ਤਕਦੀਰ ਨੂੰ ਆਪਣੇ ਮੁਤਾਬਕ ਮੋੜਾ ਦੇਣ ਵਾਲੀ ਚੀਲੂ ਚੰਦ੍ਰਨ

0

ਨਵੀਂ ਸ਼ੁਰੂਆਤ ਲਈ ਕੋਈ ਤੈਅ ਸਮਾਂ ਨਹੀਂ ਹੁੰਦਾ। ਡੀਬਾਕਸ ਦੀ ਸੰਸਥਾਪਕ ਦਰਸਾਉਂਦੀ ਹੈ ਕਿ ਜੇ ਤੁਹਾਡੇ ਅੰਦਰ ਹਾਲਾਤ ਦਾ ਸਾਹਮਣਾ ਕਰਨ ਦੀ ਇੱਛਾ, ਸਾਹਸ ਅਤੇ ਆਤਮ-ਵਿਸ਼ਵਾਸ ਹੈ ਤਾਂ ਤੁਸੀਂ ਜੀਵਨ ਦੇ ਕਿਸੇ ਵੀ ਟੀਚੇ ਨੂੰ ਹਾਸਲ ਕਰ ਸਕਦੇ ਹੋ।

''ਮੈਂ ਕਦੇ ਵੀ ਚੰਗੀ ਤਰ੍ਹਾਂ ਸ਼ੀਸ਼ਾ ਨਹੀਂ ਵੇਖਿਆ, ਮੈਂ ਉਸ ਪੂਰੀ ਜ਼ਮੀਨ ਨਾਲ ਨਫ਼ਰਤ ਕਰਦੀ ਸੀ ਜਿਸ ਉਤੇ ਮੈਂ ਚੱਲਦੀ ਸੀ ਅਤੇ ਸੋਚਦੀ ਸੀ ਕਿ ਮੈਂ ਧਰਤੀ ਮਾਂ ਉਤੇ ਸਭ ਤੋਂ ਵੱਡਾ ਬੋਝ ਹਾਂ, ਕਿਉਂਕਿ ਮੈਂ ਕੋਈ ਵੀ ਕੰਮ ਕਰਨ ਦੇ ਸਮਰੱਥ ਨਹੀਂ ਸਾਂ। ਮੈਂ ਆਪਣੇ ਨਾਲ ਵਾਪਰਨ ਵਾਲੀ ਹਰ ਬੁਰੀ ਚੀਜ਼ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਦੀ ਸੀ ਤੇ ਸੋਚਦੀ ਸੀ ਕਿ ਮੈਂ ਇਸੇ ਲਾਇਕ ਹਾਂ ਅਤੇ ਜੀਵਨ ਵਿਚ ਜੋ ਚੰਗੀਆਂ ਚੀਜ਼ਾਂ ਵਾਪਰਦੀਆਂ ਸਨ, ਉਸ ਲਈ ਕਿਸੇ ਦੂਸਰੇ ਜਾਂ ਕਿਸਮਤ ਨੂੰ ਜ਼ਿੰਮੇਵਾਰ ਮੰਨਦੀ ਸੀ।” ਇਹ ਕਹਿਣਾ ਹੈ ਚੀਲੂ ਦਾ।

ਚੀਲੂ ਦੀ ਕਹਾਣੀ ਪੂਰੀ ਦੁਨੀਆਂ ਵਿਚ ਅਜਿਹੀਆਂ ਔਰਤਾਂ ਤੱਕ ਪਹੁੰਚਾਉਣ ਦੀ ਲੋੜ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਜੀਵਨ ਨੂੰ ਹੀ ਦਰਸਾਉਂਦੀ ਹੈ। ਉਸ ਨੇ ਬੁਰੇ ਤੋਂ ਬੁਰੇ ਹਾਲਾਤ ਦਾ ਸਾਹਮਣਾ ਕੀਤਾ ਤੇ ਹਿੰਮਤ ਨਾਲ ਸਮਾਜ ਵਿਚ ਆਪਣੀ ਥਾਂ ਬਣਾਈ।

ਉਹ ਕਹਿੰਦੀ ਹੈ, ''ਜਿਸ ਦਿਨ ਮੇਰਾ ਜਨਮ ਹੋਇਆ ਸੀ, ਮੇਰੇ ਪਿਤਾ ਜੀ ਮਧੂਰਾਈ ਦੇ ਮੀਨਾਕਸ਼ੀ ਮੰਦਰ ਵਿਚ ਬੇਟੀ ਪ੍ਰਾਪਤੀ ਲਈ ਮੰਨਤ ਮੰਗ ਰਹੇ ਸਨ।” ਉਸ ਦਾ ਜਨਮ ਦਸੰਬਰ 1963 ਵਿਚ ਸਾਧਾਰਨ, ਪਰ ਔਸਤ ਮੱਧਵਰਗੀ ਤਾਮਿਲ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਉਸ ਦੇ ਜਨਮ ਸਮੇਂ ਬੇਟੀ ਪ੍ਰਾਪਤੀ ਦੀ ਮੰਨਤ ਹੀ ਮੰਗੀ ਗਈ ਸੀ, ਕਿਉਂਕਿ ਉਹ ਆਪਣੇ ਭਰਾ ਤੋਂ ਸਾਢੇ ਤਿੰਨ ਸਾਲ ਛੋਟੀ ਸੀ। ਉਸ ਦੇ ਮਾਪੇ ਪਰੰਪਰਾਵਾਦੀ, ਪਰ ਸਮੇਂ ਤੋਂ ਅੱਗੇ ਵੇਖਣ ਵਾਲੇ ਲੋਕ ਸਨ। ਉਸ ਦੀ ਮਾਂ ਘਰੇਲੂ ਔਰਤ ਸੀ ਜੋ ਬਾਅਦ ਵਿਚ ਅਲਟਰਨੇਟਿਵ ਹੀਲਿੰਗ ਦੇ ਖੇਤਰ ਵਿਚ ਮੋਹਰੀ ਬਣ ਗਈ ਸੀ। ਪਿਤਾ ਦੀ ਬਦਲੀ ਹੋਣ ਕਾਰਨ ਉਸ ਨੇ ਚੇਨਈ ਤੇ ਬੰਗਲੌਰ ਵਿਚ ਪੜ੍ਹਾਈ ਕੀਤੀ। ਬਾਅਦ ਵਿਚ ਉਹ ਮੁੰਬਈ ਆ ਗਈ।

ਚੀਲੂ ਦੱਸਦੀ ਹੈ, ''ਮੇਰਾ ਪਹਿਲਾ ਵਿਆਹ ਸਰੀਰਕ ਅਤੇ ਸੈਕਸੂਅਲ ਦ੍ਰਿਸ਼ਟੀ ਤੋਂ ਅਪਮਾਨਜਨਕ ਸੀ ਜਦੋਂ ਕਿ ਦੂਜਾ ਵਿਆਹ ਸੈਕਸੂਅਲ ਦੇ ਨਾਲ-ਨਾਲ ਭਾਵਨਾਤਮਿਕ ਤੇ ਮਾਨਸਿਕ ਦ੍ਰਿਸ਼ਟੀ ਤੋਂ ਵੀ ਕਮਜ਼ੋਰ ਬਣਾ ਦੇਣ ਵਾਲਾ ਸੀ। ਸਰੀਰਕ ਹਿੰਸਾ ਸਰੀਰ ਉਤੇ ਸਥਾਈ ਜਾਂ ਅਸਥਾਈ ਨਿਸ਼ਾਨ ਛੱਡਦੀ ਹੈ, ਪਰ ਭਾਵਨਾਤਮਿਕ ਅਤੇ ਮਾਨਸਿਕ ਹਿੰਸਾ ਤਾਂ ਤੁਹਾਨੂੰ ਝੰਜੋੜ ਕੇ ਰੱਖ ਦਿੰਦੀ ਹੈ। ਚਤੁਰਾਈ ਨਾਲ ਕੀਤੀ ਗਈ ਮਾਨਸਿਕ ਹਿੰਸਾ ਦੀ ਤਾਂ ਪਛਾਣ ਕਰਨਾ ਵੀ ਔਖਾ ਹੈ। ਇਸ ਨੂੰ ਪਛਾਣਨ ਵਿਚ ਮੈਨੂੰ ਕਈ ਸਾਲ ਲੱਗ ਗਏ ਤੇ ਔਖੀ ਘਾਲਣਾ ਘਾਲਣੀ ਪਈ। ਮੈਂ ਅੱਜ ਤੱਕ ਇਸ ਦੁਬਿਧਾ ਵਿਚ ਹਾਂ ਕਿ ਦੋਵਾਂ ਵਿਚੋਂ ਕੌਣ ਜ਼ਿਆਦਾ ਬੁਰੀ ਹੈ। ਚੀਲੂ ਆਫਬੀਟ ਕਰੀਅਰ ਦੇ ਰਾਹ ਉਤੇ ਜਾਣਾ ਚਾਹੁੰਦੀ ਸੀ ਪਰ ਗ੍ਰੈਜੂਏਸ਼ਨ ਤੋਂ ਬਾਅਦ ਮਾਪਿਆਂ ਵੱਲੋਂ ਵਿਆਹ ਕਰਨ ਦੀ ਇੱਛਾ ਅੱਗੇ ਉਸ ਨੂੰ ਝੁਕਣਾ ਪਿਆ। ਉਸ ਦੇ ਪਤੀ ਨੇ ਵਿਆਹ ਦੇ ਚਾਰ ਸਾਲ ਤੱਕ ਉਸ ਨਾਲ ਸਰੀਰਕ ਹਿੰਸਾ ਹੀ ਨਹੀਂ ਕੀਤੀ, ਸਗੋਂ ਉਸ ਦੇ ਸੁਪਨਿਆਂ ਨੂੰ ਵੀ ਰੋਲ ਕੇ ਰੱਖ ਦਿੱਤਾ। ਅਜਿਹੇ ਹਾਲਾਤ ਵਿਚ ਉਸ ਨੇ ਬੇਟੀ ਨੂੰ ਜਨਮ ਦਿੱਤਾ ਜੋ 72 ਘੰਟਿਆਂ ਬਾਅਦ ਚੱਲ ਵਸੀ। ਜਦੋਂ ਦੂਜੀ ਵਾਰ ਉਹ ਗਰਭਵਤੀ ਹੋਈ ਤਾਂ ਪਤੀ ਨੇ ਗਰਭਪਾਤ ਨਾ ਕਰਵਾਉਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਚੀਲੂ ਆਪਣੀ ਦੁਰਦਸ਼ਾ ਕਿਸੇ ਨੂੰ ਦੱਸਣ ਤੋਂ ਡਰਦੀ ਸੀ। ਹਾਲਾਤ ਤੋਂ ਤੰਗ ਆ ਕੇ ਉਹ ਇਕ ਦਿਨ ਰਾਤ ਨੂੰ ਘਰੋਂ ਭੱਜ ਗਈ। ਉਸ ਨੇ ਦੱਸਿਆ, ''ਅੰਤ ਮੈਂ ਤਲਾਕ ਲੈ ਲਿਆ। ਮੈਂ ਹੁਣ ਮੁਕਤ ਸੀ, ਪਰ ਅੰਦਰੋਂ ਡਰੀ ਹੋਈ ਸੀ।”

ਤਲਾਕ ਦੇ ਇਕ ਸਾਲ ਬਾਅਦ ਇਕ ਮਿੱਤਰ ਰਾਹੀਂ ਉਸ ਦੀ ਮੁਲਾਕਾਤ ਇਕ ਹੋਰ ਵਿਅਕਤੀ ਨਾਲ ਹੋਈ ਜਿਸ ਵਿਚ ਉਸ ਨੂੰ ਉਹ ਸਭ ਦਿਸਿਆ, ਜੋ ਉਸ ਦੇ ਪਹਿਲੇ ਪਤੀ ਵਿਚ ਨਹੀਂ ਸੀ। ਉਹ ਉਸ ਦੇ ਪਿਆਰ ਵਿਚ ਪੈ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ। ''ਮੈਂ ਇਸ ਵਾਰ ਵਿਆਹ ਲਈ ਉਤਸੁਕ ਸੀ ਕਿਉਂਕਿ ਮੈਂ ਆਪਣੀ ਸਫਲਤਾ ਤੇ ਯੋਗਤਾ ਦੀ ਅਨੁਭੂਤੀ ਨੂੰ ਪਤੀ ਦੇ ਨਾਲ ਹੋਣ ਨਾਲ ਮਾਪਦੀ ਸੀ। ਉਪਰੋਂ ਮੇਰੇ ਉਤੇ ਤਲਾਕਸ਼ੁਦਾ ਹੋਣ ਦਾ ਠੱਪਾ ਲੱਗਿਆ ਸੀ। ਮੇਰੇ ਬਾਰੇ ਦੁਨੀਆਂ ਕੀ ਸੋਚਦੀ?”

ਇਸ ਵਾਰ ਉਸ ਦਾ ਪਤੀ ਇਕ ਕੰਟਰੋਲ ਫਰੀਕ ਵਿਚ ਬਦਲ ਗਿਆ ਜੋ ਉਸ ਦੀ ਜ਼ਿੰਦਗੀ ਦਾ ਸਾਰਾ ਕੁਝ ਤੈਅ ਕਰਦਾ ਸੀ- ਕੀ ਪਹਿਨਣਾ ਹੈ, ਕਿਸ ਨਾਲ ਬੋਲਣਾ ਹੈ, ਕਿਵੇਂ ਰਹਿਣਾ ਹੈ। ਉਹ ਚਾਹੁੰਦਾ ਸੀ ਕਿ ਉਹ ਸਲੀਕੇ ਨਾਲ ਕੱਪੜੇ ਨਾ ਪਹਿਨੇ ਤਾਂ ਕਿ ਮਰਦ ਉਹਦੇ ਵੱਲ ਆਕਰਸ਼ਿਤ ਨਾ ਹੋਣ। ਚੀਲੂ ਨੇ ਉਸ ਨਾਲ ਬੜੀ ਭੈਅ ਵਾਲੀ ਮਾਨਸਿਕਤਾ ਵਿਚ ਦਸ ਵਰ੍ਹੇ ਗੁਜ਼ਾਰੇ। ਪਹਿਲਾਂ ਤਲਾਕ ਹੋ ਚੁੱਕਾ ਸੀ, ਇਸ ਲਈ ਉਹ ਆਪਣੇ ਪੱਖ ਵਿਚ ਕੁਝ ਬੋਲਣ ਦਾ ਹੌਸਲਾ ਨਾ ਕਰ ਸਕੀ। ਉਹ ਮਜਬੂਰੀਵੱਸ ਵਿਆਹੁਤਾ ਜ਼ਿੰਦਗੀ ਬਸਰ ਕਰ ਰਹੀ ਸੀ। ਆਸ਼ਾ ਦੀ ਕਿਰਨ ਉਸ ਦੇ ਦੋ ਬੱਚੇ ਸਨ ਤੇ ਉਨ੍ਹਾਂ ਦੇ ਭਵਿੱਖ ਨੂੰ ਵੇਖਦੇ ਹੋਏ ਉਸ ਨੇ ਇਕ ਦਿਨ ਘਰ ਛੱਡ ਦਿੱਤਾ। ''ਮੈਂ ਉਨ੍ਹਾਂ ਨੂੰ ਉਦਾਹਰਨ ਦੇ ਕੇ ਸਿਖਾਉਣਾ ਚਾਹੁੰਦੀ ਸੀ ਕਿ ਉਨ੍ਹਾਂ ਨੂੰ ਆਪਣੀਆਂ ਲੋੜਾਂ ਮੁਤਾਬਕ ਪੈਰਾਂ 'ਤੇ ਖੜ੍ਹਾ ਹੋਣਾ ਚਾਹੀਦਾ ਹੈ। ਨਾਲ ਹੀ ਮੈਂ ਅਜਿਹੀ ਮਾਂ ਵੀ ਨਹੀਂ ਬਣਨਾ ਚਾਹੁੰਦੀ ਸੀ ਜੋ ਆਪਣਾ ਸਭ ਕੁਝ ਕੁਰਬਾਨ ਕਰ ਦੇਵੇ ਤੇ ਭਵਿੱਖ ਵਿਚ ਪਛਤਾਉਣਾ ਪਵੇ।”

ਚੀਲੂ ਦਾ ਨਾਂ ਬਚਪਨ ਤੋਂ ਹੀ ਕੰਡਿਆਂ ਵਾਂਗ ਚੁਭਦਾ ਰਿਹਾ ਹੈ। ਉਸ ਦਾ ਹਮੇਸ਼ਾ ਮਜ਼ਾਕ ਉਡਾਇਆ ਜਾਂਦਾ ਸੀ। ''ਇਕ ਵਾਰ ਮੇਰੇ ਅਧਿਆਪਕ ਨੇ ਪੂਰੀ ਜਮਾਤ ਸਾਹਮਣੇ ਮੇਰੇ ਨਾਮ ਅਤੇ ਨਾਮ ਰੱਖਣ ਸਮੇਂ ਮਾਪਿਆਂ ਦੀ ਵਿਆਖਿਆ ਕੀਤੀ ਸੀ। ਉਸ ਸਮੇਂ ਹਰ ਕੋਈ ਹੱਸ ਰਿਹਾ ਸੀ।”

ਪਹਿਲੇ ਵਿਆਹ ਦੌਰਾਨ ਉਸ ਦੇ ਸੱਸ-ਸਹੁਰੇ ਨੂੰ ਚੀਲੂ ਨਾਂ ਪਸੰਦ ਨਹੀਂ ਸੀ। ਇਸ ਲਈ ਚੀਲੂ ਨਾਂ ਬਦਲ ਕੇ ਰਾਜ ਲਕਸ਼ਮੀ ਰੱਖ ਦਿੱਤਾ ਜੋ ਸੰਖੇਪ ਹੋ ਕੇ ਲੱਛਮੀ ਰਹਿ ਗਿਆ। ਦੂਜੇ ਵਿਆਹ ਦੌਰਾਨ ਵੀ ਉਸ ਦੇ ਨਾਂ 'ਤੇ ਨੱਕ ਮੂੰਹ ਵੱਟਿਆ ਗਿਆ ਅਤੇ ਉੱਤਰ ਭਾਰਤ ਦੀ ਵਿਆਹ ਪਰੰਪਰਾ ਅਨੁਸਾਰ ਉਸ ਦਾ ਨਾਂ ਸ਼ਾਲਿਨੀ ਰੱਖ ਦਿੱਤਾ ਗਿਆ। ''ਇਹ ਬੇਕਾਰ ਦੀ ਕਾਰਵਾਈ ਸੀ ਕਿਉਂਕਿ ਹਰ ਕੋਈ ਮੈਨੂੰ ਚੀਲੂ ਹੀ ਕਹਿ ਕੇ ਬੁਲਾਇਆ ਕਰਦਾ ਸੀ। ਮੈਂ ਹੁਣ ਆਪਣੇ ਨਾਂ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਦੇ ਅਨੋਖੇਪਣ ਨੂੰ ਮਾਣਿਆ ਹੈ।”

''ਮੇਰੇ ਗਰਭ ਵਿਚ ਬੱਚਾ ਮਰ ਸਕਦਾ ਸੀ, ਤਾਂ ਵੀ ਮੈਂ ਆਪਣੇ ਬੇਟੇ ਲਈ ਸੌਣਾ ਜਾਗਣਾ ਚਾਹੁੰਦੀ ਸੀ ਜੋ ਉਸ ਸਮੇਂ ਦੋ ਸਾਲ ਤੋਂ ਕੁਝ ਵੱਧ ਦਾ ਸੀ।”

ਜਦੋਂ ਉਸ ਦਾ ਤੀਜਾ ਬੱਚਾ ਗਰਭ ਵਿਚ ਸੀ, ਉਸ ਦੀ ਰੀੜ੍ਹ ਦੇ ਹੇਠਲੇ ਹਿੱਸੇ ਦੀ ਇਕ ਹੱਡੀ ਖਿਸਕ ਗਈ ਤੇ ਲੱਕ ਤੋਂ ਹੇਠਲਾ ਹਿੱਸਾ ਕੰਮ ਕਰਨ ਤੋਂ ਅਸਮਰੱਥ ਹੋ ਗਿਆ। ਇਕ-ਮਾਤਰ ਬਦਲ ਸਰਜਰੀ ਸੀ ਜਿਸ ਨਾਲ ਪੂਰੀ ਤਰ੍ਹਾਂ ਠੀਕ ਹੋਣ ਦੀ 50 ਫੀਸਦੀ ਸੰਭਾਵਨਾ ਸੀ, ਪਰ ਗਰਭ ਵਿਚਲੇ ਬੱਚੇ ਨੂੰ ਜੋਖ਼ਮ ਸੀ। ਚੀਲੂ ਨੇ ਜੋਖ਼ਮ ਉਠਾਇਆ। ਕਿਸਮਤ ਨਾਲ ਬੱਚਾ ਬਚ ਗਿਆ, ਪਰ ਮੁੜ ਤੁਰਨਾ-ਫਿਰਨਾ ਸ਼ੁਰੂ ਕਰਨ ਲਈ ਉਸ ਨੂੰ ਡੇਢ ਸਾਲ ਯਤਨ ਕਰਨੇ ਪਏ। ਇਸ ਤੋਂ ਬਾਅਦ ਉਸ ਦੇ ਮੂੰਹ ਅਤੇ ਧੌਣ ਨੂੰ ਲਕਬਾ ਮਾਰ ਗਿਆ ਅਤੇ ਉਹ ਦੋ ਹਫਤੇ ਮੰਜੇ 'ਤੇ ਪਈ ਰਹੀ।

ਠੀਕ ਹੋਣ ਵਿਚ ਲੰਬਾ ਸਮਾਂ ਲੱਗਣਾ ਸੀ। ਚੀਲੂ ਭਾਵੇਂ ਤੁਰਨ-ਫਿਰਨ ਲੱਗ ਪਈ ਸੀ, ਪਰ ਉਸ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਸੀ ਤੇ ਉਹ ਜ਼ਿਆਦਾ ਸਮਾਂ ਮੰਜੀ 'ਤੇ ਹੀ ਪਈ ਰਹਿੰਦੀ ਸੀ। ਮੰਜੇ 'ਤੇ ਪਿਆ ਰਹਿਣਾ ਨਾਮਨਜ਼ੂਰ ਸੀ ਤੇ ਉਸ ਨੇ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਾਲਾਂ ਦੇ ਅੰਦਰ-ਅੰਦਰ ਉਸ ਨੇ ਕਈ ਤਰ੍ਹਾਂ ਦੇ ਨ੍ਰਿਤ ਸਿੱਖੇ ਅਤੇ ਇਕ ਸ਼ੋਅ ਵਿਚ ਉਸ ਨੇ ਅੱਠ ਤਰ੍ਹਾਂ ਦੇ ਨ੍ਰਿਤ ਕੀਤੇ।

ਬਾਅਦ ਦੇ ਸਾਲਾਂ ਵਿਚ ਦੌੜ ਵਾਲੇ ਇਕ ਸਮੂਹ ਵਿਚ ਸ਼ਾਮਲ ਹੋ ਗਈ ਅਤੇ ਉਸ ਨੇ ਪਹਿਲੇ ਮੁੰਬਈ ਹਾਫ ਮੈਰਾਥਨ ਵਿਚ ਹਿੱਸਾ ਲਿਆ। ਸਭ ਕੁਝ ਵਧੀਆ ਚੱਲ ਰਿਹਾ ਸੀ ਕਿ 2013 ਵਿਚ ਉਸ ਦੇ ਸਰੀਰ ਦੇ ਸੱਜੇ ਹਿੱਸੇ ਨੂੰ ਲਕਬਾ ਮਾਰ ਗਿਆ। ''ਹੁਣ ਤੱਕ ਮੈਂ ਜਿਹੜੇ ਹਾਲਾਤ ਦਾ ਸਾਹਮਣਾ ਕੀਤਾ ਸੀ, ਇਹ ਉਨ੍ਹਾਂ ਵਿਚੋਂ ਸਭਾ ਤੋਂ ਬੁਰਾ ਸੀ। ਮੇਰਾ ਦਿਮਾਗ ਵੀ ਇਸ ਨਾਲ ਪ੍ਰਭਾਵਿਤ ਹੋਇਆ ਤੇ ਮੇਰਾ ਸੱਜਾ ਹੱਥ ਤੇ ਅੱਖ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੇਰਾ ਚੱਲਣਾ, ਘਸੀਟਣ ਵਿਚ ਬਦਲ ਗਿਆ ਤੇ ਮੇਰੀ ਆਵਾਜ਼ ਬੰਦ ਹੋ ਗਈ। ਮੈਨੂੰ ਕਿਸੇ ਬੱਚੇ ਦੀ ਤਰ੍ਹਾਂ ਫਿਰ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਈ।” ਅੱਜ ਸਖ਼ਤ ਮਿਹਨਤ ਰਾਹੀਂ ਚੀਲੂ ਦੇ ਜ਼ਿਆਦਾਤਰ ਅੰਗ ਹਰਕਤ ਕਰਨ ਲੱਗੇ ਹਨ।

''ਤੁਹਾਨੂੰ ਇਕ ਹੀ ਵਿਅਕਤੀ ਬਦਲ ਸਕਦਾ ਹੈ ਅਤੇ ਉਸ ਨੂੰ ਬਦਲਣਾ ਵੀ ਚਾਹੀਦਾ ਹੈ- ਉਹ ਖ਼ੁਦ ਤੁਸੀਂ ਹੋ। ਤੁਹਾਨੂੰ ਸਿਰਫ ਇਕ ਵਿਅਕਤੀ ਨੂੰ ਬਦਲਣਾ ਹੈ ਤੇ ਉਹ ਤੁਸੀਂ ਖ਼ੁਦ ਹੋ ਕਿਉਂਕਿ ਤੁਹਾਡੇ ਬਦਲਣ ਨਾਲ ਤੁਹਾਡੇ ਆਸ-ਪਾਸ ਦੀ ਹਰ ਚੀਜ਼ ਬਦਲਣ ਲੱਗੇਗੀ।”

ਜਦੋਂ ਚੀਲੂ ਨੇ ਦੂਜੇ ਪਤੀ ਦਾ ਘਰ ਛੱਡਿਆ ਤਾਂ ਉਸ ਕੋਲ ਨਾ ਕੋਈ ਪੈਸਾ, ਨਾ ਕੰਮ ਅਤੇ ਨਾ ਪਰਿਵਾਰ ਦਾ ਸਮਰਥਨ ਸੀ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਅਗਲੀ ਵਾਰ ਖਾਣਾ ਕਿਵੇਂ ਮਿਲੇਗਾ। ਉਸ ਨੇ ਸ਼ਾਂਤੀ ਖਾਤਰ ਨਾਂ-ਮਾਤਰ ਨਿਰਬਾਹ ਭੱਤੇ ਉੱਤੇ ਮਾਮਲਾ ਤੈਅ ਕਰ ਲਿਆ ਕਿਉਂਕਿ ਉਹ ਮੁਕੱਦਮਾ ਲੜਨ ਜੋਗੀ ਨਹੀਂ ਸੀ। ਉਹ ਡੂੰਘੇ ਡਿਪਰੈਸ਼ਨ ਵਿਚ ਚਲੀ ਗਈ, ਸਿਗਰਟ ਤੇ ਸ਼ਰਾਬ ਦੀ ਬੁਰੀ ਲਤ ਵਿਚ ਪੈ ਗਈ ਅਤੇ ਆਤਮ-ਹੱਤਿਆ ਵਾਲੀ ਮਾਨਸਿਕਤਾ ਤੱਕ ਪਹੁੰਚ ਗਈ। ਉਸ ਨੇ ਬੱਚਿਆਂ ਨੂੰ ਬੋਰਡਿੰਗ ਸਕੂਲ ਵਿਚ ਭੇਜ ਦਿੱਤਾ ਤਾਂ ਜੋ ਉਹ ਖ਼ੁਦ ਦੀ ਤਲਾਸ਼ ਕਰ ਸਕੇ। ਇਕ ਦਿਨ ਉਹ ਆਤਮ-ਹੱਤਿਆ ਦੀ ਨੀਅਤ ਨਾਲ ਆਪਣੇ ਭਵਨ ਦੀ ਉਨ੍ਹੀਵੀਂ ਮੰਜ਼ਿਲ 'ਤੇ ਚੜ੍ਹ ਗਈ: ''ਮੈਂ ਸਦਮੇ ਵਿਚ ਸੀ ਤੇ ਜਿਵੇਂ ਹੀ ਕੁੱਦਣ ਲਈ ਬਨੇਰੇ ਉਤੇ ਚੜ੍ਹੀ ਜਿਵੇਂ ਕਿਸੇ ਨੇ ਧੱਕਾ ਮਾਰ ਕੇ ਮੈਨੂੰ ਪਿੱਛੇ ਸੁੱਟ ਦਿੱਤਾ। ਮੈਨੂੰ ਮਹਿਸੂਸ ਹੋਇਆ ਕਿ ਇੰਨੀ ਮਜ਼ਬੂਤ ਹੋ ਕੇ ਵੀ ਮੈਂ ਕਾਇਰਤਾ ਵਾਲਾ ਇਹ ਕੰਮ ਕਰ ਰਹੀ ਸੀ। ਚੰਗਾ ਹੋਵੇ ਜਾਂ ਬੁਰਾ, ਕਾਰਗਰ ਹੋਵੇ ਜਾਂ ਨਾ-ਕਾਰਗਰ ਪਰ ਮੈਂ ਆਪਣੀ ਜ਼ਿੰਦਗੀ ਨੂੰ ਬਦਲਣ ਤੇ ਬੱਚਿਆਂ ਨਾਲ ਰਹਿਣ ਦਾ ਫੈਸਲਾ ਕੀਤਾ।”

ਉਸੇ ਸਮੇਂ ਤੋਂ ਚੀਲੂ ਲਈ ਚੀਜ਼ਾਂ ਬਦਲਣ ਲੱਗੀਆਂ। ਉਹ ਕਿਤਾਬਾਂ ਪੜ੍ਹਨ ਤੇ ਅਧਿਆਤਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਲੱਗੀ ਤੇ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਲੈਣ ਲੱਗੀ। ਉਸ ਨੇ ਆਪਣੇ ਦਰਦ ਨੂੰ ਸਮਝਣ ਦਾ ਯਤਨ ਕੀਤਾ। ਇਥੋਂ ਤੱਕ ਕਿ ਉਸ ਨੇ ਖ਼ੁਦ ਨੂੰ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ।

''ਜਿਨ੍ਹਾਂ ਚੀਜ਼ਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਨ੍ਹਾਂ ਨੂੰ ਚੁਣੌਤੀ ਦੇਣ ਨਾਲ ਮੈਨੂੰ ਡਿਪਰੈਸ਼ਨ ਵਿਚੋਂ ਬਾਹਰ ਆਉਣ ਵਿਚ ਮਦਦ ਮਿਲੀ। ਮੈਨੂੰ ਮਹਿਸੂਸ ਹੋਇਆ ਕਿ ਮੈਂ ਬੁਰੀ ਇਨਸਾਨ ਨਹੀਂ ਹਾਂ ਤੇ ਜੀਵਨ ਵਿਚ ਚੰਗੀਆਂ ਚੀਜ਼ਾਂ ਹਾਸਲ ਕਰਨਾ ਮੇਰੇ ਲਈ ਲਾਜ਼ਮੀ ਹੈ। ਮੈਂ ਆਪਣੇ ਆਪ ਨੂੰ ਵਿਅਰਥ ਸਮਝਣਾ ਬੰਦ ਕਰ ਦਿੱਤਾ। ਆਪਣੇ ਬੱਚਿਆਂ ਦੇ ਪਿਆਰ ਤੇ ਵਿਸ਼ਵਾਸ ਨੇ ਮੇਰਾ ਹੌਸਲਾ ਹੋਰ ਵਧਾ ਦਿੱਤਾ।”

ਜਦੋਂ ਕਿ ਅਜਿਹੇ ਵੀ ਦਿਨ ਆਏ ਜਦੋਂ ਚੀਜ਼ਾਂ ਵਿਚ ਗਿਰਾਵਟ ਆਈ। ਇਕ ਦਿਨ ਆਪਣੇ ਦੁੱਖਾਂ ਦਾ ਅੰਤ ਸ਼ਰਾਬ ਨਾਲ ਕਰਨਾ ਚਾਹਿਆ ਅਤੇ ਸਭ ਕੁਝ ਖਤਮ ਕਰਨ ਲਈ ਖਿੜਕੀ ਦਾ ਸਹਾਰਾ ਲੈਣਾ ਚਾਹਿਆ, ਪਰ ਕਿਸੇ ਤਰ੍ਹਾਂ ਚੀਕੀ ਤੇ ਹੱਸੀ, ਤੇ ਖ਼ੁਦ ਨਾਲ ਗੱਲ ਕਰਦੀ ਹੋਈ ਸੌਂ ਗਈ। ਦੂਜੀ ਸਵੇਰ ਜਦੋਂ ਨੀਂਦ ਖੁੱਲ੍ਹੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਜਿਨ੍ਹਾਂ ਸਵਾਲਾਂ ਦੇ ਜਵਾਬ ਲੱਭ ਰਹੀ ਸੀ, ਉਹ ਤਾਂ ਉਸ ਦੇ ਅੰਦਰ ਹੀ ਮੌਜੂਦ ਸਨ। ''ਇਸ ਅਨੁਭਵ ਨੇ ਮੈਨੂੰ ਅੰਦਰੋਂ ਤਾਕਤ ਪ੍ਰਾਪਤ ਕਰਨ ਅਤੇ ਪ੍ਰੇਰਿਤ ਰਹਿਣ ਵਿਚ ਮਦਦ ਕੀਤੀ। ਸਾਨੂੰ ਮਹਿਸੂਸ ਕਰਨ ਦੀ ਲੋੜ ਹੈ, ਸਾਡੇ ਕੋਲ ਹਮੇਸ਼ਾ ਬਦਲ ਹੁੰਦੇ ਹਨ ਅਤੇ ਇਸ ਨਿਯਮ ਦਾ ਕੋਈ ਅਪਵਾਦ ਨਹੀਂ ਹੈ।”

ਡੀਬਾਕਸ ਦੀ ਸ਼ੁਰੂਆਤ ਦੁਨੀਆਂ ਵਿਚ ਬਦਲਾਓ ਲਿਆਉਣ ਦੇ ਮਕਸਦ ਨਾਲ ਕੀਤੀ ਗਈ ਸੀ। ਬਿਮਾਰੀ ਨਾਲ ਚੀਲੂ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਸੀ ਅਤੇ ਆਪਣੇ ਆਸ-ਪਾਸ ਦੀ ਹਰ ਚੀਜ਼ ਉਸ ਨੂੰ ਨਵੀਂ ਲੱਗਦੀ ਸੀ। ''ਆਪਣੇ ਭਾਵਨਾਤਮਿਕ ਪਲਾਂ ਵਿਚ ਪੁੱਛਿਆ ਕਰਦੀ ਸਾਂ ਕਿ ਇਸ ਪੂਰੇ ਪਰਿਕਰਨ ਦਾ ਮੇਰੇ ਲਈ ਕੀ ਸੰਦੇਸ਼ ਹੈ ਅਤੇ ਪਹਿਲੀ ਗੱਲ ਪੁਸਤਕ ਦੇ ਰੂਪ ਵਿਚ ਦਿਮਾਗ ਵਿਚ ਆਈ ਜਿਹੜੀ ਮੈਂ ਲਿਖੀ।” ਉਸ ਦੇ ਦਿਮਾਗ ਵਿਚ ਦੂਜੀ ਗੱਲ ਕੋਈ ਅਜਿਹੀ ਕੋਸ਼ਿਸ਼ ਕਰਨ ਦੇ ਰੂਪ ਵਿਚ ਬਹੁੜੀ ਜੋ ਲੋਕਾਂ ਨੂੰ ਉਨ੍ਹਾਂ ਦੀ ਸੋਚ ਤੋਂ ਅੱਗੇ ਜਾ ਕੇ ਸੋਚਣ ਤੇ ਕੁਝ ਕਰਨ ਵਿਚ ਮਦਦ ਕਰੇ। ਪਿਆਰ ਦੀ ਬਜਾਏ ਡਰ ਵਿਚ ਜੀਨ ਦੇ ਦਾਇਰੇ ਨੂੰ ਤੋੜਨ ਵਿਚ ਲੋਕਾਂ ਦੀ ਮਦਦ ਕਰਨ ਦਾ ਜਰਿਆ ਸੀ। ''ਸਾਨੂੰ ਚਾਹੀਦਾ ਹੈ ਕਿ ਅਸੀਂ ਇਕ ਬਣੇ ਸਾਂਚੇ ਦੇ ਅੰਦਰ ਹੀ ਸੋਚਦੇ ਤੇ ਜੀਵਨ ਜਿਉਂਦੇ ਨਾ ਰਹੀਏ ਅਤੇ ਉਸ ਸਾਂਚੇ ਨੂੰ ਤੋੜ ਦਈਏ।” ਇਸੇ ਕਾਰਨ ਉਸ ਨੂੰ ਡੀਬਾਕਸ ਨਾਂ ਦਿੱਤਾ ਗਿਆ। ਇਸ ਦਾ ਸਿਹਰਾ ਉਹ ਆਪਣੇ ਇਕ ਮਿੱਤਰ ਨੂੰ ਦਿੰਦੀ ਹੈ ਜਿਸ ਦੇ ਦਿਮਾਗ ਵਿਚ ਲੰਚ ਸੈਸ਼ਨ ਦੌਰਾਨ ਇਹ ਨਾਮ ਆਇਆ ਸੀ। ਡੀਬਾਕਸ ਦਾ ਉਦੇਸ਼ ਵਿਅਕਤੀਗਤ ਸੰਕਟ ਵਿਚੋਂ ਲੰਘ ਰਹੇ ਲੋਕਾਂ ਨੂੰ ਚੰਗੀ ਗੱਲਬਾਤ, ਵਿਚਾਰ-ਚਰਚਾ ਅਤੇ ਭੋਜਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਆਸਾਨ ਬਣਾਉਣਾ ਹੈ।

ਚੀਲੂ ਦਾ ਕਹਿਣਾ ਹੈ, ''ਡੀਬਾਕਸ ਵੱਲੋਂ ਕਿਸੇ ਦੀ ਕਹਾਣੀ ਕਹਿਣ ਦੇ ਜਰੀਏ ਆਪਣਾ ਦ੍ਰਿਸ਼ਟੀਕੋਣ ਰੱਖਿਆ ਜਾਂਦਾ ਹੈ। ਛੋਟੇ ਸਮੂਹਾਂ ਵਿਚ ਵਿਅਕਤੀਗਤ ਕਹਾਣੀਆਂ ਰਾਹੀਂ ਗੱਲਾਂ ਕਰਨਾ, ਭਾਵਾਂ ਨੂੰ ਪ੍ਰਗਟ ਕਰਵਾਉਣ ਵਾਲਾ ਹੋ ਸਕਦਾ ਹੈ ਜਾਂ ਵੱਡਾ ਬਦਲਾਓ ਲਿਆ ਸਕਦਾ ਹੈ।” ਇਸ ਦਾ ਇਕ ਹੋਰ ਉਦੇਸ਼ ਉਨ੍ਹਾਂ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਹਨ ਜੋ ਲੋਕਾਂ ਦੀ ਸਿਹਤ ਨੂੰ ਠੀਕ ਰੱਖਦੀਆਂ ਹਨ। ਚੀਲੂ ਨੇ ਕਈ ਤਰ੍ਹਾਂ ਦੇ ਮੇਵੇ ਅਤੇ ਸੀਡ ਬਟਰ ਵਿਕਸਿਤ ਕੀਤੇ ਹਨ। ਉਹ ਕਹਿੰਦੀ ਹੈ, ''ਇਹ ਤਾਂ ਮਹਿਜ਼ ਸ਼ੁਰੂਆਤ ਹੈ। ਇਹ ਐਸਾ ਸਮਾਂ ਹੈ ਕਿ ਅਸੀਂ ਰੋਗ ਦੀ ਥਾਂ ਸਿਹਤ ਉਪਰ, ਉਦਾਸੀ ਦੀ ਬਜਾਏ ਅਨੰਦ ਉਤੇ, ਡਰ ਦੀ ਬਜਾਏ ਪਿਆਰ 'ਤੇ ਆਪਣਾ ਧਿਆਨ ਕੇਂਦਰਿਤ ਕਰੀਏ, ਜੋ ਅਸੀਂ ਦਿੰਦੇ ਹਾਂ, ਉਹੀ ਸਾਨੂੰ ਵਾਪਸ ਮਿਲੇਗਾ। ਜੋ ਅਸੀਂ ਸੋਚਦੇ ਹਾਂ, ਉਹ ਸਾਡੀ ਸਚਾਈ ਬਣ ਜਾਵੇਗੀ। ਅਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ, ਸੰਤੁਸ਼ਟੀ ਭਰਿਆ ਜੀਵਨ ਜੀਅ ਸਕਦੇ ਹਾਂ ਤੇ ਦੂਜੀਆਂ ਲਈ ਪ੍ਰੇਰਨਾ ਸ੍ਰੋਤ ਬਣ ਸਕਦੇ ਹਾਂ। ਸਾਨੂੰ ਸਿਰਫ ਖੁਦ 'ਤੇ ਵਿਸ਼ਵਾਸ ਕਰਨਾ ਹੈ ਅਤੇ ਆਪਣੇ ਅੰਦਰ ਤਬਦੀਲੀ ਲਿਆਉਣ ਦੀ ਚਾਹਤ ਪੈਦਾ ਕਰਦੀ ਹੈ।”


ਲੇਖਕ : ਰਾਜ ਬੱਲਭ

ਅਨੂਵਾਦ : ਬਲਪ੍ਰੀਤ ਕੌਰ