ਅੱਖਾਂ ਦੀ ਜੋਤ ਚਲੀ ਗਈ ਪਰ ਸਫ਼ਲਤਾ ਦੀ ਰਾਹ ਨਾ ਛੱਡੀ, ਬਣੇ ਦੁਨੀਆਂ ਦੇ ਪਹਿਲੇ 'ਬਲਾਈਂਡ ਟਰੇਡਰ'

0

ਇਨਸਾਨ ਦੀ ਜ਼ਿੰਦਗੀ ਵਿੱਚ ਮੁਸੀਬਮਤ ਕਿਸੇ ਵੀ ਰੂਪ ਵਿੱਚ ਕਦੇ ਵੀ ਆ ਸਕਦੀ ਹੈ। ਕਈ ਵਾਰ ਤਾਂ ਇੰਨੀ ਵੱਡੀ ਮੁਸੀਬਤ ਆ ਪੈਂਦੀ ਹੈ ਕਿ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਈ ਲੋਕ ਇਨ੍ਹਾਂ ਮੁਸੀਬਤਾਂ ਤੋਂ ਇੰਨੇ ਪਰੇਸ਼ਾਨ ਅਤੇ ਨਿਰਾਸ਼ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚੋਂ ਜੋਸ਼, ਉਮੀਦ, ਵਿਸ਼ਵਾਸ ਜਿਹੇ ਜਜ਼ਬਾਤ ਹੀ ਗ਼ਾਇਬ ਹੋ ਜਾਂਦੇ ਹਨ। ਪਰ ਇੱਕ ਸੱਚਾਈ ਇਹ ਵੀ ਹੈ ਕਿ ਜੇ ਇਨਸਾਨ ਦੇ ਹੌਸਲੇ ਬੁਲੰਦ ਹੋਣ ਅਤੇ ਉਸ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ, ਤਾਂ ਵੱਡੀ ਵੱਡੀ ਔਕੜ ਵੀ ਛੋਟੀ ਜਾਪਣ ਲਗਦੀ ਹੈ।

ਮੁੰਬਈ ਦੇ ਆਸ਼ੀਸ਼ ਗੋਇਲ ਇੱਕ ਅਜਿਹੇ ਹੀ ਸ਼ਖ਼ਸ ਦਾ ਨਾਂਅ ਹੈ, ਜਿਸ ਨੇ ਬੁਲੰਦ ਹੌਸਲਿਆਂ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਕਲਪਨਾ ਸ਼ਕਤੀ ਤੋਂ ਪਰ੍ਹਾਂ ਦੀ ਅਤੇ ਵੱਡੀ ਮੁਸੀਬਤ ਨੂੰ ਮਾਤ ਦਿੱਤੀ।

ਆਸ਼ੀਸ਼ ਨੇ ਆਪਣੇ ਜੀਵਨ ਵਿੱਚ ਬਹੁਤ ਸੋਹਣੇ ਅਤੇ ਹਸੀਨ ਸੁਫ਼ਨੇ ਵੇਖੇ ਸਨ। ਉਸ ਨੂੰ ਪੂਰਾ ਭਰੋਸਾ ਸੀ ਕਿ ਉਹ ਆਪਣੀ ਯੋਗਤਾ ਦੇ ਦਮ ਉਤੇ ਆਪਣੇ ਸੁਫ਼ਨੇ ਸਾਕਾਰ ਕਰ ਲਵੇਗਾ। ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹੀ ਵੱਡੀ ਮੁਸੀਬਤ ਆਈ ਕਿ ਜਿਸ ਦੀ ਕਲਪਨਾ ਉਹ ਆਪਣੇ ਸਭ ਤੋਂ ਦੁਖਦਾਈ ਸੁਫ਼ਨੇ ਵਿੱਚ ਵੀ ਨਹੀਂ ਕਰ ਸਕਦਾ ਸੀ। ਨੌਂ ਸਾਲਾਂ ਦੀ ਉਮਰ ਵਿੱਚ ਉਸ ਦੀਆਂ ਅੱਖਾਂ ਦੀ ਜੋਤ ਘੱਟ ਹੋਣ ਲੱਗੀ। ਰੌਸ਼ਨੀ ਲਗਾਤਾਰ ਘਟਦੀ ਚਲੀ ਗਈ। 22 ਸਾਲਾਂ ਦੀ ਉਮਰ ਵਿੱਚ ਆਸ਼ੀਸ਼ ਪੂਰੀ ਤਰ੍ਹਾਂ ਨੇਤਰਹੀਣ ਹੋ ਗਿਆ। ਪਰ ਉਸ ਨੇ ਹਾਰ ਨਾ ਮੰਨੀ ਅਤੇ ਅੱਗੇ ਵਧਿਆ। ਪੜ੍ਹਾਈ-ਲਿਖਾਈ ਕੀਤੀ। ਨੇਤਰਹੀਣਤਾ ਨੂੰ ਆਪਣੀ ਤਰੱਕੀ ਵਿੱਚ ਅੜਿੱਕਾ ਬਣਨ ਨਹੀਂ ਦਿੱਤਾ ਅਤੇ ਆਸ਼ੀਸ਼ ਨੇ ਜੋ ਕਾਮਯਾਬੀ ਹਾਸਲ ਕੀਤੀ, ਉਹ ਅੱਜ ਲੋਕਾਂ ਸਾਹਮਣੇ ਪ੍ਰੇਰਣਾ ਦਾ ਸਰੋਤ ਬਣ ਕੇ ਖੜ੍ਹੀ ਹੈ।

ਆਸ਼ੀਸ਼ ਗੋਇਲ ਦਾ ਜਨਮ ਮੁੰਬਈ 'ਚ ਹੋਇਆ। ਪਰਿਵਾਰ ਖ਼ੁਸ਼ਹਾਲ ਸੀ ਅਤੇ ਮਾਪੇ ਪੜ੍ਹੇ-ਲਿਖੇ ਸਨ।

ਜਨਮ ਵੇਲੇ ਆਸ਼ੀਸ਼ ਬਿਲਕੁਲ ਠੀਕਠਾਕ ਆਮ ਬੱਚਿਆਂ ਵਾਂਗ ਸੀ। ਬਚਪਨ ਵਿੱਚ ਉਸ ਦੀ ਦਿਲਚਸਪੀ ਪੜ੍ਹਾਈ-ਲਿਖਾਈ ਵਿੱਚ ਘੱਟ ਅਤੇ ਖੇਡਣ ਵਿੱਚ ਵੱਧ ਸੀ। ਖੇਡਣਾ-ਕੁੱਦਣਾ ਉਸ ਨੂੰ ਇੰਨਾ ਪਸੰਦ ਸੀ ਕਿ ਉਸ ਨੇ ਕੇਵਲ ਪੰਜ ਸਾਲ ਦੀ ਉਮਰ ਵਿੱਚ ਤੈਰਨਾ, ਸਾਇਕਲ ਚਲਾਉਣਾ, ਨਿਸ਼ਾਨਾ ਲਾਉਣਾ ਅਤੇ ਘੋੜ-ਸਵਾਰੀ ਕਰਨਾ ਸਿੱਖ ਲਿਆ ਸੀ। ਆਸ਼ੀਸ਼ ਦੀ ਕ੍ਰਿਕੇਟ ਵਿੱਚ ਵੀ ਕਾਫ਼ੀ ਦਿਲਚਸਪੀ ਸੀ। ਉਸ ਦਾ ਮਨ ਕਰਦਾ ਕਿ ਉਹ ਸਾਰਾ ਦਿਨ ਕ੍ਰਿਕੇਟ ਦੇ ਮੈਦਾਨ ਵਿੱਚ ਹੀ ਬਿਤਾਵੇ। ਪਰ ਉਸ ਦਾ ਸੁਫ਼ਨਾ ਸੀ ਟੈਨਿਸ ਦਾ ਚੈਂਪੀਅਨ ਖਿਡਾਰੀ ਬਣਨਾ।

ਪਰ ਜਦੋਂ ਆਸ਼ੀਸ਼ ਸਾਲਾਂ ਦਾ ਹੋਇਆ, ਤਦ ਅਚਾਨਕ ਸਭ ਕੁੱਝ ਬਦਲਣ ਲੱਗਾ। ਸਭ ਕੁੱਝ ਅਸੁਖਾਵਾਂ ਹੋਣ ਲੱਗਾ। ਡਾਕਟਰਾਂ ਨੇ ਆਸ਼ੀਸ਼ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੂੰ ਦੱਸਿਆ ਕਿ ਆਸ਼ੀਸ਼ ਨੂੰ ਅੱਖਾਂ ਦੀ ਇੱਕ ਅਜਿਹੀ ਬੀਮਾਰੀ ਹੋ ਗਈ ਹੈ, ਜਿਸ ਨਾਲ ਹੌਲੀ-ਹੌਲੀ ਉਸ ਦੀਆਂ ਅੱਖਾਂ ਦੀ ਜੋਤ ਚਲੀ ਜਾਵੇਗੀ ਅਤੇ ਹੋਇਆ ਵੀ ਇੰਝ ਹੀ। ਹੌਲੀ-ਹੌਲੀ ਆਸ਼ੀਸ਼ ਦੀਆਂ ਅੱਖਾਂ ਦੀ ਜੋਤ ਘਟਦੀ ਗਈ। ਟੈਨਿਸ ਕੋਰਟ ਵਿੱਚ ਹੁਣ ਉਸ ਨੂੰ ਦੂਜੇ ਪਾਸੇ ਦੀ ਗੇਂਦ ਵਿਖਾਈ ਨਹੀਂ ਦਿੰਦੀ ਸੀ। ਕਿਤਾਬਾਂ ਦੀਆਂ ਲਕੀਰਾਂ ਵੀ ਧੁੰਦਲੀਆਂ ਹੋਣ ਲੱਗੀਆਂ। ਹੌਲੀ-ਹੌਲੀ ਉਸ ਨੂੰ ਕੋਲ ਖੜ੍ਹੇ ਆਪਣੇ ਮਾਤਾ-ਪਿਤਾ ਵੀ ਠੀਕ ਤਰ੍ਹਾਂ ਦਿਸਣੋਂ ਹਟ ਗਏ। ਅਚਾਨਕ ਸਭ ਕੁੱਝ ਬਦਲ ਗਿਆ। ਇੱਕ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਬੱਚੇ ਦੀ ਨਜ਼ਰ ਅਚਾਨਕ ਹੀ ਕਮਜ਼ੋਰ ਹੋ ਗਈ। ਅੱਖਾਂ ਉਤੇ ਮੋਟੀਆਂ-ਮੋਟੀਆਂ ਐਨਕਾਂ ਦੇ ਬਾਵਜੂਦ ਉਸ ਨੂੰ ਬਹੁਤ ਘੱਟ ਵਿਖਾਈ ਦਿੰਦਾ ਸੀ। ਨਜ਼ਰ ਕਮਜ਼ੋਰ ਹੋਣ ਕਾਰਣ ਆਸ਼ੀਸ਼ ਨੂੰ ਮੈਦਾਨ ਤੋਂ ਲਾਂਭੇ ਹੋਣਾ ਪਿਆ। ਖੇਡਣਾ-ਕੁੱਦਣਾ ਪੂਰੀ ਤਰ੍ਹਾਂ ਬੰਦ ਹੋ ਗਿਆ।

ਅਚਾਨਕ ਹੀ ਆਸ਼ੀਸ਼ ਅਲੱਗ-ਥਲੱਗ ਪੈ ਗਿਆ। ਉਸ ਦੇ ਸਾਰੇ ਦੋਸਤ ਆਮ ਬੱਚਿਆਂ ਵਾਂਗ ਕੰਮਕਾਜ, ਪੜ੍ਹਾਈ-ਲਿਖਾਈ ਅਤੇ ਖੇਡ-ਕੁੱਦ ਕਰ ਰਹੇ ਸਨ।

ਪਰ ਆਸ਼ੀਸ਼ ਠੋਕਰਾਂ ਖਾਂਦਾ, ਚਲਦੇ-ਚਲਦੇ ਡਿੱਗ ਜਾਂ ਤਿਲਕ ਜਾਂਦਾ। ਸਭ ਕੁੱਝ ਧੁੰਦਲਾ-ਧੁੰਦਲਾ ਹੋ ਗਿਆ। ਸੁਫ਼ਨੇ ਵੀ ਹਨੇਰੇ ਵਿੱਚ ਕਿਤੇ ਗੁਆਚ ਗਏ। ਚੈਂਪੀਅਨ ਬਣਨਾ ਤਾਂ ਦੂਰ ਦੀ ਗੱਲ ਮੈਦਾਨ 'ਚ ਜਾਣਾ ਵੀ ਔਖਾ ਹੋ ਗਿਆ।

ਫਿਰ ਵੀ ਆਸ਼ੀਸ਼ ਨੇ ਮਾਪਿਆਂ ਦੀ ਮਦਦ ਅਤੇ ਉਨ੍ਹਾਂ ਦੀ ਮਿਹਨਤ ਕਾਰਣ ਪੜ੍ਹਾਈ-ਲਿਖਾਈ ਜਾਰੀ ਰੱਖੀ।

ਬਹੁਤ ਮਿਹਨਤ ਨਾਲ ਸਕੂਲੀ ਪੜ੍ਹਾਈ ਮੁਕੰਮਲ ਕਰ ਕੇ ਆਸ਼ੀਸ਼ ਜਦੋਂ ਕਾਲਜ ਪੁੱਜਾ, ਤਾਂ ਉਸ ਲਈ ਰਸਤੇ ਹੋਰ ਵੀ ਔਕੜਾਂ ਭਰੇ ਹੋ ਗਏ। ਉਸ ਦੇ ਸਾਰੇ ਦੋਸਤ ਅਤੇ ਸਾਥੀ ਆਪਣੇ ਭਵਿੱਖ ਅਤੇ ਕੈਰੀਅਰ ਨੂੰ ਲੈ ਕੇ ਬਹੁਤ ਵੱਡੀਆਂ-ਵੱਡੀਆਂ ਯੋਜਨਾਵਾਂ ਬਣਾ ਰਹੇ ਸਨ। ਕੋਈ ਵੱਡਾ ਖਿਡਾਰੀ ਬਣਨਾ ਚਾਹੁੰਦਾ ਤੇ ਕੋਈ ਇੰਜੀਨੀਅਰ। ਕਈਆਂ ਨੇ ਡਾਕਟਰ ਬਣਨ ਦੇ ਇਰਾਦੇ ਨਾਲ ਪੜ੍ਹਾਈ ਅੱਗੇ ਵਧਾਈ।

ਪਰ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਅੱਖਾਂ ਦੀ ਜੋਤ ਆਸ਼ੀਸ਼ ਦੀਆਂ ਪਰੇਸ਼ਾਨੀਆਂ ਵਧਾ ਰਹੀ ਸੀ। ਨੇਤਰਹੀਣਤਾ ਕਾਰਣ ਉਹ ਨਾ ਖਿਡਾਰੀ ਬਣ ਸਕਦਾ ਸੀ ਅਤੇ ਨਾ ਹੀ ਇੰਜੀਨੀਅਰ ਜਾਂ ਫਿਰ ਡਾਕਟਰ। ਉਸ ਲਈ ਭਵਿੱਖ ਹੋਰ ਵੀ ਔਕੜਾਂ ਭਰਿਆ ਵਿਖਾਈ ਦੇ ਰਿਹਾ ਸੀ।

ਗਭਰੇਟ ਅਵਸਥਾ ਵਿੱਚ ਦੂਜੇ ਦੋਸਤ ਜਦੋਂ ਪੜ੍ਹਾਈ-ਲਿਖਾਈ ਦੇ ਨਾਲ ਮੌਜ-ਮਸਤੀ ਵੀ ਕਰ ਰਹੇ ਸਨ, ਆਸ਼ੀਸ਼ ਇਕੱਲਾ ਹੀ ਰਹਿ ਗਿਆ ਸੀ। ਨਵੇਂ ਸਮਾਜਕ ਮਾਹੌਲ ਵਿੱਚ ਇਕੱਲਾ ਰਹਿ ਮਾਨਸਿਕ ਦੁੱਖ ਮਹਿਸੂਸ ਕਰ ਰਿਹਾ ਸੀ। ਉਹ ਅਕਸਰ ਰੱਬ ਤੋਂ ਇਹ ਸੁਆਲ ਪੁੱਛਣ ਲੱਗਾ ਕਿ ਆਖ਼ਰ ਉਸ ਨਾਲ ਹੀ ਅਜਿਹਾ ਕਿਉਂ ਵਾਪਰਿਆ?

ਇਸ ਹਾਲਤ ਵਿੱਚ ਅਧਿਆਤਮਕ ਗੁਰੂ ਬਾਲਾਜੀ ਤਾਂਬੇ ਦੇ ਵਚਨਾਂ ਨੇ ਆਸ਼ੀਸ਼ ਵਿੱਚ ਇੱਕ ਨਵੀਂ ਆਸ ਜਗਾਈ। ਉਨ੍ਹਾਂ ਆਸ਼ੀਸ਼ ਨੂੰ ਕਿਹਾ ਕਿ ਸਮਸਿਆ ਨੂੰ ਕੇਵਲ ਸਮੱਸਿਆ ਵਾਂਗ ਨਾ ਵੇਖੋ, ਸਮੱਸਿਆ ਦਾ ਹੱਲ ਲੱਭਣ ਦਾ ਜਤਨ ਕਰੋ। ਇਸ ਜਤਨ ਨਾਲ ਹੀ ਕਾਮਯਾਬੀ ਮਿਲੇਗੀ। ਅਧਿਆਤਮਕ ਗੁਰੂ ਨੇ ਆਸ਼ੀਸ਼ ਨੂੰ ਇਹ ਵੀ ਕਿਹਾ ਕਿ ਉਸ ਦੀ ਕੇਵਲ ਇੱਕੋ ਹੀ ਇੰਦਰੀ ਨੇ ਕੰਮ ਕਰਨਾ ਬੰਦ ਕੀਤਾ ਅਤੇ ਸਰੀਰ ਦੇ ਬਾਕੀ ਸਾਰੇ ਅੰਗ ਬਿਲਕੁਲ ਠੀਕਠਾਕ ਹਨ। ਇਸ ਕਰ ਕੇ ਉਸ ਨੂੰ ਬਾਕੀ ਸਾਰੇ ਅੰਗਾਂ ਦਾ ਉਪਯੋਗ ਕਰਦਿਆਂ ਅੱਗੇ ਵਧਣਾ ਚਾਹੀਦਾ ਹੈ, ਨਾ ਕਿ ਨਿਰਾਸ਼ਾ ਵਿੱਚ ਜਿਊਣਾ।

ਅਧਿਆਤਮਕ ਗੁਰੂ ਦੀਆਂ ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਆਸ਼ੀਸ਼ ਨੇ ਨਵੀਆਂ ਆਸਾਂ, ਨਵੇਂ ਸੰਕਲਪ ਅਤੇ ਨਵੇਂ ਉਤਸ਼ਾਹ ਨਾਲ ਕੰਮ ਕਰਨਾ ਸ਼ੁਰੂ ਕੀਤਾ।

ਆਸ਼ੀਸ਼ ਨੇ ਨੇਤਰਹੀਣਤਾ ਉਤੇ ਅਫ਼ਸੋਸ ਪ੍ਰਗਟ ਕਰਨ ਦੀ ਥਾਂ ਜ਼ਿੰਦਗੀ ਵਿੱਚ ਕੁੱਝ ਵੱਡਾ ਹਾਸਲ ਕਰਨ ਬਾਰੇ ਮਨ ਵਿੱਚ ਧਾਰ ਲਿਆ। ਨੇਤਰਹੀਣਤਾ ਦੇ ਬਾਵਜੂਦ ਆਸ਼ੀਸ਼ ਨੇ ਨਵੇਂ ਸੁਫ਼ਨੇ ਸੰਜੋਏ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨੀ ਸ਼ੁਰੂ ਕੀਤੀ।

ਆਸ਼ੀਸ਼ ਦੇ ਮਾਪਿਆਂ ਤੋਂ ਇਲਾਵਾ ਭੈਣ ਨੇ ਵੀ ਪੜ੍ਹਾਈ ਵਿੱਚ ਉਸ ਦੀ ਮਦਦ ਕੀਤੀ। ਇਹ ਭੈਣ ਅੱਗੇ ਚੱਲ ਕੇ ਡਰਮਾਟੌਲੋਜਿਸਟ ਬਣੀ। ਬਿਜ਼ਨੇਸ, ਇਕਨੌਮਿਕਸ ਅਤੇ ਮੈਨੇਜਮੈਂਟ ਦੀ ਪੜ੍ਹਾਈ ਵਿੱਚ ਆਸ਼ੀਸ਼ ਦੀ ਮਦਦ ਕਰਦੇ-ਕਰਦੇ ਭੈਣ ਵੀ ਇਨ੍ਹਾਂ ਸਾਰੇ ਵਿਸ਼ਿਆਂ ਦੀ ਜਾਣਕਾਰ ਬਣ ਗਈ।

ਪਰ ਆਸ਼ੀਸ਼ ਦੀ ਇੱਕ ਹੋਰ ਭੈਣ ਵੀ ਉਸੇ ਬੀਮਾਰੀ ਦੀ ਸ਼ਿਕਾਰ ਸੀ, ਜਿਸ ਨੇ ਆਸ਼ੀਸ਼ ਦੀਆਂ ਅੱਖਾਂ ਦੀ ਜੋਤ ਖੋਹੀ ਸੀ। ਆਸ਼ੀਸ਼ ਵਾਂਗ ਹੀ ਗਰਿਮਾ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਪੜ੍ਹਾਈ-ਲਿਖਾਈ ਜਾਰੀ ਰੱਖੀ ਅਤੇ ਅੱਗੇ ਚੱਲ ਕੇ ਲੇਖਕ-ਪੱਤਰਕਾਰ ਬਣੀ। ਗਰਿਮਾ ਹੁਣ ਆਯੁਰਵੇਦਿਕ ਡਾਕਟਰ ਹੈ ਅਤੇ ਇਨ੍ਹੀਂ ਦਿਨੀਂ ਅਧਿਆਤਮਕ ਗੁਰੂ ਬਾਲਾਜੀ ਤਾਂਬੇ ਦੀ ਸੰਸਥਾ ਵਿੱਚ ਕੰਮ ਕਰ ਰਹੀ ਹੈ।

ਇਹ ਆਸ਼ੀਸ਼ ਦੀ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਸੀ ਕਿ ਉਸ ਨੇ ਮੁੰਬਈ ਦੇ ਨਰਸੀ ਮੋਨਜੀ ਇੰਸਟੀਚਿਊਟ ਆੱਫ਼ ਮੈਨੇਜਮੈਂਟ ਸਟੱਡੀਜ਼ ਦੀ ਆਪਣੀ ਕਲਾਸ ਵਿੱਚ ਸੈਕੰਡ ਰੈਂਕ ਹਾਸਲ ਕੀਤਾ। ਆਸ਼ੀਸ਼ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਡਨ ਐਂਡ ਬ੍ਰੈਡਸਟਰੀਟ ਬੈਸਟ ਸਟੂਡੈਂਟ ਐਵਾਰਡ ਦਿੱਤਾ ਗਿਆ। ਪਰ ਨਰਸੀ ਮੋਨਜੀ ਇੰਸਟੀਚਿਊਟ ਆੱਫ਼ ਮੈਨੇਜਮੈਂਟ ਸਟੱਡੀਜ਼ ਵਿੱਚ ਪਲੇਸਮੇਂਟ ਦੌਰਾਨ ਇੱਕ ਕਾਰਪੋਰੇਟ ਸੰਸਥਾ ਦੇ ਅਧਿਕਾਰੀਆਂ ਨੇ ਆਸ਼ੀਸ਼ ਨੂੰ ਸਰਕਾਰੀ ਨੌਕਰੀ ਲੱਭਣ ਦੀ ਸਲਾਹ ਦਿੱਤੀ ਸੀ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੇਵਲ ਸਰਕਾਰ ਨੌਕਰੀਆਂ ਵਿੱਚ ਅੰਗਹੀਣ ਲੋਕਾਂ ਲਈ ਰਾਖਵਾਂਕਰਣ ਹੁੰਦਾ ਹੈ। ਕਿਉਂਕਿ ਆਸ਼ੀਸ਼ ਨੂੰ ਆਪਣੇ ਅਧਿਆਤਮਕ ਗੁਰੂ ਦੀਆਂ ਗੱਲਾਂ ਚੇਤੇ ਸਨ, ਇਸ ਲਈ ਉਹ ਨਿਰਾਸ਼ ਨਹੀਂ ਹੋਇਆ ਅਤੇ ਆਪਣੇ ਕੰਮ ਨੂੰ ਅੱਗੇ ਵਧਾਇਆ। ਆਸ਼ੀਸ਼ ਨੂੰ ਆਪਣੀ ਪ੍ਰਤਿਭਾ ਦੇ ਦਮ ਉਤੇ ਆਈ.ਐਨ.ਜੀ. ਵੈਸ਼ਯ ਬੈਂਕ ਵਿੱਚ ਨੌਕਰੀ ਮਿਲ ਗਈ। ਪਰ ਇਸ ਨੌਕਰੀ ਨੇ ਆਸ਼ੀਸ਼ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕੀਤਾ। ਉਹ ਜ਼ਿੰਦਗੀ ਵਿੱਚ ਹੋਰ ਵੀ ਵੱਡੀ ਕਾਮਯਾਬੀ ਹਾਸਲ ਕਰਨ ਦੇ ਸੁਫ਼ਨੇ ਵੇਖਣ ਲੱਗਾ।

ਆਸ਼ੀਸ਼ ਨੇ ਨੌਕਰੀ ਛੱਡ ਦਿੱਤੀ ਅਤੇ ਉਚੇਰੀ ਸਿੱਖਿਆ ਲਈ ਅਮਰੀਕਾ ਦੇ ਵ੍ਹਾਰਟਨ ਸਕੂਲ ਆੱਫ਼ ਬਿਜ਼ਨੇਸ ਵਿੱਚ ਦਾਖ਼ਲਾ ਲਿਆ। ਵੱਡੇ ਅਤੇ ਦੁਨੀਆਂ ਭਰ ਵਿੱਚ ਮਸ਼ਹੂਰ ਇਸ ਵਿਦਿਅਕ ਸੰਸਥਾਨ ਤੋਂ ਆਸ਼ੀਸ਼ ਨੇ ਐਮ.ਬੀ.ਏ. ਦੀ ਪੜ੍ਹਾਈ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਵ੍ਹਾਰਟਨ ਸਕੂਲ ਆੱਫ਼ ਬਿਜ਼ਨੇਸ ਵਿੱਚ ਦਾਖ਼ਲਾ ਹਾਸਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਚੰਗੇ ਤੋਂ ਚੰਗੇ ਅਤੇ ਬਹੁਤ ਹੀ ਹੋਣਹਾਰ ਵਿਦਿਆਰਥੀ ਵੀ ਇਸ ਸੰਸਥਾਨ ਵਿੱਚ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।

ਐਮ.ਬੀ.ਏ. ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਆਸ਼ੀਸ਼ ਨੂੰ ਦੁਨੀਆਂ ਦੇ ਸਭ ਤੋਂ ਵੱਕਾਰੀ ਬੈਂਕਿੰਗ ਸੰਸਥਾਨਾਂ ਵਿੱਚੋਂ ਇੱਕ ਜੇ.ਪੀ. ਮੌਰਗਨ ਦੇ ਲੰਡਨ ਆਫ਼ਿਸ ਵਿੱਚ ਨੌਕਰੀ ਮਿਲ ਗਈ।

ਆਸ਼ੀਸ਼ ਜੇ.ਪੀ. ਮੌਰਗਨ ਵਿੱਚ ਕੰਮ ਕਰਦਿਆਂ ਦੁਨੀਆਂ ਦਾ ਪਹਿਲਾ ਨੇਤਰਹੀਣ ਟਰੇਡਰ ਬਣ ਗਿਆ।

ਇਹ ਇੱਕ ਬਹੁਤ ਵੱਡੀ ਕਾਮਯਾਬੀ ਸੀ। ਇਸ ਕਾਮਯਾਬੀ ਨਾਲ ਆਸ਼ੀਸ਼ ਦਾ ਨਾਂਅ ਦੁਨੀਆ ਭਰ ਵਿੱਚ ਪਹਿਲੇ ਨੇਤਰਹੀਣ ਟਰੇਡਰ ਵਜੋਂ ਮਸ਼ਹੂਰ ਹੋ ਗਿਆ।

ਨੇਤਰਹੀਣਤਾ ਨੂੰ ਆਸ਼ੀਸ਼ ਨੇ ਆਪਣੀ ਤਰੱਕੀ ਦੇ ਰਾਹ ਵਿੱਚ ਕੋਈ ਅੜਿੱਕਾ ਨਾ ਬਣਨ ਦਿੱਤਾ। ਆਪਣੀ ਪ੍ਰਤਿਭਾ ਅਤੇ ਕਾਰੋਬਾਰੀ ਦਾਅ-ਪੇਚਾਂ ਨਾਲ ਸਭਨਾਂ ਨੂੰ ਪ੍ਰਭਾਵਿਤ ਕੀਤਾ। ਆਪਣੇ ਬੌਸ ਨੂੰ ਕਦੇ ਨਿਰਾਸ਼ ਨਹੀਂ ਹੋਣ ਦਿੱਤਾ।

ਸਾਲ 2010 ਵਿੱਚ ਆਸ਼ੀਸ਼ ਨੂੰ ਅੰਗਹੀਣ ਵਿਅਕਤੀਆਂ ਦੇ ਸ਼ਸ਼ਕਤੀਕਰਣ ਲਈ ਰਾਸ਼ਟਰੀ ਪੁਰਸਕਾਰ ਵੀ ਮਿਲ਼ਿਆ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਆਸ਼ੀਸ਼ ਨੂੰ ਇੱਕ ਸਮਾਰੋਹ ਵਿੱਚ ਇਹ ਪੁਰਸਕਾਰ ਦਿੱਤਾ ਗਿਆ। ਆਸ਼ੀਸ਼ ਨੂੰ ਕਈ ਸੰਸਥਾਵਾਂ ਨੇ ਵੀ ਸਨਮਾਨ ਅਤੇ ਪੁਰਸਕਾਰ ਦਿੱਤੇ।

ਆਸ਼ੀਸ਼ ਬਾਰੇ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਉਹ ਨੇਤਰਹੀਣਾਂ ਲਈ ਬਣਾਈ ਜਾਣ ਵਾਲੀ ਸੋਟੀ ਦਾ ਬਹੁਤ ਵਧੀਆ ਤਰੀਕੇ ਇਸਤੇਮਾਲ ਕਰਦੇ ਹਨ। ਹੋਰ ਤਾਂ ਹੋਰ ਉਨ੍ਹਾਂ ਦੀ ਭੈਣ ਗਰਿਮਾ ਤਾਂ ਸੋਟੀ ਵਰਤਦੀ ਹੀ ਨਹੀਂ। ਕਈ ਵਾਰ ਤਾਂ ਕਈ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਗਰਿਮਾ ਅਸਲ ਵਿੱਚ ਨੇਤਰਹੀਣ ਹੈ ਵੀ ਕਿ ਨਹੀਂ।

ਆਸ਼ੀਸ਼ ਅਤੇ ਗਰਿਮਾ ਦੋਵੇਂ ਇਨ੍ਹੀਂ ਦਿਨੀਂ ਅੰਗਹੀਣ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਦਿਵਾਉਣ ਲਈ ਆਪਣੇ ਵੱਲੋਂ ਹਰ ਸੰਭਵ ਜਤਨ ਕਰ ਰਹੇ ਹਨ। ਦੋਵਾਂ ਦਾ ਕਹਿਣਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਵਿੱਚ ਇੰਨੀ ਤਰੱਕੀ ਹੋ ਗਈ ਹੈ ਕਿ ਅੰਗਹੀਣ ਵਿਅਕਤੀਆਂ ਨੂੰ ਹੁਣ ਪਹਿਲਾਂ ਜਿੰਨੀਆਂ ਔਕੜਾਂ ਵੀ ਨਹੀਂ ਹੁੰਦੀਆਂ।

ਇੱਕ ਹੋਰ ਮਹੱਤਵਪੂਰਨ ਗੱਲ ਨੇਤਰਹੀਣ ਹੋਣ ਦੇ ਬਾਵਜੂਦ ਆਸ਼ੀਸ਼ ਸਕ੍ਰੀਨ ਰੀਡਿੰਗ ਸਾੱਫ਼ਟਵੇਅਰ ਦੀ ਮਦਦ ਨਾਲ ਕੰਪਿਊਟਰ ਉਤੇ ਆਪਣੀ ਈ-ਮੇਲ ਪੜ੍ਹਦੇ ਹਨ। ਸਾਰੀਆਂ ਰਿਪੋਰਟਸ ਦਾ ਅਧਿਐਨ ਕਰਦੇ ਹਨ। ਦੂਜਿਆਂ ਦੀ ਪੇਸ਼ਕਾਰੀ ਸਮਝ ਜਾਂਦੇ ਹਨ। ਹੋਰ ਤਾਂ ਹੋਰ ਅਰਬਾਂ ਰੁਪਏ ਦੇ ਲੈਣ-ਦੇਣ ਦੀ ਪੂਰੀ ਜਾਣਕਾਰੀ ਰਖਦੇ ਹਨ ਅਤੇ ਉਨ੍ਹਾਂ ਦਾ ਸੰਚਾਲਨ ਵੀ ਕਰਦੇ ਹਨ।

ਵਿਹਲੇ ਸਮੇਂ ਆਸ਼ੀਸ਼ ਦੂਜੇ ਨੇਤਰਹੀਣ ਲੋਕਾਂ ਨਾਲ ਕ੍ਰਿਕੇਟ ਖੇਡਦੇ ਅਤੇ ਟੈਂਗੋ ਵੀ ਵਜਾਉਂਦੇ ਹਨ। ਆਪਣੇ ਕੁੱਝ ਦੋਸਤਾਂ ਨਾਲ ਉਹ ਕਲੱਬ ਜਾ ਕੇ ਪਾਰਟੀ ਵੀ ਕਰਦੇ ਹਨ।