'ਨੌਕਰੀ ਤੋਂ ਕੱਢਿਆ ਨਾ ਜਾਂਦਾ ਤਾਂ SIS ਨਾ ਬਣੀ ਹੁੰਦੀ,' 250 ਰੁਪਏ ਤੋਂ ਸ਼ੁਰੂ ਹੋਈ ਕੰਪਨੀ ਅੱਜ ਹੈ 4,000 ਕਰੋੜ ਰੁਪਏ ਦੀ

0

ਅਕਸਰ ਇਹ ਆਖਿਆ ਜਾਂਦਾ ਹੈ ਕਿ ਜੇ ਇਰਾਦੇ ਉਚੇ ਅਤੇ ਮਜ਼ਬੂਤ ਹੋਣ, ਤਾਂ ਕੋਈ ਵੀ ਮੰਜ਼ਿਲ ਔਖੀ ਨਹੀਂ ਹੁੰਦੀ। ਬੱਸ ਲੋੜ ਹੈ ਤੁਹਾਨੂੰ 'ਮੱਛੀ ਦੀ ਅੱਖ ਵਰਗੇ ਟੀਚੇ' ਉਤੇ ਦ੍ਰਿੜ੍ਹ ਨਿਸ਼ਚੇ ਅਤੇ ਮਜ਼ਬੂਤ ਸੰਕਲਪ ਨਾਲ ਨਿਸ਼ਾਨਾ ਵਿੰਨ੍ਹਣ ਦੀ। ਸਫ਼ਲਤਾਵਾਂ ਨਾ ਕਦੇ ਕਿਸੇ ਹਾਲਾਤ ਦੀਆਂ ਗ਼ੁਲਾਮ ਰਹੀਆਂ ਹਨ, ਨਾ ਹੀ ਕਦੇ ਹੋਣਗੀਆਂ, ਪਰ ਸੰਘਰਸ਼ ਦੇ ਸਮੇਂ ਮਨੁੱਖ ਜ਼ਰੂਰ ਹੀ ਔਖੇ ਹਾਲਾਤ ਦਾ ਗ਼ੁਲਾਮ ਹੋ ਜਾਂਦਾ ਹੈ। ਪਰ ਉਹੀ ਆਦਮੀ ਜਦੋਂ ਉਨ੍ਹਾਂ ਗ਼ੁਲਾਮੀ ਦੇ ਬੰਧਨਾਂ ਨੂੰ ਤੋੜਦਾ ਹੋਇਆ ਲਗਨ ਤੇ ਮਿਹਨਤ ਨਾਲ ਅੱਗੇ ਵਧਦਾ ਹੈ, ਤਾਂ ਇੱਕ ਦਿਨ ਯਕੀਨੀ ਤੌਰ ਉਤੇ ਇਤਿਹਾਸ ਰਚ ਦਿੰਦਾ ਹੈ।

ਕਦੇ ਕਿਸੇ ਸਮੇਂ ਆਪਣਾ ਕਾਰੋਬਾਰ ਕੇਵਲ 250 ਰੁਪਏ ਤੋਂ ਸ਼ੁਰੂ ਕਰ ਕੇ ਉਸ ਨੂੰ ਅੱਜ 4,000 ਕਰੋੜ ਰੁਪਏ ਤੱਕ ਲਿਆਉਣ ਵਾਲੇ ਐਸ.ਆਈ.ਐਸ. ਗਰੁੱਪ ਦੇ ਬਾਨੀ ਤੇ ਚੇਅਰਮੈਨ ਸ੍ਰੀ ਰਵਿੰਦਰ ਕਿਸ਼ੋਰ ਸਿਨਹਾ ਨੇ ਵੀ ਸੱਚੇ ਅਰਥਾਂ ਵਿੱਚ ਇੱਕ ਇਤਿਹਾਸ ਹੀ ਰਚਿਆ ਹੈ। ਇੱਕ ਅਜਿਹਾ ਪ੍ਰੇਰਣਾਦਾਇਕ ਇਤਿਹਾਸ, ਜੋ ਆਧੁਨਿਕ ਜੁੱਗ ਦੇ ਨੌਜਵਾਨ ਉਦਮੀਆਂ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਪੰਧ-ਵਿਖਾਊ ਵੀ ਹੈ। ਸ੍ਰੀ ਰਵਿੰਦਰ ਕਿਸ਼ੋਰ ਸਿਨਹਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਮਿਹਨਤੀ ਪੱਤਰਕਾਰ ਵਜੋਂ ਕੀਤੀ ਸੀ। ਸ੍ਰੀ ਸਿਨਹਾ ਦਸਦੇ ਹਨ,''1971 'ਚ ਭਾਰਤ-ਪਾਕਿਸਤਾਨ ਜੰਗ ਦੀ ਕਵਰੇਜ ਦੌਰਾਨ ਉਨ੍ਹਾਂ ਦੀ ਭਾਰਤੀ ਫ਼ੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਵਧੀਆ ਦੋਸਤੀ ਹੋ ਗਈ ਸੀ। ਬਾਂਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਸ੍ਰੀ ਸਿਨਹਾ ਪਟਨਾ ਪਰਤ ਗਏ ਅਤੇ ਸਿਆਸੀ ਰਿਪੋਰਟਰ ਵਜੋਂ 'ਦੈਨਿਕ ਸਰਚਲਾਈਟ' ਅਤੇ 'ਪ੍ਰਦੀਪ' ਲਈ ਕੰਮ ਕਰਨ ਲੱਗੇ।''

ਸ੍ਰੀ ਰਵਿੰਦਰ ਕਿਸ਼ੋਰ ਸਿਨਹਾ 1970 ਦੌਰਾਨ ਲੋਕਨਾਇਕ ਜੈਪ੍ਰਕਾਸ਼ ਨਾਰਾਇਣ (ਜੇ.ਪੀ.) ਵੱਲੋਂ ਮੁਜ਼ਫ਼ਰਪੁਰ ਦੀ ਮੁਸ਼ਹਿਰੀ ਤਹਿਸੀਲ 'ਚ ਨਕਸਲੀਆਂ ਵਿਰੁੱਧ ਚਲਾਏ ਗਏ ਅੰਦੋਲਨ ਵੇਲੇ ਤੋਂ ਹੀ ਜੇ.ਪੀ. ਨਾਲ ਜੁੜੇ ਰਹੇ ਸਨ, ਇਸ ਲਈ ਉਹ ਦਿਨੋਂ-ਦਿਨ ਜੇ.ਪੀ. ਦੇ ਨੇੜੇ ਹੁੰਦੇ ਚਲੇ ਗਏ। ਉਦੋਂ ਦੀ ਇੰਦਰਾ ਗਾਂਧੀ ਸਰਕਾਰ ਵਿੱਚ ਪਾਏ ਜਾਣ ਵਾਲੇ ਭ੍ਰਿਸ਼ਟਾਚਾਰ ਵਿਰੁੱਧ ਸ੍ਰੀ ਸਿਨਹਾ ਨੇ ਬਹੁਤ ਆਲੋਚਨਾਤਮਕ ਲੇਖ ਲਿਖੇ ਅਤੇ ਅੰਤ 1974 'ਚ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਸ੍ਰੀ ਰਵਿੰਦਰ ਕਿਸ਼ੋਰ ਸਿਨਹਾ ਦਸਦੇ ਹਨ,''ਉਸ ਦਿਨ ਸ਼ਾਮੀਂ ਜਦੋਂ ਮੈਂ ਜਦੋਂ ਜੇ.ਪੀ. ਕੋਲ ਪੁੱਜਾ, ਤਾਂ ਉਨ੍ਹਾਂ ਨੂੰ ਮੇਰੇ ਨੌਕਰੀ 'ਚੋਂ ਕੱਢੇ ਜਾਣ ਦੀ ਖ਼ਬਰ ਪਹਿਲਾਂ ਹੀ ਮਿਲ ਚੁੱਕੀ ਸੀ। ਜੇ.ਪੀ. ਨੇ ਪੁੱਛਿਆ ਕਿ ਹੁਣ ਕੀ ਕਰੇਂਗਾ? ਮੈਂ ਕਿਹਾ ਫ਼੍ਰੀ-ਲਾਂਸਿੰਗ ਕਰਾਂਗਾ। ਤਦ ਜੇ.ਪੀ. ਨੇ ਸਲਾਹ ਦਿੱਤੀ ਕਿ ਕੁੱਝ ਅਜਿਹਾ ਕਰ ਕਿ ਗ਼ਰੀਬਾਂ ਦੇ ਦਿਲ ਛੋਹ ਸਕੇਂ।''

ਫ਼ੌਜੀ ਅਧਿਕਾਰੀਆਂ ਅਤੇ ਜਵਾਨਾਂ ਦੀ ਮਦਦ ਨਾਲ ਉਸ ਔਖੇ ਵੇਲੇ ਦੌਰਾਨ ਸ੍ਰੀ ਸਿਨਹਾ ਨੇ ਮੁੱਖ ਤੌਰ ਉਤੇ ਸਾਬਕਾ ਫ਼ੌਜੀਆਂ ਦੇ ਮੁੜ ਵਸੇਬੇ ਲਈ ਸਕਿਓਰਿਟੀ ਐਂਡ ਇੰਟੈਲੀਜੈਂਸ ਸਰਵਿਸ ਚਲਾਉਣ ਦਾ ਵਿਚਾਰ ਬਣਾਇਆ। ਇੱਕ ਅਜਿਹਾ ਨਵਾਂ ਕੰਮ, ਜਿਸ ਵਿੱਚ ਸ੍ਰੀ ਰਵਿੰਦਰ ਕਿਸ਼ੋਰ ਸਿਨਹਾ ਦਾ ਕੋਈ ਤਜਰਬਾ ਨਹੀਂ ਸੀ। ਸ੍ਰੀ ਸਿਨਹਾ ਦਸਦੇ ਹਨ ਕਿ ਉਨ੍ਹਾਂ ਦਾ ਇੱਕ ਦੋਸਤ ਮਿੰਨੀ ਸਟੀਲ ਪਲਾਂਟ ਚਲਾਉਂਦੇ ਸਨ, ਜਿਸ ਨੂੰ ਰਾਮਗੜ੍ਹ (ਝਾਰਖੰਡ) ਵਿੱਚ ਲੱਗੀ ਆਪਣੇ ਪ੍ਰਾਜੈਕਟ-ਸਾਈਟ ਦੀ ਸੁਰੱਖਿਆ ਲਈ ਫ਼ੌਜ ਦੇ ਸੇਵਾ-ਮੁਕਤ ਜਵਾਨਾਂ ਦੀ ਲੋੜ ਸੀ। ਸ੍ਰੀ ਸਿਨਹਾ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਕੁੱਝ ਜਵਾਨਾਂ ਨੂੰ ਜਾਣਦੇ ਹਨ। ਇਸ 'ਤੇ ਉਨ੍ਹਾਂ ਦੇ ਦੋਸਤ ਨੇ ਸ੍ਰੀ ਸਿਨਹਾ ਨੂੰ ਇੱਕ ਸੁਰੱਖਿਆ ਕੰਪਨੀ ਬਣਾਉਣ ਦੀ ਸਲਾਹ ਦੇ ਦਿੱਤੀ। ਉਸ ਸਲਾਹ ਨੂੰ ਸ੍ਰੀ ਸਿਨਹਾ ਨੇ ਤੁਰੰਤ ਪ੍ਰਵਾਨ ਵੀ ਕਰ ਲਿਆ। ਉਨ੍ਹਾਂ ਪਟਨਾ 'ਚ ਹੀ ਇੱਕ ਛੋਟਾ ਜਿਹਾ ਗੈਰਾਜ ਕਿਰਾਏ ਉਤੇ ਲੈ ਕੇ ਇਹ ਕੰਮ ਸ਼ੁਰੂ ਕਰ ਦਿੱਤਾ। ਸ੍ਰੀ ਸਿਨਹਾ ਦੀ ਉਮਰ ਉਸ ਵੇਲੇ ਕੇਵਲ 23 ਵਰ੍ਹੇ ਸੀ। ਉਨ੍ਹਾਂ ਸਭ ਤੋਂ ਪਹਿਲਾਂ ਫ਼ੌਜ ਦੇ 35 ਸੇਵਾ ਮੁਕਤ ਜਵਾਨਾਂ ਨੂੰ ਨੌਕਰੀ ਦਿੱਤੀ। ਇਨ੍ਹਾਂ ਵਿੱਚ 27 ਗਾਰਡ, ਤਿੰਨ ਸੁਪਰਵਾਈਜ਼ਰ, ਤਿੰਨ ਗੰਨਮੈਨ ਅਤੇ ਦੋ ਸੂਬੇਦਾਰ ਸਨ। ਇਸ ਤਰ੍ਹਾਂ 1974 'ਚ ਐਸ.ਆਈ.ਐਸ. ਕਾਇਮ ਹੋ ਗਈ। ਉਸ ਤੋਂ ਬਾਅਦ ਸ੍ਰੀ ਰਵਿੰਦਰ ਕਿਸ਼ੋਰ ਸਿਨਹਾ ਅਤੇ ਐਸ.ਆਈ.ਐਸ. ਨੇ ਕਦੇ ਪਿਛਾਂਹ ਪਰਤ ਕੇ ਨਹੀਂ ਤੱਕਿਆ। ਇੰਝ ਸ਼ੁਰੂਆਤੀ ਵਰ੍ਹਿਆਂ 'ਚ ਹੀ ਸ੍ਰੀ ਸਿਨਹਾ ਦੀ ਮਿਹਨਤ ਤੇ ਕੁਸ਼ਲਤਾ ਆਪਣਾ ਰੰਗ ਵਿਖਾਉਣ ਲੱਗ ਪਈ ਸੀ। ਕੁੱਝ ਸਾਲਾਂ 'ਚ ਗਾਰਡਜ਼ ਦੀ ਗਿਣਤੀ ਵਧ ਕੇ 5,000 ਹੋ ਗਈ ਅਤੇ ਉਸ ਦਾ ਟਰਨਓਵਰ ਇੱਕ ਕਰੋੜ ਰੁਪਏ ਤੋਂ ਉਪਰ ਚਲਾ ਗਿਆ ਸੀ।

ਅੱਜ ਸਥਿਤੀ ਇਹ ਹੈ ਕਿ ਐਸ.ਆਈ.ਐਸ. ਗਰੁੱਪ ਵਿੱਚ ਸਵਾ ਲੱਖ ਤੋਂ ਵੱਧ ਪੱਕੇ ਮੁਲਾਜ਼ਮ ਹਨ। ਭਾਰਤ 'ਚ 250 ਤੋਂ ਵੱਧ ਦਫ਼ਤਰ ਹਨ। ਸਾਰੇ 28 ਸੂਬਿਆਂ ਦੇ 600 ਤੋਂ ਵੱਧ ਜ਼ਿਲ੍ਹਿਆਂ ਵਿੱਚ ਕਾਰੋਬਾਰ ਫੈਲਿਆ ਹੋਇਆ ਹੈ। ਐਸ.ਆਈ.ਐਸ. ਨੇ ਕੌਮਾਂਤਰੀ ਹੁੰਦਿਆਂ 2008 'ਚ ਆਸਟਰੇਲੀਆ ਦੀ ਕੰਪਨੀ 'ਚਬ ਸਕਿਓਰਿਟੀ' ਨੂੰ ਵੀ ਅਕਵਾਇਰ ਕੀਤਾ ਸੀ। ਸਾਲ 2016 'ਚ ਕੰਪਨੀ ਦੀ ਟਰਨਓਵਰ 4,000 ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ।

ਸ੍ਰੀ ਰਵਿੰਦਰ ਕਿਸ਼ੋਰ ਸਿਨਹਾ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਆਖਦੇ ਹਨ ਕਿ ਅੱਜ ਦੇ ਨੌਜਵਾਨ ਨੂੰ ਆਤਮ-ਨਿਰਭਰ ਬਣਨਾ ਚਾਹੀਦਾ ਹੈ। ਉਸ ਨੂੰ ਰੋਜ਼ਗਾਰ ਲੈਣ ਵਾਲਾ ਨਹੀਂ, ਸਗੋਂ ਰੋਜ਼ਗਾਰ ਦੇਣ ਵਾਲਾ ਬਣਨ ਵੱਲ ਅੱਗੇ ਵਧਣਾ ਚਾਹੀਦਾ ਹੈ। ਸ੍ਰੀ ਸਿਨਹਾ ਦਸਦੇ ਹਨ,''ਜੇ ਕੋਈ ਵਿਅਕਤੀ ਕਿਸੇ ਖ਼ਾਸ ਕਾਰੋਬਾਰ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਕਾਰੋਬਾਰ ਅਰੰਭਣ ਤੋਂ ਪਹਿਲਾਂ ਉਸ ਕਾਰੋਬਾਰ ਨਾਲ ਜੁੜੀ ਕਿਸੇ ਕੰਪਨੀ ਵਿੱਚ ਕੰਮ ਕਰ ਕੇ ਤਜਰਬਾ ਹਾਸਲ ਕਰੇ। ਉਸ ਕਾਰੋਬਾਰ ਬਾਰੇ ਖੋਜ ਕਰ ਕੇ ਉਸ ਨੂੰ ਬਹੁਤ ਬਾਰੀਕੀ ਨਾਲ ਸਮਝੇ।''

ਸ੍ਰੀ ਸਿਨਹਾ ਦਸਦੇ ਹਨ ਕਿ ਕਾਰੋਬਾਰ ਨੂੰ ਅੱਗੇ ਵਧਾਉਂਦੇ ਸਮੇਂ ਅਜਿਹੀਆਂ ਕਈ ਚੁਣੌਤੀਆਂ ਤੁਹਾਡੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਪਾਰ ਕਰਨਾ ਥੋੜ੍ਹਾ ਔਖਾ ਜ਼ਰੂਰ ਲਗਦਾ ਹੈ ਪਰ ਤੁਹਾਡਾ ਸਬਰ, ਸਮਰਪਣ ਅਤੇ ਸਖ਼ਤ ਮਿਹਨਤ ਹਰੇਕ ਚੁਣੌਤੀ ਨੂੰ ਹਰਾ ਦਿੰਦੀ ਹੈ।

ਨੌਜਵਾਨ ਉਦਮੀਆਂ ਨੂੰ ਕਾਮਯਾਬੀ ਦਾ ਭੇਤ ਦਸਦਿਆਂ ਸ੍ਰੀ ਸਿਨਹਾ ਕਹਿੰਦੇ ਹਨ,'ਕਾਰੋਬਾਰ ਭਾਵ ਬਿਜ਼ਨੇਸ ਵਿੱਚ ਆਉਣ ਵਾਲੀਆਂ ਔਕੜਾਂ ਅਤੇ ਚੁਣੌਤੀਆਂ ਤੋਂ ਘਬਰਾਉਣ ਦੀ ਥਾਂ ਉਨ੍ਹਾਂ ਨੂੰ ਹੱਲ ਕਰਨ ਦੇ ਤਰੀਕੇ ਲੱਭਣੇ ਚਾਹੀਦੇ ਹਨ। ਕਾਰੋਬਾਰ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਆਮਦਨ ਤੋਂ ਵੱਧ ਅਹਿਮ ਬਾਜ਼ਾਰ ਅਤੇ ਲੋਕਾਂ 'ਚ ਆਪਣੀ ਕੰਪਨੀ ਦਾ ਅਕਸ, ਨਾਂਅ ਅਤੇ ਸਤਿਕਾਰ ਬਣਾਉਣਾ ਹੁੰਦਾ ਹੈ।'

ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਸ੍ਰੀ ਸਿਨਹਾ ਸਿਆਸਤ 'ਚ ਵੀ ਕਾਫ਼ੀ ਵਰ੍ਹਿਆਂ ਤੋਂ ਸਰਗਰਮ ਰਹੇ ਹਨ। ਉਹ ਜਨਸੰਘ ਦੇ ਦਿਨਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ ਹਨ। ਉਹ ਬਿਹਾਰ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦੋ ਵਾਰ ਚੋਣ ਮੁਹਿੰਮ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ। ਇਤਿਹਾਸਕ ਜੇ.ਪੀ. ਅੰਦੋਲਨ ਵਿੱਚ ਵੀ ਉਨ੍ਹਾਂ ਸਰਗਰਮੀ ਰਹੀ ਹੈ। ਉਹ ਜੈਪ੍ਰਕਾਸ਼ ਨਾਰਾਇਣ ਦੇ ਨੇੜਲੇ ਸਹਿਯੋਗੀਆਂ ਵਿਚੋਂ ਇੱਕ ਰਹੇ ਹਨ। ਉਹ 2014 'ਚ ਬਿਹਾਰ ਤੋਂ ਭਾਜਪਾ ਵੱਲੋਂ ਰਾਜਸਭਾ ਲਈ ਚੁਣੇ ਗਏ। ਅੱਜ ਭਾਜਪਾ ਦੇ ਸੀਨੀਅਰ ਆਗੂਆਂ 'ਚ ਉਨ੍ਹਾਂ ਦਾ ਨਾਂਅ ਗਿਣਿਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਨੇ 2013 'ਚ ਸ੍ਰੀ ਸਿਨਹਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਸਹਾਇਕ-ਇੰਚਾਰਜ ਬਣਾਇਆ ਸੀ ਪਰ ਤਦ ਭਾਜਪਾ ਕੇਵਲ ਦੋ ਸੀਟਾਂ ਦੀ ਘਾਟ ਸਦਕਾ ਸਰਕਾਰ ਨਹੀਂ ਬਣਾ ਸਕੀ ਸੀ। ਉਹ ਅਨੇਕਾਂ ਵਾਰ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਵੀ ਰਹੇ ਹਨ।

ਇਸ ਵੇਲੇ ਸ੍ਰੀ ਆਰ. ਕੇ. ਸਿਨਹਾ ਐਸ.ਆਈ.ਐਸ. ਗਰੁੱਪ ਦੇ ਚੇਅਰਮੈਨ ਤੋਂ ਇਲਾਵਾ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਕਈ ਸਮਾਜ ਸੇਵਕ ਜੱਥੇਬੰਦੀਆਂ ਦੇ ਸਰਪ੍ਰਸਤ ਹਨ। ਉਹ ਦੇਹਰਾਦੂਨ 'ਚ ਇੱਕ ਪ੍ਰਸਿੱਧ ਬੋਰਡਿੰਗ ਸਕੂਲ 'ਇੰਡੀਅਨ ਪਬਲਿਕ ਸਕੂਲ' ਵੀ ਚਲਾਉਂਦੇ ਹਨ। ਉਹ ਪਟਨਾ ਦੇ ਆਦਿ ਚਿੱਤਰਗੁਪਤ ਮੰਦਰ ਟਰੱਸਟ ਦੇ ਚੇਅਰਮੈਨ ਵੀ ਹਨ। ਸ੍ਰੀ ਸਿਨਹਾ ਇੱਕ ਸਮਰਪਿਤ ਸਮਾਜ ਸੇਵਕ ਹਨ। ਉਹ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹਿੰਦੇ ਹਨ। ਆਪਣੀ ਇੱਕ ਸਮਾਜਕ ਮੁਹਿੰਮ, 'ਸੰਗਤ-ਪੰਗਤ' ਅਧੀਨ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਕਿਸੇ ਗ਼ਰੀਬ ਵਿਅਕਤੀ ਦੀ ਜ਼ਿੰਦਗੀ ਕਿਤੇ ਇਲਾਜ ਖੁਣੋਂ ਨਾ ਚਲੀ ਜਾਵੇ, ਕੋਈ ਹੋਣਹਾਰ ਬੱਚਾ ਪੈਸੇ ਦੀ ਕਮੀ ਕਾਰਣ ਉਚ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ। ਸ੍ਰੀ ਸਿਨਹਾ ਦਹੇਜ ਤੋਂ ਬਿਨਾ ਵਿਆਹ ਦੇ ਹਮਾਇਤੀ ਹਨ। ਸੰਗਤ-ਪੰਗਤ ਉਹ ਆਪਣੀ ਦੇਖ-ਰੇਖ ਵਿੱਚ ਅਣਗਿਣਤ ਸਮੂਹਕ ਅਤੇ ਦਹੇਜ-ਮੁਕਤ ਵਿਆਹ ਕਰਵਾਉਂਦੇ ਰਹਿੰਦੇ ਹਨ।

ਇਸੇ ਮੁਹਿੰਮ ਅਧੀਨ ਉਹ ਛੇਤੀ ਹੀ ਦਿੱਲੀ 'ਚ ਇੱਕ ਮੁਫ਼ਤ ਬਹੁ-ਵਿਸ਼ੇਸ਼ਤਾਵਾਂ ਵਾਲੀ ਓ.ਪੀ.ਡੀ. ਦੀ ਵਿਵਸਥਾ ਕਰਨ ਵਾਲੇ ਹਨ, ਜਿੱਥੇ ਗ਼ਰੀਬਾਂ ਅਤੇ ਲੋੜਵੰਦ ਮਰੀਜ਼ ਆਪਣਾ ਇਲਾਜ ਮੁਫ਼ਤ ਕਰਵਾ ਸਕਣਗੇ। ਛੇਤੀ ਹੀ ਅਜਿਹੀਆਂ ਕਈ ਹੋਰ ਮੁਫ਼ਤ ਓ.ਪੀ.ਡੀਜ਼ ਪਟਨਾ, ਕਾਨਪੁਰ ਤੇ ਲਖਨਊ ਵਿੱਚ ਵੀ ਖੋਲ੍ਹੀਆਂ ਜਾਣਗੀਆਂ।

ਲੇਖਕ: ਰੋਹਿਤ ਸ੍ਰੀਵਾਸਤਵਾ

ਅਨੁਵਾਦ: ਮਹਿਤਾਬ-ਉਦ-ਦੀਨ