ਇਸ ਪਿਓ-ਧੀ ਨੇ ਭਾਰਤ 'ਚ ਕਿਵੇਂ ਸਥਾਪਤ ਕੀਤਾ 100 ਕਰੋੜ ਰੁਪਏ ਦਾ ਸਪੋਰਟਸ ਫ਼ੁਟਵੀਅਰ ਬ੍ਰਾਂਡ

0

ਭਾਰਤ ਦੇ ਸਪੋਰਟਸ-ਵੀਅਰ ਉਦਯੋਗ ਨੂੰ ਸ੍ਰੀ ਲਲਿਤ ਕਿਸ਼ੋਰ ਤੋਂ ਬਿਹਤਰ ਹੋਰ ਕੌਣ ਜਾਣ ਸਕਦਾ ਹੈ। ਉਨ੍ਹਾਂ ਹੀ ਨਾਇਕ ਤੇ ਲੋਟੋ ਜਿਹੇ ਕੌਮਾਂਤਰੀ ਖੇਡ ਲਾਈਫ਼-ਸਟਾਇਲ ਬ੍ਰਾਂਡ ਭਾਰਤ ਵਿੱਚ ਸਥਾਪਤ ਕੀਤੇ ਹਨ। ਉਨ੍ਹਾਂ ਦਾ ਇਸ ਉਦਯੋਗ ਵਿੱਚ ਕੰਮ ਕਰਨ ਦਾ 25 ਸਾਲਾਂ ਦਾ ਤਜਰਬਾ ਹੈ। ਸ੍ਰੀ ਲਲਿਤ ਨੇ ਭਾਰਤ 'ਚ ਨਾਇਕ ਦੇ ਲਾਇਸੈਂਸ-ਧਾਰਕ ਵਜੋਂ ਹੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਉਹ ਇਸ ਸਮੂਹ ਦੇ ਸੀ.ਐਫ਼.ਓ. ਅਤੇ ਮੀਤ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ) ਵੀ ਬਣੇ। ਉਹ ਲੋਟੋ ਦੇ ਮਾਸਟਰ ਫ਼ਰੈਂਚਾਇਜ਼ੀ ਸਪੋਰਟਸ ਲਾਈਫ਼-ਸਟਾਇਲ ਪ੍ਰਾਈਵੇਟ ਲਿਮਟਿਡ (ਐਸ.ਐਲ.ਪੀ.ਐਲ.) ਦੇ ਬਾਨੀ ਅਤੇ ਮੈਨੇਜਿੰਗ ਡਾਇਰੈਕਟਰ ਵੀ ਬਣੇ।

2011 ਵਿੱਚ ਜਦੋਂ ਸ੍ਰੀ ਲਲਿਤ ਦੀ ਧੀ ਆਯੂਸ਼ੀ ਕਿਸ਼ੋਰ ਨੇ ਦਿੱਲੀ ਦੇ ਸ੍ਰੀ ਰਾਮ ਕਾਲਜ ਆੱਫ਼ ਕਾਮਰਸ ਤੋਂ ਪੋਸਟ-ਗਰੈਜੂਏਸ਼ਨ ਮੁਕੰਮਲ ਕੀਤੀ, ਤਦ ਉਨ੍ਹਾਂ ਨੇ 'ਗਲੋਬਲਾਈਟ' ਸਥਾਪਤ ਕਰਨ ਦਾ ਵਿਚਾਰ ਬਣਾਇਆ।

ਉਨ੍ਹਾਂ ਮਹਿਸੂਸ ਕੀਤਾ ਕਿ ਭਾਰਤ 'ਚ ਬਹੁਤ ਸਾਰੇ ਦੇਸੀ 'ਸਪੋਰਟਸ ਫ਼ੁੱਟਵੀਅਰ' (ਖੇਡਦੇ ਸਮੇਂ ਪਹਿਨੇ ਜਾਣ ਵਾਲੇ ਜੁੱਤੇ) ਬ੍ਰਾਂਡ ਹਨ। ਆਯੂਸ਼ੀ ਦਸਦੇ ਹਨ,''ਤਦ ਜਾਂ ਤਾਂ ਬਹੁਤ ਮਹਿੰਗੇ ਕੌਮਾਂਤਰੀ ਬ੍ਰਾਂਡ ਮੌਜੂਦ ਸਨ, ਜਿਨ੍ਹਾਂ ਨੂੰ ਦੇਸ਼ ਦੀ ਕੇਵਲ ਕੁੱਝ ਫ਼ੀ ਸਦੀ ਜਨਤਾ ਹੀ ਖ਼ਰੀਦ ਸਕਦੀ ਸੀ ਅਤੇ ਜਾਂ ਫਿਰ ਸਥਾਨਕ ਫ਼ੈਕਟਰੀਆਂ ਵਿੱਚ ਬਣੇ ਅਤੇ ਨਿਜੀ ਲੇਬਲਾਂ ਵਾਲੇ ਜੁੱਤੇ ਹੀ ਮਿਲਦੇ ਸਨ। ਪਰ ਦਰਮਿਆਨੇ ਵਰਗ ਦੇ ਬ੍ਰਾਂਡ ਬਹੁਤ ਘੱਟ ਉਪਲਬਧ ਸਨ, ਜਿਹੜੇ ਕੁੱਝ ਵਾਜਬ ਕੀਮਤ ਉਤੇ ਉਪਲਬਧ ਹੋ ਸਕਣ।''

ਫਿਰ ਇਸ ਪਿਓ-ਧੀ ਨੇ ਬਾਜ਼ਾਰ ਵਿੱਚ ਦਰਮਿਆਨੇ ਵਰਗ ਦੇ ਸਪੋਰਟਸ ਲਾਈਫ਼-ਸਟਾਈਲ ਬ੍ਰਾਂਡ ਦੀ ਵੱਡੀ ਸੰਭਾਵਨਾ ਨੂੰ ਵੇਖਦਿਆਂ 'ਗਲੋਬਲਾਈਟ ਰੀਟੇਲ' ਦੀ ਸ਼ੁਰੂਆਤ ਕਰ ਦਿੱਤੀ। 'ਗਲੋਬਲਾਈਟ' ਹੀ ਇਸ ਉਦਯੋਗ ਦਾ ਇੱਕੋ-ਇੱਕ ਅਜਿਹਾ ਬ੍ਰਾਂਡ ਹੈ, ਜੋ ਕਿ ਨਿਰਮਾਣ ਤੋਂ ਲੈ ਕੇ ਪ੍ਰਚੂਨ ਤੱਕ ਪੂਰੀ ਤਰ੍ਹਾਂ ਸੰਗਠਤ ਹੈ; ਇਹੋ ਕਾਰਣ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੀ ਕੀਮਤ ਉਦਯੋਗ ਦੇ ਮਿਆਰਾਂ ਤੋਂ ਕਿਤੇ ਜ਼ਿਆਦਾ ਘੱਟ (499 ਰੁਪਏ ਤੋਂ ਲੈ ਕੇ 999 ਰੁਪਏ ਦੇ ਵਿਚਕਾਰ) ਹੈ।

ਅੱਜ ਇਹ ਕੰਪਨੀ ਰੋਜ਼ਾਨਾ 7,000 ਹਜ਼ਾਰ ਜੋੜੇ ਜੁੱਤੀਆਂ ਆੱਨਲਾਈਨ ਵੇਚ ਰਹੀ ਹੈ।

ਰਵਾਇਤੀ ਤੋਂ ਮਲਟੀ-ਚੈਨਲ ਪ੍ਰਚੂਨ ਵਿੱਚ ਤਬਾਦਲਾ

ਇਸ ਵੇਲੇ 'ਗਲੋਬਲਾਈਟ' ਦੀ 70 ਫ਼ੀ ਸਦੀ ਵਿਕਰੀ ਚਾਰ ਚੈਨਲਾਂ - ਇੰਟਰਨੈਟ ਭਾਵ ਵੈਬ, ਐਪ. ਟੀ.ਵੀ. ਚੈਨਲ ਤੇ ਬਾਜ਼ਾਰ ਰਾਹੀਂ ਹੁੰਦੀ ਹੈ। ਆਯੂਸ਼ੀ ਦਸਦੇ ਹਨ,''ਅਸੀਂ ਚਾਰ ਕੁ ਸਾਲ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀ, ਤਦ ਸਾਡਾ 60 ਫ਼ੀ ਸਦੀ ਕਾਰੋਬਾਰ ਰਵਾਇਤੀ ਆੱਫ਼ਲਾਈਨ ਚੈਨਲਾਂ ਤੋਂ ਹੀ ਹੁੰਦਾ ਸੀ ਪਰ ਅੱਜ ਸਾਡੀ 70 ਫ਼ੀ ਸਦੀ ਵਿਕਰੀ ਆੱਨਲਾਈਨ ਹੋ ਰਹੀ ਹੈ ਅਤੇ ਕੇਵਲ 20 ਫ਼ੀ ਸਦੀ ਵਿਕਰੀ ਹੋਰ ਆਧੁਨਿਕ ਥੋਕ ਆੱਫ਼ਲਾਈਨ ਖਾਤਿਆਂ ਤੇ ਲੜੀਆਂ ਤੋਂ ਹੋ ਰਹੀ ਹੈ।''

ਹੁਣ ਕਿਉਂਕਿ ਭਾਰਤ 'ਚ ਟੈਲੀਵਿਜ਼ਨ ਰਾਹੀਂ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਕੁੱਝ ਕੁ ਕੰਪਨੀਆਂ ਦਾ ਇਹ ਬਾਜ਼ਾਰ ਪ੍ਰਫ਼ੁੱਲਤ ਹੋ ਕੇ 5,000 ਕਰੋੜ ਰੁਪਏ ਸਾਲਾਨਾ ਦਾ ਹੋ ਚੁੱਕਾ ਹੈ। ਗਲੋਬਲਾਈਟ ਲਈ ਵੀ ਟੀ.ਵੀ. ਹੁਣ ਇੱਕ ਅਹਿਮ ਪ੍ਰਚੂਨ ਚੈਨਲ ਹੈ। ਆਯੂਸ਼ੀ ਦਸਦੇ ਹਨ,''ਟੈਲੀਵਿਜ਼ਨ ਉਤੇ ਹੋ ਰਹੇ ਕੁੱਲ ਕਾਰੋਬਾਰ 'ਚੋਂ 30 ਫ਼ੀ ਸਦੀ ਤਾਂ ਕੇਵਲ ਜੁੱਤੀਆਂ ਦਾ ਹੀ ਹੈ; ਇਸ ਲਈ ਗਲੋਬਲਾਈਟ ਲਈ ਇਹ ਇੱਕ ਬਹੁਤ ਵੱਡਾ ਬਾਜ਼ਾਰ ਹੈ।''

ਪਿਤਲੇ ਤਿੰਨ ਵਰ੍ਹਿਆਂ ਦੌਰਾਨ ਗਲੋਬਲਾਈਟ ਨੇ 100 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ ਅਤੇ ਇਸ ਵਿੱਤੀ ਵਰ੍ਹੇ ਦੇ ਅੰਤ ਤੱਕ 60 ਕਰੋੜ ਰੁਪਏ ਦੀ ਵਿਕਰੀ ਕਰਨ ਦਾ ਟੀਚਾ ਮਿਥਿਆ ਹੈ।

ਨਿਰਮਾਣ 'ਚ ਪ੍ਰਚੰਡ ਮੁਕਾਬਲੇਬਾਜ਼ੀ

ਗਲੋਬਲਾਈਟ ਦੀਆਂ ਆਪਣੀਆਂ ਬਹੁਤ ਸੰਗਠਤ ਸੁਵਿਧਾਵਾਂ ਹਨ; ਜੋ ਕਿ ਹਰ ਤਰ੍ਹਾਂ ਦੇ ਜੁੱਤੇ ਜੋ ਕਿ ਖੇਡਾਂ ਵਾਲੇ ਜੁੱਤਿਆਂ ਤੋਂ ਲੈ ਕੇ ਆਮ ਪਹਿਨੇ ਜਾਣ ਵਾਲੇ ਜੁੱਤਿਆਂ, ਸਨੀਕਰਜ਼, ਲੋਫ਼ਰਜ਼, ਕਲੌਗਜ਼, ਸਲਿੱਪਰਜ਼ ਤੇ ਸੈਂਡਲਜ਼ ਆਦਿ ਹਨ। ਆਯੂਸ਼ੀ ਦਸਦੇ ਹਨ,''ਸਾਡੀਆਂ ਫ਼ੈਕਟਰੀਆਂ 'ਚ 500 ਵਿਅਕਤੀ ਕੰਮ ਕਰਦੇ ਹਨ ਅਤੇ ਚੀਨ ਵਿੱਚ ਇੱਕ ਸਮਰਪਿਤ ਉਤਪਾਦ ਆਰ. ਐਂਡ ਡੀ. ਟੀਮ ਵੀ ਵਿਸ਼ਵ ਪੱਧਰ ਦੇ ਰੁਝਾਨਾਂ ਅਤੇ ਡਿਜ਼ਾਇਨਾਂ ਅਨੁਸਾਰ ਕੰਮ ਕਰ ਰਹੀ ਹੈ। ਇਹ ਟੀਮ ਭਾਰਤੀ ਡਿਜ਼ਾਇਨ ਟੀਮ ਨਾਲ ਮਿਲ ਕੇ ਉਤਪਾਦ ਦਾ ਵਪਾਰੀਕਰਣ ਕਰਨ ਵਿੱਚ ਮਦਦ ਕਰਦੀ ਹੈ।''

ਭਾਰਤ ਵਿੱਚ ਕੋਈ ਨਵਾਂ ਬ੍ਰਾਂਡ ਸਥਾਪਤ ਕਰਨਾ ਇੱਕ ਚੁਣੌਤੀ ਵਾਂਗ ਹੈ ਕਿਉਂਕਿ ਦੇਸ਼ ਦੇ ਨਾਗਰਿਕ ਛੇਤੀ ਕਿਤੇ ਕਿਸੇ ਨਵੇਂ ਬ੍ਰਾਂਡ ਨੂੰ ਅਪਣਾਉਂਦੇ ਨਹੀਂ ਹਨ ਅਤੇ ਫਿਰ ਜਦੋਂ ਅਪਣਾ ਲੈਂਦੇ ਹਨ, ਤਾਂ ਉਸ ਨੂੰ ਛਡਦੇ ਨਹੀਂ ਹਨ। ਆਯੂਸ਼ੀ ਦਸਦੇ ਹਨ,''ਦੂਜੇ ਤੇ ਤੀਜੇ ਦਰਜੇ ਦੇ ਸ਼ਹਿਰਾਂ ਦੇ ਨਾਗਰਿਕਾਂ ਦੀ ਮਾਨਸਿਕਤਾ ਵਿਚੋਂ ਪਹਿਲੇ ਬ੍ਰਾਂਡ ਕੱਢਣੇ ਬਹੁਤ ਔਖੇ ਸਨ ਪਰ ਅਸੀਂ ਗਾਹਕ ਦੇ ਪੈਸੇ ਦੀ ਸਹੀ ਕੀਮਤ ਜਾਣਦਿਆਂ ਆਪਣੀ ਥਾਂ ਬਣਾਈ। ਅਸੀਂ ਵਧੀਆ ਉਤਪਾਦ ਲੋਕਾਂ ਨੂੰ ਮੁਹੱਈਆ ਕਰਵਾਏ।''

ਸਥਾਨਕ ਪੱਧਰ ਦੇ ਲੇਬਲਾਂ ਨੇ ਵੀ ਇਸੇ ਤਰ੍ਹਾਂ ਅੱਗੇ ਵਧਣ ਦਾ ਜਤਨ ਕੀਤਾ ਪਰ ਸਾਡੇ ਨਿਰਮਾਣ ਦੀ ਰਫ਼ਤਾਰ, ਆਰ ਐਂਡ ਡੀ ਅਤੇ ਵਿਕਰੀ ਦੇ ਸਿੱਧੇ ਚੈਨਲਾਂ ਦੀ ਮੁਕਾਬਲੇਬਾਜ਼ੀ ਅੱਗੇ ਉਹ ਕਿਤੇ ਵੀ ਟਿਕ ਨਾ ਸਕੇ। ਇੰਝ ਗਲੋਬਲਾਈਟ ਇਸ ਉਦਯੋਗ ਵਿੱਚ ਆਪਣਾ ਮਜ਼ਬੂਤ ਸਥਾਨ ਕਾਇਮ ਕਰਨ ਦੇ ਯੋਗ ਹੋ ਸਕਿਆ। ਹੁਣ ਗਲੋਬਲਾਈਟ ਦੀ ਯੋਜਨਾ ਵੈਬਸਾਈਟਸ, ਐਪ. ਅਤੇ ਟੀ. ਵੀ. ਰਾਹੀਂ ਸਿੱਧੇ ਗਾਹਕਾਂ ਦੇ ਘਰਾਂ ਤੱਕ ਪੁੱਜਣ ਦੀ ਹੈ।

ਲੇਖਕ: ਜੈ ਵਰਧਨ

ਅਨੁਵਾਦ: ਮਹਿਤਾਬ-ਉਦ-ਦੀਨ