ਕੰਪਨੀ ਬਣਨਾ ਹੈ; ਇੰਨੀ ਕੁ ਵੱਡੀ ਕਿ ਭਾਰਤ ਦੇ ਬਾਜ਼ਾਰ ਵਿੱਚ ਇਸ ਕੰਪਨੀ ਦਾ ਹਿੱਸਾ 30 ਤੋਂ 40 ਫ਼ੀ ਸਦੀ ਹੋਵੇ।

ਈ-ਵਣਜ ਬਾਜ਼ਾਰ ਇਸ ਵੇਲੇ ਲਗਭਗ 10-15 ਅਰਬ ਡਾਲਰ ਦਾ ਹੈ। ਗੂਗਲ ਅਧਿਐਨ ਅਨੁਸਾਰ ਇਹ ਅੰਕੜਾ ਸਾਲ 2020 ਦੇ ਅੰਤ ਤੱਕ 100 ਅਰਬ ਡਾਲਰ ਨੂੰ ਛੋਹਣ ਦੀ ਸੰਭਾਵਨ ਹੈ। ਮੁਲੰਕਣਯੋਗ ਬਾਜ਼ਾਰ ਲਗਭਗ 20 ਅਰਬ ਡਾਲਰ ਦਾ ਮੰਨ ਕੇ ਚੱਲੀਏ, ਤਾਂ ਉਸ ਦਾ ਕਮਿਸ਼ਨ 1.16 ਅਰਬ ਡਾਲਰ ਦੇ ਲਗਭਗ ਹੋਵੇਗਾ। ਜੇ ਕਮਿਸ਼ਨ ਦੀ ਔਸਤ 5 ਤੋਂ 8 ਫ਼ੀ ਸਦੀ ਵੀ ਮੰਨੀਏ, ਤਾਂ GoPaisa ਇਸ ਬਾਜ਼ਾਰ ਵਿੱਚ ਉਤਾਂਹ ਵੱਲ ਨੂੰ ਹੀ ਜਾ ਰਿਹਾ ਹੈ।

ਅੰਕਿਤਾ ਦਾ ਕਹਿਣਾ ਹੈ,''ਅਸੀਂ ਚਾਹੁੰਦੇ ਹਾਂ ਕਿ ਹਰ ਸੰਭਵ ਵਰਗ ਦੇ ਲੋਕ ਸਾਡੀ ਵੈੱਬਸਾਈਟ 'ਤੇ ਆਉਣ ਅਤੇ ਆਪਣਾ ਧਨ ਬਚਾਉਣ ਦਾ ਉਨ੍ਹਾਂ ਲਈ ਇਹ ਇੱਕੋ-ਇੱਕ ਟਿਕਾਣਾ ਹੋਵੇ। ਦਵਾਈਆਂ ਅਤੇ ਘਰੇਲੂ ਰਾਸ਼ਨ-ਪਾਣੀ ਤੇ ਘਰਾਂ ਵਿੱਚ ਵਰਤੋਂ ਵਾਲ਼ੀਆਂ ਹੋਰ ਵਸਤਾਂ ਦਾ ਵਰਗ ਹੁਣ ਬਹੁਤ ਤੇਜ਼ੀ ਨਾਲ਼ ਵਿਕਸਤ ਹੋ ਰਿਹਾ ਹੈ ਅਤੇ ਲੋਕਾਂ ਦਾ ਵਿਵਹਾਰ ਵੀ ਤਬਦੀਲ ਹੋ ਰਿਹਾ ਹੈ।''

ਪਹਿਲਾਂ ਕਾਰੋਬਾਰ ਜ਼ਿਆਦਾਤਰ ਟੀਅਰ 1 ਤੇ ਟੀਅਰ 2 ਸ਼ਹਿਰਾਂ 'ਚ ਹੀ ਵੱਧ ਹੁੰਦਾ ਸੀ ਪਰ ਹੁਣ ਟੀਅਰ 3 ਤੇ ਟੀਅਰ 4 ਦੇ ਸ਼ਹਿਰਾਂ 'ਚ 50 ਫ਼ੀ ਸਦੀ ਕਾਰੋਬਾਰ ਚੱਲ ਰਿਹਾ ਹੈ। ਅੰਕਿਤਾ ਨੂੰ ਚੇਤੇ ਹੈ ਜਦੋਂ ਹਰਿਦੁਆਰ ਦੀ ਇੱਕ ਔਰਤ ਨੇ ਉਸ ਨੂੰ ਕਾੱਲ ਕਰ ਕੇ ਐਪ. ਜਾਰੀ ਕਰਨ ਲਈ ਧੰਨਵਾਦ ਕੀਤਾ ਸੀ। ਉਹ ਇਸ ਐਪ. ਦੀ ਮਦਦ ਨਾਲ਼ ਹੁਣ ਵੱਡੇ ਬ੍ਰਾਂਡ ਵੀ ਖ਼ਰੀਦ ਰਹੀ ਹੈ। ਹੁਣ ਆਈ.ਪੀ.ਐਲ. ਦੇ ਦੌਰ ਵਿੱਚ GoPaisa ਨੇ ਕੁੱਝ ਉਤੇਜਨਾਪੂਰਨ ਕੀਤਾ ਹੈ। ਜੇ ਲੋਕ ਹਾਂ-ਪੱਖੀ ਤਰੀਕੇ ਨਾਲ਼ ਮੈਚ ਖੇਡਣ ਵਾਲ਼ੀਆਂ ਟੀਮਾਂ ਦੀ ਜਿੱਤ ਜਾਂ ਹਾਰ ਦਾ ਅਨੁਮਾਨ ਲਾ ਕੇ ਦੱਸਣ; ਤਾਂ ਸਹੀ ਅਨੁਮਾਨ ਵਾਲ਼ੇ ਗਾਹਕ ਦੇ ਖਾਤੇ ਵਿੱਚ ਅੰਕ ਜੁੜਦੇ ਹਨ। ਇਸ ਵਿੱਚ ਕਿਤੇ ਵੀ ਕੋਈ ਧਨ ਸ਼ਾਮਲ ਨਹੀਂ ਹੈ ਪਰ ਪਰ ਲੋਕ ਇਸ ਬਹਾਨੇ ਆਪਣੀਆਂ ਮਨਪਸੰਦ ਟੀਮਾਂ ਜਾਂ ਖਿਡਾਰੀਆਂ ਦਾ ਸਮਰਥਨ ਕਰ ਸਕਦੇ ਹਨ।

ਛੋਟੇ ਸ਼ਹਿਰਾਂ ਵਿੱਚ ਪ੍ਰਤਿਭਾ

ਅੰਕਿਤਾ ਦਾ ਕਹਿਣਾ ਹੈ ਕਿ ਉਸ ਨੇ ਇੱਕ ਉੱਦਮੀ ਵਜੋਂ ਵਿਚਰਦਿਆਂ ਬਹੁਤ ਕੁੱਝ ਸਿੱਖਿਆ ਹੈ। ਇੱਕ ਪ੍ਰਮੁੱਖ ਗੱਲ ਉਸ ਨੇ ਇਹ ਸਿੱਖੀ ਹੈ ਕਿ ਛੋਟੇ ਸ਼ਹਿਰਾਂ ਨੂੰ ਗੰਭੀਰਤਾ ਨਾਲ਼ ਲੈਣਾ ਚਾਹੀਦਾ ਹੈ। ''ਆਮ ਤੌਰ ਉੱਤੇ ਰੁਝਾਨ ਇਹ ਹੁੰਦਾ ਹੈ ਕਿ ਜਦੋਂ ਕੋਈ ਨਵੀਂ ਨਿੱਕੀ ਕੰਪਨੀ ਭਾਵ ਸਟਾਰਟ-ਅੱਪ ਸ਼ੁਰੂ ਕਰਨੀ ਹੁੰਦੀ ਹੈ, ਤਾਂ ਲੋਕ ਵੱਡੇ ਸ਼ਹਿਰਾਂ ਅਤੇ ਵੱਕਾਰੀ ਸੰਸਥਾਨਾਂ ਪਿੱਛੇ ਨੱਸਦੇ ਹਨ। ਪਰ ਅਸੀਂ ਛੋਟੇ ਸ਼ਹਿਰਾਂ ਵਿੱਚ ਜਾਂਦੇ ਹਾਂ ਤੇ ਉੱਥੇ ਕੋਡਰਜ਼ ਤੇ ਡਿਵੈਲਪਰਜ਼ ਦੀਆਂ ਸੇਵਾਵਾਂ ਲੈਂਦੇ ਹਾਂ। ਉਨ੍ਹਾਂ ਸ਼ਹਿਰਾਂ ਦੇ ਪ੍ਰਤਿਭਾਸ਼ਾਲੀ ਲੋਕਾਂ ਵਿੱਚ ਕੇਵਲ ਇਹੋ ਘਾਟ ਹੁੰਦੀ ਹੈ ਕਿ ਉਹ ਵਧੀਆ ਤਰੀਕੇ ਨਾਲ਼ ਬੋਲ ਨਹੀਂ ਸਕਦੇ, ਜਿਸ ਕਾਰਣ ਉਹ ਓਨੇ ਚਰਚਿਤ ਨਹੀਂ ਹੋ ਪਾਉਂਦੇ, ਜਿੰਨੇ ਕਿ ਉਹ ਹੋਣੇ ਚਾਹੀਦੇ ਹਨ। ਜਦੋਂ ਉਹ ਇਹ ਗੱਲ ਵੀ ਸਿੱਖ ਲੈਂਦੇ ਹਨ, ਤਾਂ ਫਿਰ ਉਨ੍ਹਾਂ ਨੂੰ ਰੋਕਣ ਵਾਲ਼ਾ ਕੋਈ ਨਹੀਂ ਹੁੰਦਾ ਅਤੇ ਉਹ ਉਦਯੋਗ ਦੇ ਬਿਹਤਰੀਨ ਦਿਮਾਗ਼ਾਂ ਦਾ ਵੀ ਸਾਹਮਣਾ ਕਰ ਸਕਦੇ ਹਨ।'' ਉਦਾਹਰਣ ਵਜੋਂ ਕੰਪਨੀ ਦੇ ਸੀ.ਟੀ.ਓ. ਅਲਾਹਾਬਾਦ ਤੋਂ ਹਨ।

ਕੰਪਨੀ ਦੇ ਬਾਨੀ ਵਜੋਂ, ਅੰਕਿਤਾ ਨੂੰ ਆਪਣੀ ਕੰਪਨੀ ਦੇ ਇਸ ਤੱਥ 'ਤੇ ਮਾਣ ਹੈ ਕਿ ਉਨ੍ਹਾਂ ਨੇ ਆਪਣੀ ਕੰਪਨੀ ਦਾ ਢਾਂਚਾ ਬਿਲਕੁਲ ਸਾਦਾ ਜੱਥੇਬੰਦਕ ਰੱਖਿਆ ਹੋਇਆ ਹੈ। ਉਹ ਦਸਦੀ ਹੈ,''ਕੋਈ ਵੀ ਸੰਪੂਰਨ ਨਹੀਂ ਹੈ ਅਤੇ ਅਸੀਂ ਆਪਣੀਆਂ ਰੋਜ਼ਮੱਰਾ ਦੀਆਂ ਵਿਵਹਾਰਕ ਗੱਲਾਂ ਤੋਂ ਹੀ ਸਭ ਸਿੱਖਦੇ ਹਾਂ। ਇੰਝ ਅਸੀਂ ਹਰ ਤਰ੍ਹਾਂ ਦੇ ਵਿਚਾਰਾਂ ਲਈ ਆਪਣੇ ਬੂਹੇ ਖੁੱਲ੍ਹੇ ਰਖਦੇ ਹਾਂ। ਮੈਂ ਨਾਲ਼ ਹੀ ਕਾਲਜਾਂ ਵਿੱਚ ਵੀ ਜਾਣਾ ਸ਼ੁਰੂ ਕੀਤਾ ਹੈ ਤੇ ਉੱਥੇ 18 ਤੋਂ 35 ਸਾਲ ਉਮਰ ਦੇ ਵਿਅਕਤੀਆਂ ਵਾਲ਼ੇ ਟੀਚਾਗਤ ਸਮੂਹਾਂ ਨਾਲ਼ ਗੱਲਬਾਤ ਕਰਦੀ ਹਾਂ ਅਤੇ ਉਨ੍ਹਾਂ ਦੀਆਂ ਤਰਜੀਹਾਂ ਜਾਣਦੀ ਹਾਂ॥''

ਕੈਸ਼-ਕਰੋ ਇਸ ਕੰਪਨੀ ਦੇ ਸਿੱਧੇ ਮੁਕਾਬਲੇ ਵਿੱਚ ਖੜ੍ਹੀ ਹੈ, ਜਦ ਕਿ ਕੂਪਨ-ਦੁਨੀਆ ਅਸਿੱਧੇ ਤੌਰ 'ਤੇ ਇਸ ਦੇ ਮੁਕਾਬਲੇ 'ਚ ਹੈ। ਚੁਣੌਤੀ ਉਨ੍ਹਾਂ ਤੋਂ ਅਗਾਂਹ ਨਿੱਕਲ਼ ਜਾਣ ਅਤੇ ਕੈਸ਼-ਬੈਕ ਉਦਯੋਗ ਵਿੱਚ ਆਪਣਾ ਇੱਕ ਸਥਾਨ ਬਣਾਉਣ ਦੀ ਹੈ।

ਇੱਕ ਬੇਫ਼ਿਕਰ ਕੁੜੀ ਬਣ ਗਈ ਗੰਭੀਰ ਔਰਤ

ਅੰਕਿਤਾ ਦਸਦੀ ਹੈ,''ਮੇਰੇ 'ਚ ਪਹਿਲਾਂ ਫ਼ੈਸਲਾ ਲੈਣ ਦੀ ਯੋਗਤਾ ਨਹੀਂ ਹੁੰਦੀ ਸੀ, ਜਦੋਂ ਮੈਂ ਸੂਰਤ 'ਚ ਸਾਂ। ਤੇ ਨਾ ਹੀ ਮੈਂ ਪਹਿਲਾਂ ਆੱਨਲਾਈਨ ਖ਼ਰੀਦਦਾਰੀ ਕੀਤੀ ਸੀ। ਪਰ ਮੇਰੇ ਕਾਰੋਬਾਰ ਨੇ ਹੀ ਮੇਰੀ ਸੱਚਮੁਚ ਬਹੁਤ ਮਦਦ ਕੀਤੀ - ਇਸ ਨੇ ਮੈਨੂੰ ਇੱਕ ਪਰਪੱਕ ਉੱਦਮੀ ਬਣਾਇਆ, ਜੋ ਕਿ ਅੱਜ ਮੈਂ ਹਾਂ। ਮੈਂ ਆਪਣੇ ਬਚਪਨ 'ਚ ਇੱਕ ਗੱਲ ਸਿੱਖੀ ਸੀ ਕਿ ਮੇਰੇ ਉੱਤੇ ਕੋਈ ਬੌਸ ਨਹੀਂ ਹੋਵੇਗਾ ਤੇ ਮੈਂ ਆਪਣੀ ਬੌਸ ਆਪ ਹੋਵਾਂਗੀ।''

ਅੰਕਿਤਾ ਅੱਗੇ ਦਸਦੀ ਹੈ,''ਨੌਜਵਾਨ ਹੋਣ ਦੇ ਨਾਤੇ ਮੈਨੂੰ ਹਰੇਕ ਚੀਜ਼ ਉਤਸ਼ਾਹਿਤ ਕਰਦੀ ਰਹੀ ਸੀ ਅਤੇ ਮੈਂ ਸਭ ਕੁੱਝ ਕਰਨ ਚਾਹੁੰਦੀ ਸਾਂ; ਪਰ ਮੈਂ ਕਦੇ ਕਿਸੇ ਗੱਲ ਉੱਤੇ ਆਪਣਾ ਧਿਆਨ ਕੇਂਦ੍ਰਿਤ ਨਹੀਂ ਰੱਖ ਸਕੀ ਸਾਂ। ਮੇਰੇ ਕਾਰੋਬਾਰ ਨੇ ਮੇਰੇ ਉਸ ਉਤਸ਼ਾਹ ਤੇ ਉਤੇਜਨਾ ਨੂੰ ਪਰਪੱਕ ਬਣਾਇਆ। ਹੁਣ ਮੈਂ ਸੋਚਦੀ ਹਾਂ ਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਦਾ ਮੁਲੰਕਣ ਕਰਦੀ ਹਾਂ।'' ਉਹ ਆਪਣੇ ਸਹੁਰੇ ਪਰਿਵਾਰ ਦੀ ਵੀ ਧੰਨਵਾਦੀ ਹੈ ਕਿਉਂਕਿ ਉਸ ਨੂੰ ਉਹ ਹਰ ਲੋੜੀਂਦੀ ਮਦਦ ਉਨ੍ਹਾਂ ਵੱਲੋਂ ਮਿਲ਼ੀ ਹੈ, ਜਿਹੜੀ ਇੱਕ ਵਿਆਹੁਤਾ ਔਰਤ ਨੂੰ ਮਿਲਣੀ ਚਾਹੀਦੀ ਹੈ।

ਉਸ ਨੂੰ ਇਹ ਗੱਲ ਵੀ ਵਧੀਆ ਲਗਦੀ ਹੈ ਕਿ ਉਸ ਦਾ ਪਤੀ ਉਸ ਦਾ ਕਾਰੋਬਾਰੀ ਭਾਈਵਾਲ਼ ਹੈ। ਬਾੱਲੀਵੁੱਡ ਦੀ ਰੱਜਵੀਂ ਪ੍ਰਸ਼ੰਸਕ ਅੰਕਿਤਾ ਦਸਦੀ ਹੈ,''ਅਸੀਂ ਉਤਾਰ-ਚੜ੍ਹਾਵਾਂ ਵਿਚੋਂ ਲੰਘੇ ਹਾਂ ਪਰ ਅਸੀਂ ਪਹਿਲਾਂ ਦੋਸਤ ਹਾਂ ਅਤੇ ਆਪਣੇ ਨਿਜੀ ਤੇ ਪੇਸ਼ੇਵਰਾਨਾ ਜੀਵਨਾਂ ਨੂੰ ਕਦੇ ਰਲ਼-ਗੱਡ ਨਹੀਂ ਕਰਦੇ। ਜਦੋਂ ਕੰਮਕਾਜ ਵਾਲ਼ੇ ਸਥਾਨ 'ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਤਾਂ ਸਾਡੇ ਵਿੱਚ ਕਦੇ ਮਤਭੇਦ ਵੀ ਹੋ ਜਾਂਦੇ ਹਨ।''

ਅੰਕਿਤਾ ਦਸਦੀ ਹੈ ਕਿ ਉਹ ਦੋਵੇਂ ਪਤੀ-ਪਤਨੀ ਹਫ਼ਤੇ ਦੇ ਅੰਤ ਵਿੱਚ ਕਿਤੇ ਨਾ ਕਿਤੇ ਸੈਰ ਕਰਨ ਲਈ ਜ਼ਰੂਰ ਜਾਂਦੇ ਹਨ।

''ਜਦੋਂ ਅਸੀਂ ਪਰਤਦੇ ਹਾਂ, ਤਾਂ ਅਸੀਂ ਕੰਮ ਨੂੰ ਕਰਨ ਲਈ ਪੂਰੀ ਤਰ੍ਹਾਂ ਤਰੋਤਾਜ਼ਾ ਹੋ ਚੁੱਕੇ ਹੁੰਦੇ ਹਾਂ ਤੇ ਸਾਡੇ ਵਿੱਚ ਇੱਕ ਨਵਾਂ ਉਤਸ਼ਾਹ ਹੁੰਦਾ ਹੈ।''

ਲੇਖਕ: ਸਸਵਤੀ ਮੁਖਰਜੀ

ਅਨੁਵਾਦ: ਮਹਿਤਾਬ-ਉਦ-ਦੀਨ