ਸਹੀ ਸਮੇਂ 'ਤੇ ਸਹੀ ਫ਼ੈਸਲਾ ਤੇ ਸਹੀ ਤਾਲਮੇਲ ਹੋਵੇ, ਤਾਂ ਕਿਸਮਤ ਵੀ ਦਿੰਦੀ ਹੈ ਸਾਥ

ਸਹੀ ਸਮੇਂ 'ਤੇ ਸਹੀ ਫ਼ੈਸਲਾ ਤੇ ਸਹੀ ਤਾਲਮੇਲ ਹੋਵੇ, ਤਾਂ ਕਿਸਮਤ ਵੀ ਦਿੰਦੀ ਹੈ ਸਾਥ

Tuesday December 08, 2015,

8 min Read

ਆਈਪੈਨ, ਮਾਈਕ੍ਰੋਸਾੱਫ਼ਟ ਅਤੇ ਐਮੇਜ਼ੌਨ - ਮੀਨੂੰ ਹਾਂਡਾ ਨੇ ਇਹ ਸਭ ਵੇਖਿਆ ਹੈ। ਉਚ ਪੱਧਰੀ ਪਛਾਣ ਵਾਲੀਆਂ ਕੰਪਨੀਆਂ ਨਾਲ ਕੰਮ ਕਰਨ ਵਾਲੀ ਇਹ ਲੋਕ-ਸੰਪਰਕ ਪ੍ਰੋਫ਼ੈਸ਼ਨਲ ਹਰ ਥਾਂ ਕੰਮਕਾਜੀ ਔਰਤਾਂ ਲਈ ਇੱਕ ਪ੍ਰੇਰਣਾ ਸਰੋਤ ਬਣੇ ਰਹੇ ਹਨ। ਕਿਉਂ? ਇਸ ਲਈ ਕਿ ਬਿਲਕੁਲ ਸਪੱਸ਼ਟ ਅਤੇ ਬੇਝਿਜਕ ਸ਼ੈਲੀ ਉਨ੍ਹਾਂ ਦੀ ਖ਼ਾਸ ਪਛਾਣ ਹੈ।

ਮੀਨੂੰ ਦੀ ਜੀਵਨ-ਯਾਤਰਾ ਦੀ ਕਹਾਣੀ ਜਾਣਨ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ 'ਚ ਮਿਲੀ। ਇਸ ਦੌਰਾਨ ਮੈਨੂੰ ਉਨ੍ਹਾਂ ਦੇ ਕਿੱਤੇ ਦੀ ਪਛਾਣ ਪਿੱਛੇ ਮੌਜੂਦ ਔਰਤ ਨੂੰ ਵੇਖਣ ਦਾ ਮੌਕਾ ਮਿਲਿਆ। ਆਪਣੇ ਬੱਚਿਆਂ ਅਤੇ ਪਾਲਤੂ ਜਾਨਵਰ ਦੇ ਅਨੁਰੋਧ ਕਾਰਣ ਰੁਕ-ਰੁਕ ਕੇ ਚੱਲਣ ਵਾਲੀ 'ਯੂਅਰ ਸਟੋਰੀ' ਨਾਲ ਘੰਟਾ ਲੰਮੀ ਚੱਲੀ ਗੱਲਬਾਤ ਦੌਰਾਨ ਮੀਨੂੰ ਨੇ ਆਪਣੇ ਜੀਵਨ ਦੀ 'ਸੇਰੇਂਡਿਪਟੀ' ਭਾਵ ਅਚਾਨਕ ਲਾਪ ਅਤੇ ਖ਼ੁਦ ਨੂੰ ਘੜਨ ਵਿੱਚ ਭੂਮਿਕਾ ਨਿਭਾਉਣ ਵਾਲੇ ਪ੍ਰਭਾਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਮੈਂ ਉਨ੍ਹਾਂ ਅੰਦਰ ਭਾਰੀ ਖਰ੍ਹਵਾਪਣ ਅਤੇ ਸੰਜਮ ਮਹਿਸੂਸ ਕੀਤਾ ਅਤੇ ਉਹ ਜੀਵਨ ਵਿੱਚ ਆਪਣੇ ਤਰੀਕੇ ਨਾਲ ਆਉਣ ਵਾਲੀਆਂ ਚੀਜ਼ਾਂ ਵਿੱਚ ਵਿਸ਼ਵਾਸ ਕਰਨ ਵਾਲੇ ਵੀ ਜਾਪੇ। ਇੱਕ ਮਿਲਣਸਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਮਝਣ ਵਾਲੇ ਮੀਨੂੰ ਦੀ ਭਾਵਨਾ ਨਾਲ ਓਤ-ਪ੍ਰੋਤ ਹੋ ਕੇ ਮੈਂ ਪਰਤੀ।

image


ਮੀਨੂੰ ਦੀ ਕਹਾਣੀ, ਉਨ੍ਹਾਂ ਦੀ ਆਪਣੀ ਜ਼ੁਬਾਨੀ

ਜੇ ਮੈਂ ਆਪਣੇ ਜੀਵਨ ਉਤੇ ਟਿੱਪਣੀ ਕਰਾਂ, ਤਾਂ ਮੈਂ ਕਹਿ ਸਕਦੀ ਹਾਂ ਇਹ ਅਚਾਨਕ ਲਾਭ ਦੇ ਰੁਝਾਨ ਰਾਹੀਂ ਚੱਲ ਰਹੀ ਹੈ। ਜੀਵਨ ਦੀਆਂ ਬਹੁਤੀਆਂ ਵਧੀਆ ਗੱਲਾਂ ਚਾਣਚੱਕ ਹੀ ਵਾਪਰੀਆਂ ਹਨ, ਇੱਥੋਂ ਤੱਕ ਕਿ ਮੇਰੇ ਬੱਚੇ ਵੀ (ਮੁਸਕਰਾ ਕੇ ਆਖਦੇ ਹਨ)। ਯੋਜਨਾ ਨਹੀਂ ਉਲੀਕੀ ਸੀ, ਪਰ ਉਹ ਦੋਵੇਂ ਪੈਦਾ ਹੋ ਗਏ। ਸਪੱਸ਼ਟ ਹੈ ਕਿ ਇਹ ਮੌਜ-ਮਜ਼ੇ ਦਾ ਹੀ ਮਾਮਲਾ ਰਿਹਾ ਹੈ। ਮੈਨੂੰ ਕਹਿਣ ਦੇਵੋ ਕਿ ਮੈਂ ਅਜਿਹਾ ਕਿਉਂ ਆਖ ਰਹੀ ਹਾਂ। ਦਰਅਸਲ ਮੈਂ ਬਾਸਕੇਟਬਾੱਲ ਖੇਡਦੀ ਹਾਂ। ਮੈਂ ਰਾਸ਼ਟਰੀ ਬਾਸਕੇਟਬਾੱਲ ਟੀਮ ਵਿੱਚ ਸਾਂ ਅਤੇ ਉਸ ਨੇ ਮੈਨੂੰ ਕਿਵੇਂ ਪ੍ਰਭਾਵਿਤ ਕੀਤਾ, ਇਸ ਦੀ ਵੀ ਦਿਲਚਸਪ ਕਹਾਣੀ ਹੈ।

ਬਾਸਕੇਟਬਾੱਲ ਮੇਰਾ ਪਹਿਲਾ ਜਨੂੰਨ

ਸੱਤਵੀਂ ਜਮਾਤ ਵਿੱਚ ਇੱਕ ਦਿਨ ਮੈਨੂੰ ਕਿਸੇ ਕਾਰਣ ਬਾਸਕੇਟਬਾੱਲ ਕੋਰਟ ਵਿੱਚ ਜਾਣਾ ਪਿਆ (ਸ਼ਾਇਦ ਕੋਰਟ ਬੰਦ ਸਨ)। ਮੈਂ ਗੇਂਦ ਚੁੱਕੀ ਅਤੇ ਉਸ ਨੂੰ ਦੋ-ਤਿੰਨ ਵਾਰ ਉਛਾਲ਼ਿਆ। ਗੇਂਦ ਉਛਾਲ਼ਦਿਆਂ ਮੈਨੂੰ ਕੋਚ ਨੇ ਵੇਖ ਲਿਆ, ਜੋ ਉਸੇ ਸਵੇਰ ਆਏ ਸਨ। ਇਸ ਦਾ ਜੋ ਵੀ ਕਾਰਣ ਰਿਹਾ ਹੋਵੇ ਪਰ ਈਸ਼ਵਰ ਉਨ੍ਹਾਂ 'ਤੇ ਕ੍ਰਿਪਾ ਕਰੇ, ਉਨ੍ਹਾਂ ਮੈਨੂੰ ਇੱਕ ਪਾਸੇ ਸੱਦਿਆ ਅਤੇ ਕਿਹਾ,''ਕੀ ਤੂੰ ਆਪਣੀ ਮਾਂ ਨੂੰ ਸੱਣ ਸਕਦੀ ਹੈਂ ਅਤੇ ਕੱਲ੍ਹ ਸਵੇਰੇ ਆ ਸਕਦੀ ਹੈਂ?'' ਮੇਰੀ ਮਾਂ ਸਦਾ ਕਿਸੇ ਚੀਜ਼ ਨੂੰ ਅਜ਼ਮਾਉਣ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਕਿਹਾ,''ਠੀਕ ਹੈ, ਆਪਾਂ ਚੱਲਾਂਗੇ।'' ਉਨ੍ਹਾਂ ਮੇਰੀ ਮਾਂ ਨੂੰ ਦੱਸਿਆ ਕਿ ਮੇਰੇ ਵਿੱਚ ਵਧੀਆ ਸੰਭਾਵਨਾ ਹੈ ਅਤੇ ਉਹ ਮੈਨੂੰ ਰਾਸ਼ਟਰੀ ਪੱਧਰ ਦੀ ਖੇਡ ਲਈ ਦਿੱਲੀ ਸੂਬੇ ਦੀ ਅੰਡਰ-12 ਟੀਮ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਮੈਨੂੰ ਸੂਬੇ ਦੀ ਟੀਮ ਲਈ ਚੁਣ ਲਿਆ ਗਿਆ, ਜਦ ਕਿ ਮੈਂ ਨਾ ਤਾਂ ਕਦੇ ਬਾਸਕੇਬਾੱਲ ਖੇਡੀ ਸਾਂ ਅਤੇ ਨਾ ਹੀ ਹੀ ਇਸ ਦੇ ਨਿਯਮਾਂ ਬਾਰੇ ਹੀ ਕੁੱਝ ਪਤਾ ਸੀ।

ਰਾਸ਼ਟਰੀ ਖੇਡਾਂ ਵਿੱਚ ਮੈਨੂੰ ਬਤੌਰ 'ਐਕਸਟਰਾ' ਭਾਵ ਵਾਧੂ ਖਿਡਾਰੀ ਵਜੋਂ ਰੱਖਿਆ ਗਿਆ। ਇਸ ਲਈ ਮੈਂ ਬਹੁਤ ਨਿਰਾਸ਼ ਸਾਂ। ਇਸ ਲਈ ਮੈਂ ਰੋਣ ਲੱਗ ਪਈ - ਸੱਚਮੁਚ ਰੋਣ ਲੱਗੀ। ਗਿਆਰਾਂ ਸਾਲ ਦੀ ਬੱਚੀ ਨੂੰ ਕਿਤੇ ਲਿਜਾਂਦਾ ਗਿਆ ਪਰ ਖੇਡਣ ਨਹੀਂ ਦਿੱਤਾ ਗਿਆ। ਮੈਂ ਸੋਚਦੀ ਹਾਂ ਕਿ ਮੁਕਾਬਲੇ ਦੀ ਭਾਵਨਾ ਮੇਰੇ ਅੰਦਰ ਸਦਾ ਤੋਂ ਸੀ। ਇਸੇ ਲਈ ਉਨ੍ਹਾਂ ਲੋਕਾਂ ਨੇ ਮੈਨੂੰ ਦੂਜੇ ਮੈਚ ਵਿੱਚ ਖੇਡਣ ਦਿੱਤਾ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਹੀ ਸਾਂ। ਮੈਂ ਬੱਸ ਨੱਸ ਰਹੀ ਸਾਂ। ਜਿੱਥੇ ਗੇਂਦ ਹੁੰਦੀ, ਮੈਂ ਉਥੇ ਪੁੱਜ ਜਾਂਦੀ ਸਾਂ। ਇੱਕ ਵਾਰ ਗੇਂਦ ਮੇਰੇ ਹੱਥ ਲੱਗੀ, ਤਾਂ ਮੈਂ ਉਛਾਲ਼ ਦਿੱਤੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਕਰਨਾ ਕੀ ਹੈ। ਰੱਬ ਜਾਣੇ ਕੀ ਹੋਇਆ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਜ਼ਿਆਦਾ ਖੇਡਣ ਨਹੀਂ ਦਿੱਤਾ।

ਭਾਵੇਂ ਇਸ ਘਟਨਾ ਤੋਂ ਬਾਅਦ ਖੇਡ ਪ੍ਰਤੀ ਮੇਰਾ ਸਮਰਪਣ ਹੋਰ ਵੀ ਮਜ਼ਬੂਤ ਹੋਇਆ। ਜਦੋਂ ਮੰਮੀ-ਡੈਡੀ ਹਾਲ਼ੇ ਸੌਂ ਹੀ ਰਹੇ ਹੁੰਦੇ ਸਨ, ਮੈਂ ਜਾਗ ਜਾਂਦੀ ਸਾਂ ਅਤੇ ਆਪਣਾ ਨਾਸ਼ਤਾ ਤਿਆਰ ਕਰ ਕੇ 6 ਵਜੇ ਸਵੇਰੇ ਡੀ.ਟੀ.ਸੀ. (ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ) ਦੀ ਬੱਸ ਫੜ ਲੈਂਦੀ ਸਾਂ। ਮੈਂ 8 ਵਜੇ ਤੱਕ ਖੇਡਦੀ ਸਾਂ ਅਤੇ ਫਿਰ ਕਲਾਸ ਵਿੱਚ ਜਾਂਦੀ ਸਾਂ। ਦੁਪਹਿਰ ਨੂੰ ਅਸੀਂ ਮੈਚ ਖੇਡਣਾ ਹੁੰਦਾ ਸੀ, ਜਦੋਂ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਹੁੰਦਾ ਸੀ। ਪਰ ਮੈਨੂੰ ਉਸ ਦੀ ਕਦੇ ਕੋਈ ਚਿੰਤਾ ਨਹੀਂ ਹੋਈ। ਗਰਮੀਆਂ ਦੀਆਂ ਛੁੱਟੀਆਂ ਵਿੱਚ ਵੀ ਮੈਂ 6:30 ਵਜੇ ਸਕੂਲ ਪੁੱਜ ਜਾਂਦੀ ਸਾਂ ਅਤੇ 10 ਵਜੇ ਤੱਕ ਖੇਡਦੀ ਸਾਂ। ਇੰਝ ਮੈਂ ਖੇਡ ਪ੍ਰਤੀ ਕਾਫ਼ੀ ਸਮਰਪਿਤ ਸਾਂ। ਮੈਨੂੰ ਪੱਕਾ ਪਤਾ ਹੈ ਕਿ ਅੱਜ ਵੀ ਕੁੱਝ ਬੱਚੇ ਓਨੇ ਹੀ ਸਮਰਪਿਤ ਹਨ ਪਰ ਉਹ ਕੁੱਝ ਵੱਧ ਮੰਗ ਕਰਦੇ ਹਨ। ਉਹ ਵੱਧ ਫ਼ੈਂਸੀ ਜੁੱਤੀਆਂ ਦੀ ਮੰਗ ਕਰਦੇ ਹਨ, ਜਦ ਕਿ ਅਸੀਂ ਆਪਣੇ ਬਾਟਾ ਦੀਆਂ ਜੁੱਤੀਆਂ ਤੋਂ ਹੀ ਖ਼ੁਸ਼ ਸਾਂ (ਮੁਸਕਰਾਉਂਦੇ ਹਨ)।

ਬਾਸਕੇਟਬਾੱਲ ਤੋਂ ਪਰ੍ਹਾਂ ਜ਼ਿੰਦਗੀ

ਮੇਰਾ ਮੰਮੀ-ਡੈਡੀ ਇੰਗਲੈਂਡ ਚਲੇ ਗਏ ਅਤੇ ਮੈਂ ਦਿੱਲੀ ਦੇ ਸੇਂਟ ਸਟੀਫ਼ਨਜ਼ ਕਾਲਜ ਵਿੱਚ ਤਿੰਨ ਸਾਲ ਪੜ੍ਹਾਈ ਕੀਤੀ। ਹੁਣ ਸੁਆਲ ਸੀ ਕਿ ਜ਼ਿੰਦਗੀ ਵਿੱਚ ਕੀ ਕੀਤਾ ਜਾਵੇ। ਮੈਨੂੰ ਪਤਾ ਸੀ ਕਿ ਮੇਰੇ ਲਈ ਬਾਸਕੇਟਬਾੱਲ ਵਿੱਚ ਕੋਈ ਭਵਿੱਖ ਨਹੀਂ ਸੀ ਕਿਉਂਕਿ ਉਸ ਵਿੱਚ ਪੈਸਾ ਨਹੀਂ ਸੀ।

ਮੇਰੇ ਮੰਮੀ-ਡੈਡੀ ਬਹੁਤ ਜ਼ੋਰ ਦੇ ਰਹੇ ਸਨ ਕਿ ਮੈਂ ਵੀ ਇੰਗਲੈਂਡ ਆ ਜਾਵਾਂ ਪਰ ਉਸੇ ਵੇਲੇ ਮੇਰੀ ਮੁਲਾਕਾਤ ਮੇਰੇ ਸਾਬਕਾ ਪਤੀ ਨਾਲ ਹੋਈ। ਉਹ ਮੇਰੀ ਸਹੇਲੀ ਦਾ ਭਰਾ ਸੀ। ਮੈਂ ਆਪਣੇ-ਆਪ ਨੂੰ ਕਿਹਾ ਕਿ ਹੁਣ ਤਾਂ ਉਥੇ ਜਾਣ ਤੋਂ ਬਚਣ ਦਾ ਕੋਈ ਰਾਹ ਨਹੀਂ ਹੈ।

ਅਤੇ ਤਦ ਇਹ ਮੁੜ ਹੋਇਆ: ਅਚਾਨਕ ਲਾਭ। ਮੈਂ ਆਪਣੀ ਉਸ ਸਹੇਲੀ ਨਾਲ ਸਕੂਲ ਵਿੱਚ ਹੀ ਸਮਾਂ ਬਿਤਾ ਰਹੀ ਸਾਂ ਅਤੇ ਉਹ ਕਿਸੇ ਈਵਨਿੰਗ ਕੋਰਸ ਲਈ ਆਪਣੀ ਇੱਕ ਸਹੇਲੀ ਨੂੰ ਮਿਲਣ ਜਾ ਰਹੀ ਸਾਂ, ਜਿਸ ਨੇ ਲੋਕ ਸੰਪਰਕ ਅਤੇ ਇਸ਼ਤਿਹਾਰ ਵਿੱਚ ਪੋਸਟ-ਗਰੈਜੂਏਸ਼ਨ ਡਿਪਲੋਮਾ ਕੀਤਾ ਹੋਹਿਆ ਸੀ। ਮੈਂ ਵੀ ਈਵਨਿੰਗ ਕੋਰਸ ਕਰ ਲੈਣ ਦਾ ਫ਼ੈਸਲਾ ਕੀਤਾ, ਤਾਂ ਜੋ ਮੇਰੇ ਰਿਜ਼ਿਊਮੇ ਵਿੱਚ ਕੁੱਝ ਤਾਂ ਹੋਵੇ। ਕੋਰਸ ਦੀ ਸਮਾਪਤੀ ਦੇ ਦਿਨਾਂ ਵਿੱਚ ਮੈਂ ਲੋਕ ਸੰਪਰਕ ਉਦਯੋਗ ਬਾਰੇ ਇੱਕ ਕਹਾਣੀ ਪੜ੍ਹ ਰਹੀ ਸਾਂ ਅਤੇ ਉਸ ਵਿੱਚ ਆਈਪੈਨ ਦਾ ਜ਼ਿਕਰ ਆਇਆ। ਇਸ ਕੰਪਨੀ ਵਿੱਚ ਮੇਰੀ ਦਿਲਚਸਪੀ ਵਧ ਗਈ ਸਾਂ। ਮੈਨੂੰ ਪਤਾ ਚੱਲਿਆ ਕਿ ਕੋਰਸ ਕਰਨ ਵਾਲੀ ਜਿਸ ਕੁੜੀ ਨਾਲ ਮੈਂ ਗੱਲ ਕੀਤੀ ਸੀ, ਉਹ ਆਈਪੈਨ 'ਚ ਸੀ।

ਇਹ 1990 ਦੇ ਅਰੰਭ ਦੀ ਗੱਲ ਹੈ।

ਇਸੇ ਲਈ ਮੈਂ ਆਈਪੈਨ ਨਾਲ ਸੰਪਰਕ ਕੀਤਾ। ਉਸ ਵੇਲੇ ਉਨ੍ਹਾਂ ਦੇ ਦਫ਼ਤਰ ਵਿੱਚ ਕੋਈ ਥਾਂ ਖ਼ਾਲੀ ਨਹੀਂ ਸੀ ਅਤੇ ਮੈਨੂੰ ਬਾਅਦ ਵਿੱਚ ਮਿਲਣ ਲਈ ਕਿਹਾ ਗਿਆ। ਉਸ ਨੂੰ ਛੱਡ ਕੇ ਮੈਂ ਹੋਰਨਾਂ ਸਥਾਨਾਂ ਉਤੇ ਅਰਜ਼ੀ ਦੇਣੀ ਸ਼ੁਰੂ ਕੀਤੀ ਪਰ ਮੇਰੀ ਦਿਲਚਸਪੀ ਤਾਂ ਆਈਪੈਨ 'ਚ ਸੀ। ਜਦੋਂ ਤੁਸੀਂ ਕਿਸੇ ਦਫ਼ਤਰ ਵਿੱਚ ਜਾਓ, ਤਾਂ ਕਿਸੇ ਨਾ ਕਿਸੇ ਤਰ੍ਹਾਂ ਪਤਾ ਚੱਲ ਹੀ ਜਾਂਦਾ ਹੈ ਕਿ ਤੁਸੀਂ ਸਹੀ ਜਗ੍ਹਾ ਉਤੇ ਹੋ। ਜੋ ਵੀ ਹੋਵੇ, ਮੈਂ ਆਈਪੈਨ 'ਚ ਕੰਮ ਕਰਨ ਦਾ ਆਪਣਾ ਸੁਫ਼ਨਾ ਨਹੀਂ ਭੁੱਲੀ ਅਤੇ ਅਕਸਰ ਉਥੇ ਸੰਪਰਕ ਕਰਦੀ ਰਹੀ। ਅਖ਼ੀਰ, ਉਨ੍ਹਾਂ ਲੋਕਾਂ ਨੇ ਆਪਣਾ ਮਨ ਬਦਲਿਆ ਅਤੇ ਕਿਹਾ,''ਵੇਖੋ ਦਫ਼ਤਰ ਵਿੱਚ ਤਾਂ ਕੋਈ ਜਗ੍ਹਾ ਖ਼ਾਲੀ ਨਹੀਂ ਹੈ, ਇਸ ਲਈ ਤੈਨੂੰ ਰਿਸੈਪਸ਼ਨ ਉਤੇ ਬੈਠਣਾ ਪਵੇਗਾ।'' ਤਾਂ ਮੈਂ ਅਤੇ ਇੱਕ ਹੋਰ ਕੁੜੀ ਨੇ ਉਥੇ ਇੱਕੋ ਸਮੇਂ ਜੁਆਇਨ ਕਰ ਲਿਆ। ਸਾਡੇ ਡੈਸਕ 'ਵੇਟਿੰਗ ਹਾੱਲ' ਵਿੱਚ ਰੱਖੇ ਗਏ। ਇਹ ਮੇਰੇ ਕੈਰੀਅਰ ਦੀ ਅਸਲ ਵਿੱਚ ਸ਼ੁਰੂਆਤ ਸੀ।

ਆਈਪੈਨ ਤੋਂ ਰਵਾਨਗੀ

ਮੈਂ ਆਈਪੈਨ 'ਚ 15 ਸਾਲਾਂ ਤੱਕ ਰਹੀ। ਇੱਕ ਤਰ੍ਹਾਂ ਇਹ ਕਿੱਤਾ, ਇਹ ਕੰਪਨੀ ਮੇਰੀ ਜੀਵਨ-ਸਾਥੀ ਹੀ ਬਣ ਗਈ ਸੀ। ਉਸ ਤੋਂ ਬਾਅਦ ਕਈ ਕਾਰਣਾਂ ਕਰ ਕੇ ਬਾਨੀ ਸੀ.ਈ.ਓ. ਨੇ ਆਈਪੈਨ ਛੱਡ ਦਿੱਤੀ। ਇਸ ਕਰ ਕੇ ਕੰਪਨੀ ਵਿੱਚ ਭਾਰੀ ਖ਼ਾਲੀਪਣ ਜਿਹਾ ਆ ਗਿਆ। ਉਸ ਨੂੰ ਅਸਲ ਵਿੱਚ ਮੈਂ ਚਲਾ ਰਹੀ ਸਾਂ। ਉਸੇ ਸਮੇਂ ਮੈਨੂੰ ਆਸ ਸੀ ਕਿ ਹਾਲਾਤ ਨੂੰ ਮੈਂ ਬਿਹਤਰ ਤਰੀਕੇ ਨਾਲ ਸੰਭਾਲ਼ ਲਵਾਂਗੀ। ਪਰ ਅਜਿਹਾ ਨਹੀਂ ਹੋਇਆ। ਕੰਪਨੀ ਨੇ ਕਿਸੇ ਹੋਰ ਨੂੰ ਸੀ.ਈ.ਓ. ਵਜੋਂ ਲਿਆਉਣ ਦਾ ਫ਼ੈਸਲਾ ਕੀਤਾ। ਉਦੋਂ ਮੈਂ ਸੋਚਿਆ ਕਿ ਮੇਰੇ ਲਈ ਕਿਤੇ ਹੋਰ ਜਾਣ ਦਾ ਵੇਲਾ ਆ ਗਿਆ ਹੈ। ਮੈਂ ਸੋਚਿਆ ਸੀ ਕਿ ਮਾਈਕ੍ਰੋਸਾੱਫ਼ਟ ਨਾਲ ਰਾਬਤਾ ਕਾਇਮ ਹੋ ਗਿਆ।

ਇਸ ਵਾਰ ਵੀ, ਇੱਕ ਜਾਣਕਾਰ ਨੇ ਮੈਨੂੰ ਮਾਈਕ੍ਰੋਸਾੱਫ਼ਟ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਨਾਲ ਮਿਲਾਇਆ ਕਿਉਂਕਿ ਉਹ ਮੇਰੇ ਜਿਹੇ ਪਿਛੋਕੜ ਵਾਲੇ ਕਿਸੇ ਯੋਗ ਵਿਅਕਤੀ ਦੀ ਭਾਲ਼ ਵਿੱਚ ਸਨ। ਮੈਂ ਉਨ੍ਹਾਂ ਨੂੰ ਮਿਲੀ ਅਤੇ ਤੁਰੰਤ ਗੱਲ ਪੱਕੀ ਹੋ ਗਈ। ਮਾਈਕ੍ਰੋਸਾੱਫ਼ਟ ਵਿੱਚ ਸਾਢੇ ਸੱਤ ਵਰ੍ਹੇ ਰਹਿਣ ਦੌਰਾਨ ਮੈਂ ਇੱਕ ਟੀਮ ਤਿਆਰ ਕਰ ਦਿੱਤੀ। ਪਰ ਹੁਣ ਮੈਂ ਬੋਰ ਹੋ ਰਹੀ ਸਾਂ।

ਐਮੇਜ਼ੌਨ ਕਿਸੇ ਦੀ ਭਾਲ਼ ਵਿੱਚ ਸੀ। ਭਾਵੇਂ ਉਨ੍ਹਾਂ ਦਾ ਕੰਮ ਕਿਤੇ ਹੋਰ ਸਥਾਨ ਤੋਂ ਚੱਲ ਰਿਹਾ ਸੀ, ਫਿਰ ਵੀ ਲੋਕ ਮੈਨੂੰ ਦਿੱਲੀ ਤੋਂ ਕੰਮ ਕਰਨ ਦੇਣ ਲਈ ਆਸਾਨੀ ਨਾਲ ਤਿਆਰ ਸਨ। ਮੈਂ ਐਮੇਜ਼ੌਨ ਨਾਲ ਜੁੜ ਗਈ।

ਅਸਰ

ਸੰਸਕਾਰ ਜ਼ਿੰਦਗੀ ਵਿੱਚ ਬੇਸ਼ੱਕ ਕੋਈ ਤਬਦੀਲੀ ਲਿਆਉਂਦੇ ਹਨ। ਮੇਰੀ ਮਾਂ ਜੁਝਾਰੂ ਹਨ। ਜਦੋਂ ਉਹ ਕੁੱਝ ਹਾਸਲ ਕਰਨ ਚਾਹੁੰਦੇ ਹਨ, ਤਾਂ ਲੈ ਹੀ ਲੈਂਦੇ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਅੰਦਰ ਵੀ ਹਨ। ਅਸੀਂ ਸਦਾ ਆਪਣੀ ਰਾਇ ਮਜ਼ਬੂਤੀ ਨਾਲ ਰੱਖੀ ਹੈ ਅਤੇ ਕੋਈ ਅਪਮਾਨ ਆਸਾਨੀ ਨਾਲ ਬਰਦਾਸ਼ਤ ਨਹੀਂ ਹੁੰਦਾ। ਮੈਂ ਆਪਣੀ ਮਾਂ ਵਾਂਗ ਹੀ ਪ੍ਰਤੀਕਰਮ ਪ੍ਰਗਟਾਉਂਦੀ ਹਾਂ। ਇਹ ਗੱਲ ਨਾਂਹ-ਪੱਖੀ ਵੀ ਹੋ ਸਕਦੀ ਹੈ।

ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੇਰੇ ਮੰਮੀ-ਡੈਡੀ ਨੇ ਜਦੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ, ਤਦ ਉਨ੍ਹਾਂ ਦੀ ਜੇਬ ਵਿੱਚ ਕੇਵਲ 50 ਪੈਸੇ ਸਨ। ਉਨ੍ਹਾਂ ਨੇ ਸੱਚਮੁਚ ਬਹੁਤ ਸਖ਼ਤ ਮਿਹਨਤ ਕੀਤੀ ਹੈ ਅਤੇ ਸਾਨੂੰ ਵਧੀਆ ਪਬਲਿਕ ਸਕੂਲ ਵਿੱਚ ਭੇਜਿਆ। ਮੇਰੀ ਮਾਂ ਦੇ ਦਿਮਾਗ਼ ਵਿੱਚ ਬਿਲਕੁਲ ਸਾਫ਼ ਸੀ ਕਿ ਬੱਚਿਆਂ ਨੂੰ ਵਧੀਆ ਪਬਲਿਕ ਸਕੂਲ ਵਿੱਚ ਭੇਜਣਾ ਹੈ। ਉਨ੍ਹਾਂ ਮੇਰੇ ਪਿਤਾ ਜੀ ਨੂੰ ਕਿਹਾਸੀ,''ਜੋ ਵੀ ਹੋਵੇ, ਸਾਨੂੰ ਪੱਕੇ ਤੌਰ ਉਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਅੰਗਰੇਜ਼ੀ ਮਾਧਿਅਮ ਵਾਲੇ ਵਧੀਆ ਸਕੂਲ 'ਚ ਹੀ ਪੜ੍ਹਨ।'' ਅਸੀਂ ਲੋਕ ਬਹੁਤ ਐਸ਼-ਆਰਾਮ ਨਾਲ ਨਹੀਂ ਰਹੇ ਪਰ ਕੁੱਝ ਘਾਟ ਵੀ ਮਹਿਸੂਸ ਨਹੀਂ ਹੁੰਦੀ ਸੀ। ਅਸੀਂ ਜੇ ਕੁੱਝ ਕਰਨਾ ਚਾਹੁੰਦੇ ਸਾਂ, ਤਾਂ ਕਰ ਹੀ ਲੈਂਦੇ ਸਾਂ।

ਮੈਂ ਵੇਖਿਆ ਕਿ ਮੇਰੀ ਮਾਂ ਨੇ ਬਿਲਕੁਲ ਸਿਫ਼ਰ ਤੋਂ ਆਪਣਾ ਘਰ ਖੜ੍ਹਾ ਕੀਤਾ ਸੀ। ਪਿਤਾ ਜੀ ਵਿੱਤੀ ਮਾਮਲੇ ਸੰਭਾਲ਼ਦੇ ਸਨ। ਉਹ ਕੰਮ ਕਰਨ ਵਾਲੀ ਮਾਂ ਸੀ ਪਰ ਉਹ ਸਾਈਟ ਉਤੇ ਰੋਜ਼ ਜਾਂਦੇ ਸਨ ਅਤੇ ਉਸਾਰੀ ਦੇ ਕੰਮਾਂ ਦੀ ਨਿਗਰਾਨੀ ਕਰਦੇ ਸਨ। ਉਨ੍ਹਾਂ ਲਈ ਕੋਈ ਚੀਜ਼ ਅਜਿਹੀ ਨਹੀਂ ਸੀ ਕਿ ਜੋ ਔਰਤ ਦਾ ਕੰਮ ਨਾ ਹੋਵੇ।

ਜਿਸ ਦੂਜੀ ਚੀਜ਼ ਨੇ ਮੈਨੂੰ ਘੜਿਆ, ਉਹ ਸੀ ਖੇਡ ਜੋ ਮੈਂ ਖੇਡਦੀ ਸਾਂ। ਬਾਸਕੇਟਬਾੱਲ ਦੀ ਖੇਡ ਸੀ। ਕੋਈ ਵੀ ਖੇਡ ਸਿਖਾਉਂਦਾ ਹੈ ਕਿ ਚੰਗੇ ਦਿਨ ਵੀ ਆਉਂਦੇ ਹਨ ਅਤੇ ਮਾੜੇ ਦਿਨ ਵੀ। ਅਤੇ ਤੁਸੀਂ ਕੇਵਲ ਅੱਗੇ ਵਧਦੇ ਰਹਿਣਾ ਹੁੰਦਾ ਹੈ। ਕੋਈ ਖੇਡ ਖੇਡਣੀ ਜ਼ਿੰਦਗੀ ਵਿੱਚ ਬਹੁਤ ਤਬਦੀਲੀ ਲਿਆਉਂਦੀ ਹੈ ਅਤੇ ਟੀਮ ਵਾਲੀ ਖੇਡ ਖੇਡਣ ਨਾਲ ਤਾਂ ਹੋਰ ਵੀ ਵੱਧ ਫ਼ਰਕ ਪੈਂਦਾ ਹੈ।

ਲੇਖਕ: ਰਾਜ ਬੱਲਭ

ਅਨੁਵਾਦ: ਮਹਿਤਾਬ-ਉਦ-ਦੀਨ