ਰਮੇਸ਼ ਬਾਬੂ: ਇੱਕ ਨਾਈ ਜੋ ਹੁਣ ਕਈ ਰੋਲਜ਼ ਰਾਇਸ ਕਾਰਾਂ ਦਾ ਮਾਲਕ

ਰਮੇਸ਼ ਬਾਬੂ: ਇੱਕ ਨਾਈ ਜੋ ਹੁਣ ਕਈ ਰੋਲਜ਼ ਰਾਇਸ ਕਾਰਾਂ ਦਾ ਮਾਲਕ

Saturday November 07, 2015,

6 min Read

ਔਖੀ ਸ਼ੁਰੂਆਤ

ਮੇਰਾ ਜਨਮ ਇੱਕ ਗ਼ਰੀਬ ਪਰਿਵਾਰ 'ਚ ਹੋਇਆ। ਮੇਰੇ ਪਿਤਾ ਨਾਈ ਸੀ। ਜਦੋਂ ਮੈਂ ਸਿਰਫ਼ ਸੱਤ ਸਾਲਾਂ ਦਾ ਸਾਂ, ਤਦ ਹੀ ਉਹ ਇਸ ਦੁਨੀਆਂ ਨੂੰ ਛੱਡ ਕੇ ਚਲੇ ਗੲੈ ਸਨ। 1979 'ਚ ਜਦੋਂ ਮੇਰੇ ਪਿਤਾ ਦੀ ਮੌਤ ਹੋਈ, ਤਦ ਤੱਕ ਤਾਂ ਸਭ ਠੀਕ ਸੀ। ਪਰ ਉਨ੍ਹਾਂ ਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਜਿਵੇਂ ਸਭ ਕੁੱਝ ਅਚਾਨਕ ਹੀ ਵਿਗੜ ਗਿਆ।

ਬੱਚਿਆਂ ਦਾ ਪੇਟ ਭਰਨ ਲਈ ਮੇਰੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਨੌਕਰੀ ਕਰਨੀ ਪਈ।

ਵਿਰਾਸਤ ਵਿੱਚ ਪਿਤਾ ਜੀ ਸਾਡੇ ਲਈ ਕੇਵਲ ਇੱਕ ਦੁਕਾਨ ਛੱਡ ਕੇ ਗਏ ਸਨ। ਬੰਗਲੌਰ ਦੇ ਬ੍ਰਿਗੇਡ ਰੋਡ ਉਤੇ ਇਹ ਦੁਕਾਨ ਸੀ ਅਤੇ ਉਥੇ ਹੀ ਉਹ ਲੋਕਾਂ ਦੀ ਹਜਾਮਤ ਕਰਦੇ ਸਨ।

ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੇ ਚਾਚਾ ਨੇ ਉਹ ਦੁਕਾਨ ਚਲਾਉਣੀ ਸ਼ੁਰੂ ਕੀਤੀ। ਕਿਰਾਏ ਵਜੋਂ ਚਾਚਾ ਸਾਨੂੰ ਹਰ ਰੋਜ਼ 5 ਰੁਪਏ ਦਿੰਦੇ ਹੁੰਦੇ ਸਨ। ਉਨ੍ਹੀਂ ਦਿਨੀ ਵੀ ਪੰਜ ਰੁਪਏ ਬਹੁਤ ਹੀ ਮਾਮੂਲੀ ਰਕਮ ਸੀ। ਪੰਜ ਰੁਪਏ 'ਚ ਘਰ ਚਲਾਉਣਾ ਬਹੁਤ ਹੀ ਔਖਾ ਕੰਮ ਸੀ। ਮੇਰੇ ਭਰਾ, ਮੇਰੀ ਭੈਣ ਅਤੇ ਮੇਰੀ ਪੜ੍ਹਾਈ-ਲਿਖਾਈ, ਖਾਣਾ-ਪੀਣਾ ਅਤੇ ਹੋਰ ਜ਼ਰੂਰਤਾਂ ਪੰਜ ਰੁਪਏ ਵਿੱਚ ਪੂਰੀਆਂ ਨਹੀਂ ਹੋ ਸਕਦੀਆਂ ਸਨ। ਅਸੀਂ ਤਿੰਨ ਭੈਣ-ਭਰਾਵਾਂ ਨੇ ਮਜਬੂਰੀ ਵਿੱਚ ਦਿਨ 'ਚ ਕੇਵਲ ਇੱਕੋ ਵਾਰ ਭੋਜਨ ਕਰਨਾ ਸ਼ੁਰੂ ਕੀਤਾ। ਹੋਰਾਂ ਦੇ ਘਰਾਂ ਵਿੱਚ ਨੌਕਰੀ ਕਰਨ ਲੱਗੀ ਮੇਰੀ ਮਾਂ ਦੀ ਮਦਦ ਕਰਨ ਦੇ ਮੰਤਵ ਨਾਲ ਮੈਂ ਵੀ ਨਿੱਕੇ-ਮੋਟੇ ਕੰਮ ਕਰਨੇ ਸ਼ੁਰੂ ਕੀਤੇ। ਮਿਡਲ ਸਕੂਲ ਦੀ ਪੜ੍ਹਾਈ ਕਰਦਿਆਂ ਮੈਂ ਅਖ਼ਬਾਰ ਅਤੇ ਦੁੱਧ ਦੀਆਂ ਬੋਤਲਾਂ ਵੇਚਣੀਆਂ ਸ਼ੁਰੂ ਕੀਤੀਆਂ। ਬਹੁਤ ਹੀ ਔਕੜਾਂ ਭਰੇ ਦਿਨ ਸਨ ਉਹ। ਕਿਸੇ ਤਰ੍ਹਾਂ ਅਸੀਂ ਸਭ ਨੇ ਮਿਲ ਕੇ ਇੱਕ-ਦੂਜੇ ਦੀ ਮਦਦ ਕਰਦਿਆਂ ਆਪਣੇ ਉਹ ਦਰਦ ਭਰੇ ਦਿਨ ਕੱਟੇ। ਜੀਵਨ ਦੇ ਇਸੇ ਸੰਘਰਸ਼ ਦੌਰਾਨ ਮੈਂ ਆਪਣੀ 10ਵੀਂ ਅਤੇ 12ਵੀਂ ਦੀ ਪੜ੍ਹਾਈ ਮੁਕੰਮਲ ਕੀਤੀ ਸੀ।

ਤਬਦੀਲੀ ਦੇ ਛਿਣ

1990 ਦੇ ਦਹਾਕੇ ਦੀ ਗੱਲ ਹੈ। ਮੈਂ ਸ਼ਾਇਦ 11ਵੀਂ ਜਮਾਤ ਵਿੱਚ ਸਾਂ। ਇੱਕ ਦਿਨ ਮੇਰੀ ਮਾਂ ਅਤੇ ਮੇਰੇ ਚਾਚੇ ਵਿਚਾਲੇ ਬਹੁਤ ਜ਼ਿਆਦਾ ਲੜਾਈ ਹੋਈ। ਅਚਾਨਕ ਹੀ ਚਾਚਾ ਨੇ ਦੁਕਾਨ ਦਾ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਉਸੇ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਪਿਤਾ ਜੀ ਦੀ ਦੁਕਾਨ ਹੁਣ ਮੈਂ ਚਲਾਵਾਂਗਾ। ਪਰ ਮਾਂ ਨੇ ਇਨਕਾਰ ਕਰ ਦਿੱਤਾ। ਮਾਂ ਚਾਹੁੰਦੀ ਸੀ ਕਿ ਮੈਂ ਆਪਣੀ ਪੜ੍ਹਾਈ ਵੱਲ ਧਿਆਨ ਦੇਵਾਂ। ਜ਼ਿੱਦ ਉਤੇ ਅੜ ਕੇ ਮੈਂ ਮਾਂ ਨੂੰ ਮਨਾਉਣ ਵਿੱਚ ਸਫ਼ਲ ਹੋ ਗਿਆ ਸਾਂ। ਉਸ ਦਿਨ ਤੋਂ ਮੈਂ ਵੀ ਦੁਕਾਨ ਜਾਣ ਲੱਗਾ। ਸਵੇਰੇ ਹੀ ਮੈਂ ਦੁਕਾਨ 'ਤੇ ਚਲਾ ਜਾਂਦਾ। ਵਾਲ ਕੱਟਣ ਦੀ ਕਲਾ ਸਿੱਖਣ ਦੀ ਸ਼ੁਰੂਆਤ ਹੋ ਗਈ ਸੀ, ਪਰ ਮੈਂ ਪੜ੍ਹਾਈ ਨਾ ਛੱਡੀ। ਸਵੇਰੇ ਦੁਕਾਨ, ਸ਼ਾਮੀਂ ਪੜ੍ਹਾਈ ਅਤੇ ਰਾਤੀਂ ਫਿਰ ਦੁਕਾਨ। ... ਇਹੋ ਹੁਣ ਮੇਰਾ ਨਿੱਤਨੇਮ ਬਣ ਗਿਆ ਸੀ। ਦੁਕਾਨ ਰਾਤੀਂ ਇੱਕ ਵਜੇ ਤੱਕ ਖੁੱਲ੍ਹੀ ਰਹਿੰਦੀ ਅਤੇ ਮੈਂ ਵੀ ਤਦ ਤੱਕ ਵਾਲ ਕੱਟਣ ਦਾ ਹੁਨਰ ਸਿੱਖ ਰਿਹਾ ਹੁੰਦਾ। ਤਦ ਲੋਕ ਮੈਨੂੰ ਵੀ ਨਾਈ ਆਖ ਕੇ ਸੱਦਣ ਲੱਗੇ ਸਨ। ਹੁਣ ਮੇਰੀ ਪਛਾਣ ਵੀ ਦੁਕਾਨ ਤੋਂ ਸੀ ਅਤੇ ਮੈਂ ਵੀ ਬਾਕਾਇਦਾ ਨਾਈ ਬਣ ਗਿਆ ਸਾਂ।

image


ਜ਼ਿੰਦਗੀ ਬਦਲਣ ਵਾਲਾ ਆਈਡੀਆ

1993 'ਚ ਮੇਰੇ ਚਾਚਾ ਨੇ ਇੱਕ ਕਾਰ ਖ਼ਰੀਦੀ। ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਵੀ ਆਇਆ ਕਿ ਮੈਨੂੰ ਵੀ ਕਾਰ ਖ਼ਰੀਦਣੀ ਚਾਹੀਦੀ ਹੈ। ਛੋਟੀ-ਮੋਟੀ ਜੋ ਬਚਤ ਸੀ, ਉਹ ਸਾਰੀ ਇਕੱਠੀ ਕੀਤੀ। ਫਿਰ ਵੀ ਕਾਰ ਖ਼ਰੀਦਣ ਲਈ ਰੁਪਏ ਘੱਟ ਸਨ। ਮੈਂ ਧਾਰ ਲਿਆ ਕਿ ਕਾਰ ਖ਼ਰੀਦਣੀ ਹੈ ਅਤੇ ਬੱਸ ਖ਼ਰੀਦਣੀ ਹੈ, ਉਸ ਲਈ ਭਾਵੇਂ ਕੁੱਝ ਵੀ ਕਿਉਂ ਨਾ ਕਰਨਾ ਪਵੇ। ਫ਼ੈਸਲਾ ਕੀਤਾ ਕਿ ਕਰਜ਼ਾ ਲਿਆ ਜਾਵੇ। ਕਰਜ਼ਾ ਲੈਣ ਲਈ ਦਾਦਾ ਜੀ ਦੀ ਜਾਇਦਾਦ ਗਹਿਣੇ (ਗਿਰਵੀ) ਰੱਖਣੀ ਪਈ ਸੀ। ਜ਼ਿੱਦ ਪੱਕੀ ਸੀ, ਇਸੇ ਲਈ ਕਾਰ ਖ਼ਰੀਦ ਹੀ ਲਈ। ਮੈਂ ਹੁਣ ਮਾਰੂਤੀ ਵੈਨ ਦਾ ਮਾਲਕ ਸਾਂ ਅਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਸੀ ਕਿ ਮੈਂ ਆਪਣੇ ਚਾਚੇ ਤੋਂ ਵਧੀਆ ਕਾਰ ਲਈ ਹੈ।

ਕਾਰ ਤਾਂ ਲੈ ਲਈ ਸੀ ਪਰ ਕਰਜ਼ੇ ਦਾ ਵਿਆਜ 6,800 ਰੁਪਏ ਮਹੀਨਾ ਸੀ। ਵਿਆਜ ਦੀ ਰਕਮ ਅਦਾ ਕਰਨੀ ਹੁਣ ਮੇਰੇ ਲਈ ਔਖੀ ਹੋਣ ਲੱਗੀ ਸੀ। ਮੇਰੀ ਔਕੜ ਜਾਣ ਕੇ ਨੰਦਨੀ ਅੱਕਾ, ਜਿਨ੍ਹਾਂ ਕੋਲ ਮੇਰੀ ਮਾਂ ਕੰਮ ਕਰਦੀ ਸੀ, ਨੇ ਸੁਝਾਅ ਦਿੱਤਾ। ਸੁਝਾਅ ਸੀ - ਵਿਆਜ ਦੀ ਰਕਮ ਅਦਾ ਕਰਨ ਲਈ ਗੱਡੀ ਨੂੰ ਕਿਰਾਏ ਉਤੇ ਚਲਾਇਆ ਜਾਵੇ। ਮੈਨੂੰ ਸੁਝਾਅ ਵਧੀਆ ਲੱਗਾ ਅਤੇ ਮੈਂ ਮੰਨ ਗਿਆ। ਨੰਦਨੀ ਅੱਕਾ ਨੇ ਹੀ ਮੈਨੂੰ ਕਾਰੋਬਾਰ ਦੇ ਗੁਰ ਵੀ ਸਿਖਾਏ। ਉਹ ਮੇਰੀ ਗੁਰੂ ਬਣ ਗਏ। ਉਹ ਮੇਰੀ ਭੈਣ ਵਾਂਗ ਹੀ ਹਨ। ਮੈਂ ਅੱਜ ਜੋ ਕੁੱਝ ਵੀ ਹਾਂ, ਉਸ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਮੇਰੇ ਜੀਵਨ ਵਿੱਚ ਜੋ ਵੀ ਵੱਡੀਆਂ ਤਬਦੀਲੀਆਂ ਆਈਆਂ, ਉਹ ਉਨ੍ਹਾਂ ਕਾਰਣ ਹੀ ਸਨ। ਉਨ੍ਹਾਂ ਨੇ ਮੈਨੂੰ ਆਪਣੀ ਧੀ ਦੇ ਵਿਆਹ ਵਿੱਚ ਵੀ ਸੱਦਿਆ ਅਤੇ ਲੋਕਾਂ ਨਾਲ ਮੇਰੀ ਜਾਣ-ਪਛਾਣ ਕਰਵਾਈ।

ਸਫ਼ਲ ਕਾਰੋਬਾਰੀ ਬਣਨ ਦੀ ਸ਼ੁਰੂਆਤ

1994 ਤੋਂ ਮੈਂ ਗੱਡੀਆਂ ਕਿਰਾਏ ਉਤੇ ਦੇਣ ਦਾ ਕਾਰੋਬਾਰ ਤੇਜ਼ੀ ਨਾਲ ਅੱਗੇ ਵਧਾਇਆ। ਨੰਦਨੀ ਅੱਕਾ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ, ਉਹੀ ਕੰਪਨੀ ਪਹਿਲੀ ਕੰਪਨੀ ਸੀ, ਜਿੱਥੇ ਮੈਂ ਆਪਣੀ ਗੱਡੀ ਕਿਰਾਏ ਉਤੇ ਦਿੱਤੀ ਸੀ। ਇਸ ਤਰ੍ਹਾਂ ਕਮਾਈ ਹੋਣ ਲੱਗੀ ਅਤੇ ਹੌਲੀ-ਹੌਲੀ ਆਮਦਨ ਵਧਣ ਲੱਗੀ। ਮੈਂ ਇੱਕ ਤੋਂ ਬਾਅਦ ਇੱਕ ਗੱਡੀਆਂ ਖ਼ਰੀਦਣੀਆਂ ਸ਼ੁਰੂ ਕੀਤੀਆਂ। 2004 ਤੱਕ ਮੇਰੇ ਕੋਲ ਪੰਜ-ਛੇ ਕਾਰਾਂ ਸਨ। ਕਿਉਂਕਿ ਮੈਨੂੰ ਗੱਡੀਆਂ ਕਿਰਾਏ ਉਤੇ ਦੇਣ ਦੇ ਕਾਰੋਬਾਰ ਵਿੱਚ ਮਜ਼ਾ ਆਉਣ ਲੱਗਾ ਸੀ ਅਤੇ ਕਮਾਈ ਵੀ ਚੋਖੀ ਹੋਣ ਲੱਗੀ ਸੀ, ਮੈਂ ਹਜਾਮਤ ਵਾਲੀ ਆਪਣੀ ਦੁਕਾਨ ਤੋਂ ਲਾਂਭੇ ਹੋਣ ਦਾ ਮਨ ਬਣਾ ਲਿਆ ਸੀ। ਕਿਉਂਕਿ ਗੱਡੀਆਂ ਕਿਰਾਏ ਉਤੇ ਦੇਣ ਵਾਲੇ ਕਾਰੋਬਾਰ ਵਿੱਚ ਦੂਜੇ ਬਹੁਤ ਸਾਰੇ ਕਾਰੋਬਾਰੀਆਂ ਨਾਲ ਮੁਕਾਬਲਾ ਵਧਦਾ ਜਾ ਰਿਹਾ ਸੀ, ਮੈਂ ਆਪਣਾ ਸਾਰਾ ਧਿਆਨ ਹੁਣ ਇਸੇ ਕਾਰੋਬਾਰ ਉਤੇ ਲਾਉਣ ਦਾ ਮਨ ਬਣਾਇਆ। ਉਸ ਵੇਲੇ ਸਭ ਕੋਲ ਛੋਟੀਆਂ ਗੱਡੀਆਂ ਸਨ, ਇਸੇ ਲਈ ਮੈਂ ਕਾਰੋਬਾਰ ਵਧਾਉਣ ਦੇ ਮੰਤਵ ਨਾਲ ਵੱਡੀਆਂ ਗੱਡੀਆਂ ਭਾਵ ਲਗਜ਼ਰੀ ਕਾਰਾਂ ਖ਼ਰੀਦਣੀਆਂ ਸ਼ੁਰੂ ਕੀਤੀਆਂ।

ਖ਼ਤਰੇ ਵੀ ਮੁੱਲ ਲਏ

ਜਦੋਂ ਮੈਂ 2004 'ਚ ਪਹਿਲੀ ਵਾਰ ਲਗਜ਼ਰੀ ਕਾਰ ਖ਼ਰੀਦੀ, ਤਦ ਸਭ ਨੇ ਕਿਹਾ ਕਿ ਮੈਂ ਬਹੁਤ ਵੱਡੀ ਗ਼ਲਤੀ ਕਰ ਰਿਹਾ ਹਾਂ। 2004 'ਚ 40 ਲੱਖ ਰੁਪਏ ਖ਼ਰਚ ਕਰਨਾ ਬਹੁਤ ਵੱਡੀ ਗੱਲ ਸੀ। ਖ਼ਰਚਾ ਚਾਹੇ ਇੱਕ ਲਗਜ਼ਰੀ ਕਾਰ ਲਈ ਹੀ ਕਿਉਂ ਨਾ ਹੋਵੇ, 40 ਲੱਖ ਰੁਪਏ ਸੱਚਮੁਚ ਬਹੁਤ ਵੱਡੀ ਗੱਲ ਸੀ। ਉਂਝ ਸੱਚ ਦੱਸਾਂ, ਤਾਂ ਮੇਰੇ ਮਨ ਵਿੱਚ ਵੀ ਬਹੁਤ ਸ਼ੱਕ ਸਨ, ਦੁਬਿਧਾ ਵੀ ਸੀ। ਪਰ ਕਾਰੋਬਾਰ ਨੂੰ ਵਧਾਉਣ ਲਈ ਜੋਖਮ ਤਾਂ ਲੈਣਾ ਹੀ ਪੈਣਾ ਸੀ, ਇਸੇ ਲਈ ਉਹ ਖ਼ਤਰਾ ਵੀ ਮੁੱਲ ਲੈ ਲਿਆ। ਨਾਲ ਹੀ ਮੈਂ ਇਹ ਵੀ ਸੋਚ ਲਿਆ ਸੀ ਕਿ ਜੇ ਮਾਮਲਾ ਵਿਗੜ ਗਿਆ, ਤਾਂ ਲਗਜ਼ਰੀ ਕਾਰ ਵੇਚ ਦੇਵਾਂਗਾ ਪਰ ਵੇਚਣ ਦੀ ਨੌਬਤ ਨਾ ਆਈ। ਕਿਸੇ ਹੋਰ ਕਾਰੋਬਾਰੀ ਕੋਲ ਨਵੀਂ ਲਗਜ਼ਰੀ ਕਾਰ ਨਹੀਂ ਸੀ, ਇਹ ਮੇਰੇ ਲਈ ਫ਼ਾਇਦੇਮੰਦ ਸਿੱਧ ਹੋਇਆ। ਕੁੱਝ ਲੋਕਾਂ ਕੋਲ ਸੈਕੰਡ ਹੈਂਡ ਕਾਰਾਂ ਸਨ, ਪਰ ਲੋਕਾਂ ਦੀ ਪਸੰਦ ਮੇਰੀ ਨਵੀਂ ਲਗਜ਼ਰੀ ਕਾਰ ਬਣ ਗਈ। ਬੰਗਲੌਰ ਵਿੱਚ ਮੈਂ ਹੀ ਪਹਿਲਾ ਅਜਿਹਾ ਵਿਅਕਤੀ ਸਾਂ, ਜਿਸ ਨੇ ਆਪੇ ਰੁਪਏ ਇੱਕ ਨਵੀਂ ਲਗਜ਼ਰੀ ਕਾਰ ਉਤੇ ਲਾਏ ਸਨ।

ਅੱਜ ਰਮੇਸ਼ ਬਾਬੂ ਕੋਲ ਰੋਲਜ਼ ਰਾਇਸ, ਮਰਸਿਡੀਜ਼, ਬੀ.ਐਮ.ਡਬਲਿਊ. ਅਤੇ ਆੱਡੀ ਜਿਹੀਆਂ 256 ਲਗਜ਼ਰੀ (ਸ਼ਾਹੀ) ਕਾਰਾਂ ਦਾ ਇੱਕ ਵੱਡਾ ਕਾਫ਼ਲਾ ਹੈ।