ਇਨਸਾਨੀਅਤ ਨੂੰ ਬਚਾਉਣ ਲਈ ਜਾਨ ਵਾਰ ਦੇਣ ਵਾਲੀ ਨੀਰਜਾ ਭਨੋਟ ਨੂੰ ਲੰਦਨ ਪਾਰਲੀਮੇਂਟ ਨੇ ਦਿੱਤਾ 'ਭਾਰਤ ਗੌਰਵ' ਸਨਮਾਨ 

0

ਮੁੰਬਈ ਤੋਂ ਨਿਊਯਾਰਕ ਜਾਣ ਵਾਲੀ ਫ਼ਲਾਈਟ ਤੇ ਯਾਤਰੂਆਂ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦੇਣ ਵਾਲੀ ਚੰਡੀਗੜ੍ਹ ਦੀ ਧੀ ਨੀਰਜਾ ਭਨੋਟ ਨੂੰ ਲੰਦਨ ਦੀ ਬ੍ਰਿਟਿਸ਼ ਪਾਰਲੀਮਾਨੀ ਹਾਉਸ ਆਫ਼ ਕਾਮੰਸ ਨੇ ਸਨਮਾਨਿਤ ਕੀਤਾ ਹੈ. ਨੀਰਜਾ ਨੂੰ ‘ਭਾਰਤ ਗੌਰਵ’ ਸਨਮਾਨ ਦਿੱਤਾ ਗਿਆ ਹੈ. ਨੀਰਜਾ ਚੰਡੀਗੜ੍ਹ ਦੀ ਜੰਮ-ਪਲ੍ਹ ਸੀ.

ਅੰਤਰਰਾਸ਼ਟਰੀ ਪੱਧਰ ਤੇ ਪਹਿਚਾਨ ਰੱਖਣ ਵਾਲੀ ਜੈਪੁਰ ਦੀ ਇੱਕ ਗੈਰ ਸਰਕਾਰੀ ਸੰਸਥਾ ਸੰਸਕ੍ਰਿਤੀ ਯੁਵਾ ਸੰਸਥਾ ਵਲੋਂ ਬਣਾਏ ਗਏ ਇਸ ਸਨਮਾਨ ਨੂੰ ਲੰਦਨ ਦੇ ਵੇਸਟਮਿੰਸਟਰ ਪਾਰਲੀਮਾਨੀ ਬਿਲਡਿੰਗ ਵਿੱਖੇ ਹੋਏ ਇੱਕ ਸ਼ਾਨਦਾਰ ਸਮਾਰੋਹ ਦੇ ਦੌਰਾਨ ਦਿੱਤਾ ਗਿਆ. ਨੀਰਜਾ ਦੇ ਦੋਵੇਂ ਭਰਾਵਾਂ ਨੇ ਇਹ ਸਨਮਾਨ ਹਾਸਿਲ ਕੀਤਾ.

ਹਾਉਸ ਆਫ਼ ਲਾਰਡ੍ਸ ਦੇ ਮੈਂਬਰ ਅਤੇ ਕੌਮਾਂਤਰੀ ਵਿਕਾਸ ਦੇ ਸਕੱਤਰ ਬੈਰੋਨੇਸ ਸੰਦੀਪ ਵਰਮਾ ਨੇ ਨੀਰਜਾ ਦੇ ਭਰਾਵਾਂ ਅਨੀਸ਼ ਭਨੋਟ ਅਤੇ ਅਖਿਲ ਭਨੋਟ ਨੂੰ ਇਹ ਸਨਮਾਨ ਦਿੱਤਾ. ਇਹ ਸਨਮਾਨ ਰਾਸ਼ਟਰ ਦੀ ਸੇਵਾ ਅਤੇ ਆਪਣੇ ਪੱਧਰ ‘ਤੇ ਵਿਸ਼ੇਸ਼ ਕਾਰਜ਼ ਨੂੰ ਅੰਜਾਮ ਦੇਣ ਲਈ ਦਿੱਤਾ ਗਿਆ ਹੈ.

ਨੀਰਜਾ ਭਨੋਟ 22 ਵਰ੍ਹੇ ਦੀ ਸੀ ਜਦੋਂ ਮੁੰਬਈ ਤੋਂ ਕਰਾਚੀ ਹੋ ਕੇ ਨਿਊ ਯਾਰਕ ਜਾ ਰਹੀ ਪੈਨ ਐਮ ਦੀ ਫਲਾਈਟ ਨੂ ਹਾਈਜੈਕ ਕਰਣ ਵਾਲੇ ਅੱਤਵਾਦੀਆਂ ਨੇ ਸਵਾਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ. ਨੀਰਜਾ ਨੇ ਆਪਣੀ ਜਾਨ ਦੀ ਪਰਵਾਹ ਨਾਹ ਕਰਦਿਆਂ ਅੱਤਵਾਦੀਆਂ ਦੀ ਬੰਦੂਕਾਂ ਮੂਰਹੇ ਖੜ ਕੇ ਕਈ ਲੋਕਾਂ ਦੀ ਜਾਨ ਬਚਾ ਲਈ ਸੀ. ਪੰਜ ਸਿਤੰਬਰ 1986 ਨੂੰ ਵਾਪਰੇ ਇਸ ਹਾਦਸੇ ‘ਚ ਵੀਹ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 150 ਫੱਟੜ ਹੋ ਗਏ ਸੀ. ਫ਼ਲਾਈਟ ‘ਚ 200 ਭਾਰਤੀ ਸੀ ਜਿਨ੍ਹਾਂ ਵਿੱਚੋਂ 13 ਜਣੇ ਮਾਰੇ ਗਏ ਸਨ.

ਲੋਕਾਂ ਲਈ ਆਪਣੀ ਜਾਨ ਵਾਰ ਦੇਣ ਕਰਕੇ ਭਾਰਤ ਸਰਕਾਰ ਨੇ ਨੀਰਜਾ ਨੂੰ ਸਭ ਤੋਂ ਸਨਮਾਨਿਤ ਸਿਵਿਲ ਸਨਮਾਨ ‘ਅਸ਼ੋਕ ਚੱਕਰ’ ਨਾਲ ਵੀ ਸਨਮਾਨਿਤ ਕੀਤਾ ਸੀ. ਇਹ ਸਨਮਾਨ ਪ੍ਰਾਪਤ ਕਰਨ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਕੁੜੀ ਹੈ. ਨੀਰਜਾ ਨੂੰ ਪਾਕਿਸਤਾਨ ਸਰਕਾਰ ਵੱਲੋਂ ਵੀ ਵੱਡਾ ਨਾਗਰਿਕ ਸਨਮਾਨ ਦਿੱਤਾ ਗਿਆ ਸੀ.

ਨੀਰਜਾ ਦੇ ਭਰਾ ਅਨੀਸ਼ ਭਨੋਟ ਦਾ ਕਹਿਣਾ ਹੈ ਕੇ ਭਾਰਤ ਗੌਰਵ ਸਨਮਾਨ ਹੋਰ ਵੀ ਲੋਕਾਂ ਨੂੰ ਪ੍ਰੇਰਿਤ ਕਰੇਗਾ. ਰਾਸ਼ਟਰ ਦੀ ਸੇਵਾ ਅਤੇ ਇਨਸਾਨੀਅਤ ਲਈ ਆਪਣੀ ਜਾਨ ਵਾਰ ਦੇਣ ਦਾ ਜਜ਼ਬਾ ਪੈਦਾ ਕਰੇਗਾ. ਇਹ ਸਨਮਾਨ ਨੀਰਜਾ ਨੇ ਉਨ੍ਹਾਂ ਉਸੂਲਾਂ ਨੂੰ ਅੱਗੇ ਲੈ ਕੇ ਜਾਏਗਾ ਜੋ ਲੋਕਾਂ ਨੂੰ ਆਪਣਾ ਫਰਜ਼ ਨਿਭਾਉਣ ਅਤੇ ਜ਼ੋਰ-ਜ਼ੁਲਮ ਬਰਦਾਸ਼ਤ ਨਾਹ ਕਰਨ ਦਾ ਸੰਦੇਸ਼ ਦਿੰਦਾ ਹੈ.

ਲੇਖਕ: ਰਵੀ ਸ਼ਰਮਾ