ਡਾਕਟਰ ਅੰਕੀਤਾ ਲਈ ਛੁੱਟੀ ਦਾ ਮਤਲਬ ਹੈ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਮੁਫ਼ਤ ਇਲਾਜ਼ ਕਰਨਾ, ਹੁਣ ਤਕ 25 ਹਜ਼ਾਰ ਮਰੀਜਾਂ ਦੀ ਕੀਤੀ ਜਾਂਚ

ਡਾਕਟਰ ਅੰਕੀਤਾ ਲਈ ਛੁੱਟੀ ਦਾ ਮਤਲਬ ਹੈ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਮੁਫ਼ਤ ਇਲਾਜ਼ ਕਰਨਾ, ਹੁਣ ਤਕ 25 ਹਜ਼ਾਰ ਮਰੀਜਾਂ ਦੀ ਕੀਤੀ ਜਾਂਚ

Sunday September 11, 2016,

4 min Read

ਡਾਕਟਰ ਅੰਕੀਤਾ ਚੰਦਰਾ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਦੰਦਾ ਦੇ ਵਿਭਾਗ ਵਿੱਚ ਸਰਜਨ ਹਨ. ਉਨ੍ਹਾਂ ਲਈ ਸ਼ਨਿਚਵਾਰ ਅਤੇ ਐਤਵਾਰ ਦਾ ਦਿਨ ਵੀ ਹੋਰ ਦਿਨਾਂ ਦੀ ਤਰ੍ਹਾਂ ਹੀ ਮਰੀਜਾਂ ਨਾਲ ਹੀ ਲੰਘਦਾ ਹੈ ਪਰ ਸਰਕਾਰੀ ਹਸਪਤਾਲ ਵਿੱਚ ਨਹੀਂ ਸਗੋਂ ਦਿੱਲੀ ਦੇ ਲਾਗੇ ਪਿੰਡਾਂ ਵਿੱਚ ਗਰੀਬ ਲੋਕਾਂ ਦਾ ਮੁਫ਼ਤ ਇਲਾਜ਼ ਕਰਦਿਆਂ.

image


ਡਾਕਟਰ ਅੰਕੀਤਾ ਜਦੋਂ ਬੰਗਾਲ ਵਿੱਚ ਬੀਡੀਐਸ ਦੀ ਪੜ੍ਹਾਈ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਡੈਂਟਲ ਕੈੰਪ ਲਈ ਪਿੰਡਾਂ ਵਿੱਚ ਲੈ ਕੇ ਜਾਇਆ ਜਾਂਦਾ ਸੀ. ਡਾਕਟਰ ਅੰਕੀਤਾ ਦਾ ਕਹਿਣਾ ਹੈ ਕੇ ਉਸ ਦੌਰਾਨ ਉਸਨੇ ਵੇਖਿਆ ਕੇ ਪੇਂਡੂ ਲੋਕ ਦੰਦਾ ਦੀ ਸਫਾਈ ਵੱਲ ਬਹੁਤਾ ਧਿਆਨ ਨਹੀਂ ਦੀ ਦਿੰਦੇ. ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕੇ ਉਨ੍ਹਾਂ ਨੂੰ ਦੰਦਾ ਸੰਬਧੀ ਕੋਈ ਬੀਮਾਰੀ ਹੈ.

ਪਛਮੀ ਬੰਗਾਲ ਵਿੱਚ ਲੋਕ ਪਾਨ ਅਤੇ ਸੁਪਾਰੀ ਬਹੁਤ ਖਾਂਦੇ ਹਨ. ਉਨ੍ਹਾਂ ਨੂੰ ਇਸ ਬਾਰੇ ਵੀ ਜਾਣਕਾਰੀ ਨਹੀਂ ਸੀ ਕੇ ਸੁਪਾਰੀ ਖਾਣ ਨਾਲ ਉਨ੍ਹਾਂ ਨੂੰ ਮੁੰਹ ਦਾ ਕੈੰਸਰ ਹੋ ਸਕਦਾ ਹੈ. ਉਦੋਂ ਅੰਕੀਤਾ ਨੂੰ ਲੱਗਾ ਕੇ ਪਿੰਡ ਦੇ ਲੋਕਾਂ ਨੂੰ ਦੰਦਾ ਸੰਬੰਧੀ ਸਫ਼ਾਈ ਅਤੇ ਬੀਮਾਰਿਆਂ ਤੋਂ ਬਚਾਉ ਬਾਰੇ ਜਾਣੂੰ ਕਰਾਉਣਾ ਬਹੁਤ ਜਰੂਰੀ ਹੈ. ਉਨ੍ਹਾਂ ਨੇ ਪੜ੍ਹਾਈ ਦੇ ਬਾਅਦ ਵੀ ਪਿੰਡਾਂ ‘ਚ ਜਾ ਕੇ ਲੋਕਾਂ ਇਸ ਬਾਰੇ ਜਾਗਰੂਕ ਕਰਨ ਦਾ ਫੈਸਲਾ ਕਰ ਲਿਆ.

image


ਇਸ ਪਿਛੋਂ ਉਹ ਪੜ੍ਹਾਈ ਵਿੱਚ ਰੁਝ ਗਈ ਅਤੇ ਫੇਰ ਵਿਆਹ ਹੋਣ ਕਰਕੇ ਇਸ ਪਾਸੇ ਧਿਆਨ ਨਹੀਂ ਦੇ ਸਕੀ. ਵਿਆਹ ਮਗਰੋਂ ਜਦੋਂ ਉਹ ਦਿੱਲੀ ਆਈ ਤੇ ਪਰਿਵਾਰ ਭਲਾਈ ਮੰਤਰਾਲਿਆ ਨਾਲ ਕੰਮ ਸ਼ੁਰੂ ਕਰ ਦਿੱਤਾ. ਉਨ੍ਹਾਂ ਕੋਲ ਉਹ ਮਰੀਜ਼ ਆਉਂਦੇ ਸਨ ਜੋ ਸਰਕਾਰੀ ਮਹਿਕਮੇ ਵਿੱਚ ਨੌਕਰੀ ਕਰ ਰਹੇ ਹੁੰਦੇ ਸੀ. ਡਾਕਟਰ ਅੰਕੀਤਾ ਨੇ ਸੋਚਿਆ ਕੇ ਇਹ ਤਾਂ ਸਾਰੇ ਸਰਕਾਰੀ ਕਰਮਚਾਰੀ ਹਨ ਅਤੇ ਆਪਣਾ ਇਲਾਜ਼ ਕਰਾ ਸਕਦੇ ਹਨ ਪਰ ਉਨ੍ਹਾਂ ਦਾ ਕੀ ਜੋ ਆਪਣਾ ਇਲਾਜ਼ ਕਰਾਉਣ ਦਾ ਖ਼ਰਚਾ ਨਹੀਂ ਚੁੱਕ ਸਕਦੇ. ਇਸ ਤੋਂ ਅਲਾਵਾ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦੀ ਤਾਦਾਦ ਹੀ ਇੰਨੀ ਹੁੰਦੀ ਹੈ ਕੇ ਮਰੀਜਾਂ ਨੂੰ ਇਲਾਜ਼ ਕਰਾਉਣ ਦਾ ਸਮਾਂ ਵੀ ਪੂਰਾ ਨਹੀਂ ਮਿਲਦਾ. ਦਿੱਲੀ ਵਿੱਚ ਜੇ ਇਹ ਹਾਲ ਹੈ ਤਾਂ ਪਿੰਡਾਂ ਵਿੱਚ ਤਾਂ ਹੋਰ ਵੀ ਬੁਰਾ ਹਾਲ ਹੋਏਗਾ. ਆਪਣੇ ਦੇਸ਼ ਵਿੱਚ ਤਾਂ ਹਾਲ ਇਹ ਹੈ ਕੇ ਪੇਂਡੂ ਇਲਾਕਿਆਂ ਵਿੱਚ ਤਾਂ ਇੱਕ ਲੱਖ ਲੋਕਾਂ ਲਈ ਇੱਕ ਡੈਂਟਲ ਸਰਜਨ ਹੁੰਦਾ ਹੈ.

image


ਇਸ ਸਮੱਸਿਆ ਨੂੰ ਸਮਝਦੀਆਂ ਡਾਕਟਰ ਅੰਕੀਤਾ ਨੇ ਆਪਣੇ ਇੱਕ ਦੋਸਤ ਦਿਨੇਸ਼ ਗੌਤਮ ਨਾਲ ਗੱਲ ਕੀਤੀ. ਉਹ ਦਿੱਲੀ ਵਿੱਚ ‘ਦ੍ਰਿਸ਼ਟੀ ਫ਼ਾਉਂਡੇਸ਼ਨ’ ਨਾਂਅ ਦਾ ਇੱਕ ਟ੍ਰਸਟ ਚਲਾਉਂਦੇ ਹਨ. ਇਹ ਟ੍ਰਸਟ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਕਰਦਾ ਹੈ. ਗੌਤਮ ਨੇ ਸਲਾਹ ਦਿੱਤੀ ਕੇ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੰਦਾ ਦੀ ਬੀਮਾਰਿਆਂ ਤੋਂ ਬਚਾਉ ਲਈ ਜਾਗਰੂਕ ਕਰੇ.

ਇਸ ਤੋਂ ਬਾਅਦ ਡਾਕਟਰ ਅੰਕੀਤਾ ਨੇ ਆਸੇ ਪਾਸੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ. ਪਿੰਡਾਂ ਵਿੱਚ ਜਾ ਕੇ ਦੰਦਾ ਦੀ ਜਾਂਚ ਦੇ ਕੈੰਪ ਲਾਏ. ਕੈੰਪ ਲਾਉਣ ਤੋਂ ਪਹਿਲਾਂ ਦ੍ਰਿਸ਼ਟੀ ਫ਼ਾਉਂਡੇਸ਼ਨ ਵਾਲੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਜਾਣਕਾਰੀ ਦਿੰਦੇ. ਕੈਂਪਾਂ ਵਿੱਚ ਦੰਦਾ ਦੀ ਜਾਂਚ ਵੀ ਕੀਤੀ ਜਾਂਦੀ ਅਤੇ ਇਲਾਜ਼ ਵੀ ਕੀਤਾ ਜਾਂਦਾ. ਇਹ ਕੈੰਪ ਹਫ਼ਤੇ ਦੇ ਆਖਿਰੀ ਦੋ ਦਿਨਾਂ ਦੇ ਦੌਰਾਨ ਲਾਏ ਜਾਂਦੇ ਹਨ. ਡਾਕਟਰ ਅੰਕੀਤਾ ਦੀ ਟੀਮ ਹਰ ਮਹੀਨੇ ਦੋ ਜਾਂ ਤਿੰਨ ਪਿੰਡਾਂ ਵਿੱਚ ਜਾ ਕੇ ਕੈੰਪ ਲਾਉਂਦੀ ਹੈ. ਇਲਾਜ਼ ਦਾ ਸਮਾਨ ਉਨ੍ਹਾਂ ਦੀ ਗੱਡੀ ਵਿੱਚ ਹੀ ਰਹਿੰਦਾ ਹੈ.

image


ਡਾਕਟਰ ਅੰਕੀਤਾ ਦੇ ਇਸ ਲੋਕ ਭਲਾਈ ਦੇ ਕੰਮ ਨੂੰ ਵੇਖਦਿਆਂ ਹੁਣ ਹੋਰ ਵੀ ਕਈ ਡਾਕਟਰ ਉਨ੍ਹਾਂ ਨਾਲ ਆਉਣ ਨੂੰ ਤਿਆਰ ਹਨ ਅਤੇ ਉਨ੍ਹਾਂ ਨਾਲ ਸੰਪਰਕ ਕਰਦੇ ਹਨ. ਡਾਕਟਰ ਅੰਕੀਤਾ ਕਹਿੰਦੀ ਹੈ ਕੇ ਉਹ ਹਰ ਥਾਂ ‘ਤੇ ਨਹੀਂ ਜਾ ਸਕਦੀ. ਇਸ ਕਰਕੇ ਉਹ ਹੋਰ ਡੈਂਟਲ ਸਰਜਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜ ਰਹੀ ਹੈ.

ਡਾਕਟਰ ਅੰਕੀਤਾ ਨੇ ਪਿੰਡਾਂ ਵਿੱਚ ਜਾ ਕੇ ਹੀ ਦੰਦਾ ਦੀ ਦੇਖਭਾਲ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਸਗੋਂ ਗਰੀਬ ਲੋਕਾਂ ਲਈ ਗੁੜਗਾਉ ਵਿੱਚ ਇੱਕ ਕਲੀਨਿਕ ਵੀ ਬਣਾਇਆ ਹੈ. ਇਸ ਵੇਲੇ ਡਾਕਟਰ ਅੰਕੀਤਾ ਦੀ ਟੀਮ ਦਿੱਲੀ, ਰਾਜਸਥਾਨ, ਉਤਰਾਖੰਡ, ਗੁਜਰਾਤ ਅਤੇ ਮਹਾਰਾਸ਼ਟਰਾ ਦੇ ਪਿੰਡਾਂ ਦੇ ਲੋਕਾਂ ਲਈ ਕੰਮ ਕਰ ਰਹੀ ਹੈ. ਉਹ ਹੁਣ ਤਕ 25 ਹਜ਼ਾਰ ਲੋਕਾਂ ਦੇ ਦੰਦਾ ਦੀ ਜਾਂਚ ਅਤੇ ਇਲਾਜ਼ ਕਰ ਚੁੱਕੀ ਹਨ. ਉਨ੍ਹਾਂ ਦੀ ਟੀਮ ਵਿੱਚ 6 ਲੋਕ ਹੁੰਦੇ ਹਨ ਜਿਨ੍ਹਾਂ ਵਿੱਚ ਤਿੰਨ ਡਾਕਟਰ ਅਤੇ ਤਿੰਨ ਵਾਲੰਟੀਰ ਹੁੰਦੇ ਹਨ.

image


ਡਾਕਟਰ ਅੰਕੀਤਾ ਨੇ ਜਦੋਂ ਨੌਕਰੀ ਦੇ ਨਾਲ ਨਾਲ ਇਹ ਮੁਹਿੰਮ ਛੇੜੀ ਸੀ ਤਾਂ ਉਨ੍ਹਾਂ ਦੇ ਸਾਥੀ ਡਾਕਟਰ ਸਮਝ ਨਹੀਂ ਸੀ ਪਾ ਰਹੇ ਕੇ ਉਹ ਕਰਨਾ ਕੀ ਚਾਹੁੰਦੀ ਹੈ. ਪਰ ਸਮੇਂ ਦੇ ਨਾਲ ਨਾਲ ਉਹ ਵੀ ਉਨ੍ਹਾਂ ਦੀ ਇਸ ਲੋਕ ਭਲਾਈ ਦੀ ਮੁਹਿੰਮ ਦੇ ਨਾਲ ਜੁੜ ਗਏ.

ਹੁਣ ਉਨ੍ਹਾਂ ਦੀ ਕੋਸ਼ਿਸ਼ ਸਫ਼ਦਰਜੰਗ ਇਲਾਕੇ ਵਿੱਚ ਬੁਜ਼ੁਰਗਾਂ ਲਈ ਵੱਖਰੀ ਉਪੀਡੀ ਸ਼ੁਰੂ ਕਰਨ ਦੀ ਹੈ ਤਾਂ ਜੋ ਬੁਜ਼ੁਰਗਾਂ ਨੂੰ ਭੀੜ ਵਾਲੀ ਥਾਂ ‘ਤੇ ਆਉਣ ਨਾਲ ਪ੍ਰੇਸ਼ਾਨੀ ਨਾ ਹੋਏ. ਇਸ ਤੋਂ ਅਲਾਵਾ ਉਹ ਡੈਂਟਲ ਵੈਨ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਵਿੱਚ ਵੀ ਹਨ ਤਾ ਜੋ ਲੋਕਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਇਲਾਜ਼ ਦਿੱਤਾ ਜਾ ਸਕੇ.

ਲੇਖਕ: ਗੀਤਾ ਬਿਸ਼ਟ

ਅਨੁਵਾਦ: ਰਵੀ ਸ਼ਰਮਾ 

    Share on
    close