ਬਹਿਰਿਆਂ ਦੀ ਆਵਾਜ਼ ਬਣੀ ਇੱਕ ਮੁਟਿਆਰ

ਬਹਿਰਿਆਂ ਦੀ ਆਵਾਜ਼ ਬਣੀ ਇੱਕ ਮੁਟਿਆਰ

Saturday November 07, 2015,

6 min Read

ਭਾਰਤ 'ਚ ਅਜਿਹੇ ਪੀੜਤ ਵਿਅਕਤੀਆਂ ਦੀ ਗਿਣਤੀ ਲੱਖਾਂ 'ਚ ਹੈ, ਜਿਨ੍ਹਾਂ ਤੋਂ ਕੁਦਰਤ ਨੇ ਸੁਣਨ-ਸ਼ਕਤੀ ਖੋਹ ਲਈ ਹੈ, (ਭਾਵ ਜੋ ਬਹਿਰੇ ਜਾਂ ਬੋਲ਼ੇ ਹਨ)। ਅੰਕੜੇ ਦਸਦੇ ਹਨ ਕਿ ਦੁਨੀਆਂ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਸੁਣਨ-ਦੋਸ਼ ਤੋਂ ਪੀੜਤ ਲੋਕਾਂ ਭਾਵ ਬਹਿਰੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਕ ਅਨੁਮਾਨ ਅਨੁਸਾਰ, ਦੁਨੀਆਂ ਭਰ ਵਿੱਚ ਬਹਿਰਿਆਂ ਦੇ ਭਾਈਚਾਰੇ ਵਿੱਚ ਹਰ ਪੰਜਵਾਂ ਵਿਅਕਤੀ ਭਾਰਤੀ ਹੈ, ਭਾਵ 20 ਫ਼ੀ ਸਦੀ ਭਾਰਤੀਆਂ ਨੂੰ ਸੁਣਾਈ ਨਹੀਂ ਦਿੰਦਾ।

ਪਰ ਅਜਿਹਾ ਵੀ ਨਹੀਂ ਕਿ ਉਹ ਸੁਣ ਨਾ ਸਕਣ ਕਾਰਣ ਆਮ ਲੋਕਾਂ ਵਾਂਗ ਕੰਮਕਾਜ ਨਹੀਂ ਕਰ ਸਕਦੇ। ਬਹਿਰੇ ਲੋਕ ਕੇਵਲ ਸੁਣ ਹੀ ਨਹੀਂ ਸਕਦੇ ਅਤੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਸਮਾਜ ਤੋਂ ਵੱਖ ਕਰ ਦਿੱਤਾ ਜਾਵੇ ਜਾਂ ਉਨ੍ਹਾਂ ਨੂੰ ਵੱਖ ਕਰ ਕੇ ਵੇਖਿਆ ਜਾਵੇ। ਪਰ ਜਾਗਰੂਕਤਾ ਅਤੇ ਸਿੱਖਿਆ ਦੀ ਘਾਟ ਕਾਰਣ ਭਾਰਤੀ ਸਮਾਜ ਵਿੱਚ ਬਹਿਰਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸੇ ਵਿਤਕਰੇ ਕਾਰਣ ਉਨ੍ਹਾਂ ਵਿਚ ਮੌਜੂਦ ਪ੍ਰਤਿਭਾ, ਉਤਸ਼ਾਹ ਅਤੇ ਊਰਜਾ ਦਬੇ ਹੀ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸਹੀ ਵਰਤੋਂ ਨਹੀਂ ਹੋ ਪਾਉਂਦੀ। ਕਈ ਲੋਕ ਹਨ, ਜੋ ਅੱਜ ਵੀ ਬਹਿਰਿਆਂ ਨੂੰ ਹੀਣਤਾ ਦੇ ਭਾਵ ਨਾਲ ਵੇਖਦੇ ਹਨ। ਉਨ੍ਹਾਂ ਨੂੰ ਵੀ ਅੰਗਹੀਣ ਮੰਨ ਕੇ ਉਨ੍ਹਾਂ ਨੂੰ ਅੱਖੋਂ ਪ੍ਰੋਖੇ ਕਰਦੇ ਹਨ। ਕੁੱਝ ਲੋਕ ਅਜਿਹੇ ਵੀ ਹਨ, ਜੋ ਬਹਿਰਿਆਂ ਨੂੰ 'ਸਰਾਪੇ ਹੋਏ' ਮੰਨਦੇ ਹਨ। ਇਹੋ ਕਾਰਣ ਹੈ ਕਿ ਦੇਸ਼ ਵਿੱਚ ਸੁਣਨ ਦੇ ਦੋਸ਼ ਤੋਂ ਪੀੜਤ ਕਈ ਲੋਕ ਖੁੱਲ੍ਹ ਕੇ ਆਪਣਾ ਜੀਵਨ ਨਈਂ ਜਿਉਂ ਸਕ ਰਹੇ ਹਨ। ਇਹ ਲੋਕ ਕੁੱਝ ਲੋਕਾਂ ਦੀ ਬੀਮਾਰ ਮਾਨਸਿਕਤਾ ਦੇ ਨਾਲ-ਨਾਲ ਅਪਮਾਨ, ਨਜ਼ਰ-ਅੰਦਾਜ਼ੀ ਅਤੇ ਵਿਤਕਰਾਪੂਰਨ ਰਵੱਈਏ ਦੇ ਸ਼ਿਕਾਰ ਹਨ ਅਤੇ ਅਜਿਹੇ ਹੀ ਲੋਕਾਂ ਨੂੰ ਇਨਸਾਫ਼ ਦਿਵਾਉਣ, ਉਨ੍ਹਾਂ ਵਿੱਚ ਮੌਜੂਦ ਪ੍ਰਤਿਭਾ, ਉਤਸ਼ਾਹ ਅਤੇ ਊਰਜਾ ਦਾ ਪੂਰੀ ਤਰ੍ਹਾਂ ਸਹੀ ਉਪਯੋਗ ਕਰਨ ਲਈ ਇੱਥ ਸੰਸਥਾ ਜੀਅ-ਜਾਨ ਲਾ ਕੇ ਕੰਮ ਕਰ ਰਹੀ ਹੈ। ਇਸੇ ਸੰਸਥਾ ਦਾ ਨਾਂਅ ਹੈ - 'ਅਤੁੱਲਯਕਲਾ'। ਇਸ ਸੰਸਥਾ ਦੀ ਸਥਾਪਨਾ ਸਮ੍ਰਿਤੀ ਨਾਗਪਾਲ ਨਾਂਅ ਦੀ ਇੱਕ ਮੁਟਿਆਰ ਨੇ ਕੀਤੀ ਹੈ। 'ਅਤੁੱਲਯਕਲਾ' ਦੀ ਸਥਾਪਨਾ ਦੀ ਪ੍ਰੇਰਣਾ ਨਾਲ ਜੁੜੀ ਕਹਾਣੀ ਦਿਲ ਨੂੰ ਛੋਹਣ ਵਾਲੀ ਹੈ।

image


ਸਮ੍ਰਿਤੀ ਦੇ ਦੋਵੇਂ ਸਹੋਦਰ (ਇੱਕੋ ਮਾਂ ਦੇ ਜਾਏ ਭੈਣ ਜਾਂ ਭਰਾ) ਵੀ ਸੁਣਨ ਦੇ ਦੋਸ਼ ਤੋਂ ਪੀੜਤ ਸਨ। ਇਨ੍ਹਾਂ ਦੋਵਾਂ ਦੀ ਉਮਰ ਵੀ ਸਮ੍ਰਿਤੀ ਤੋਂ ਲਗਭਗ 10 ਸਾਲ ਵੱਡੀ ਸੀ। ਆਪਣੇ ਸਹੋਦਰਾਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਸਮਝਣ ਲਈ ਸਮ੍ਰਿਤੀ ਨੂੰ ਸੰਕੇਤ-ਭਾਸ਼ਾ ਸਿੱਖਣੀ ਪਈ। ਖ਼ੂਨ ਦਾ ਰਿਸਤਾ ਸੀ, ਇਸ ਲਈ ਉਸ ਨੂੰ ਮਜ਼ਬੂਤ ਕਰਨ ਅਤੇ ਹੋਰ ਬਾਖ਼ੂਬੀ ਨਿਭਾਉਣ ਲਈ ਸਮ੍ਰਿਤੀ ਨੇ ਛੇਤੀ ਹੀ ਸੰਕੇਤ-ਭਾਸ਼ਾ ਸਿੱਖ ਲਈ। ਸੰਕੇਤ-ਭਾਸ਼ਾ ਸਿੱਖਣ ਤੋਂ ਬਾਅਦ ਸਮ੍ਰਿਤੀ ਆਪਣੇ ਮਾਤਾ-ਪਿਤਾ ਅਤੇ ਦੋਵੇਂ ਬਹਿਰੇ ਸਹੋਦਰਾਂ ਵਿਚਾਲੇ ਪੁਲ਼ ਬਣ ਗਈ। ਨਹੀਂ ਤਾਂ ਆਪਣੇ ਦੋਵਾਂ ਬੱਚਿਆਂ ਦੀਆਂ ਭਾਵਨਾਵਾਂ, ਵਿਚਾਰਾਂ ਅਤੇ ਜ਼ਰੂਰਤਾਂ ਨੂੰ ਸਮਝਣਾ ਬਹੁਤ ਔਖਾ ਸੀ।

ਆਪਣੇ ਬਹਿਰੇ ਸਹੋਦਰਾਂ ਨਾਲ ਸਮਾਂ ਬਿਤਾਉਂਦਿਆਂ ਸਮ੍ਰਿਤੀ ਇੱਕ ਬਹਿਰੇ ਵਿਅਕਤੀ ਦੀਆਂ ਭਾਵਨਾਵਾਂ, ਜ਼ਰੂਰਤਾਂ, ਤਕਲੀਫ਼ਾਂ ਨੂੰ ਹੁਣ ਚੰਗੀ ਤਰ੍ਹਾਂ ਸਮਝਣ ਲੱਗੀ ਸੀ।

ਇਸੇ ਦੌਰਾਨ ਉਸ ਦੇ ਮਨ ਵਿੱਚ ਬਹਿਰਿਆਂ ਦੀ ਸੇਵਾ ਕਰਨ ਦੀ ਇੱਛਾ ਜਾਗੀ। ਇੱਛਾ ਇੰਨੀ ਮਜ਼ਬੂਤ ਸੀ ਕਿ ਉਹ 16 ਸਾਲ ਦੀ ਉਮਰੇ ਰਾਸ਼ਟਰੀ ਬਧਿਰ ਸੰਘ ਦੀ ਸਵੈ-ਸੇਵੀ ਬਣ ਗਈ। ਇਸ ਤਰ੍ਹਾਂ ਸਮ੍ਰਿਤੀ ਨੇ ਆਪਣਾ ਸਮਾਂ ਬਹਿਰਿਆਂ ਦੀ ਸੇਵਾ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ। ਜੋ ਆਨੰਦ ਉਸ ਨੇ ਬਹਿਰਿਆਂ ਵਿੱਚ ਰਹਿ ਕੇ ਮਾਣਿਆ, ਉਸ ਦਾ ਉਤਸ਼ਾਹ ਵਧਦਾ ਹੀ ਚਲਾ ਗਿਆ। ਉਹ ਪੂਰੀ ਤਰ੍ਹਾਂ ਬਹਿਰਿਆਂ ਲਈ ਸਮਰਪਿਤ ਹੋਣ ਲੱਗੀ।

ਸੇਵਾ ਦੇ ਰਾਹ ਉਤੇ ਚਲਦਿਆਂ ਹੀ ਉਸ ਨੇ ਪੜ੍ਹਾਈ-ਲਿਖਾਈ ਵੀ ਜਾਰੀ ਰੱਖੀ। ਉਸ ਨੇ 'ਬੈਚੁਲਰ ਇਨ ਬਿਜ਼ਨੇਸ ਮੈਨੇਜਮੈਂਟ' ਕੋਰਸ ਵਿੱਚ ਦਾਖ਼ਲਾ ਲੈ ਲਿਆ।

ਅਤੇ ਇਸ ਦੌਰਾਨ ਇੱਕ ਟੀ.ਵੀ. ਚੈਨਲ ਤੋਂ ਉਸ ਨੂੰ ਨੌਕਰੀ ਦਾ ਪ੍ਰਸਤਾਵ ਮਿਲਿਆ। ਟੀ.ਵੀ. ਚੈਨਲ ਦੇ ਪ੍ਰਬੰਧਕ ਬਹਿਰਿਆਂ ਦੇ ਇੱਕ ਨਿਊਜ਼ ਬੁਲੇਟਿਨ ਲਈ ਸੰਕੇਤ-ਭਾਸ਼ਾ ਜਾਣਨ ਵਾਲੇ ਮਾਹਿਰ ਦੀ ਭਾਲ਼ ਵਿੱਚ ਸਨ। ਉਨ੍ਹਾਂ ਦੀ ਭਾਲ਼ ਸਮ੍ਰਿਤੀ ਉਤੇ ਆ ਕੇ ਰੁਕੀ।

ਸਮ੍ਰਿਤੀ ਨੇ ਪੜ੍ਹਾਈ-ਲਿਖਾਈ ਜਾਰੀ ਰਖਦਿਆਂ ਵੀ ਦੂਰਦਰਸ਼ਨ ਵਿੱਚ ਬਹਿਰਿਆਂ ਦੇ ਨਿਊਜ਼ ਬੁਲੇਟਿਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੀ ਸਮਿਤੀ ਨੂੰ ਬਹਿਰਿਆਂ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਉਹ ਹੌਲੀ-ਹੌਲੀ ਬਹਿਰਿਆਂ ਦੇ ਮਾਮਲਿਆਂ ਦੀ ਜਾਣਕਾਰ ਬਣਨ ਲੱਗੀ। ਉਹ ਸਮਝਣ ਲੱਗੀ ਸੀ ਕਿ ਬਹਿਰੇ ਲੋਕ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਉਨ੍ਹਾਂ ਦੀਆਂ ਜ਼ਰੂਰਤਾਂ ਕੀ ਹਨ, ਉਹ ਕੀ-ਕੀ ਹਾਸਲ ਕਰ ਸਕਦੇ ਹਨ। ਸਮ੍ਰਿਤੀ ਨੇ ਹੁਣ ਧਾਰ ਲਿਆ ਕਿ ਉਹ ਬਹਿਰਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਉਨ੍ਹਾਂ ਵਿੱਚ ਲੁਕੀ ਪ੍ਰਤਿਭਾ ਅਤੇ ਕਲਾ ਨੂੰ ਉਜਾਗਰ ਕਰਵਾਏਗੀ।

ਇੱਕ ਬਹਿਰੇ ਕਲਾਕਾਰ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਨੇ ਸਮ੍ਰਿਤੀ ਨੂੰ ਨਵਾਂ ਰਾਹ ਵਿਖਾਇਆ। ਗਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ ਇੱਕ ਦਿਨ ਸਮ੍ਰਿਤੀ ਦੀ ਮੁਲਾਕਾਤ ਇੱਕ ਬਹਿਰੇ ਕਲਾਕਾਰ ਨਾਲ ਹੋਈ। ਸਮ੍ਰਿਤੀ ਨੂੰ ਇਹ ਜਾਣ ਕੇ ਹੈਰਾਨ ਅਤੇ ਪਰੇਸ਼ਾਨ ਹੋਈ ਕਿ ਕਲਾਕਾਰ ਹੋਣ ਦੇ ਬਾਵਜੂਦ ਇਸ ਬਹਿਰੇ ਵਿਅਕਤੀ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ ਅਤੇ ਉਹ ਮਾਮੂਲੀ ਕੰਮ ਕਰਦਿਆਂ ਆਪਣੀ ਜੀਵਨ ਬਿਤਾ ਰਿਹਾ ਸੀ। ਸਮ੍ਰਿਤੀ ਨੇ ਫ਼ੈਸਲਾ ਲੈ ਲਿਆ - ਬਹਿਰੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ - ਉਨ੍ਹਾਂ ਦੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਅਤੇ ਬਹਿਰਿਆਂ ਨੂੰ ਆਤਮ-ਸਨਮਾਨ ਦਿਵਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਦਾ।

ਸਮ੍ਰਿਤੀ ਨੇ ਆਪਣੇ ਦੋਸਤ ਹਰਸ਼ਿਤ ਨਾਲ ਮਿਲ ਕੇ ਬਹਿਰਿਆਂ ਦੇ ਵਿਕਾਸ ਅਤੇ ਪ੍ਰਫ਼ੁੱਲਤ ਭਵਿੱਖ ਲਈ ਕੰਮ ਕਰਨ ਦੇ ਮੰਤਵ ਨਾਲ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ। ਇਸ ਸੰਸਥਾ ਨੂੰ 'ਅਤੁੱਲਯਕਲਾ' ਨਾਮ ਦਿੱਤਾ ਗਿਆ। ਨਾਂਅ ਦੇ ਅਨੁਕੂਲ ਹੀ ਇਸ ਸੰਸਥਾ ਨੇ ਬਹਿਰਿਆਂ ਵਿੱਚ ਲੁਕੀ ਕਲਾ ਨੂੰ ਪਛਾਣਿਆ, ਉਸ ਨੂੰ ਨਿਖਾਰਿਆ ਅਤੇ ਉਸ ਦਾ ਸਹੀ ਉਪਯੋਗ ਕਰਵਾਉਂਦਿਆਂ ਬਹਿਰਿਆਂ ਨੂੰ ਸਵੈ-ਨਿਰਭਰ ਬਣਾਇਆ।

ਉਂਝ ਤਾਂ ਇਸ ਸੰਸਥਾ ਨੂੰ ਸ਼ੁਰੂ ਹੋਇਆਂ ਵੱਧ ਸਮਾਂ ਨਹੀਂ ਹੋਇਆ ਹੈ ਪਰ ਨਵੇਂ ਤਰੀਕਿਆਂ ਅਤੇ ਮਿਹਨਤ ਦੇ ਦਮ ਉਤੇ ਇਸ ਸੰਸਥਾ ਨੇ ਕਈ ਬਹਿਰੇ ਕਲਾਕਾਰਾਂ ਨੂੰ ਨਵੀਂ ਪਛਾਣ, ਸਨਮਾਨ ਅਤੇ ਸਵੈ-ਮਾਣ ਦਿਵਾਇਆ ਹੈ।

ਸਮ੍ਰਿਤੀ ਅਤੇ ਹਰਸ਼ਿਤ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਹਿਰੇ ਕਲਾਕਾਰਾਂ ਨੂੰ ਅੱਖੋਂ ਪ੍ਰੋਖੇ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਸਮਾਜ ਵਿੱਚ ਮੌਕੇ ਨਹੀਂ ਮਿਲਦੇ, ਉਨ੍ਹਾਂ ਨੂੰ ਕੋਈ ਹੱਲਾਸ਼ੇਰੀ ਨਹੀਂ ਦਿੰਦਾ। ਇਨ੍ਹਾਂ ਹੀ ਗੱਲਾਂ ਨੂੰ ਧਿਆਨ ਵਿੱਚ ਰਖਦਿਆਂ ਸਮ੍ਰਿਤੀ ਨੇ ਬਹਿਰੇ ਕਲਾਕਾਰਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸੁੰਦਰ ਮੰਚ ਦਿੱਤਾ। ਆਮ ਲੋਕਾਂ ਅਤੇ ਹੋਰ ਕਲਾਕਾਰਾਂ ਨਾਲ ਕੰਮ ਕਰਦਿਆਂ ਨਵੀਂਆਂ-ਨਵੀਆਂ ਗੱਲਾਂ ਸਿੱਖਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦਿੱਤਾ। ਕਈ ਬਹਿਰਿਆਂ ਨੂੰ ਸਿੱਖਿਅਤ ਕੀਤਾ। ਆਮ ਲੋਕਾਂ ਵਿੱਚ ਬਹਿਰਿਆਂ ਬਾਰੇ ਜਾਗਰੂਕਤਾ ਪੈਦਾ ਕੀਤੀ। ਹੁਣ ਕਈ ਬਹਿਰੇ ਕਲਾਕਾਰ 'ਅਤੁੱਲਯਕਲਾ' ਦੇ ਮਾਧਿਅਮ ਰਾਹੀਂ ਆਪਣੀ ਪ੍ਰਤਿਭਾ ਅਤੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਕਲਾ-ਕ੍ਰਿਤੀਆਂ ਅਤੇ ਦੂਜੇ ਸਾਮਾਨ ਆੱਨਲਾਈਨ ਵੇਚੇ ਜਾ ਰਹੇ ਹਨ। ਇਸ ਵਿਕਰੀ ਨਾਲ ਜੋ ਕਮਾਈ ਹੋ ਰਹੀ ਹੈ, ਉਹ ਸਿਧੀ ਸਬੰਧਤ ਬਹਿਰੇ ਕਲਾਕਾਰ ਦੇ ਖਾਤੇ ਵਿੱਚ ਜਾ ਰਹੀ ਹੈ।

ਹੁਣ ਸਮ੍ਰਿਤੀ ਅਤੇ ਹਰਸ਼ਿਤ ਬਹੁਤ ਮਾਣ ਨਾਲ ਇਹ ਆਖਦੇ ਹਨ ਕਿ ਉਹ ਕਾਫ਼ੀ ਹੱਦ ਤੱਕ ਆਮ ਆਦਮੀਆਂ ਅਤੇ ਬਹਿਰਿਆਂ ਵਿਚਲੀ ਦੂਰੀ ਘਟਾਉਣ ਵਿੱਚ ਕਾਮਯਾਬ ਹੋਏ ਹਨ ਪਰ ਹਾਲ਼ੇ ਟੀਚਾ ਪੂਰਾ ਨਹੀਂ ਹੋਇਆ।

ਇਸੇ ਦੌਰਾਨ ਸਮ੍ਰਿਤੀ ਨੂੰ ਇੱਕ ਹੋਰ ਵੱਡੀ ਕਾਮਯਾਬੀ ਉਸ ਵੇਲੇ ਮਿਲੀ, ਜਦੋਂ ਭਾਰਤ ਸਰਕਾਰ ਨੇ ਗਣਤੰਤਰ ਦਿਵਸ ਪਰੇਡ ਦਾ ਦੂਰਦਰਸ਼ਨ ਉਤੇ ਪ੍ਰਸਾਰਣ ਵਿੱਚ ਬਹਿਰਿਆਂ ਲਈ ਖ਼ਾਸ ਇੰਤਜ਼ਾਮ ਕੀਤਾ। ਸਰਕਾਰ ਨੇ ਸਮ੍ਰਿਤੀ ਰਾਹੀਂ ਬਹਿਰਿਆਂ ਨੂੰ ਸੰਕੇਤ ਭਾਸ਼ਾ ਨਾਲ ਗਣਤੰਤਰ ਦਿਵਸ ਪਰੇਡ ਪੇਸ਼ ਕਰਵਾਈ।

ਇਨ੍ਹੀਂ ਦਿਨੀਂ ਸਮ੍ਰਿਤੀ ਅਤੇ ਹਰਸ਼ਿਤ ਦੇਸ਼ ਦੇ ਕੁੱਝ ਵੱਡੇ ਕਲਾਕਾਰਾਂ ਤੋਂ ਬਹਿਰਿਆਂ ਲਈ ਇੱਕ ਗੀਤ ਵੀ ਲਿਖਵਾ ਰਹੇ ਹਨ। ਇਸ ਗੀਤ ਨੂੰ ਸੰਕੇਤ ਭਾਸ਼ਾ ਵਿੱਚ ਵੀ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਦਾ ਕਹਿਣਾ ਹੈ ਕਿ ਕੰਮ ਹਾਲੇ ਬਹੁਤ ਬਾਕੀ ਹੈ ਅਤੇ ਹਾਲੇ ਤਾਂ ਕੇਵਲ ਇੱਕ ਸ਼ੁਰੂਆਤ ਹੀ ਹੋਈ ਹੈ। ਟੀਚਾ ਹੈ - ਵੱਧ ਤੋਂ ਵੱਧ ਬਹਿਰਿਆਂ ਤੱਕ ਪੁੱਜਣਾ, ਉਨ੍ਹਾਂ ਨੂੰ ਆਪਣੀ ਪ੍ਰਤਿਭਾ ਅਤੇ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿਵਾਉਣਾ, ਸਵੈ-ਨਿਰਭਰ ਬਣਨ ਵਿੱਚ ਉਨ੍ਹਾਂ ਦੀ ਮਦਦ ਕਰਨਾ।

    Share on
    close