ਵ੍ਹੀਲ ਚੇਅਰ ਦੇ ਪਹੀਏ ਤੋਂ ਵਿਕਲਾਂਗ ਲੋਕਾਂ ਦੇ ਜੀਵਨ ਦੀ ਨਵੀਂ ਕਹਾਣੀ ਲਿਖਣ ਦੀ ਕੋਸ਼ਿਸ਼

ਵ੍ਹੀਲ ਚੇਅਰ ਦੇ ਪਹੀਏ ਤੋਂ ਵਿਕਲਾਂਗ ਲੋਕਾਂ ਦੇ ਜੀਵਨ ਦੀ ਨਵੀਂ ਕਹਾਣੀ ਲਿਖਣ ਦੀ ਕੋਸ਼ਿਸ਼

Thursday January 14, 2016,

5 min Read

ਤੁਸੀਂ ਲੋਕਾਂ ਨੂੰ ਦੋ ਪੈਰਾਂ 'ਤੇ ਥਿਰਕਦੇ ਹੋਏ ਅਕਸਰ ਵੇਖਿਆ ਹੋਵੇਗਾ, ਪਰ ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਵ੍ਹੀਲ ਚੇਅਰ ਉਤੇ ਓਨਾ ਹੀ ਵਧੀਆ ਭਾਰਤੀ ਸ਼ਾਸਤਰੀ ਨ੍ਰਿਤ ਅਤੇ ਯੋਗ ਕੀਤਾ ਜਾ ਸਕਦਾ ਹੈ? ਇਸ ਮੁਸ਼ਕਿਲ ਕੰਮ ਨੂੰ ਸੌਖਾ ਬਣਾਉਣ ਦਾ ਸਿਹਰਾ ਜਾਂਦਾ ਹੈ ਸਈਅਦ ਸਲਾਉਦੀਨ ਪਾਸ਼ਾ ਨੂੰ। ਪਾਸ਼ਾ ਯੋਗ ਦੇ ਕਾਫ਼ੀ ਸ਼ੌਕੀਨ ਹਨ। ਇਸੇ ਯੋਗ ਦੇ ਕਾਰਣ ਉਹ ਛੇ ਸਾਲ ਦੀ ਉਮਰ ਵਿੱਚ ਆਪਣੇ ਨਾਲ ਦੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਚੁਸਤ ਅਤੇ ਫੁਰਤੀਲੇ ਸਨ। ਉਨ੍ਹਾਂ ਨੂੰ ਸੰਗੀਤ ਦੇ ਸੁਰ ਅਤੇ ਸੰਸਕ੍ਰਿਤ ਦੇ ਸ਼ਲੋਕਾਂ ਦੀ ਵਧੀਆ ਜਾਣਕਾਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੰਗੀਆਂ ਚੀਜ਼ਾਂ ਸਿੱਖਣ ਲਈ ਕਦੇ ਵੀ ਕੋਈ ਧਰਮ ਆੜੇ ਨਹੀਂ ਆਉਂਦੇ। ਪਾਸ਼ਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ ਕਿ ਉਹ ਦੂਜਿਆਂ ਨੂੰ ਯੋਗ ਸਿਖਾਉਣ ਕਿਉਂਕਿ ਇਹ ਸਮਾਨਤਾ, ਨਿਆਂ ਅਤੇ ਸ਼ਸੱਕਤੀਕਰਣ ਨਾਲ ਜੁੜਿਆ ਹੈ।

image


ਗੁਰੂ ਪਾਸ਼ਾ ਮਹਿਸੂਸ ਕਰਦੇ ਹਨ ਕਿ ਇੱਕ ਖ਼ਾਸ ਸਮੁਦਾਇ ਦੀ ਆਤਮਾ, ਮਨ ਅਤੇ ਸਰੀਰ ਨੂੰ ਜੋੜਨ ਦੀ ਸਖ਼ਤ ਜ਼ਰੂਰਤ ਹੈ ਅਤੇ ਇਹ ਸਮੁਦਾਇ ਹੈ ਸਰੀਰਕ ਰੂਪ ਵਿੱਚ ਕਮਜ਼ੋਰ ਲੋਕ। ਪਿਛਲੇ 40 ਸਾਲਾਂ ਦੌਰਾਨ ਉਨ੍ਹਾਂ ਨੇ ਯੋਗ ਦਰਸ਼ਨ 'ਤੇ ਕਾਫ਼ੀ ਕੰਮ ਕੀਤਾ ਹੈ। ਇਸ ਦਾ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਮਿਲਿਆ ਹੈ ਜੋ ਸਰੀਰਕ ਤੌਰ ਉਤੇ ਕਮਜ਼ੋਰ ਹਨ। ਗੁਰੂ ਪਾਸ਼ਾ ਮੁਤਾਬਕ ਯੋਗ ਕੋਈ ਸਨਕ ਨਹੀਂ ਹੈ, ਸਗੋਂ ਇਹ ਜੀਵਨ ਦਾ ਦਰਸ਼ਨ ਹੈ। ਇਹੋ ਕਾਰਣ ਹੈ ਕਿ ਇਸ ਦੇ ਪੈਰੋਕਾਰਾਂ ਵਿੱਚ ਸਵਾਮੀ ਵਿਵੇਕਾਨੰਦ, ਰਾਮਕ੍ਰਿਸ਼ਨ ਪਰਹੰਸ ਜਿਹੇ ਲੋਕ ਰਹੇ ਹਨ। ਗੁਰੂ ਪਾਸ਼ਾ ਜਦੋਂ ਸਰੀਰਕ ਰੂਪ ਵਿੱਚ ਕਮਜ਼ੋਰ ਲੋਕਾਂ ਨੂੰ ਯੋਗ ਸਿਖਾਉਂਦੇ ਹਨ, ਤਾਂ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ 'ਪੰਜ ਭੂਤ' ਦੇ ਦੌਰਾਨ ਸੰਤੁਲਨ ਬਣਾਉਣ ਵਿੱਚ ਮਦਦ ਮਿਲੇ। ਇਹ ਸਾਡੇ ਬ੍ਰਹਿਮੰਡ ਦਾ ਇੱਕ ਹਿੱਸਾ ਹੈ। ਇਹ ਸਿਰਫ਼ ਯੋਗ ਵਾਂਗ ਇੱਕ ਕਸਰਤ ਨਹੀਂ ਹੈ, ਸਗੋਂ ਇਹ ਸੰਗੀਤ, ਨ੍ਰਿਤ, ਮੰਤਰ, ਮੁਦਰਾਵਾਂ ਅਤੇ ਅਧਿਆਤਮਿਕਤਾ ਦਾ ਮਿਸ਼ਰਣ ਹੈ।

image


ਗੁਰੂ ਪਾਸ਼ਾ ਮੁਤਾਬਕ,''ਮੈਂ ਸਿਰਫ਼ ਯੋਗ ਕਰਨਾ ਹੀ ਨਹੀਂ ਸਿਖਾਉਂਦਾ, ਸਗੋਂ ਚਾਹੁੰਦਾ ਹਾਂ ਕਿ ਲੋਕ ਕਰਮਯੋਗ, ਧਰਮਯੋਗ ਅਤੇ ਅਧਿਆਤਮਯੋਗ ਦੇ ਮਾਧਿਅਮ ਨਾਲ ਸਿਹਤਮੰਦ ਰਹਿ ਸਕਣ।'' ਆਪਣੇ ਸ਼ੁਰੂਆਤੀ ਦਿਨਾਂ ਵਿੱਚ ਗੁਰੂ ਪਾਸ਼ਾ ਪਾਣੀ ਵਿੱਚ ਪਦਮ ਆਸਣ, ਸ਼ਵ ਆਸਣ ਅਤੇ ਪ੍ਰਾਣਾਯਾਮ ਦਾ ਕਾਫ਼ੀ ਅਭਿਆਸ ਕਰਦੇ ਸਨ। ਕਿਸੇ ਵੀ ਮਨੁੱਖ ਵਿੱਚ ਸਰੀਰਕ ਅਸਮਰੱਥਾ ਜਨਮ ਤੋਂ, ਕਿਸੇ ਦੁਰਘਟਨਾ ਨਾਲ ਜਾਂ ਮਾਨਸਿਕ ਵਿਕਲਾਂਗਤਾ ਕਾਰਣ ਹੋ ਸਕਦੀ ਹੈ। ਯੋਗ ਸਿਰਫ਼ ਆਤਮ ਵਿਸ਼ਵਾਸ ਦਿਵਾਉਂਦਾ ਹੈ ਅਤੇ ਅੰਦਰ ਲੁਕੀਆਂ ਹੋਈਆਂ ਸਮਰੱਥਾਵਾਂ ਨੂੰ ਬਾਹਰ ਕਢਦਾ ਹੈ। ਉਦਾਹਰਣ ਲਈ ਗੁਰੂ ਪਾਸ਼ਾ ਦੇ ਸ਼ਿਸ਼ ਜਿਹੜੇ ਵ੍ਹੀਲ ਚੇਅਰ ਉਤੇ ਰਹਿੰਦੇ ਹਨ, ਉਹ ਸੀਸ ਆਸਣ ਅਤੇ ਮਯੂਰ ਆਸਣ ਜਿਹੇ ਮੁਸ਼ਕਿਲ ਆਸਣ ਆਪਣੇ ਨ੍ਰਿਤ ਵਿੱਚ ਕਰਦੇ ਹਨ। ਗੁਰੂ ਪਾਸ਼ਾ ਅਨੁਸਾਰ ਉਦੋਂ ਉਹ ਵ੍ਹੀਲ ਚੇਅਰ ਸਰੀਰ ਦਾ ਇੱਕ ਹਿੱਸਾ ਹੁੰਦੀ ਹੈ। ਇਹ ਆਸਣ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਰੁਕਾਵਟਾਂ ਨੂੰ ਖੋਲ੍ਹਦਾ ਹੈ, ਜੋ ਦਸਦਾ ਹੈ ਕਿ ਉਹ ਆਪਣੇ ਆਪ ਨੂੰ ਸਰੀਰਕ ਤੌਰ ਉਤੇ ਕਮਜ਼ੋਰ ਨਾ ਮੰਨਣ। ਇਹ ਉਨ੍ਹਾਂ ਨੂੰ ਆਜ਼ਾਦੀ ਦਿੰਦਾ ਹੈ।

image


'ਏਬਿਲਿਟੀ ਅਨਲਿਮਿਟੇਡ ਫ਼ਾਊਂਡੇਸ਼ਨ' ਇੱਕ ਚੈਰਿਟੀ (ਖੈਰਾਤੀ) ਸੰਗਠਨ ਹੈ, ਜਿਸ ਨੂੰ ਗੁਰੂ ਪਾਸ਼ਾ ਨੈ ਸਥਾਪਤ ਕੀਤਾ ਸੀ। ਯੋਗ ਦਾ ਅਭਿਆਸ ਡਾਂਸ ਥੈਰਾਪੀ, ਸੰਗੀਤ ਚਿਕਿਤਸਾ, ਪਰੰਪਰਕਿ ਯੋਗ ਚਿਕਿਤਸਾ, ਸਮੂਹ ਚਿਕਿਤਸਾ ਅਤੇ ਰੰਗ ਚਿਕਿਤਸਾ ਦਾ ਮੇਲ ਹੈ। ਗੁਰੂ ਪਾਸ਼ਾ ਮੁਤਾਬਕ ਜਦੋਂ ਤੁਸੀਂ ਸੰਗੀਤ ਵਿੱਚ ਯੋਗ ਕਰਦੇ ਹੋ, ਤਾਂ ਉਸ ਦੀ ਇੱਕ ਤਾਲ ਵੀ ਨਹੀਂ ਛੱਡਣੀ ਚਾਹੁੰਦੇ। ਇਸ ਨਾਲ ਇਕਾਗਰਤਾ ਦਾ ਪੱਧਰ ਵਧਦਾ ਹੈ। ਯੋਗ ਨਾਲ ਸੰਗਠਨ ਨੂੰ ਚਲਾਉਣ ਵਿੱਚ ਆਪਣੀਆਂ ਔਕੜਾਂ ਹਨ, ਖ਼ਾਸ ਤੌਰ ਉਤੇ ਉਦੋਂ ਜਦੋਂ ਵਿਦਿਆਰਥੀ ਸਰੀਰਕ ਤੌਰ ਉਤੇ ਕਮਜ਼ੋਰ ਹੋਣ। ਗੁਰੂ ਪਾਸ਼ਾ ਮੁਤਾਬਕ ਉਨ੍ਹਾ ਲਾਲ ਜੁੜਨ ਵਾਲੇ ਹਰ ਵਿਦਿਆਰਥੀ ਵੀ ਸਰੀਰਕ ਦਿੱਕਤ ਵੱਖਰੀ ਹੁੰਦੀ ਹੈ। ਇਸ ਲਈ ਉਨ੍ਹਾ ਨੂੰ ਨਾ ਕੇਵਲ ਵਿਦਿਆਰਥੀਆਂ ਨਾਲ ਸਗੋਂ ਉਨ੍ਹਾਂ ਦੇ ਮਾਪਿਆਂ ਨਾਲ ਵੀ ਵੱਧ ਤੋਂ ਵੱਧ ਸਲਾਹ-ਮਸ਼ਵਰਾ ਕਰਨਾ ਪੈਂਦਾ ਹੈ। ਕਈ ਵਾਰ ਕਿਸੇ ਵਿਦਿਆਰਥੀ ਨੂੰ ਮਨੋਵਿਗਿਆਨਕ ਸਦਮੇ ਜਾਂ ਨਿਰਾਸ਼ਾ ਵਿੱਚੋਂ ਨਿੱਕਲਣ ਲਈ ਕਈ ਸਾਲ ਲੱਗ ਜਾਂਦੇ ਹਨ। ਗੁਰੂ ਪਾਸ਼ਾ ਸੁਨਾਮੀ ਪ੍ਰਭਾਵਿਤ ਬੱਚਿਆਂ ਦਾ ਵੀ ਇਲਾਜ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਹਾਦਸੇ ਤੋਂ ਬਾਅਦ ਪੂਰੀ ਤਰ੍ਹਾਂ ਗੁਆਚ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਬੱਚਿਆਂ ਦੇ ਮਨ ਤੋਂ ਭੈਅ ਦੀ ਸਥਿਤੀ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਧਿਆਨ ਦਾ ਸਹਾਰਾ ਲਿਆ। ਜਿਸ ਦਾ ਕਾਫ਼ੀ ਅਸਰ ਵੀ ਪਿਆ। ਇਹ ਚਾਹੇ ਹੌਲੀ ਪ੍ਰਕਿਰਿਆ ਹੋਵੇ ਪਰ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਗੁਰੂ ਪਾਸ਼ਾ ਦਾ ਕਹਿਣਾ ਹੈ ਕਿ ਜੇ ਕਿਸੇ ਨੇ ਕੱਛੂ ਵਰਗੀ ਜ਼ਿੰਦਗੀ ਜਿਊਣੀ ਹੈ, ਤਾਂ ਉਸ ਨੂੰ ਹੌਲੀ ਹੀ ਚੱਲਣਾ ਹੋਵੇਗਾ ਪਰ ਜੇ ਕੋਈ ਤੇਜ਼ੀ ਨਾਲ ਵਧਣਾ ਚਾਹੁੰਦਾ ਹੈ, ਤਾਂ ਉਸ ਦੀ ਜ਼ਿੰਦਗੀ ਆਪਣੇ ਆਪ ਛੋਟੀ ਹੋ ਜਾਵੇਗੀ।

image


ਦੇਸ਼ ਵਿੱਚ ਯੋਗ ਦੀ ਹਰਮਨਪਿਆਰਤਾ ਵਧ ਰਹੀ ਹੈ, ਜੋ ਹੌਲੀ-ਹੌਲੀ ਗਲੈਮਰਸ ਵਣਜ ਉਤਪਾਦ ਬਣ ਕੇ ਵਿਕ ਰਿਹਾ ਹੈ। ਇਹ ਹੁਣ ਆਕਰਸ਼ਕ ਕਾਰੋਬਾਰ ਅਤੇ ਨੌਟੰਕੀ ਬਣ ਗਿਆ ਹੈ। ਜਿੱਥੇ ਹਜ਼ਾਰਾਂ ਲੋਕ ਬੈਠਦੇ ਹਨ ਅਤੇ ਕੁੱਝ ਆਸਣ ਕਰਦੇ ਹਨ। ਗੁਰੂ ਪਾਸ਼ਾ ਇਸ ਗੱਲ ਤੋਂ ਨਾਰਾਜ਼ ਹਨ। ਇਸੇ ਲਈ ਤਾਂ ਉਹ ਕਹਿੰਦੇ ਹਨ ਕਿ ਯੋਗ ਰਾਹੀਂ ਗੁਰੂ-ਸ਼ਿਸ਼ ਪਰੰਪਰਾ ਨੂੰ ਸਿੱਖਣ ਦੀ ਜ਼ਰੂਰਤ ਹੈ। ਉਹ ਕਿਸੇ ਗੁਰੂ ਦਾ ਨਾਮ ਨਹੀਂ ਲੈਂਦੇ ਪਰ ਉਹ ਕਹਿੰਦੇ ਹਨ ਕਿ ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਇਹ ਕਰੇ ਜਾਂ ਉਹ ਕਰੇ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕਿਸੇ ਮਨੁੱਖ ਦੀ ਕੀ ਦਿੱਕਤ ਹੈ? ਗੁਰੂ ਪਾਸ਼ਾ ਕਹਿੰਦੇ ਹਨ ਕਿ ਉਹ ਮੈਡੀਕਲ ਯੋਗ ਆਪਣੇ ਦੋਸਤਾਂ ਨਾਲ ਕਰਦੇ ਹਨ ਅਤੇ ਇਹ ਕੰਮ ਕਾਫ਼ੀ ਗੰਭੀਰਤਾ ਨਾਲ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਪਿੱਠ ਵਿੱਚ ਦਰਦ ਹੈ, ਤਾਂ ਉਹ ਕਿਵੇਂ ਚੱਕਰ ਆਸਣ ਕਰ ਸਕਦਾ ਹੈ? ਤਾਂ ਤੁਹਾਨੂੰ ਅਜਿਹੇ ਆਸਣ ਕਰਨੇ ਚਾਹੀਦੇ ਹਨ, ਜੋ ਰੀੜ੍ਹ ਲਈ ਅਸਰ ਨਾ ਪਾਉਣ।

image


ਲੋਕ ਯੋਗ ਸਿੱਖਣ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਖੁੱਲ੍ਹੀ ਜਗ੍ਹਾ ਉਤੇ ਨੰਗੇ ਪੈਰ ਅਤੇ ਸੂਤੀ ਕੱਪੜਿਆਂ ਵਿੱਚ ਆਉਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਕੋਲੋਂ ਬਚਣਾ ਚਾਹੀਦਾ ਹੈ, ਜੋ ਸਿਰਫ਼ ਸਨਕ ਲਈ ਯੋਗ ਕਰਦੇ ਹਨ ਅਤੇ ਹਜ਼ਾਰਾਂ ਰੁਪਏ ਕੱਭੜੇ ਅਤੇ ਮੈਟ ਖ਼ਰੀਦਣ ਉਤੇ ਖ਼ਰਚ ਕਰ ਦਿੰਦੇ ਹਨ। ਮੁਸਲਿਮ ਹੋਣ ਦੇ ਨਾਤੇ ਗੁਰੂ ਪਾਸ਼ਾ ਦਾ ਮੰਨਣਾ ਹੈ ਕਿ ਉਹ ਆਪਣੇ ਆਪ ਨੂੰ ਰਾਸ਼ਟਰੀ ਏਕਤਾ ਦੇ ਇੱਕ ਪ੍ਰਤੀਕ ਵਜੋਂ ਵੇਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਾਬਾ ਦੇ ਲੱਖਾਂ ਚੱਕਰ ਲਾਉਣ, ਵੈਦਿਕ ਮੰਤਰ, ਈਸਾਈ ਭਜਨ ਅਤੇ ਹਰ ਅਧਿਆਤਮਕ ਪ੍ਰਵਚਨ ਦਾ ਇੱਕੋ ਹੀ ਮਤਲਬ ਹੈ - ਮਨ, ਸਰੀਰ ਅਤੇ ਆਤਮਾ ਦੀ ਏਕਤਾ। ਉਨ੍ਹਾਂ ਦਾ ਆਪਣਾ ਮੰਨਣਾ ਹੈ ਕਿ ਹਰੇਕ ਨੂੰ ਯੋਗ ਕਰਨਾ ਚਾਹੀਦਾ ਹੈ।

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਸਿਮਰਨਜੀਤ ਕੌਰ