ਸਟਾਰਟ-ਅੱਪ ਫ਼ੇਲ੍ਹ ਹੋਣ ਤੋਂ ਬਚਾਅ ਦੇ ਕੁੱਝ ਅਹਿਮ ਨੁਕਤੇ

ਸਟਾਰਟ-ਅੱਪ ਫ਼ੇਲ੍ਹ ਹੋਣ ਤੋਂ ਬਚਾਅ ਦੇ ਕੁੱਝ ਅਹਿਮ ਨੁਕਤੇ

Tuesday January 19, 2016,

5 min Read

2014 'ਚ, ਸੀ.ਬੀ. ਇਨਸਾਈਟਸ ਨੇ ਉੱਦਮੀਆਂ ਵੱਲੋਂ 'ਸਟਾਰਟ-ਅੱਪਸ' ਫ਼ੇਲ੍ਹ ਹੋਣ ਦੇ ਪ੍ਰਮੁੱਖ ਕਾਰਣਾਂ ਬਾਰੇ ਲਿਖੇ ਲੇਖਾਂ ਦਾ ਮੁਲੰਕਣ ਕੀਤਾ ਸੀ। ਉਨ੍ਹਾਂ ਲੇਖਾਂ ਅਨੁਸਾਰ ਸਟਾਰਟ-ਅੱਪਸ ਭਾਵ ਨਵੀਆਂ ਨਿੱਕੀਆਂ ਕੰਪਨੀਆਂ ਦੇ ਫ਼ੇਲ੍ਹ ਹੋਣ ਦਾ ਦੂਜਾ ਸਭ ਤੋਂ ਵੱਧ ਪਾਇਆ ਜਾਣ ਵਾਲਾ ਕਾਰਣ ਉਨ੍ਹਾਂ ਕੰਪਨੀਆਂ ਦੇ ਬਾਨੀ ਤੇ ਟੀਮ ਨਾਲ ਸਬੰਧਤ ਮੁੱਦੇ ਸਨ। ਕੁੱਝ ਬਾਨੀ ਤਾਂ ਲੰਮਾ ਸਮਾਂ ਚੱਲਣ ਯੋਗ ਹੀ ਨਹੀਂ ਹੁੰਦੇ ਤੇ ਕੁੱਝ ਬੇਈਮਾਨ ਹੁੰਦੇ ਹਨ। ਸਿੱਧ-ਪਚੱਧੀ ਧੋਖਾਧੜੀ/ਚੋਰੀ ਜਿਹੇ ਮੁੱਦਿਆਂ ਨਾਲ ਸਿੱਝਣਾ ਤਾਂ ਸੁਖਾਲਾ ਹੈ ਪਰ ਜਦੋਂ ਕਾਰਗੁਜ਼ਾਰੀ/ਯੋਗਦਾਨ ਅਤੇ ਟੀਮ ਗਤੀਸ਼ੀਲਤਾ ਨਾਲ ਸਬੰਧਤ ਮੁੱਦੇ ਆਉਂਦੇ ਹਨ; ਤਦ ਉਨ੍ਹਾਂ ਨਾਲ ਨਿਪਟਣਾ ਬਹੁਤ ਔਖਾ ਹੁੰਦਾ ਹੈ।

ਇੱਕ ਕੰਪਨੀ, ਜਿਸ ਨਾਲ ਮੈਂ ਬਹੁਤ ਨੇੜਿਓਂ ਜੁੜੀ ਹੋਈ ਸਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਧਨ ਜਾਰੀ ਕੀਤਾ ਸੀ। ਫਿਰ ਇੱਕ ਮਹੀਨੇ ਅੰਦਰ ਹੀ ਉਸ ਦੇ ਤਿੰਨ ਬਾਨੀਆਂ ਵਿਚੋਂ ਦੋ ਨੇ ਸਾਡੇ ਤੱਕ ਪਹੁੰਚਚ ਕੀਤੀ ਤੇ ਉਨ੍ਹਾਂ ਕਿਹਾ ਕਿ ਉਹ ਇਸ ਕੰਪਨੀ ਵਿਚੋਂ ਨਿੱਕਲਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਦੋਵਾਂ ਨੂੰ ਸਮਝਾਇਆ ਕਿ ਉਹ ਹਾਲੇ ਟਿਕੇ ਰਹਿਣ ਤੇ ਕੰਪਨੀ-ਨਿਰਮਾਣ ਕਰਨ। ਫਿਰ ਅਗਲੇ ਤਿੰਨ ਵਰ੍ਹਿਆਂ ਦੌਰਾਨ ਉਹੀ ਗੱਲ ਕਈ ਵਾਰ ਦੋਹਰਾਈ ਗਈ। ਇੱਕ ਬਾਨੀ ਨੇ ਸਾਨੂੰ ਕਿਹਾ ਕਿ ਉਹ ਕੰਪਨੀ ਛੱਡਣਾ ਚਾਹੁੰਦਾ ਹੈ। ਉਸ ਨੇ ਕਾਰਣ ਦਿੱਤਾ ਕਿ ਉਹ ਇਸ ਲਈ ਜਾਣਾ ਚਾਹੁੰਦਾ ਹੈ ਕਿਉਂਕਿ ਕੰਪਨੀ ਵਿੱਚ ਉਸ ਲਈ ਇੱਕ ਬਾਨੀ ਦੇ ਤੌਰ ਉਤੇ ਕੋਈ ਭੂਮਿਕਾ ਨਹੀਂ ਹੈ ਅਤੇ ਜੇ ਉਹ ਕਿਸੇ ਬਹੁ-ਰਾਸ਼ਟਰੀ ਕੰਪਨੀ ਵਿੱਚ ਹੁੰਦਾ, ਤਾਂ ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ ਬਹੁਤ ਕੁੱਝ ਸਿੱਖ ਸਕਦਾ ਸੀ। ਖ਼ੁਸ਼ਕਿਸਮਤੀ ਨਾਲ ਅਸੀਂ ਉਸ ਦੇ ਕੰਪਨੀ ਵਿਚੋਂ ਬਾਹਰ ਨਿੱਕਲਣ ਦੀਆਂ ਕੁੱਝ ਅਜਿਹੀਆਂ ਸ਼ਰਤਾਂ ਰੱਖੀਆਂ ਕਿ ਕੰਮਕਾਜ ਉਤੇ ਕਿਸੇ ਕਿਸਮ ਦਾ ਕੋਈ ਮਾੜਾ ਅਸਰ ਨਹੀਂ ਪਿਆ ਤੇ ਨਾ ਹੀ ਲੀਡਰਸ਼ਿਪ ਟੀਮ ਦਾ ਮਨੋਬਲ ਹੀ ਟੁੱਟਿਆ। ਕੰਪਨੀ ਤਦ ਸਭਨਾਂ ਲਈ ਪ੍ਰਫ਼ੁੱਲਤ ਹੁੰਦੀ ਚਲੀ ਗਈ।

image


ਜਦੋਂ ਤੁਸੀਂ ਆਪਣੀ ਸਟਾਰਟ-ਅੱਪ ਬਾਰੇ ਸੋਚਦੇ ਹੋ ਤੇ ਸਹਿ-ਬਾਨੀਆਂ ਦੀ ਭਾਲ ਕਰਦੇ ਹੋ, ਤਦ ਸਮਝੌਤਾ ਕਰ ਲੈਣਾ ਮਹੱਤਵਪੂਰਣ ਹੁੰਦਾ ਹੈ, ਜਿਸ ਵਿੱਚ ਸਾਰੀਆਂ ਸੰਭਾਵਨਾਵਾਂ ਦਾ ਜ਼ਿਕਰ ਤੇ ਉਨ੍ਹਾਂ ਦਾ ਹੱਲ ਹੋਵੇ। ਅਜਿਹਾ ਸਮਝੌਤਾ ਕਰਦੇ ਸਮੇਂ ਨਿਮਨਲਿਖਤ ਪੱਖਾਂ ਉਤੇ ਵਿਚਾਰ ਕਰਨਾ ਯਕੀਨੀ ਬਣਾਓ।

1. ਭੂਮਿਕਾਵਾਂ ਤੇ ਜ਼ਿੰਮੇਵਾਰੀਆਂ

ਸਮਝੌਤੇ ਵਿੱਚ ਹਰੇਕ ਬਾਨੀ ਦੀਆਂ ਮੁਢਲੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਦੀ ਸ਼ਨਾਖ਼ਤ ਕਰ ਲੈਣੀ ਚਾਹੀਦੀ ਹੈ। ਇਹ ਬਾਨੀਆਂ ਦੇ ਪਹਿਲੇ ਤਜਰਬੇ ਉਤੇ ਆਧਾਰਤ ਹੋ ਸਕਦਾ ਹੈ ਅਤੇ ਜੇ ਅਜਿਹਾ ਕੋਈ ਵੱਡਾ ਤਜਰਬਾ ਨਾ ਹੋਵੇ, ਤਦ ਬਾਨੀਆਂ ਦੇ ਹਿਤਾਂ ਦਾ ਖ਼ਿਅਲ ਰੱਖਿਆ ਜਾਣਾ ਚਾਹੀਦਾ ਹੈ। (ਇੱਥੇ ਇਹ ਮਾਨਤਾ ਹੈ ਕਿ ਜੇ ਸਹਿ-ਬਾਨੀ ਦੀ ਦਿਲਚਸਪੀ ਕਿਸੇ ਖ਼ਾਸ ਖੇਤਰ ਵਿੱਚ ਹੈ, ਤਾਂ ਉਹ ਉਸ ਖੇਤਰ ਵਿਸ਼ੇਸ਼ ਦੇ ਹੁਨਰ ਵਿਕਸਤ ਕਰੇਗਾ)। ਉਸ ਸਮਝੌਤੇ ਵਿੱਚ ਬਾਨੀਆਂ ਦੀਆਂ ਬਦਲਦੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਦੀਆਂ ਵਿਵਸਥਾਵਾਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਹੋ ਸਕਦਾ ਹੈ ਕਿ ਕੋਈ ਸਹਿ-ਬਾਨੀ ਕੰਮ ਹੀ ਨਾ ਕਰੇ ਜਾਂ ਕੰਪਨੀ ਕਿਸੇ ਨਵੇਂ ਮਾੱਡਲ ਅਨੁਸਾਰ ਕੰਮ ਕਰਨ ਲੱਗ ਪਵੇ।

2. ਫ਼ੈਸਲਾ ਲੈਣਾ

ਧਨ ਦਾ ਲੈਣ-ਦੇਣ ਕੇਵਲ ਇੱਕੋ ਡੈਸਕ ਉਤੇ ਹੋਣਾ ਚਾਹੀਦਾ ਹੈ, ਵੱਖੋ-ਵੱਖਰੇ ਡੈਸਕਾਂ ਉੱਤੇ ਨਹੀਂ। ਹਰੇਕ ਬਾਨੀ ਸੀ.ਈ.ਓ. ਜਾਂ ਸਹਿ-ਸੀ.ਈ.ਓ. ਨਾ ਤਾਂ ਕਦੇ ਹੋ ਸਕਦਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਕੋਈ ਜ਼ਰੂਰਤ ਹੀ ਹੁੰਦੀ ਹੈ। ਸਟਾਰਟ-ਅੱਪ ਵਿੱਚ ਜੇ ਫ਼ੈਸਲਾ ਕੋਈ ਕਮੇਟੀ ਲੈਂਦੀ ਹੈ ਤੇ ਜਾਂ ਬਹੁ-ਗਿਣਤੀ ਵੋਟ ਨਾਲ ਕੋਈ ਫ਼ੈਸਲਾ ਲਿਆ ਜਾਂਦਾ ਹੈ, ਤਾਂ ਅਜਿਹੀ ਪ੍ਰਕਿਰਿਆ ਉਤੇ ਬਹੁਤ ਜ਼ਿਆਦਾ ਸਮਾਂ ਖ਼ਰਚ ਹੁੰਦਾ ਹੈ ਅਤੇ ਫ਼ੈਸਲੇ ਵੀ ਵਧੀਆ ਢੰਗ ਨਾਲ ਨਹੀਂ ਲਏ ਜਾ ਸਕਦੇ। ਅੰਤਿਮ ਫ਼ੈਸਲਾ ਲੈਣ ਵਾਲਾ ਵਿਅਕਤੀ ਇੱਕ ਹੀ ਹੋਣਾ ਚਾਹੀਦਾ ਹੈ, ਜਿਸ ਨਾਲ ਸਾਰੀਆਂ ਸਬੰਧਤ ਧਿਰਾਂ ਨੂੰ ਹਰ ਗੱਲ ਸਪੱਸ਼ਟ ਹੋ ਸਕੇ। ਇਸੇ ਲਈ ਕੰਪਨੀ ਵਿੱਚ ਕੇਵਲ ਇੱਕ ਆਗੂ ਦੀ ਸ਼ਨਾਖ਼ਤ ਕਰਨੀ ਮਹੱਤਵਪੂਰਣ ਹੁੰਦੀ ਹੈ। ਮੋਹਰੀ ਨੂੰ ਉਸ ਦੀ ਕਾਰਗੁਜ਼ਾਰੀ ਦੇ ਆਧਾਰ ਉਤੇ ਬਦਲਿਆ ਜਾਣਾ ਚਾਹੀਦਾ ਹੈ ਤੇ ਕਦੇ ਰੋਟੇਸ਼ਨ ਸਿਸਟਮ ਨਹੀਂ ਹੋਣਾ ਚਾਹੀਦਾ; ਭਾਵ ਵਾਰੀ-ਵਾਰੀ ਸਿਰ ਮੋਹਰੀ ਜਾਂ ਫ਼ੈਸਲਾ ਲੈਣ ਵਾਲੇ ਵਿਅਕਤੀ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ। ਬੇਸ਼ੱਕ ਵੱਡੇ ਫ਼ੈਸਲੇ ਤਾਂ ਸਾਰੇ ਸਹਿ-ਬਾਨੀਆਂ ਨੂੰ ਮਿਲ ਕੇ ਹੀ ਲੈਣੇ ਚਾਹੀਦੇ ਹਨ; ਜਿਵੇਂ ਕਿ ਕਾਰੋਬਾਰ ਦਾ ਖੇਤਰ ਜਾਂ ਲਾਈਨ ਬਦਲਣਾ, ਨਿਵੇਸ਼ਕ ਬਾਰੇ ਕੋਈ ਫ਼ੈਸਲਾ ਕਰਨਾ, ਮੁਲੰਕਣ ਕਰਨਾ ਆਦਿ ਜਿਹੇ ਫ਼ੈਸਲੇ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਰੇ ਫ਼ੈਸਲੇ ਆਮ ਸਹਿਮਤੀ ਨਾਲ ਲਏ ਜਾਣੇ ਚਾਹੀਦੇ ਹਨ। ਤਾਲਮੇਲ ਅਤੇ ਵਿਚਾਰ-ਵਟਾਂਦਰਿਆਂ ਵਿੱਚ ਤਾਂ ਜਮਹੂਰੀਅਤ ਕੰਮ ਕਰਦੀ ਹੈ ਪਰ ਫ਼ੈਸਲੇ ਲੈਣ ਵਿੱਚ ਨਹੀਂ।

3. ਇਕਵਿਟੀ ਨਿਖੇੜ ਅਤੇ ਅਧਿਕਾਰ ਸੌਂਪਣਾ:

ਸਟਾਰਟ-ਅੱਪਸ ਦਾ ਸਰਵੇਖਣ ਦਰਸਾਉਂਦਾ ਹੈ ਕਿ ਬਾਨੀਆਂ ਵਿੱਚ ਆਮ ਤੌਰ ਉਤੇ ਸਮਾਨਤਾ ਰੱਖੀ ਜਾਂਦੀ ਹੈ। ਇਹ ਖ਼ਾਸ ਤੌਰ ਉਤੇ ਉਦੋਂ ਸੱਚ ਹੁੰਦਾ ਹੈ ਜੇ ਬਾਨੀ ਟੀਮ ਦਾ ਤਜਰਬਾ ਅਤੇ ਪਿਛੋਕੜ ਇੱਕਸਮਾਨ ਹੋਵੇ। ਸਟਾਰਟਅੱਪ ਵਿੱਚ ਸਮਾਨਤਾ ਭਵਿੱਖ ਵਿੱਚ ਕੀਮਤ-ਉਸਾਰੀ ਲਈ ਹੁੰਦੀ ਹੈ ਅਤੇ ਅਜਿਹਾ ਆਮ ਤੌਰ ਉਤੇ ਨਹੀਂ ਹੁੰਦਾ ਕਿ ਸਾਰੇ ਟੀਮ ਮੈਂਬਰ ਇੱਕੋ ਜਿਹੇ ਢੰਗ ਨਾਲ ਆਪੋ-ਆਪਣਾ ਯੋਗਦਾਨ ਪਾਉਣਗੇ ਜਾਂ ਇਹ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਇੱਕੋ ਜਿਹੀ ਹੋਵੇਗੀ। ਅਤੇ ਜੇ ਉਨ੍ਹਾਂ ਦਾ ਪਿਛੋਕੜ ਤੇ ਤਜਰਬਾ ਸਮਾਨ ਨਹੀਂ ਹੈ, ਤਦ ਸਾਰੇ ਸਹਿ-ਬਾਨੀਆਂ ਨੂੰ ਇੱਕੋ ਜਿਹੇ ਅਧਿਕਾਰ ਨਹੀਂ ਮਿਲਦੇ। ਮੋਹਰੀ ਸਹਿ-ਬਾਨੀ/ਸੀ.ਈ.ਓ. ਦੀ ਇਕਵਿਟੀ ਆਪਣੇ ਸਹਿ-ਬਾਨੀਆਂ ਨਾਲੋਂ ਵੱਧ ਹੋਵੇਗੀ। ਅਜਿਹੇ ਵਿਚਾਰ ਵਟਾਂਦਰੇ ਸੁਖਾਵੇਂ ਨਹੀਂ ਵੀ ਹੋ ਸਕਦੇ ਪਰ ਇਹ ਜ਼ਰੂਰ ਹੋਣੇ ਚਾਹੀਦੇ ਹਨ ਕਿ ਤਾਂ ਜੋ ਬਾਅਦ 'ਚ ਕਿਸੇ ਵੇਲੇ ਅਸੁਖਾਵੇਂਪਣ ਦਾ ਸਾਹਮਣਾ ਨਾ ਕਰਨਾ ਪਵੇ। ਬਾਨੀਆਂ ਵਿੱਚ ਜੇ ਅਜਿਹਾ ਅਸੁਖਾਵਾਂ ਮਾਹੌਲ ਹੋਵੇਗਾ, ਤਦ ਕੰਪਨੀ ਕਾਰਗੁਜ਼ਾਰੀ ਉਤੇ ਵੀ ਉਸ ਦਾ ਮਾੜਾ ਅਸਰ ਪਵੇਗਾ। ਇਕਵਿਟੀ ਨਿਖੇੜ ਤੋਂ ਇਲਾਵਾ ਅਧਿਕਾਰ ਦੇਣਾ ਵੀ ਓਨਾ ਹੀ ਅਹਿਮ ਹੁੰਦਾ ਹੈ ਤੇ ਬਾਨੀਆਂ ਨੂੰ ਬਾਜ਼ਾਰ ਦੀ ਸਥਿਤੀ ਦੇ ਆਧਾਰ ਉਤੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ; ਇਹ ਸਥਿਤੀ ਬਿਲਕੁਲ ਉਵੇਂ ਹੀ ਹੁੰਦੀ ਹੈ, ਜਿਵੇਂ ਕਿ ਕੋਈ ਸੀਨੀਅਰ ਲੀਡਰਸ਼ਿਪ ਤੋਂ ਆਸ ਰਖਦਾ ਹੈ। ਜੇ ਕੋਈ ਸਹਿ-ਬਾਨੀ ਅਧਵਾਟੇ ਹੀ ਕੰਪਨੀ ਨੂੰ ਛੱਡ ਜਾਂਦਾ ਹੈ, ਤਾਂ ਅਣਵੰਡੇ ਸ਼ੇਅਰ ਇੱਕ ਬਦਲ ਲੱਭਣ ਲਈ ਵਰਤੇ ਜਾ ਸਕਦੇ ਹਨ।

ਬਾਨੀਆਂ ਦੀ ਟੀਮ ਦੇ ਆਪਸੀ ਸਬੰਧ ਇੱਕ ਵਿਆਹ ਵਾਂਗ ਹੁੰਦੇ ਹਨ - ਸਾਨੂੰ ਆਸ ਹੈ ਕਿ ਇਹ ਸਬੰਧ ਸਦੀਵੀ ਹੋਣਗੇ ਪਰ ਅਸਲ ਵਿਆਹਾਂ ਵਾਂਗ ਇੱਥੇ ਬਹੁਤ ਸਾਰੇ ਹੈਰਾਨੀਜਨਕ ਪੱਖ ਵੀ ਹੋ ਸਕਦੇ ਹਨ। ਇਸੇ ਲਈ 'ਵਿਆਹ ਤੋਂ ਪਹਿਲਾਂ' ਸਮਝੌਤੇ ਕਰ ਲੈਣੇ ਬਿਹਤਰ ਹੁੰਦੇ ਹਨ, ਕਿਉਂਕਿ ਬਾਅਦ 'ਚ ਫਿਰ ਪਛਤਾਉਣਾ ਪੈ ਸਕਦਾ ਹੈ।

ਲੇਖਕ: ਭਾਰਤੀ ਜੈਕਬ