ਭਰਾ ਦੀ ਮੌਤ ਤੋਂ ਬਾਅਦ ਆਇਆ 'ਕੈਨ', ਨੌਜਵਾਨਾਂ ਨੂੰ ਮਿਲੀ ਨਸ਼ੇ ਤੋਂ ਮੁਕਤੀ

0

ਕਹਿੰਦੇ ਹਨ- 'ਨਸ਼ਿਆਂ ਦਾ ਜੋ ਹੋਇਆ ਸ਼ਿਕਾਰ, ਉਜੜਿਆ ਉਹਦਾ ਘਰ ਪਰਿਵਾਰ।' ਇਸ ਦਾ ਸਭ ਤੋਂ ਬੁਰਾ ਅਸਰ ਬੱਚਿਆਂ ਉੱਤੇ ਪੈਂਦਾ ਹੈ। ਉਨ੍ਹਾਂ ਦੀ ਮਨੋਸਥਿਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਜੋ ਰੋਜ਼ ਆਪਣੇ ਸ਼ਰਾਬੀ ਪਿਉ ਦੀਆਂ ਮਾੜੀਆਂ ਹਰਕਤਾਂ ਨੂੰ ਵੇਖ ਕੇ ਜਵਾਨ ਹੁੰਦੇ ਹਨ, ਜੋ ਰੋਜ਼ ਆਪਣੀ ਮਾਂ ਨੂੰ ਸ਼ਰਾਬੀ ਪਿਉ ਤੋਂ ਮਾਰ ਖਾਂਦੇ ਵੇਖਦੇ ਹਨ।

ਜੇਨਪੂ ਰੌਂਗਮਾਈ ਦਾ ਬਚਪਨ ਤੇ ਕਿਸ਼ੋਰ ਅਵਸਥਾ ਬੜੇ ਦੁਖਦਈ ਬੀਤੇ। ਉਸ ਦਾ ਪਿਉ ਸ਼ਰਾਬੀ ਸੀ ਜਿਸ ਦੇ ਹੱਥੋਂ ਉਸ ਦੀ ਮਾਂ ਅਕਸਰ ਮਾਰ ਖਾਂਦੀ ਸੀ। ਆਰਥਿਕ ਮੁਸ਼ਕਿਲਾਂ ਕਾਰਨ ਜੇਨਪੂ ਨੂੰ ਕਾਲਜ ਦੀ ਪੜ੍ਹਾਈ ਛੱਡਣੀ ਪਈ ਅਤੇ ਸਭ ਤੋਂ ਦੁਖਦਾਈ ਗੱਲ ਇਹ ਹੋਈ ਕਿ ਨਸ਼ੀਲੀਆਂ ਦਵਾਈਆਂ ਦੀ ਲਗਾਤਾਰ ਵਰਤੋਂ ਕਾਰਨ ਉਸ ਦਾ ਭਰਾ ਡੇਵਿਡ ਚੱਲ ਵੱਸਿਆ।

ਇਸ ਗੱਲ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਮੁਸ਼ਕਿਲਾਂ ਦਾ ਜੇਨਪੂ ਨੇ ਤਕੜੇ ਹੋ ਕੇ ਸਾਹਮਣਾ ਕੀਤਾ ਅਤੇ ਹੁਣ ਉਸ ਉੱਪਰ ਪਰੇਸ਼ਾਨੀਆਂ ਦਾ ਕੋਈ ਨਾਕਾਰਾਤਮਕ ਅਸਰ ਨਹੀਂ ਰਹਿ ਗਿਆ। ਜੇਨਪੂ ਕਹਿੰਦਾ ਹੈ ਕਿ ਇਹ ਅਸਾਨ ਨਹੀਂ ਸੀ, ਪਰ ਉਸ ਨੇ ਸਹੀ ਰਸਤਾ ਚੁਣਿਆ। ਅੱਜ ਉਹ ਇਕ ਉਘੇ ਨੇਤਾ ਤੇ ਮਾਰਗਦਰਸ਼ਕ ਦੀ ਤਰ੍ਹਾਂ ਉਭਰੇ ਹਨ।

30 ਸਾਲਾ ਜੇਨਪੂ ਕਮਿਊਨਿਟੀ ਐਵੀਨਿਊ ਨੈੱਟਵਰਕ (ਸੀਏਐਨ- ਕੈਨ) ਦਾ ਸੰਸਥਾਪਕ ਹੈ ਜੋ ਮੁੱਖ ਰੂਪ ਵਿਚ ਨੌਜਵਾਨਾਂ ਵੱਲੋਂ ਚਲਾਈ ਜਾਣ ਵਾਲੀ ਸੰਸਥਾ ਹੈ ਅਤੇ ਇਹ ਭਾਰਤ ਦੇ ਉੱਤਰ-ਪੂਰਬੀ ਸੂਬੇ ਨਾਗਾਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਦੀਮਾਪੁਰ ਵਿਚ ਸਥਿਤ ਹੈ। ਐਚਆਈਵੀ/ਏਡਜ਼ ਨਾਲ ਗ੍ਰਸਤ ਬੱਚਿਆਂ ਨੂੰ ਇਸ ਬਿਮਾਰੀ ਦੇ ਇਲਾਜ ਨਾਲ ਸਬੰਧਤ ਸਾਮਾਨ ਅਤੇ ਨੈਤਿਕ ਬਲ ਪ੍ਰਦਾਨ ਕਰਨ ਤੋਂ ਇਲਾਵਾ 'ਕੈਨ' ਹੋਰ ਵੀ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ ਜਿਨ੍ਹਾਂ ਵਿਚ ਗਰੀਬ ਅਤੇ ਬਰਾਬਰੀ ਦੇ ਹੱਕਾਂ ਤੋਂ ਵਾਂਝੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣਾ, ਸਮਾਜ ਸੇਵਾ ਲਈ ਵੱਖ-ਵੱਖ ਕਾਲਜਾਂ ਅਤੇ ਪਿੰਡਾਂ ਤੋਂ ਸਵੈ ਸੇਵਕਾਂ ਨੂੰ ਸੰਗਠਿਤ ਕਰਨਾ ਸ਼ਾਮਲ ਹੈ। ਵਰਤਮਾਨ ਵਿਚ ਜੇਨਪੂ ਬਾਲ ਤੇ ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੇ 'ਨਾਗਾਲੈਂਡ ਗੱਠਬੰਧਨ' ਨਾਮਕ ਸੰਗਠਨ ਦੇ ਸੂਚਨਾ ਸੰਚਾਲਕ ਵੀ ਹਨ।

ਜੇਨਪੂ ਕਹਿੰਦਾ ਹੈ, "ਮੇਰਾ ਅਤੀਤ ਹੀ ਮੇਰੀ ਪ੍ਰੇਰਨਾ ਹੈ, ਮੈਂ ਹੀ ਜਾਣਦਾ ਹਾਂ ਕਿ ਮੈਂ ਕਿੰਨਾ ਸੰਘਰਸ਼ ਕੀਤਾ ਹੈ। ਮੈਂ ਜਾਣਦਾ ਹਾਂ ਕਿ ਜਵਾਨ ਭਰਾ ਨੂੰ ਗੁਆਉਣ ਦਾ ਕਿੰਨਾ ਦੁੱਖ ਹੁੰਦਾ ਹੈ। ਜਿਸ ਤਕਲੀਫ ਤੇ ਪੀੜਾ ਵਿਚੋਂ ਮੈਨੂੰ ਲੰਘਣਾ ਪਿਆ ਹੈ, ਉਸ ਨੂੰ ਮੈਂ ਹੋਰ ਅਨੇਕਾਂ ਨੌਜਵਾਨਾਂ ਵਿਚ ਵੇਖ ਸਕਦਾ ਹਾਂ। ਸੈਂਕੜੇ ਨੌਜਵਾਨਾਂ ਦੀਆਂ ਅੱਖਾਂ ਵਿਚ ਉਹੀ ਦਰਦ, ਉਹੀ ਦੁੱਖ ਅਤੇ ਉਹੀ ਸੰਘਰਸ਼ ਹੈ। ਮੈਂ ਆਪਣੇ ਅਤੀਤ ਨੂੰ ਹਰ ਵਕਤ ਨਾਲ ਰੱਖਦਾ ਹਾਂ, ਉਸ ਨੂੰ ਇਕ ਪਲ ਲਈ ਵੀ ਭੁੱਲਦਾ ਨਹੀਂ ਅਤੇ ਇਹੀ ਮੈਨੂੰ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ।"

ਜੇਨਪੂ, ਏਕਿਓਮੈਨ ਇੰਡੀਆ 2015 ਲਈ ਗਠਿਤ ਦਲ ਦੇ ਫੈਲੋ ਹਨ। ਜੇਨਪੁ ਕਹਿੰਦਾ ਹੈ, "ਉਹ ਮੈਨੂੰ ਹਰ ਜਗਿਆਸਾ ਉਤੇ ਸਵਾਲ ਪੁੱਛਣ ਲਈ ਪ੍ਰੇਰਿਤ ਕਰਦੇ ਹਨ। ਇਹ ਮੈਨੂੰ ਉਤਸ਼ਾਹਿਤ ਕਰਦਾ ਹੈ। ਹੁਣ ਮੈਂ ਅਗਵਾਈ ਦਾ ਅਸਲ ਅਰਥ ਜਾਣ ਚੁੱਕਾ ਹਾਂ। ਇਸ ਨਾਲ ਉਨ੍ਹਾਂ ਨੂੰ ਦੂਜੇ ਸਹਿਯੋਗੀ ਫੈਲੋਜ਼ ਦੀ ਨੇੜਤਾ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਇਮਾਨਦਾਰੀ ਦੀ ਗੱਲ ਇਹ ਹੈ ਕਿ ਉੱਤਰ-ਪੂਰਬ ਅਤੇ ਭਾਰਤ ਦੀ ਮੁੱਖ ਭੂਮੀ ਵਿਚ ਬੜੀਆਂ ਸਮੱਸਿਆਵਾਂ ਹਨ, ਪਰ ਦੂਜੇ ਫੈਲੋਜ਼ ਨਾਲ ਮੈਨੂੰ ਪ੍ਰੇਮ ਅਤੇ ਆਦਰ ਮਿਲਿਆ ਹੈ। ਉਹ ਉੱਤਰ-ਪੂਰਬ ਤੇ ਬਾਕੀ ਭਾਰਤ ਵਿਚਾਲੇ ਇਕ ਪੁਲ ਦੀ ਤਰ੍ਹਾਂ ਕੰਮ ਕਰਦਾ ਹੈ।"

ਯੁਵਾ ਕਮਿਊਨਿਟੀ ਐਵੀਨਿਊ ਨੈੱਟਵਰਕ

ਆਪਣੇ ਭਰਾ ਨੂੰ ਨਸ਼ੀਲੀਆਂ ਦਵਾਈਆਂ ਦੀ ਬਲੀ ਚੜ੍ਹਦਾ ਵੇਖ ਜਨੇਪੂ ਨੇ ਇਸ ਵਿਰੁੱਧ ਮੁਹਿੰਮ ਵਿੱਢਣ ਦਾ ਮਨ ਬਣਾਇਆ। ਉਹ ਕਹਿੰਦਾ ਹੈ, "ਸਕੂਲੀ ਪੜ੍ਹਾਈ ਖਤਮ ਕਰਕੇ ਨਿਕਲਣ ਵਾਲੇ ਬਹੁਤ ਸਾਰੇ ਨੌਜਵਾਨਾਂ ਨੂੰ ਮੈਂ ਇਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਵੇਖਿਆ ਹੈ। ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਕਦੋਂ ਤੱਕ ਅਸੀਂ ਸਰਕਾਰ ਤੇ ਆਮ ਜਨਤਾ ਸਿਰ ਦੋਸ਼ ਮੜ੍ਹਦੇ ਰਹਾਂਗੇ। ਕੁਝ ਠੋਸ ਕਾਰਵਾਈ ਕਰਨ ਦਾ ਸਮਾਂ ਆ ਗਿਆ ਸੀ। ਇਸੇ ਵਿਚਾਰ ਨਾਲ ਮੈਂ ਕਮਿਊਨਿਟੀ ਐਵੀਨਿਊ ਨੈੱਟਵਰਕ (ਕੈਨ) ਦੀ ਸਥਾਪਨਾ ਕੀਤੀ।"

ਉਹ ਕਹਿੰਦਾ ਹੈ ਕਿ ਮਹਿਜ਼ ਇਕ-ਦੂਜੇ ਉਪਰ ਦੋਸ਼ ਮੜ੍ਹਨਾ ਸਾਨੂੰ ਕਿਤੇ ਨਹੀਂ ਪਹੁੰਚਾ ਸਕਦਾ, ਜਦੋਂ ਉਸ ਨੇ 'ਕੈਨ' ਦੀ ਸ਼ੁਰੂਆਤ ਕੀਤੀ, ਉਸ ਕੋਲ ਪੈਸੇ ਦੀ ਥੁੜ੍ਹ ਸੀ, ਪਰ ਸਮੱਸਿਆ ਦੇ ਹੱਲ ਦੀ ਦਿਸ਼ਾ ਵੱਲ ਕੁਝ ਕਰਨਾ ਵੀ ਬੜਾ ਲਾਜ਼ਮੀ ਸੀ। ਇਸ ਲਈ ਉਸ ਨੇ ਸ਼ੁਰੂਆਤ ਵਿਚ ਦੇਰੀ ਨਾ ਕੀਤੀ ਅਤੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ। ਉਹ ਦੱਸਦਾ ਹੈ, "ਮੈਂ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ੇਸ਼ ਰੂਪ ਨਾਲ ਵਿੱਚੇ ਪੜ੍ਹਾਈ ਛੱਡ ਦੇਣ ਵਾਲੇ ਬੱਚੇ, ਭਾਵ ਡਰਾਪ ਆਊਟਸ ਨਾਲ। ਉਹ ਨਿਰਾਸ਼ਾ ਦੇ ਆਲਮ ਵਿਚ ਜੀਅ ਰਹੇ ਹੁੰਦੇ ਹਨ ਅਤੇ ਇਹ ਨਿਰਾਸ਼ਾ ਹੀ ਉਨ੍ਹਾਂ ਨੂੰ ਨਸ਼ਿਆ ਵੱਲ ਧੱਕਦੀ ਹੈ। ਮੇਰਾ ਖ਼ੁਦ ਦਾ ਵੀ ਇਹੋ ਤਜਰਬਾ ਰਿਹਾ ਹੈ। ਮੈਂ ਵੀ ਸਕੂਲ ਛੱਡ ਦਿੱਤਾ ਸੀ ਅਤੇ ਜਾਣਦਾ ਹਾਂ ਕਿ ਇਹ ਬੱਚੇ ਕਿਸ ਹਾਲਾਤ ਵਿਚੋਂ ਗੁਜ਼ਰ ਰਹੇ ਹੁੰਦੇ ਹਨ।"

ਉਹ ਇਕ ਹੋਰ ਘਟਨਾ ਬਾਰੇ ਦੱਸਦਾ ਹੈ ਜਿਸ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ। "ਸਾਲ 2011 ਵਿਚ ਵਿਸ਼ਵ ਏਡਜ਼ ਦਿਵਸ ਵਾਲੇ ਦਿਨ ਇਥੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿਚ ਬਹੁਤ ਸਾਰੇ ਮੰਤਰੀ, ਨਾਗਾਲੈਂਡ ਤੇ ਬਾਹਰ ਦੀਆਂ ਨਾਮਵਰ ਹਸਤੀਆਂ ਆਈਆਂ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਸਵੈ-ਸੇਵੀ ਸੰਗਠਨਾਂ (ਗੈਰ-ਸਰਕਾਰੀ ਸੰਗਠਨ- ਐਨਜੀਓ) ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਸੀ। ਉਥੇ ਮੈਂ ਇਕ ਜੋੜੇ ਨੂੰ ਪਰੇਸ਼ਾਨੀ ਦੀ ਹਾਲਤ ਵਿਚ ਵੇਖਿਆ ਜੋ ਆਪਣੇ ਬੱਚਿਆਂ ਨੂੰ ਨਾਲ ਲਈ ਫਿਰਦਾ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਥੇ ਕਿਉਂ ਆਏ ਹੋ ਤੇ ਉਨ੍ਹਾਂ ਦੀ ਹਾਲਤ ਇੰਨੀ ਖਰਾਬ ਕਿਉਂ ਹੈ? ਉਨ੍ਹਾਂ ਦੱਸਿਆ ਕਿ ਉਹ ਐਚਆਈਵੀ ਪੀੜਤ ਹਨ। ਸਰਕਾਰੀ ਹਸਪਤਾਲਾਂ ਵਿਚ ਭਾਵੇਂ ਉਨ੍ਹਾਂ ਨੂੰ ਏਆਰਟੀ (ਐਂਟੀ ਰਿਰੋਵਾਇਰਲ ਥਰੈਪੀ) ਮਿਲ ਰਹੀ ਹੈ, ਪਰ ਉਨ੍ਹਾਂ ਕੋਲ ਦਵਾਈ ਖਰੀਦਣ ਲਈ ਵੀ ਪੈਸੇ ਨਹੀਂ ਹਨ, ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਦੀ ਤਾਂ ਗੱਲ ਹੀ ਛੱਡ ਦਿਓ। ਉਨ੍ਹਾਂ ਦੀ ਹਾਲਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੈਂ ਇਸ ਪਾਸੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਆਖਰ ਹਰ ਬੱਚੇ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਬਰਾਬਰ ਹੱਕ ਹੈ।"

ਗਰੀਬ ਤੇ ਐਚਆਈਵੀ/ਏਡਜ਼ ਪੀੜਤਾਂ ਦੀ ਘਰ ਵਿਚ ਹੀ ਦੇਖਭਾਲ

ਜੇਨਪੂ ਅਨਾਥ ਆਸ਼ਰਮ ਨਹੀਂ ਚਲਾ ਰਿਹਾ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚਿਆਂ ਦਾ ਜਾਂ ਤਾਂ ਇਕ ਹੀ ਸਰਪ੍ਰਸਤ ਹੈ ਜਾਂ ਦੋਵੇਂ ਹੀ ਨਹੀਂ ਹਨ। ਜੇਨਪੂ ਦੱਸਦਾ ਹੈ, "ਅਕਸਰ ਪਰਿਵਾਰਾਂ ਵਿਚ ਇਹ ਹੁੰਦਾ ਹੈ ਕਿ ਮਾਂ ਜਾਂ ਪਿਉ ਦੇ ਮਰ ਜਾਣ ਪਿੱਛੋਂ ਬੱਚੇ ਨੂੰ ਅਨਾਥ ਆਸ਼ਰਮ ਭੇਜ ਦਿੱਤਾ ਜਾਂਦਾ ਹੈ। ਪਰਿਵਾਰਾਂ ਦੀ ਆਪਣੀ ਜ਼ਿੰਦਗੀ ਹੁੰਦੀ ਹੈ, ਜ਼ਿੰਦਗੀ ਦੇ ਆਪਣੇ ਸੰਘਰਸ਼ ਅਤੇ ਖਰਚ ਹੁੰਦੇ ਹਨ। ਇਸ ਲਈ ਉਹ ਇਕ ਹੋਰ ਬੱਚੇ ਨੂੰ ਪਾਲਣ-ਪੋਸ਼ਣ ਤੋਂ ਅਸਮਰੱਥ ਹੁੰਦੇ ਹਨ ਅਤੇ ਬੱਚਾ ਅਨਾਥ ਆਸ਼ਰਮ ਪਹੁੰਚ ਜਾਂਦਾ ਹੈ।" ਉਹ ਪਰਿਵਾਰ ਵਾਲਿਆਂ ਨੂੰ ਬੇਨਤੀ ਕਰਦਾ ਹੈ ਕਿ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੋ। ਜੇਨਪੂ ਬੱਚਿਆਂ ਦੀ ਸਿੱਖਿਆ, ਭੋਜਨ ਅਤੇ ਹੋਰ ਖਰਚੇ ਪੂਰਦਾ ਹੈ। ਉਸ ਨੇ ਨੌਂ ਬੱਚਿਆਂ ਤੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਉਹ 25 ਬੱਚਿਆਂ ਦੀ ਦੇਖ-ਰੇਖ ਕਰ ਰਿਹਾ ਹੈ।

ਵਿਚਾਲੇ ਪੜ੍ਹਾਈ ਛੱਡਣ ਵਾਲੇ ਬੱਚਿਆਂ ਲਈ ਕਿੱਤਾਮੁਖੀ ਸਿੱਖਿਆ

ਉਹ ਦੀਮਾਪੁਰ ਦੀਆਂ ਪ੍ਰਾਈਵੇਟ ਏਜੰਸੀਆਂ ਨਾਲ ਸੰਪਰਕ ਕਰਕੇ ਪੜ੍ਹਾਈ ਵਿਚਾਲੇ ਛੱਡਣ ਵਾਲੇ ਬੱਚਿਆਂ ਨੂੰ ਸਿਖਲਾਈ ਦਿੰਦਾ ਹੈ। ਉਹ ਇਨ੍ਹਾਂ ਬੱਚਿਆਂ ਦੀਆਂ ਕਹਾਣੀਆਂ ਦੱਸਦਾ ਹੈ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਇਨ੍ਹਾਂ ਦੀ ਮਦਦ ਦੀ ਗੁਹਾਰ ਲਗਾਉਂਦਾ ਹੈ। ਜੇਨਪੂ ਕਹਿੰਦਾ ਹੈ, "ਇਹ ਕੰਮ ਬੜਾ ਔਖਾ ਹੈ, ਕਿਉਂਕਿ ਕਈ ਵਾਰ ਉਹ ਇਸ ਵਿਚਾਰ ਨੂੰ ਰੱਦ ਕਰ ਦਿੰਦੇ ਹਨ, ਪਰ ਮੈਂ ਪਿੱਛੇ ਲੱਗਿਆ ਹੀ ਰਹਿੰਦਾ ਹਾਂ ਤੇ ਉਨ੍ਹਾਂ ਨੂੰ ਮੰਨਣਾ ਹੀ ਪੈਂਦਾ ਹੈ।"

ਚੁਣੌਤੀਆਂ

ਮਦਦ ਲਈ ਜੇਨਪੂ ਸਮਾਜ ਦੇ ਪ੍ਰਤੀਨਿਧੀਆਂ ਨੂੰ ਮਿਲਦਾ ਹੈ। ਉਹ ਕਹਿੰਦਾ ਹੈ, "ਮੈਂ ਆਮ ਜਨਤਾ ਕੋਲ ਜਾਂਦਾ ਹਾਂ ਤੇ ਇਨ੍ਹਾਂ ਬੱਚਿਆਂ ਦੀਆਂ ਕਹਾਣੀਆਂ ਸੁਣਾ ਕੇ ਅਮੀਰ ਤੇ ਰਸੂਖ਼ਵਾਨ ਲੋਕਾਂ ਤੋਂ ਮਦਦ ਦੀ ਆਸ ਕਰਦਾ ਹਾਂ। ਜਦੋਂ ਮੈਂ 40 ਲੋਕਾਂ ਨੂੰ ਮਿਲਦਾ ਹਾਂ ਕਿਤੇ ਜਾ ਕੇ ਉਨ੍ਹਾਂ ਵਿਚੋਂ ਤਿੰਨ ਜਾਂ ਚਾਰ ਮਦਦ ਲਈ ਰਾਜ਼ੀ ਹੁੰਦੇ ਹਨ। ਵਿੱਤੀ ਪ੍ਰਬੰਧ ਵੱਡੀ ਚੁਣੌਤੀ ਹੈ।" ਜੇਨਪੂ ਦੀਆਂ ਕੋਸ਼ਿਸ਼ਾਂ ਦਾ ਸਮਾਜ ਖੁੱਲ੍ਹੇ ਦਿਲ ਨਾਲ ਸਮਰਥਨ ਨਹੀਂ ਕਰਦਾ। ਉਹ ਕਹਿੰਦਾ ਹੈ, "ਮੈਂ ਇਸ ਨੂੰ ਚੁਣੌਤੀ ਦੇ ਰੂਪ ਵਿਚ ਲੈਂਦਾ ਹੈ, ਇਹ ਮੇਰਾ ਮਿਸ਼ਨ ਹੈ, ਮੇਰਾ ਸੁਪਨਾ ਹੈ ਕਿ ਮੈਂ ਆਪਣਾ ਉਦੇਸ਼ ਪ੍ਰਾਪਤ ਕਰਕੇ ਰਹਾਂਗਾ। ਮੈਂ ਨਾਕਾਰਾਤਮਿਕਤਾ ਦੀ ਪਰਵਾਹ ਨਹੀਂ ਕਰਦਾ।"

ਆਪਣੇ ਸੰਗਠਨ ਦੇ ਪ੍ਰਸੰਗ ਵਿਚ ਜੇਨਪੂ ਮਹਿਸੂਸ ਕਰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਮੱਸਿਆ ਨਾਲ ਜੁੜਨਾ ਚਾਹੀਦਾ ਹੈ। "ਲੋਕਾਂ ਨੂੰ ਜ਼ਮੀਨੀ ਸਚਾਈ ਬਾਰੇ ਜਾਣਨਾ ਚਾਹੀਦਾ ਹੈ ਕਿ ਸਮਾਜ ਵਿਚ ਕੀ ਚੱਲ ਰਿਹਾ ਹੈ। ਫਿਰ ਉਸ ਵਿਚੋਂ ਨਿਕਲਣ ਦਾ ਰਸਤਾ ਲੱਭਣਾ ਚਾਹੀਦਾ ਹੈ।" ਜੇਨਪੂ ਇਸੇ ਕਾਰਜ ਖੇਤਰ ਵਿਚ ਅਤੇ ਇਸੇ ਮਿਸ਼ਨ ਨਾਲ ਕੰਮ ਕਰਨ ਵਾਲੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ (ਐਨਜੀਓ) ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਇਸ ਸਮੇਂ ਉਸ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਹਾਸਲ ਨਹੀਂ ਹੋ ਰਹੀ।

ਜੇਨਪੁ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਉਹ ਕਹਿੰਦਾ ਹੈ, "ਲੋਕ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਦੀ ਗੱਲ ਕਰਦੇ ਹਨ, ਬੇਰੁਜ਼ਗਾਰੀ ਦੀ ਸਮੱਸਿਆ ਦੀ ਗੱਲ ਕਰਦੇ ਹਨ, ਪਰ ਉਹ ਪੜ੍ਹਾਈ ਵਿਚਾਲੇ ਛੱਡਣ ਵਾਲਿਆਂ ਦੀ ਗੱਲ ਨਹੀਂ ਕਰਦੇ। ਨਾਗਾਲੈਂਡ ਇਕ ਵਿਦਰੋਹੀ ਸੂਬਾ ਹੈ, ਜਿਥੇ ਅਕਸਰ ਅਸ਼ਾਂਤੀ ਦਾ ਵਾਸ ਰਹਿੰਦਾ ਹੈ। ਨਿਰਾਸ਼, ਚਿੰਤਾ ਅਤੇ ਸਾਖਰਤਾ ਦੀ ਘਾਟ ਉਨ੍ਹਾਂ ਨੂੰ ਅਸਮਾਜਿਕ ਕੰਮਾਂ ਵੱਲ ਲਿਜਾ ਸਕਦੀ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਵਿਚੇ ਪੜ੍ਹਾਈ ਛੱਡ ਦੇਣਾ ਸੋਚ ਸਮਝ ਕੇ ਲਿਆ ਗਿਆ ਫੈਸਲਾ ਨਹੀਂ ਹੁੰਦਾ। ਹਾਲਾਤ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੰਦੇ ਹਨ।"

ਸੁਨਹਿਰਾ ਸੁਪਨਾ

ਜੇਨਪੂ ਦਾ ਮੁਢਲਾ ਉਦੇਸ਼ ਸਿੱਖਿਆ ਅਤੇ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਦਿਵਾਉਣਾ ਹੈ। ਜੇਨਪੂ ਕਹਿੰਦਾ ਹੈ, "ਜੇਕਰ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਪੜ੍ਹਾਈ ਪੂਰੀ ਕੀਤੇ ਬਿਨਾਂ ਸਕੂਲ ਛੱਡਣ ਵਾਲੇ ਬੱਚਿਆਂ, ਗਰੀਬ ਤੇ ਸ਼ੋਸ਼ਤ ਬੱਚਿਆਂ ਅਤੇ ਐਚਆਈਵੀ ਤੋਂ ਪੀੜਤ ਲੋਕਾਂ ਨੂੰ ਵੀ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਨੂੰ ਸਮਾਜ ਵਿਚ ਸਨਮਾਨਜਨਕ ਸਥਾਨ ਮਿਲਣਾ ਚਾਹੀਦਾ ਹੈ। ਸਮਾਜ ਦੇ ਸਾਰੇ ਵਰਗਾਂ ਦੇ ਬਰਾਬਰ ਵਿਕਾਸ ਬਿਨਾਂ ਸਾਡਾ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ।" ਜੇਨਪੂ ਨੌਜਵਾਨਾਂ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਜੋਗੇ ਬਣਾਉਣਾ ਚਾਹੁੰਦਾ ਹੈ।

ਕੀ ਉਸ ਦਾ ਸੁਪਨਾ ਪੂਰਾ ਹੋ ਸਕਦਾ ਹੈ? ਉਹ ਕਹਿੰਦਾ ਹੈ,

"ਇਹ ਗੱਲ ਇੰਨੀ ਆਸਾਨ ਨਹੀਂ ਹੈ, ਪਰ ਜੇ ਅਸੀਂ ਸ਼ੁਰੂ ਤੋਂ ਅਸਫਲਤਾਵਾਂ ਬਾਰੇ ਸੋਚਦੇ ਰਹਾਂਗੇ ਤਾਂ ਕੋਈ ਕੰਮ ਨਹੀਂ ਹੋ ਸਕੇਗਾ। ਮੈਂ ਬੜੇ ਯਤਨ ਕਰ ਰਿਹਾ ਹਾਂ, ਮੇਰਾ ਦਿਲ ਕਹਿੰਦਾ ਹੈ ਕਿ ਮੇਰੇ ਇਹ ਯਤਨ ਜ਼ਰੂਰ ਰੰਗ ਲਿਆਉਣਗੇ ਤੇ ਸਮਾਜ ਵਿਚ ਤਬਦੀਲੀ ਆਵੇਗੀ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪੂਰਾ ਹੁੰਦਾ ਵੇਖਣ ਲਈ ਮੈਂ ਜ਼ਿੰਦਾ ਨਾ ਰਹਾਂ, ਪਰ ਮੈਂ ਖੁਸ਼ ਹਾਂ ਕਿ ਸਮਾਜ ਦੇ ਹਰ ਵਰਗ ਦਾ ਸਮਰਥਨ ਅਤੇ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਦਾ ਲਾਭ ਮੈਨੂੰ ਮਿਲ ਰਿਹਾ ਹੈ ਅਤੇ ਅੱਜ ਵੀ ਸਰਵ ਸਿੱਖਿਆ ਅਤੇ ਸਮਾਨਤਾ ਦੀ ਗੱਲ ਕਰ ਰਿਹਾ ਹਾਂ। ਪਿੰਡਾਂ ਅਤੇ ਸ਼ਹਿਰਾਂ ਵਿਚ ਅੱਜ ਇਹ ਸ਼ਬਦ ਹਰ ਇਕ ਦੀ ਜ਼ੁਬਾਨ 'ਤੇ ਹੈ ਅਤੇ ਇਹ ਚੰਗਾ ਲੱਛਣ ਹੈ।"