3 ਸਾਲਾਂ 'ਚ ਤਿੰਨ ਸਟਾਰਟ-ਅੱਪਸ ਦੀ ਬਾਨੀ, 33 ਸਾਲਾਂ ਦੀ ਉਮਰੇ ਅਰਪਿਤਾ ਖਦਰੀਆ ਕਰ ਰਹੇ ਹਨ ਸ਼ੁਰੂਆਤ

0

ਕੇਵਲ ਚਾਰ ਕੁ ਸਾਲ ਪਹਿਲਾਂ ਅਰਪਿਤਾ ਖਦਰੀਆ ਇੱਕ ਵੱਡੀ ਕੰਪਨੀ ਦੇ ਬ੍ਰਾਂਡ ਮੈਨੇਜਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਟੀ.ਏ.ਪੀ.ਐਮ.ਆਈ. ਤੋਂ ਐਮ.ਬੀ.ਏ. ਕੀਤੀ ਹੋਈ ਹੈ ਅਤੇ 'ਫ਼ਾਸਟਰੈਕ' ਤੇ 'ਟਾਇਟਨ'; ਜਿਹੇ ਬ੍ਰਾਂਡਜ਼ ਨਾਲ ਜੁੜੇ ਰਹੇ ਹਨ; ਜਿਸ ਕਰ ਕੇ ਉਨ੍ਹਾਂ ਦਾ ਖ਼ੁਦ ਕਾਰਪੋਰੇਟ ਪੌੜੀ ਉਤੇ ਉਤਾਂਹ ਚੜ੍ਹਨਾ ਸੁਭਾਵਕ ਹੀ ਸੀ। ਅੱਜ 33 ਸਾਲਾਂ ਦੀ ਉਮਰੇ ਉਹ ਤਿੰਨ ਵੱਖੋ-ਵੱਖਰੀਆਂ ਸਟਾਰਟ-ਅੱਪਸ ਦੇ ਬਾਨੀ ਹਨ। ਉਹ ਦਸਦੇ ਹਨ,'ਜੀਵਨ ਹਾਸਿਆਂ-ਖੇੜਿਆਂ ਨਾਲ ਹੀ ਅੱਗੇ ਵਧਦਾ ਹੈ। ਜਦੋਂ ਤੁਸੀਂ ਇੱਕ ਯਾਤਰਾ ਉਤੇ ਨਿੱਕਲਦੇ ਹੋ, ਤਦ ਤੁਸੀਂ ਕੋਈ ਅਨੁਮਾਨ ਨਹੀਂ ਲਾ ਸਕਦੇ ਕਿ ਤੁਸੀਂ ਕਿੱਥੇ ਪੁੱਜੋਗੇ।' ਹੁਣ ਉਹ ਬਹੁਤ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਦੀ ਐਪ. 'ਸਾਈਨਟਿਸਟ' 'ਮੋਬਾਇਲ ਪ੍ਰੀਮੀਅਰ ਐਵਾਰਡਜ਼' ਲਈ ਭਾਰਤ ਦੀ ਨੁਮਾਇੰਦਗੀ ਵਾਸਤੇ ਚੁਣੀ ਗਈ ਹੈ। 'ਇੰਟਲ' ਵੱਲੋਂ ਪ੍ਰਾਯੋਜਿਤ ਵਿਸ਼ਵ ਪੱਧਰ ਦੇ ਐਪ. ਸ਼ੋਅਕੇਸ ਮੰਚ 'ਐਪਸਰਕਸ' ਦੇ ਇੱਕ ਵਿਸ਼ਵ ਪੱਧਰੀ ਮੁਕਾਬਲੇ 'ਚ 'ਸਾਈਨਟਿਸਟ' ਨੇ ਹੋਰਨਾਂ ਕਈ ਕੰਪਨੀਆਂ ਨੂੰ ਪਛਾੜ ਕੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਹਾਸਲ ਕੀਤਾ ਹੈ। ਇਹ ਪੁਰਸਕਾਰ ਸਮਾਰੋਹ ਇਸੇ ਫ਼ਰਵਰੀ ਮਹੀਨੇ ਦੇ ਅੰਤ 'ਚ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਹੋਣਾ ਹੈ।

'ਸਾਈਨਟਿਸਟ' ਖੇਡਦਿਆਂ

'ਸਾਈਨਟਿਸਟ' ਨੂੰ ਅਰਪਿਤਾ ਦੀ ਗੇਮ ਅਤੇ ਐਪ. ਵਿਕਾਸ ਕੰਪਨੀ ਬੈਜ਼ਰਕ 'ਚ ਵਿਕਸਤ ਕੀਤਾ ਗਿਆ ਸੀ ਅਤੇ ਇਹ ਤਰਕਾਂ ਉਤੇ ਚੱਲਣ ਵਾਲੀ ਇੱਕ ਗੇਮ (ਖੇਡ) ਹੈ। ਅਜਿਹੀ ਖੇਡ ਵਿਕਸਤ ਦਾ ਕਰਨ ਦਾ ਵਿਚਾਰ ਉਨ੍ਹਾਂ ਨੂੰ ਤਦ ਆਇਆ ਸੀ, ਜਦੋਂ ਉਹ ਆਪਣੇ ਪੁਰਾਣੇ ਟੀ9 ਫ਼ੋਨ ਨੂੰ ਵਰਤ ਰਹੇ ਸਨ। ਤਦ ਉਨ੍ਹਾਂ ਨੂੰ ਸਹੀ ਅੱਖਰ ਲਿਖਣ ਲਈ ਕੀਅਪੈਡ ਨੂੰ ਕਈ ਵਾਰ ਦਬਾਉਣਾ ਪੈਂਦਾ ਸੀ। ਉਨ੍ਹਾਂ ਇੱਥੋਂ ਕਲਪਨਾ ਕੀਤੀ ਕਿ ਕਿਉਂ ਨਾ ਕੀਅਜ਼ ਦੀ ਪੱਧਤੀ ਤੋਂ ਕਿਸੇ ਸ਼ਬਦ ਬਾਰੇ ਅਨੁਮਾਨ ਲਾਇਆ ਜਾਵੇ ਤੇ ਇਸੇ ਨੂੰ ਖੇਡ ਬਣਾਇਆ ਜਾਵੇ। ਉਨ੍ਹਾਂ ਨੇ 135 ਦੇਸ਼ਾਂ ਵਿੱਚ ਇਸ ਗੇਮ ਦੇ ਕਾੱਪੀਰਾਈਟਸ ਭਾਵ ਅਧਿਕਾਰ ਲੈਣ ਲਈ ਅਰਜ਼ੀ ਦਾਖ਼ਲ ਕੀਤੀ ਅਤੇ ਇਹ ਗੱਲ ਬਹੁਤ ਹੀ ਉਤਸ਼ਾਹਵਰਧਕ ਰਹੀ ਕਿ ਸਾਰੇ ਹੀ ਦੇਸ਼ਾਂ ਵਿੱਚ ਉਨ੍ਹਾਂ ਨੂੰ ਪ੍ਰਵਾਨਗੀ ਮਿਲ ਗਈ।

ਉਨ੍ਹਾਂ ਪਹਿਲਾਂ-ਪਹਿਲ ਅਪ੍ਰੈਲ 2015 'ਚ ਫ਼ਲਿਪਕਾਰਟ ਉਤੇ 'ਪਜ਼ਲ ਬੁਕਸ' (ਬੁਝਾਰਤਾਂ/ਅੜਾਉਣੀਆਂ ਤੇ ਹੋਰ ਅਜਿਹੇ ਪ੍ਰਸ਼ਨਾਂ ਵਾਲੀਆਂ ਪੁਸਤਕਾਂ) ਵਜੋਂ ਆਪਣੀ ਗੇਮ ਲਾਂਚ ਕੀਤੀ। ਪਜ਼ਲ ਬੁੱਕਸ ਨੂੰ ਭਰਵਾਂ ਹੁੰਗਾਰਾ ਮਿਲਿਆ; ਉਹ ਵੀ ਬਿਨਾਂ ਕਿਸੇ ਮਾਰਕਿਟਿੰਗ ਤੇ ਇਸ਼ਤਿਹਾਰਬਾਜ਼ੀ ਦੇ। ਉਨ੍ਹਾਂ ਇੱਥੇ ਡੇਢ ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਸਨ। ਉਨ੍ਹਾਂ ਇਹ ਗੱਲ ਵੀ ਨੋਟ ਕੀਤੀ ਕਿ ਉਨ੍ਹਾਂ ਦੀ ਕੁੱਲ ਵਿਕਰੀ ਵਿਚੋਂ 80 ਫ਼ੀ ਸਦੀ ਵਿਕਰੀ ਵੱਖੋ-ਵੱਖਰੇ ਸਮਾਰੋਹਾਂ ਦੌਰਾਨ ਸਟਾੱਲਜ਼ ਉਤੇ ਹੋਈ ਹੈ।

ਉਨ੍ਹਾਂ ਆਪਣੀ ਐਪ. ਦਾ ਐਂਡਰਾਇਡ ਸੰਸਕਰਣ ਦਸੰਬਰ 2015 'ਚ ਬਾਜ਼ਾਰ ਵਿੱਚ ਉਤਾਰਿਆ ਅਤੇ ਆਈ.ਓ.ਐਸ. ਸੰਸਕਰਣ ਜਨਵਰੀ 2016 'ਚ ਲਾਂਚ ਕੀਤਾ। ਅਰਪਿਤਾ ਦਸਦੇ ਹਨ,''ਇਸ ਗੇਮ ਦੀ ਵਰਤੋਂ ਕਿਸੇ ਵਿਦਿਆਰਥੀ ਦੀ ਤਰਕ-ਸ਼ਕਤੀ ਦੀ ਪ੍ਰੀਖਿਆ ਵੀ ਲੈ ਸਕਦੀ ਹੈ। ਸੰਭਾਵਨਾਵਾਂ ਅਨੰਤ ਹਨ।'' ਉਹ ਵੱਖੋ-ਵੱਖਰੇ ਅਖ਼ਬਾਰਾਂ ਨਾਲ ਵੀ ਗੱਲਬਾਤ ਕਰ ਰਹੇ ਹਨ ਕਿ ਉਹ ਇਸ ਗੇਮ ਨੂੰ ਇੱਕ 'ਕ੍ਰਾੱਸਵਰਡ' ਭਾਵ 'ਵਰਗ-ਬੁਝਾਰਤ' ਵਜੋਂ ਛਾਪਣਾ ਸ਼ੁਰੂ ਕਰਨ ਅਤੇ ਉਤਸ਼ਾਹ ਭਰਪੂਰ ਗੱਲ ਇਹ ਰਹੀ ਕਿ 'ਸਾਈਨਟਿਸਟ' ਨੂੰ ਫ਼ੇਸਬੁੱਕ ਸਟਾਰਟ ਬੂਟਸਟਰੈਪ ਟਰੈਕ ਪ੍ਰੋਗਰਾਮ ਲਈ ਚੁਣ ਲਿਆ ਗਿਆ ਹੈ, ਜਿੱਥੇ ਜੇਤੂ ਨੂੰ 30 ਹਜ਼ਾਰ ਡਾਲਰ ਦੇ ਲਾਭ ਮਿਲਦੇ ਹਨ ਤੇ ਨਾਲ ਹੀ ਉਹ ਇੱਕ ਅਧਿਆਪਕ ਵਜੋਂ ਵੀ ਵਿਚਰ ਸਕਦਾ ਹੈ।

ਬੈਜ਼ਰਕ ਚਾਰ ਮੈਂਬਰਾਂ ਦੀ ਟੀਮ ਹੈ ਤੇ ਡਿਜ਼ਾਇਨਰ ਉਨ੍ਹਾਂ ਦਾ ਆਪਣਾ ਹੈ। ਇਸ ਵੇਲੇ ਐਂਡਰਾਇਡ ਉਤੇ 'ਸਾਈਨਟਿਸਟ' ਦੀ ਰੇਟਿੰਗ 4.6 ਹੈ ਅਤੇ ਐਪਲ ਨੇ ਇਸ ਨੂੰ 12 ਦੇਸ਼ਾਂ ਵਿੱਚ ਬਿਹਤਰੀਨ ਨਵੀਆਂ ਗੇਮਜ਼ ਦਾ ਦਰਜਾ ਵੀ ਦਿੱਤਾ ਹੈ। ਇਸ ਗੇਮ ਨੂੰ ਹੁਣ ਤੱਕ 25,000 ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 'ਸਾਈਨਟਿਸਟ' ਨੂੰ 'ਮੈਂਟੋਸ ਇੰਡੀਆ' ਦੇ ਰੂਪ ਵਿੱਚ ਇੱਕ ਇਸ਼ਤਿਹਾਰਦਾਤਾ ਵੀ ਮਿਲ ਗਿਆ ਹੈ ਕਿਉਂਕਿ ਉਹ ਉਸ ਦੇ ਮੁੱਖ ਆਦਰਸ਼-ਵਾਕ 'ਦਿਮਾਗ਼ ਕੀ ਬੱਤੀ ਜਲਾ ਦੇ' ਨਾਲ ਮੇਲ ਖਾਂਦਾ ਸੀ। ਅਰਪਿਤਾ ਲਈ ਇਸ਼ਤਿਹਾਰਬਾਜ਼ੀ ਅਤੇ ਮਾਰਕਿਟਿੰਗ ਸੁਭਾਵਕ ਹਨ ਕਿਉਂਕਿ ਉਨ੍ਹਾਂ ਆਪਣਾ ਕੈਰੀਅਰ ਸਿਖ਼ਰਲੀ ਇਸ਼ਤਿਹਾਰ ਏਜੰਸੀ 'ਮੈਕੈਨ ਐਰਿਕਸਨ' ਨਾਲ ਅਰੰਭਿਆ ਸੀ।

'ਬੇਅਰਫ਼ੁਟ' ਨਾਲ ਚੱਲਣਾ

ਸਾਲ 2012 'ਚ, ਅਰਪਿਤਾ ਨੇ ਨੌਕਰੀ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਬੌਸ ਕਿਸੇ ਵੀ ਤਰ੍ਹਾਂ ਕੋਈ ਸਹਿਯੋਗ ਨਹੀਂ ਦਿੰਦਾ ਸੀ ਅਤੇ ਉਪਰੋਂ ਕੰਮ ਕਰਨ ਦਾ ਮਾਹੌਲ ਬਹੁਤ ਤਣਾਅਪੂਰਨ ਸੀ। ਉਂਝ ਵੀ ਕਾਰੋਬਾਰ ਕਰਨਾ ਉਨ੍ਹਾਂ ਦੇ ਮਾਰਵਾੜੀ ਖ਼ੁਨ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਦੇ ਪਤੀ ਪ੍ਰੋਮਿਤ ਅਤੇ ਦੋਸਤਾਂ ਵੱਲੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ; ਇਸੇ ਕਰ ਕੇ ਉਨ੍ਹਾਂ ਨੇ ਆਪਣੀ ਨਵੀਂ ਯਾਤਰਾ ਉਤੇ ਨਿੱਕਲਣ ਦਾ ਫ਼ੈਸਲਾ ਲਿਆ ਸੀ।

ਸ੍ਰੀਮਤੀ ਅਰਪਿਤਾ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਬਿਲਕੁਲ ਹੇਠਾਂ ਡਿੱਗ ਪੈਂਦੇ ਹੋ, ਤਦ ਤੁਹਾਡੇ ਕੋਲ ਉਪਰ ਜਾਣ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਹੁੰਦਾ। ਉਨ੍ਹਾਂ 'ਬੇਅਰਫ਼ੁਟ' ਨਾਂਅ ਦੀ ਕੰਪਨੀ ਦੀ ਸਥਾਪਨਾ ਸਤੰਬਰ 2012 'ਚ ਕੀਤੀ ਸੀ ਅਤੇ ਇਹ ਉਨ੍ਹਾਂ ਦੇ ਕੈਰੀਅਰ ਦੀ ਇੱਕ ਨਵੀਂ ਸ਼ੁਰੂਆਤ ਸੀ।

'ਬੇਅਰਫ਼ੁਟ' ਸਟਾਰਟ-ਅੱਪਸ ਭਾਵ ਨਵੀਆਂ ਨਿੱਕੀਆਂ ਕੰਪਨੀਆਂ ਨੂੰ ਸਲਾਹ ਦੇਣ ਵਾਲੀ ਇੱਕ ਕਨਸਲਟੈਂਸੀ ਫ਼ਰਮ ਹੈ। ਇਹ ਅਜਿਹਾ ਵੱਡਾ ਬ੍ਰਾਂਡ ਹੈ ਜੋ ਕਿ ਵੱਡੀਆਂ ਏਜੰਸੀਆਂ ਦੀਆਂ ਸੇਵਾਵਾਂ ਲੈ ਸਕਦਾ ਹੈ ਅਤੇ ਜਾਂ ਆਪਣੀ ਖ਼ੁਦ ਦੀ ਮਾਰਕਿਟਿੰਗ ਤੇ ਬ੍ਰਾਂਡਿੰਗ ਟੀਮ ਵੀ ਰੱਖ ਸਕਦਾ ਹੈ। ਪਰ ਨਵੀਆਂ ਫ਼ਰਮਾਂ ਨੂੰ ਬ੍ਰਾਂਡ ਲਾਂਚਸ, ਬਾਜ਼ਾਰ ਦੀ ਖੋਜ ਅਤੇ ਆਮਦਨ ਪੈਦਾ ਕਰਨ ਦੇ ਨਵੇਂ ਸਾਧਨਾਂ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ। ਅਜਿਹੀਆਂ ਕੰਪਨੀਆਂ ਨੂੰ 'ਬੇਅਰਫ਼ੁਟ' ਵੱਲੋਂ ਬਹੁਤ ਹੀ ਘੱਟ ਕੀਮਤ ਉਤੇ ਸਲਾਹ ਭਾਵ ਕਨਸਲਟੇਸ਼ਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਉਸ ਗੱਲ ਤੋਂ ਸਸਤੀਆਂ ਪੈਂਦੀਆਂ ਹਨ ਜੇ ਉਹੀ ਕੰਪਨੀ ਆਪਣੀ ਖ਼ੁਦ ਦੀ ਕਨਸਲਟੈਂਸੀ ਸੇਵਾ ਰਖਦੀ ਹੈ ਤੇ ਜਾਂ ਕਿਸੇ ਵੱਡੀ ਕੰਪਨੀ ਤੋਂ ਇਹ ਸੇਵਾਵਾਂ ਲੈਂਦੀ ਹੈ। ਸ੍ਰੀਮਤੀ ਅਰਪਿਤਾ ਦਾ ਮੰਨਣਾ ਹੈ ਕਿ ਆਪਣੇ ਮੁਵੱਕਿਲਾਂ ਦੀ ਗਿਣਤੀ ਇੱਕ ਵਾਰ 'ਚ ਪੰਜ ਜਾਂ ਛੇ ਤੋਂ ਵੱਧ ਨਹੀਂ ਹੋਣੀ ਚਾਹੀਦੀ ਕਿ ਤਾਂ ਜੋ ਕੰਮ ਦਾ ਬਹੁਤਾ ਬੋਝ ਨਾ ਪਵੇ ਅਤੇ ਹਰੇਕ ਗਾਹਕ ਉਤੇ ਖ਼ਾਸ ਤੌਰ ਉਤੇ ਧਿਆਨ ਕੇਂਦ੍ਰਿਤ ਵੀ ਕੀਤਾ ਜਾ ਸਕੇ। ਬੇਅਰਫ਼ੁਟ ਦੇ ਗਾਹਕਾਂ ਦੀ ਸੂਚੀ ਵਿੱਚ ਆਰੀਆ ਫ਼ਾਰਮ, ਅਸੈਟਜ਼ ਗਰੁੱਪ ਤੇ ਲਵਰਟ੍ਰੀਟਸ ਜਿਹੇ ਨਾਂਅ ਸ਼ਾਮਲ ਹਨ ਅਤੇ ਇਹ ਕੰਪਨੀ ਹੋਰ ਬਹੁਤ ਸਾਰੇ ਉਦਯੋਗਾਂ ਦੀ ਨੁਮਾਇੰਦਗੀ ਵੀ ਕਰਦੀ ਹੈ ਤੇ ਕਈ ਕੰਪਨੀਆਂ ਤੇ ਉਤਪਾਦ ਚੱਕਰਾਂ ਦੀ ਮਦਦ ਕਰ ਚੁੱਕੀ ਹੈ। ਬੇਅਰਫ਼ੁਟ 'ਚ ਚਾਰ ਮੈਂਬਰਾਂ ਦੀ ਟੀਮ ਹੈ ਅਤੇ ਡਿਜ਼ਾਇਨ ਆਵਸ਼ਕਤਾਵਾਂ 15 ਫ਼ੀਲਾਂਸਰਜ਼ ਪੂਰੀਆਂ ਕਰਦੇ ਹਨ।

ਮੁਨਾਫ਼ਿਆਂ ਤੋਂ ਅਗਾਂਹ

ਅਰਪਿਤਾ ਕੰਮ ਅਤੇ ਜੀਵਨ ਵਿਚਾਲੇ ਸੰਤੁਲਨ ਬਣਾਉਣ ਵਿੱਚ ਵਿਸ਼ਵਾਸ ਰਖਦੇ ਹਨ ਤੇ ਉਹ ਆਪਣੀ ਟੀਮ ਨੂੰ ਵੀਕਐਂਡਜ਼ ਭਾਵ ਸਨਿੱਚਰਵਾਰ ਅਤੇ ਐਤਵਾਰ ਨੂੰ ਆਮ ਤੌਰ ਉਤੇ ਕੰਮ ਨਹੀਂ ਕਰਨ ਦਿੰਦੇ। ਉਨ੍ਹਾਂ ਨੂੰ ਯਾਤਰਾ ਕਰਨੀ ਪਸੰਦ ਹੈ ਤੇ ਉਨ੍ਹਾਂ ਆਪਣੇ ਯਾਤਰਾ ਬਲੌਗ 'ਤੇ ਆਪਣੀਆਂ ਵੱਖੋ-ਵੱਖਰੀਆਂ ਯਾਤਰਾ ਡਾਇਰੀਆਂ ਰੱਖੀਆਂ ਹੋਈਆਂ ਹਨ। ਉਨ੍ਹਾਂ ਜਨਵਰੀ 2016 'ਚ 'ਗਿਵ ਫ਼ੀਅਲੀ' ਨਾਂਅ ਦੀ ਇੱਕ ਸਟਾਰਟ-ਅੱਪ ਕੰਪਨੀ ਖੋਲ੍ਹੀ ਹੈ ਜੋ ਮੁਨਾਫ਼ਾ ਕਮਾਉਣ ਲਈ ਨਹੀਂ ਹੈ। ਸ੍ਰੀਮਤੀ ਅਰਪਿਤਾ ਦਸਦੇ ਹਨ,''ਆਮ ਤੌਰ ਉਤੇ ਗ਼ੈਰ-ਸਰਕਾਰੀ ਜੱਥੇਬੰਦੀਆਂ ਅਤੇ ਚੈਰਿਟੇਬਲ ਸੰਗਠਨ ਚੰਦਾ ਮੰਗਦੀਆਂ ਹਨ ਅਤੇ ਦਾਨੀਆਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਸੰਗਠਨਾਂ ਦੇ ਪ੍ਰਬੰਧਕ ਕਿਤੇ ਉਨ੍ਹਾਂ ਵੱਲੋਂ ਦਿੱਤੇ ਧਨ ਦੀ ਦੁਰਵਰਤੋਂ ਨਾ ਕਰ ਲੈਣ।'' ਇਸੇ ਲਈ ਸ੍ਰੀਮਤੀ ਅਰਪਿਤਾ ਨੇ ਇੱਕ ਅਜਿਹਾ ਮੰਚ ਪ੍ਰਦਾਨ ਕਰਵਾਇਆ ਹੈ, ਜਿੱਥੇ ਗ਼ੈਰ-ਸਰਕਾਰੀ ਜੱਥੇਬੰਦੀਆਂ ਆਪੋ-ਆਪਣੀਆਂ ਆਵਸ਼ਕਤਾਵਾਂ ਜਿਨਸ ਦੇ ਰੂਪ ਵਿੱਚ ਪ੍ਰਦਰਸ਼ਿਤ ਕਰ ਸਕਦੀਆਂ ਹਨ; ਜਿਵੇਂ ਜੇ ਕਿਸੇ ਸਮਾਜ ਭਲਾਈ ਨੂੰ ਫ਼ਰਨੀਚਰ ਦੀ ਲੋੜ ਹੈ ਜਾਂ 20 ਕਿਲੋਗ੍ਰਾਮ ਚੌਲ਼ ਉਸ ਨੂੰ ਚਾਹੀਦੇ ਹਨ ਅਤੇ ਤਦ ਦਾਨੀ ਸੱਜਣ ਉਸ ਨੂੰ ਜਿਨਸ ਦੀ ਸ਼ਕਲ ਵਿੱਚ ਦਾਨ ਕਰ ਸਕਦਾ ਹੈ। ਆਪਣੇ ਵੈਬ ਮੰਚ ਉਤੇ ਕਿਸੇ ਵੀ ਗ਼ੈਰ-ਸਰਕਾਰੀ ਜੱਥੇਬੰਦੀ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਸ੍ਰੀਮਤੀ ਅਰਪਿਤਾ ਅਤੇ ਉਨ੍ਹਾਂ ਦੀ ਟੀਮ ਉਸ ਦੀ ਪੂਰੀ ਤਰ੍ਹਾਂ ਸਮੀਖਿਆ ਕਰਦੀਆਂ ਹਨ। ਹੁਣ ਜਿਵੇਂ ਪਿੱਛੇ ਜਿਹੇ ਚੇਨਈ 'ਚ ਹੜ੍ਹ ਆ ਗਏ ਸਨ ਅਤੇ ਬਹੁਤ ਸਾਰੇ ਲੋਕ ਉਥੇ ਲੋੜਵੰਦ ਸਨ ਅਤੇ ਹੋਰ ਸਥਾਨਾਂ ਦੇ ਬਹੁਤ ਸਾਰੇ ਲੋਕ ਅਜਿਹੇ ਵੀ ਸਨ ਜੋ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਸਨ। ਅਜਿਹੇ ਸਮੇਂ 'ਗਿਵ ਫ਼੍ਰੀਅਲੀ' ਦੋਵੇਂ ਧਿਰਾਂ ਵਿਚਾਲੇ ਇੱਕ ਪੁਲ਼ ਦਾ ਕੰਮ ਕਰਦੀ ਹੈ ਅਤੇ ਦਾਨੀਆਂ ਤੋਂ ਵਸਤਾਂ ਲੈ ਕੇ ਲੋੜਵੰਦਾਂ ਤੱਕ ਪਹੁੰਚਾਉਂਦੀ ਹੈ। ਇਸ ਮੰਚ ਨੂੰ ਨਿੱਜੀ ਬੱਚਤਾਂ ਨਾਲ ਹੀ ਚਲਾਇਆ ਜਾ ਰਿਹਾ ਹੈ ਅਤੇ ਸ੍ਰੀਮਤੀ ਅਰਪਿਤਾ ਨੂੰ ਆਸ ਹੈ ਕਿ ਵੱਡੀਆਂ ਜੱਥੇਬੰਦੀਆਂ 'ਸੀ.ਐਸ.ਆਰ. ਪ੍ਰੋਗਰਾਮ' (ਕਾਰਪੋਰੇਟ ਸੋਸ਼ਲ ਰੈਸਪਾਂਸਿਬਿਲਿਟੀ - ਕਾਰਪੋਰੇਟ ਸਮਾਜਕ ਜ਼ਿੰਮੇਵਾਰੀ) ਅਧੀਨ ਉਨ੍ਹਾਂ ਦੀ ਚੈਰਿਟੇਬਲ ਸਟਾਰਟ-ਅੱਪ ਨਾਲ ਜੁੜਨਗੀਆਂ।

ਸਫ਼ਲਤਾ ਦਾ ਮੰਤਰ

ਰਿਚਰਡ ਬਰੈਨਸਨ ਦੇ ਪ੍ਰਸ਼ੰਸਕ ਸ੍ਰੀਮਤੀ ਅਰਪਿਤਾ ਆਖਦੇ ਹਨ ਕਿ ਉਨ੍ਹਾਂ ਦੀ ਹਾਲੇ ਸ਼ੁਰੂਆਤ ਹੀ ਹੈ ਅਤੇ ਉਹ ਇੱਕ ਲੜੀਵਾਰ ਉਦਮੀ ਵਜੋਂ ਸਥਾਪਤ ਹੋਣਾ ਚਾਹੁੰਦੇ ਹਨ। ਉਨ੍ਹਾਂ ਦਾ ਫ਼ਲਸਫ਼ਾ (ਦਰਸ਼ਨ ਸ਼ਾਸਤਰ) ਹੈ 'ਵੱਡਾ ਸੋਚੋ, ਛੋਟੇ ਤੋਂ ਸ਼ੁਰੂਆਤ ਕਰੋ, ਕੰਮ ਹੁਣੇ ਕਰੋ।' ਛੋਟੇ ਤੋਂ ਸ਼ੁਰੂਆਤ ਕਰ ਕੇ ਸਬਰ ਰੱਖਣ ਦੀ ਲੋੜ ਹੁੰਦੀ ਹੈ। ਇੰਝ ਗ਼ਲਤੀਆਂ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਉਹ ਮਹਿਸੂਸ ਕਰਦੇ ਹਨ ਕਿ ਰੁਪਏ-ਪੈਸੇ ਦੀ ਸਫ਼ਲਤਾ ਵੀ ਮਹੱਤਵਪੂਰਣ ਹੈ ਪਰ ਉਸ ਤੋਂ ਵੀ ਵਧੇਰੇ ਮਹੱਤਵਪੂਰਣ ਹੈ ਸਹੀ ਕੰਮ ਕਰਨਾ। ਉਹ ਆਪਸੀ ਸਬੰਧਾਂ ਨੂੰ ਵਧੇਰੇ ਮਹੱਤਵ ਦਿੰਦੇ ਹਨ; ਭਾਵੇਂ ਉਹ ਮੁਲਾਜ਼ਮ ਹੋਣ, ਵਿਕ੍ਰੇਤਾ ਹੋਣ ਜਾਂ ਗਾਹਕ ਹੋਣ; ਉਹ ਸਭਨਾਂ ਨਾਲ ਹੀ ਵਧੀਆ ਸਬੰਧ ਬਣਾ ਕੇ ਰਖਦੇ ਹਨ। ਉਨ੍ਹਾਂ ਨੂੰ ਵੱਡੀਆਂ ਜੱਥੇਬੰਦੀਆਂ ਨਾਲ ਕੰਮ ਕਰਨ ਦੇ ਮੌਕੇ ਕਈ ਵਾਰ ਮਿਲੇ ਪਰ ਉਨ੍ਹਾਂ 'ਬੇਅਰਫ਼ੁਟ' ਨੂੰ ਕਦੇ ਇੰਝ ਨਸਾਇਆ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀ ਨੂੰ ਆਪਣੀਆਂ ਕਦਰਾਂ-ਕੀਮਤਾਂ ਕਾਇਮ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ 'ਸ਼ਾਰਟਕੱਟਸ' ਤੋਂ ਬਚਣਾ ਹੀ ਸਫ਼ਲਤਾ ਦਾ ਮੰਤਰ ਹੈ।

ਲੇਖਕ: ਸ਼ਾਰਿਕਾ ਨਾਇਰ

ਅਨੁਵਾਦ: ਮਹਿਤਾਬ-ਉਦ-ਦੀਨ