ਚੰਦਾ ਇੱਕਠਾ ਕਰਕੇ ਬਣਾਇਆ ਸੀ ਪਿੰਡ ਦਾ ਸਕੂਲ, ਅੱਜ ਪੰਜ ਸੌ ਘਰਾਂ ਦੇ ਸੱਤ ਸੌ ਮੈਂਬਰ ਹਨ ਸਰਕਾਰੀ ਨੌਕਰੀ ਵਿੱਚ 

0

ਇਹ ਕਹਾਣੀ ਹੈ ਹਰਿਆਣਾ ਦੇ ਜਿਲ੍ਹਾ ਜੀਂਦ ਦੇ ਇੱਕ ਪਿੰਡ ਲਿਜਵਾਨਾ ਖੁਰਦ ਦੀ. ਖੇਤੀ-ਬਾੜੀ ਅਤੇ ਹੋਰ ਪੇਂਡੂ ਸਮੱਸਿਆਵਾਂ ਨਾਲ ਜੂਝਦੇ ਹੋਏ ਪਿੰਡਾਂ ਲਈ ਇੱਕ ਮਿਸਾਲ ਪੇਸ਼ ਕਰਦੇ ਇੱਸ ਪਿੰਡ ਦੀ ਕਹਾਣੀ ਆਪਣੇ ਆਪ ਵਿੱਚ ਦਿਲਚਸਪ ਹੈ.

ਜਿਲ੍ਹਾ ਹੈਡਕੁਆਟਰ ਤੋਂ ਤੀਹ ਕੁ ਕਿਲੋਮੀਟਰ ਦੂਰ ਵਸੇ ਇਸ ਪਿੰਡ ਦੀ ਆਬਾਦੀ ਹੈ ਕੋਈ ਪੰਜ ਹਜ਼ਾਰ. ਪਰ ਇਸ ਪਿੰਡ ਨੇ ਆਪਣੇ ਆਪ ‘ਤੇ ਪੇਂਡੂ ਬਣੇ ਰਹਿਣ ਦੀ ਮਲਾਮਤ ਨਾ ਝੇਲਦੇ ਹੋਏ ਸਿਖਿਆ ਨੂੰ ਆਪਣਾ ਹਥਿਆਰ ਬਣਾਇਆ ਅਤੇ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ.

ਦੱਸਦੇ ਹਨ ਕੇ ਸੱਠ ਸਾਲ ਪਹਿਲਾਂ ਤਕ ਇਸ ਪਿੰਡ ਵਿੱਚ ਖੇਤੀ ਬਾੜੀ ਕਰਨਾ ਹੀ ਮੁੱਖ ਕੰਮ ਧੰਧਾ ਸੀ. ਪਿੰਡ ਦੇ ਬੁਜ਼ੁਰਗਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਅਤੇ ਚੰਦਾ ਇੱਕਠਾ ਕਰਕੇ ਪਿੰਡ ਵਿੱਚ ਇੱਕ ਸਕੂਲ ਉਸਾਰਿਆ. ਉਸ ਸਕੂਲ ਨੇ ਪਿੰਡ ਵਿੱਚ ਸਿਖਿਆ ਦਾ ਅਲਖ ਜਗਾਇਆ. ਉਸ ਅਲਖ ਦੇ ਸਦਕੇ ਅੱਜ ਇਸ ਪਿੰਡ ਦੇ ਕੁਲ ਸੱਤ ਸੌ ਘਰਾਂ ‘ਚੋਂ ਪੰਜ ਸੌ ਲੋਕ ਸਰਕਾਰੀ ਨੌਕਰੀ ਵਿੱਚ ਹਨ.

ਇਸ ਪਿੰਡ ‘ਚੋਂ ਦੋ ਆਈਏਐਸ (ਇੰਡੀਅਨ ਐਡਮਿਨੀਸਟ੍ਰੇਟਿਵ ਸਰਵਿਸ) ਅਤੇ ਦੋ ਐਚਸੀਐਸ (ਹਰਿਆਣਾ ਸਿਵਿਲ ਸਰਵਿਸ) ਦੇ ਅਧਿਕਾਰੀ ਨਿਕਲੇ ਹਨ. ਇਨ੍ਹਾਂ ਤੋਂ ਅਲਾਵਾ ਇਸ ਪਿੰਡ ਦੇ ਕਈ ਲੋਕ ਰੇਲਵੇ. ਰੋਡਵੇਜ਼, ਸਿਖਿਆ, ਸਿਹਤ, ਪੁਲਿਸ ਅਤੇ ਫੌਜ਼ ਸਮੇਤ ਹੋਰ ਸਰਕਾਰੀ ਸੇਵਾਵਾਂ ਵਿੱਚ ਹਨ. ਹੋਰ ਵੀ ਨੌਜਵਾਨ ਬੀਟੇਕ ਅਤੇ ਐਮਬੀਏ ਚੁੱਕੇ ਹਨ ਅਤੇ ਹਿਓਰ ਸ਼ਹਿਰਾਂ ਵਿੱਚ ਨੌਕਰੀ ਕਰ ਰਹੇ ਹਨ.

ਇਸ ਪਿੰਡ ਦੇ ਸਕੂਲ ‘ਚੋਂ ਪੜ੍ਹ ਕੇ ਕਾਮਯਾਬੀ ਹਾਸਿਲ ਕਰਨ ਵਾਲੇ ਸਾਬਕਾ ਆਈਏਐਸ ਅਧਿਕਾਰੀ ਅਤੇ ਹਰਿਆਣਾ ਮਨੁੱਖੀ ਅਧਿਕਾਰ ਆਯੋਗ ਦੇ ਮੈਂਬਰ ਜਗਪਾਲ ਅਹਲਾਵਤ ਦੱਸਦੇ ਹਨ ਕੇ ਇਸ ਪਿੰਡ ਦੇ ਨੌਜਵਾਨਾਂ ਵਿੱਚ ਸ਼ੁਰੂ ਤੋਂ ਹੀ ਕੰਪੀਟੀਸ਼ਨ ਦਾ ਭਾਵ ਰਿਹਾ ਹੈ. ਇੱਕ ਦੁੱਜੇ ਨੂੰ ਵੇਖ ਵੇਖ ਕੇ ਨੌਜਵਾਨ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ. ਪਹਿਲਾਂ ਨੌਕਰੀ ਲੱਗ ਚੁੱਕੇ ਲੋਕ ਵੀ ਸਕੂਲ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕੰਪੀਟੀਸ਼ਨ ਦੀ ਪ੍ਰੀਖਿਆਵਾਂ ਬਾਰੇ ਜਾਣੂੰ ਕਰਾਉਂਦੇ ਰਹਿੰਦੇ ਹਨ. ਅਹਲਾਵਤ ਕਹਿੰਦੇ ਹਨ ਕੇ ਉਨ੍ਹਾਂ ਦੇ ਬੁਜ਼ੁਰਗ ਸਿਖਿਆ ਬਾਰੇ ਜਾਗਰੂਕ ਸਨ ਜਿਸਦੇ ਸਦਕੇ ਅੱਜ ਇਸ ਪਿੰਡ ਵਿੱਚ ਸਿਖਿਆ ਰਾਹੀਂ ਕਾਮਯਾਬੀ ਦਿੱਸਦੀ ਹੈ.

ਪਿੰਡ ਦੇ ਸਾਬਕਾ ਸਰਪੰਚ ਵਿਧਿਆਧਰ ਸ਼ਰਮਾ ਦੱਸਦੇ ਹਨ ਕੇ ਇਹ ਇਲਾਕਾ ਪਿਛੜਿਆ ਹੋਇਆ ਮੰਨਿਆ ਜਾਂਦਾ ਸੀ. ਪਾਣੀ ਦੇ ਸਾਧਨ ਵੀ ਚੰਗੇ ਨਹੀਂ ਸਨ. ਖੇਤੀ ਬਾੜੀ ਵੀ ਕੁਝ ਖਾਸ ਨਹੀਂ ਸੀ ਹੁੰਦੀ. ਇਸ ਨੂੰ ਵੇਖਦਿਆਂ ਪਿੰਡ ਦੇ ਬੁਜ਼ੁਰਗਾਂ ਨੇ ਵਿਚਾਰ ਕੀਤਾ ਅਤੇ ਸਿਖਿਆ ਰਾਹੀਂ ਪਿੰਡ ਦੇ ਬੱਚਿਆਂ ਦਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ. ਉਨ੍ਹਾਂ ਨੇ ਪਿੰਡ ‘ਚੋਂ ਹੀ ਚੰਦਾ ਇੱਕਠਾ ਕੀਤਾ ਅਤੇ ਪ੍ਰਾਇਮਰੀ ਸਕੂਲ ਖੋਲਿਆ. ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ.

ਇਹ ਸਕੂਲ 15 ਸਾਲ ਤਕ ਚਲਦਾ ਰਿਹਾ. ਪੰਜਵੀਂ ਦੀ ਪੜ੍ਹਾਈ ਦੇ ਬਾਅਦ ਬੱਚੇ ਨਾਲ ਲਗਦੇ ਕਸਬੇ ਦੇ ਸਕੂਲਾਂ ‘ਚ ਜਾਣ ਲੱਗੇ. ਅੱਠਵੀੰ ਪਾਸ ਕੁਛ ਨੌਜਵਾਨਾਂ ਦੀ ਨੌਕਰੀ ਲੱਗਣ ਮਗਰੋਂ ਲੋਕਾਂ ਦਾ ਰੁਝਾਨ ਪੜ੍ਹਾਈ ਵੱਲ ਵਧ ਗਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ.

ਅੱਜ ਸਕੂਲ ਵਿੱਚ ਦੋ ਪ੍ਰਾਇਮਰੀ ਸਕੂਲ ਹਨ. ਲੋਕ ਪੜ੍ਹਾਈ ਬਾਰੇ ਜਾਗਰੂਕ ਹਨ. ਮੁਢਲੀ ਸਿਖਿਆ ਦੇ ਬਾਅਦ ਬੱਚੇ ਦਸ ਕਿਲੋਮੀਟਰ ਦੂਰ ਕਸਬੇ ਜੁਲਾਨਾ ਵਿੱਖੇ ਪੜ੍ਹਨ ਜਾਂਦੇ ਹਨ. ਪਿੰਡ ਵਿੱਚ ਕੰਪੀਟੀਸ਼ਨ ਦਾ ਮਾਹੌਲ ਹੈ. ਪਿੰਡ ਵਿੱਚ ਬਹੁਤ ਸਾਰੇ ਨੌਜਵਾਨ ਕੰਪੀਟੀਸ਼ਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ.

ਲੇਖਕ: ਰਵੀ ਸ਼ਰਮਾ