1 ਜਨਵਰੀ, 2017 ਤੋਂ ਸਾਰੇ ਮੋਬਾਇਲ ਫ਼ੋਨਜ਼ ਲਈ 'ਪੈਨਿਕ ਬਟਨ' ਹੋਵੇਗਾ ਲਾਜ਼ਮੀ

0

1 ਜਨਵਰੀ, 2017 ਤੋਂ ਭਾਰਤ 'ਚ ਵਿਕਣ ਵਾਲ਼ੇ ਸਾਰੇ ਮੋਬਾਇਲ ਫ਼ੋਨਜ਼ 'ਤੇ 'ਪੈਨਿਕ ਬਟਨ' ਲੱਗਾ ਹੋਣਾ ਲਾਜ਼ਮੀ ਹੋਵੇਗਾ। ਇਹ ਬਟਨ ਦਰਅਸਲ, ਕਿਸੇ ਹੰਗਾਮੀ (ਐਮਰਜੈਂਸੀ) ਹਾਲਾਤ ਵਿੱਚ ਤੁਰੰਤ ਸਹਾਇਤਾ ਸੱਦਣ ਵਾਸਤੇ ਹੋਵੇਗਾ।

ਇਸ ਦੇ ਨਾਲ਼ ਹੀ 1 ਜਨਵਰੀ, 2018, ਭਾਵ ਇੱਕ ਸਾਲ ਬਾਅਦ ਤੋਂ ਸਾਰੇ ਫ਼ੋਨਜ਼ ਉੱਤੇ ਜੀ.ਪੀ.ਐਸ. ਨੇਵੀਗੇਸ਼ਨ ਸਿਸਟਮ ਲੱਗਾ ਹੋਣਾ ਲਾਜ਼ਮੀ ਹੋਵੇਗਾ। ਇਹ ਜਾਣਕਾਰੀ ਦੂਰਸੰਚਾਰ ਮੰਤਰੀ ਸ੍ਰੀ ਸ਼ੰਕਰ ਪ੍ਰਸਾਦ ਨੇ ਨਵੀਂ ਦਿੱਲੀ 'ਚ ਇੱਕ ਬਿਆਨ ਰਾਹੀਂ ਦਿੱਤੀ। 'ਨੇਵੀਗੇਸ਼ਨ ਸਿਸਟਮ' ਰਾਹੀਂ ਤੁਰੰਤ ਪਤਾ ਲੱਗ ਸਕਦਾ ਹੈ ਕਿ ਤੁਸੀਂ ਇਸ ਵੇਲੇ ਧਰਤੀ ਦੇ ਕਿਹੜੇ ਕੋਣੇ ਦੇ ਕਿਹੜੇ ਦੇਸ਼ ਦੇ ਕਿਸ ਸੂਬੇ ਦੇ ਕਿਹੜੇ ਸ਼ਹਿਰ ਜਾਂ ਪਿੰਡ ਦੇ ਕਿਸ ਖੂੰਜੇ ਵਿੱਚ ਮੌਜੂਦ ਹੋ (ਬਸ਼ਰਤੇ, ਉੱਥੇ ਮੋਬਾਇਲ ਫ਼ੋਨ ਦਾ ਸਿਗਨਲ ਆ ਰਿਹਾ ਹੋਵੇ)।

ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਹੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਹੋਰ ਬਿਹਤਰ ਵਰਤੋਂ ਕੀ ਹੋ ਸਕਦੀ ਹੈ ਕਿ ਮੋਬਾਇਲ ਫ਼ੋਨਜ਼ ਰਾਹੀਂ ਅਸੀਂ 1 ਜਨਵਰੀ, 2017 ਤੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਾਂਗੇ ਕਿਉਂਕਿ 1 ਜਨਵਰੀ, 2017 ਤੋਂ ਅਜਿਹਾ ਕੋਈ ਸੈਲ ਫ਼ੋਨ ਭਾਰਤ 'ਚ ਵਿਕ ਨਹੀਂ ਸਕੇਗਾ, ਜਿਸ ਵਿੱਚ 'ਪੈਨਿਕ ਬਟਨ' ਨਹੀਂ ਲੱਗਾ ਹੋਵੇਗਾ। ਇਸੇ ਤਰ੍ਹਾਂ 1 ਜਨਵਰੀ, 2018 ਤੋਂ ਮੋਬਾਇਲ ਫ਼ੋਨਜ਼ ਲਈ ਜੀ.ਪੀ.ਆਰ.ਐਸ. ਸਿਸਟਮ ਲਾਜ਼ਮੀ ਕਰ ਦਿੱਤਾ ਜਾਵੇਗਾ; ਜਿਸ ਨਾਲ਼ ਜੇ ਕਿਸੇ ਵਿਅਕਤੀ ਨੂੰ ਅਗ਼ਵਾ ਕੀਤਾ ਜਾਂਦਾ ਹੈ, ਤਾਂ ਉਹ ਮੋਬਾਇਲ ਫ਼ੋਨ ਦੀ ਮਦਦ ਨਾਲ਼ ਆਪਣੀ ਸਥਿਤੀ ਬਾਹਰ ਆਪਣੇ ਸਾਥੀਆਂ ਨੂੰ ਦੱਸਣ ਦੇ ਯੋਗ ਹੋ ਸਕੇਗਾ।

ਬੀਤੀ 22 ਅਪ੍ਰੈਲ ਨੂੰ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਵਿੱਚ ਕਿਹਾ ਗਿਆ ਹੈ,''1 ਜਨਵਰੀ, 2017 ਤੋਂ ਮੋਬਾਇਲ ਫ਼ੋਨ ਤਿਆਰ ਕਰਨ ਵਾਲੀ ਕੋਈ ਵੀ ਕੰਪਨੀ ਅਜਿਹਾ ਕੋਈ ਫ਼ੋਨ ਭਾਰਤ 'ਚ ਵੇਚ ਨਹੀਂ ਸਕੇਗੀ, ਜਿਸ ਉੱਤੇ 'ਪੈਨਿਕ ਬਟਨ' ਨਹੀਂ ਲੱਗਾ ਹੋਵੇਗਾ। ਵਰਤੋਂਕਾਰ (ਯੂਜ਼ਰ) ਲਈ ਉਹ ਬਟਨ ਅੰਕ '5' ਜਾਂ ਅੰਕ '9' ਵਾਲ਼ੀ ਕੀਅ 'ਤੇ ਲੱਗਾ ਹੋਣਾ ਜ਼ਰੂਰੀ ਹੈ, ਜਿਸ ਨੂੰ ਦੱਬ ਕੇ ਉਹ ਆਪਣੇ ਲਈ ਕੋਈ ਹੰਗਾਮੀ ਸਹਾਇਤਾ ਨੂੰ ਸੱਦ ਸਕੇ।''

ਇਸ ਨੋਟੀਫ਼ਿਕੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੋਈ ਵੀ ਸਮਾਰਟਫ਼ੋਨ ਭਾਰਤ 'ਚ ਬਿਨਾ 'ਐਮਰਜੈਂਸੀ ਕਾੱਲ ਬਟਨ' ਦੇ ਵੇਚਿਆ ਨਹੀਂ ਜਾ ਸਕੇਗਾ। ਇਹ ਬਟਨ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਕਿ ਜੇ ਕੋਈ ਵਰਤੋਂਕਾਰ ਲਗਾਤਾਰ ਉਸ 'ਕੀਅ' ਨੂੰ ਦਬਾ ਕੇ ਰੱਖੇ, ਤਾਂ ਐਮਰਜੈਂਸੀ ਕਾੱਲ ਹੋ ਜਾਵੇ ਜਾਂ ਇਹ ਕਾੱਲ 'ਆੱਨ-ਆੱਫ਼' ਬਟਨ ਨੂੰ ਤਿੰਨ ਵਾਰ ਲਗਾਤਾਰ ਥੋੜ੍ਹਾ ਦਬਾ ਕੇ ਤੁਰੰਤ ਹੋ ਜਾਣੀ ਚਾਹੀਦੀ ਹੈ।

ਨੋਟੀਫ਼ਿਕੇਸ਼ਨ ਵਿੱਚ ਕਿਹਾ ਗਿਆ ਹੈ,''1 ਜਨਵਰੀ, 2018 ਤੋਂ, ਕੋਈ ਵੀ ਮੋਬਾਇਲ ਫ਼ੋਨ ਹੈਂਡਸੈੱਟ ਤਿਆਰ ਕਰਨ ਵਾਲੀ ਕੰਪਨੀ ਅਜਿਹਾ ਕੋਈ ਵੀ ਨਵਾਂ ਫ਼ੋਨ ਨਹੀਂ ਵੇਚੇਗੀ, ਜਿਸ ਵਿੱਚ ਸੈਟੇਲਾਇਟ ਰਾਹੀਂ ਜਗ੍ਹਾ ਦੀ ਸ਼ਨਾਖ਼ਤ ਕਰਨ ਵਾਲ਼ਾ ਜੀ.ਪੀ.ਐਸ. ਨਾ ਲੱਗਾ ਹੋਵੇ।''

ਇਸ ਵੇਲੇ ਕੇਵਲ ਸਮਾਰਟਫ਼ੋਨਜ਼ ਵਿੱਚ ਹੀ ਜੀ.ਪੀ.ਐਸ. ਸਿਸਟਮ ਲੱਗਾ ਹੁੰਦਾ ਹੈ। ਇਹ ਉਹ ਉਪਕਰਣ ਹੁੰਦਾ ਹੈ, ਜੋ ਮੋਬਾਇਲ ਦੀ ਭੂਗੋਲਕ ਸਥਿਤੀ ਬਾਰੇ ਸਹੀ-ਸਹੀ ਜਾਣਕਾਰੀ ਦਿੰਦਾ ਹੈ। ਇਸ ਲਈ ਇਹ ਜੀ.ਪੀ.ਐਸ. ਸੈਟੇਲਾਇਟਸ ਦੀ ਵਰਤੋਂ ਕਰਦਾ ਹੈ। ਪਹਿਲਾਂ-ਪਹਿਲ ਇਸ ਤਕਨਾਲੋਜੀ ਦੀ ਵਰਤੋਂ ਅਮਰੀਕੀ ਫ਼ੌਜ ਵੱਲੋਂ ਕੀਤੀ ਗਈ ਸੀ ਪਰ ਹੁਣ ਇਸ ਦੀ ਵਰਤੋਂ ਆੱਟੋਮੋਬਾਇਲਜ਼ ਤੇ ਸਮਾਰਟਫ਼ੋਨਜ਼ ਵਿੱਚ ਕੀਤੀ ਜਾਂਦੀ ਹੈ।

'ਗਲੋਬਲ ਪੋਜ਼ੀਸ਼ਨਿੰਗ ਸਿਸਟਮ' (ਜੀ.ਪੀ.ਐਸ.) ਸੈਟੇਲਾਇਟ ਆਧਾਰਤ ਇੱਕ ਨੇਵੀਗੇਸ਼ਨ ਸਿਸਟਮ ਹੁੰਦਾ ਹੈ, ਜੋ ਅਮਰੀਕੀ ਰੱਖਿਆ ਵਿਭਾਗ ਵੱਲੋਂ ਪੁਲਾੜ 'ਚ ਛੱਡੇ ਗਏ 30 ਸੈਟੇਲਾਇਟਸ ਰਾਹੀਂ ਕੰਮ ਕਰਦਾ ਹੈ। ਜੀ.ਪੀ.ਐਸ. ਦੀ ਸ਼ੁਰੂਆਤ ਦਰਅਸਲ ਫ਼ੌਜੀ ਕਾਰਵਾਈਆਂ ਦੀ ਮਦਦ ਲਈ ਕੀਤੀ ਗਈ ਸੀ ਪਰ 1980ਵਿਆਂ ਦੌਰਾਨ ਅਮਰੀਕੀ ਸਰਕਾਰ ਨੇ ਜੀ.ਪੀ.ਐਸ. ਪ੍ਰੋਗਰਾਮ ਦੀ ਵਰਤੋਂ ਆਮ ਨਾਗਰਿਕਾਂ ਵੱਲੋਂ ਵੀ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਪੀ.ਟੀ.ਆਈ.