ਪ੍ਰੇਰਣਾ ਲਈ ਪਿਤਾ ਤੋਂ, ਮਿਹਨਤ ਕੀਤੀ ਅਤੇ ਮਿਸਾਲ ਬਣੀ ਹੋਰਨਾਂ ਲਈ

ਪ੍ਰੇਰਣਾ ਲਈ ਪਿਤਾ ਤੋਂ, ਮਿਹਨਤ ਕੀਤੀ ਅਤੇ ਮਿਸਾਲ ਬਣੀ ਹੋਰਨਾਂ ਲਈ

Sunday November 08, 2015,

10 min Read

ਕਿਸੇ ਕੰਮ ਵਿੱਚ ਸੰਤੁਸ਼ਟੀ ਬਹੁਤ ਜ਼ਰੂਰੀ ਹੁੰਦੀ ਹੈ ਪਰ ਜੇ ਕੋਈ ਆਪਣੇ ਕੰਮ ਤੋਂ ਸੰਤੁਸ਼ਟ ਨਾ ਹੋਵੇ, ਤਾਂ ਉਹ ਅਜਿਹਾ ਰਾਹ ਲਭਦਾ ਹੈ, ਜੋ ਕਈ ਵਾਰ ਦੂਜਿਆਂ ਨੂੰ ਵੀ ਰਾਹ ਵਿਖਾ ਜਾਂਦਾ ਹੈ। ਡਾਕਟਰ ਸੁਸ਼ੀਲ ਸ਼ਾਹ ਨੇ 1980 ਵਿੱਚ ਮੈਡੀਕਲ ਸਕੂਲ ਤੋਂ ਗਰੈਜੂਏਸ਼ਨ ਕੀਤੀ ਪਰ ਉਹ ਦੇਸ਼ ਦੀਆਂ ਨਾਕਾਫ਼ੀ ਸਿਹਤ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਸਨ। ਇਸੇ ਲਈ ਉਨ੍ਹਾਂ ਤੈਅ ਕਰ ਲਿਆ ਕਿ ਉਹ ਆਪਣੇ ਮਰੀਜ਼ਾਂ ਦਾ ਇਲਾਜ ਨਵੀਂ ਤਕਨੀਕ ਦੇ ਸਹਾਰੇ ਕਰਨਗੇ, ਜੋ ਬਾਜ਼ਾਰ ਵਿੱਚ ਉਪਲਬਧ ਹੋਣਗੇ। ਇਸੇ ਲਈ ਉਨ੍ਹਾਂ ਅਮਰੀਕਾ ਦਾ ਰੁਖ਼ ਕੀਤਾ, ਤਾਂ ਜੋ ਉਹ ਉਥੇ ਜਾ ਕੇ ਫ਼ੈਲੋਸ਼ਿਪ ਦੇ ਨਾਲ ਵਿਭਿੰਨ ਤਰੀਕਿਆਂ ਅਤੇ ਪ੍ਰਕਿਰਿਆਵਾਂ ਨੂੰ ਪੜ੍ਹਾਈ ਰਾਹੀਂ ਸਮਝ ਸਕਣ। ਜਦੋਂ ਉਹ ਪਰਤੇ, ਤਾਂ ਉਨ੍ਹਾਂ ਪੈਥੌਲੋਜੀ ਲੈਬਾਰੇਟਰੀ ਦੀ ਸਥਾਪਨਾ ਕੀਤੀ ਅਤੇ ਉਸ ਦਾ ਨਾਂਅ ਰੱਖਿਆ 'ਡਾ. ਸੁਸ਼ੀਲ ਸ਼ਾਹ ਲੈਬਾਰੇਟਰੀ'। ਇਹ ਕੰਮ ਉਨ੍ਹਾਂ ਆਪਣੇ ਗੈਰਾਜ ਤੋਂ ਸ਼ੁਰੂ ਕੀਤਾ ਅਤੇ ਰਸੋਈ ਘਰ ਨੂੰ ਉਨ੍ਹਾਂ ਕਲੀਨਿਕ ਵਜੋਂ ਇਸਤੇਮਾਲ ਕੀਤਾ।

image


ਅੱਜ ਦੇ ਦੌਰ ਵਿੱਚ ਅਸੀਂ ਭਾਵੇਂ ਥਾਇਰਾੱਇਡ ਪਰੀਖਣ, ਫ਼ਰਟੀਲਿਟੀ ਪਰੀਖਣ ਅਤੇ ਹੋਰ ਹਾਰਮੋਨਲ ਪਰੀਖਣਾਂ ਬਾਰੇ ਜਾਣ ਗਏ ਹੋਈਏ ਪਰ 1980 ਦੇ ਦਹਾਕੇ ਵਿੱਚ ਲੋਕਾਂ ਨੂੰ ਇਨ੍ਹਾਂ ਦੀ ਬਹੁਤ ਘੱਟ ਜਾਣਕਾਰੀ ਸੀ। ਉਹ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਇਸ ਪ੍ਰਕਾਰ ਦੇ ਪਰੀਖਣ ਨੂੰ ਸ਼ੁਰੂ ਕੀਤਾ। ਉਨ੍ਹਾਂ ਇਸ ਕੰਮ ਦੀ ਸ਼ੁਰੂਆਤ ਬਹੁਤ ਹੀ ਛੋਟੇ ਪੱਧਰ ਤੋਂ ਕੀਤੀ ਅਤੇ ਆਪਣਾ ਧਿਆਨ ਆਪਣੀਆਂ ਸੇਵਾਵਾ ਦੇਣ ਵਿੱਚ ਲਾਇਆ। ਅੱਜ ਉਨ੍ਹਾਂ ਦੇ ਇਸ ਕੰਮ ਨੂੰ 35 ਸਾਲਾਂ ਦੀ ਧੀ ਅਮੀਰਾ ਸੰਭਾਲ ਰਹੀ ਹੈ। ਵਿਸ਼ਵ ਪੱਰ ਉਤੇ ਪਛਾਣ ਬਣਾ ਚੁੱਕੀ ਉਨ੍ਹਾਂ ਦੀ ਇਹ ਕੰਪਨੀ ਜੋ ਇੱਕ ਪੈਥਾਲੋਜੀ ਲੈਬਾਰੇਟਰੀ ਤੋਂ ਸ਼ੁਰੂ ਹੋਈ ਸੀ, ਅੱਜ ਉਹ 2,000 ਕਰੋੜ ਰੁਪਏ ਦੀ ਕੰਪਨੀ ਬਣ ਚੁੱਕੀ ਹੈ। ਅਮੀਰਾ ਜਦੋਂ 21 ਸਾਲਾਂ ਦੇ ਸਨ, ਜਦੋਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਅੱਗੇ ਜ਼ਿੰਦਗੀ ਕਿਵੇਂ ਬਿਤਾਉਣੀ ਹੈ, ਉਹ ਨਾਤਜਰਬੇਕਾਰ ਸਨ।

ਅਮੀਰਾ ਨੇ ਨਿਊ ਯਾਰਕ ਵਿੱਚ ਗੋਲਡਮੈਨ ਸਾਕਸ ਲਈ ਕੰਮ ਕੀਤਾ। ਭਾਵੇਂ ਉਹ ਵੱਕਾਰੀ ਜਗ੍ਹਾ ਸੀ ਅਤੇ ਉਨ੍ਹਾਂ ਦੇ ਦੋਸਤ ਵੀ ਉਨ੍ਹਾਂ ਦੀ ਇਸ ਉਪਲਬਧੀ ਤੋਂ ਈਰਖਾ ਕਰਨ ਲੱਗ ਪਏ ਸਨ ਪਰ ਉਨ੍ਹਾਂ ਨੂੰ ਇਸ ਕੰਮ ਵਿੱਚ ਮਜ਼ਾ ਨਹੀਂ ਆ ਰਿਹਾ ਸੀ। ਭਾਵੇਂ ਨਿਊ ਯਾਰਕ ਵਿੱਚ ਰਹਿਣਾ ਉਨ੍ਹਾਂ ਨੂੰ ਪਸੰਦ ਆ ਰਿਹਾ ਸੀ ਪਰ ਵਿੱਤੀ ਸੇਵਾਵਾਂ ਵਾਲਾ ਇਹ ਖੇਤਰ ਸ਼ਾਇਦ ਉਨ੍ਹਾਂ ਲਈ ਸੀ ਹੀ ਨਹੀਂ। ਇਸੇ ਲਈ ਉਨ੍ਹਾਂ ਬਿਨਾਂ ਸੋਚਿਆਂ ਸਮਝਿਆਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਇੱਕ ਸਟਾਰਟ-ਅਪ ਉਤੇ ਕੰਮ ਕਰਨਾ ਸ਼ੁਰੂ ਕੀਤਾ, ਜਿਸ ਵਿੱਚ ਸਿਰਫ਼ 5 ਮੁਲਾਜ਼ਮ ਸਨ। ਇੱਥੇ ਉਨ੍ਹਾਂ ਕਈ ਤਰ੍ਹਾਂ ਦੇ ਤਜਰਬੇ ਹਾਸਲ ਕੀਤੇ। ਹੌਲੀ-ਹੌਲੀ ਅਮੀਰਾ ਦਾ ਰੁਝਾਨ ਕੁੱਝ ਸਾਰਥਕ ਕੰਮ ਕਰਨ ਵੱਲ ਹੋਣ ਲੱਗਾ। ਇਸ ਸਭ ਦੇ ਬਾਵਜੂਦ ਅਮੀਰਾ ਸੰਤੁਸ਼ਟ ਨਹੀਂ ਸਨ, ਤਦ ਉਨ੍ਹਾਂ ਆਪਣੇ ਪਿਤਾ ਤੋਂ ਸਲਾਹ ਲੈਣ ਦਾ ਫ਼ੈਸਲਾ ਕੀਤਾ।

image


ਜਦੋਂ ਅਮੀਰਾ ਨੇ ਆਪਣੇ ਪਿਤਾ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਸੁਆਲ ਕੀਤਾ ਕਿ ਉਹ ਬਣਨਾ ਚਾਹੁੰਦੀ ਹੈ; ਇੱਕ ਚੰਗੀ ਪ੍ਰਬੰਧਕ ਜਾਂ ਫਿਰ ਇੱਕ ਉਦਮੀ। ਜਿਸ ਦਾ ਅਮੀਰਾ ਕੋਲ਼ ਕੋਈ ਜਵਾਬ ਨਹੀਂ ਸੀ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਦੋਵਾਂ ਵਿੱਚ ਕੀ ਫ਼ਰਕ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਉਨ੍ਹਾਂ ਨੂੰ ਵਧੀਆ ਕੈਰੀਅਰ, ਇੱਜ਼ਤ ਅਤੇ ਪੈਸਾ ਚਾਹੀਦਾ ਹੈ, ਤਾਂ ਉਨ੍ਹਾਂ ਨੂੰ ਅਮਰੀਕਾ ਵਿੱਚ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਉਥੇ ਇਨ੍ਹਾਂ ਚੀਜ਼ਾਂ ਲਈ ਬਿਹਤਰ ਮੌਕੇ ਹਨ ਪਰ ਜੇ ਉਹ ਆਪਣੀ ਛਾਪ ਹੋਰਨਾਂ ਉਤੇ ਛੱਡਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਦਿਲ ਅਤੇ ਦਿਮਾਗ਼ ਦੋਵੇਂ ਕੰਪਨੀ ਲਈ ਧੜਕਦੇ ਹਨ, ਜਿੱਥੇ ਸਿਰਫ਼ ਕੰਮ ਹੀ ਮਹੱਤਵ ਰਖਦਾ ਹੈ, ਤਦ ਉਨ੍ਹਾਂ ਨੂੰ ਉਦਮੀ ਬਣਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਭਾਰਤ ਪਰਤ ਆਉਣਾ ਚਾਹੀਦਾ ਹੈ। ਅਮੀਰਾ ਨੇ ਆਪਣੇ ਪਿਤਾ ਦੀ ਗੱਲ ਸੁਣੀ ਅਤੇ ਉਦਮੀ ਬਣਨ ਦੀ ਇੱਛਾ ਨਾਲ ਸਾਲ 2001 ਵਿੱਚ ਭਾਰਤ ਪਰਤ ਆਏ।

ਅਮੀਰਾ ਭਾਰਤ ਤਾਂ ਆਏ ਸਨ ਪਰ ਉਨ੍ਹਾਂ ਨੂੰ ਇਹ ਫ਼ੈਸਲਾ ਕੁੱਝ ਵਿਵਾਦਪੂਰਨ ਜਾਪਣ ਲੱਗ ਪਿਆ ਸੀ ਕਿਉਂਕਿ ਉਸ ਵੇਲੇ ਭਾਰਤ ਨੂੰ ਉਭਰਦਾ ਹੋਇਆ ਬਾਜ਼ਾਰ ਨਹੀਂ ਮੰਨਿਆ ਜਾ ਰਿਹਾ ਸੀ, ਉਦਮਤਾ ਨਾ ਦੇ ਬਰਾਬਰ ਸੀ। ਇਹ ਉਨ੍ਹਾਂ ਲਈ ਸਭਿਆਚਾਰਕ ਧੱਕਾ ਵੀ ਸੀ। ਕਿਉਂਕਿ ਉਨ੍ਹਾਂ ਕਦੇ ਵੀ ਭਾਰਤ ਵਿੱਚ ਕੰਮ ਨਹੀਂ ਕੀਤਾ ਸੀ। ਉਨ੍ਹਾਂ ਦੇ ਪਿਤਾ ਦੀ ਪੈਥਾਲੋਜੀ ਲੈਬਾਰੇਟਰੀ ਵਿੱਚ ਹੋਣ ਵਾਲੇ ਕੋਈ ਵੀ ਫ਼ੈਸਲੇ ਉਨ੍ਹਾਂ ਦੇ ਪਿਤਾ ਲੈਂਦੇ ਸਨ ਜਾਂ ਫਿਰ ਉਨ੍ਹਾਂ ਦਾ ਕੋਈ ਵਿਸ਼ਵਾਸਪਾਤਰ ਲੈਂਦਾ ਸੀ। ਸਾਰੀਆਂ ਚੀਜ਼ਾਂ ਕੇਂਦ੍ਰਿਤ ਸਨ। ਜਿੱਥੇ ਕੋਈ ਵੀ ਕੰਪਿਊਟਰ, ਈ-ਮੇਲ ਸਿਸਟਮ ਜਿਹੀਆਂ ਕਈ ਚੀਜ਼ਾਂ ਨਹੀਂ ਸਨ। ਇੱਥੇ ਸਿਰਫ਼ ਇੱਕ ਵਿਅਕਤੀ ਬੈਠਦਾ, ਜੋ ਫ਼ੋਨ ਉਤੇ ਸਾਰੇ ਜਵਾਬ ਦਿੰਦਾ ਸੀ। ਤਦ ਹੀ ਅਮੀਰਾ ਨੂੰ ਜਾਪਣ ਲੱਗਾ ਸੀ ਕਿ ਇਸ ਤਰ੍ਹਾਂ ਵਿਸਥਾਰ ਨਹੀਂ ਹੋ ਸਕਦਾ। ਕੋਈ ਇੱਕ ਹੀ ਵਿਅਕਤੀ ਇਕੱਲਾ ਸਾਰੇ ਫ਼ੈਸਲੇ ਨਹੀਂ ਲੈ ਸਕਦਾ। ਤਦ ਉਥੇ ਕੋਈ ਵਿਵਸਥਾ ਨਹੀਂ ਸੀ ਅਤੇ ਸਭ ਕੁੱਝ ਮਨਮਰਜ਼ੀ ਨਾਲ ਚੱਲ ਰਿਹਾ ਸੀ।

image


ਡਾ. ਸੁਸ਼ੀਲ ਸ਼ਾਹ ਲੈਬਾਰੇਟਰੀ ਦੱਖਣੀ ਮੁੰਬਈ 'ਚ 1,500 ਵਰਗ ਫ਼ੁੱਟ ਵਿੱਚ ਚਲਾਈ ਜਾ ਰਹੀ ਸੀ। ਜਿੱਥੇ ਉਸ ਦੇ ਤੈਅ ਗਾਹਕ ਸਨ ਅਤੇ ਉਸ ਦਾ ਆਪਣਾ ਇੱਕ ਵੱਕਾਰ ਵੀ ਸੀ। ਦੱਖਣੀ ਮੁੰਬਈ ਵਿੱਚ ਉਹ ਇਕੱਲੀ ਲੈਬਾਰੇਟਰੀ ਸੀ। ਅਮੀਰਾ ਦੇ ਪਿਤਾ ਚਾਹੁੰਦੇ ਸਨ ਕਿ ਸਮੁੱਚੇ ਭਾਰਤ ਵਿੱਚ ਉਹ ਆਪਣੀ ਲੈਬਾਰੇਟਰੀ ਦੀ ਇੱਕ ਲੜੀ ਬਣਾਉਣ ਪਰ ਅਜਿਹਾ ਜ਼ਮੀਨੀ ਪੱਧਰ ਉਤੇ ਕਿਵੇਂ ਕੀਤਾ ਜਾਵੇ, ਉਹ ਇਹ ਨਹੀਂ ਜਾਣਦੇ ਸਨ। ਤਦ ਅਮੀਰਾ ਨੇ ਇਸ ਕੰਮ ਵਿੱਚ ਤਬਦੀਲੀ ਲਿਆਉਣ ਦਾ ਫ਼ੈਸਲਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਤੈਅ ਕੀਤਾ ਕਿ ਉਹ ਆਪਣੇ ਪਿਤਾ ਦੇ ਇਸ ਕਾਰੋਬਾਰ ਨੂੰ ਇੱਕ ਕੰਪਨੀ ਦੇ ਸਿਸਟਮ ਵਾਂਗ ਚਲਾਉਣਗੇ। ਇਸ ਲਈ ਉਨ੍ਹਾਂ ਨੇ ਨਵੀਂ ਪ੍ਰਤਿਭਾ, ਨਵੇਂ ਵਿਭਾਗ ਅਤੇ ਡਿਜੀਟਲ ਸੰਚਾਰ ਦੇ ਸਾਧਨਾਂ ਦੀ ਵਰਤੋਂ ਬਾਰੇ ਸੋਚਿਆ। ਭਾਵੇਂ ਇਹ ਸਭ ਅਮੀਰਾ ਲਈ ਨਵਾਂ ਸੀ। ਪਰ ਇਨ੍ਹਾਂ ਸਾਰੀਆਂ ਤਬਦੀਲੀਆਂ ਲਈ ਉਨ੍ਹਾਂ ਦੇ ਪਿਤਾ ਦੀ ਸਹਿਮਤੀ ਜ਼ਰੂਰੀ ਸੀ। ਇਸ ਲਈ ਉਨ੍ਹਾਂ ਸਭ ਤੋਂ ਪਹਿਲਾਂ ਗਾਹਕ ਸੇਵਾ ਕੇਂਦਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਨ੍ਹਾਂ ਮਰੀਜ਼ਾਂ ਦੀਆਂ ਔਕੜਾਂ ਨੂੰ ਸਮਝਿਆ। ਹਰ ਦਿਨ ਵੱਖੋ-ਵੱਖਰੇ ਮੁੱਦਿਆਂ ਦਾ ਸਾਹਮਣਾ ਕਰਨਾ ਸਿੱਖਿਆ। ਇਸ ਦੇ ਨਾਲ-ਨਾਲ ਉਨ੍ਹਾਂ ਹੌਲੀ-ਹੌਲੀ ਆਪਣੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਦਾ ਕੰਮ ਵੀ ਜਾਰੀ ਰੱਖਿਆ। ਕਿਉਂਕਿ ਇੱਕ ਪਾਸੇ ਉਹ ਜ਼ਮੀਨੀ ਹਕੀਕਤ ਦਾ ਸਾਹਮਣਾ ਕਰ ਰਹੇ ਸਨ ਅਤੇ ਦੂਜੇ ਪਾਸੇ ਉਹ ਉਨ੍ਹਾਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਰਾਹ ਵੀ ਲੱਭ ਰਹੇ ਸਨ।

ਵਕਤ ਨਾਲ ਅਮੀਰਾ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਗੰਭੀਰ ਹੋ ਗਏ ਅਤੇ ਉਨ੍ਹਾਂ ਤੈਅ ਕੀਤਾ ਕਿ ਵਿਕਾਸ ਲਈ ਹੁਣ ਗੰਭੀਰਤਾ ਨਾਲ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਦੱਖਣੀ ਮੁੰਬਈ ਵਿਖੇ 25 ਸਾਲਾਂ ਦੋਰਾਨ ਉਨ੍ਹਾਂ ਦੇ ਪਿਤਾ ਨੇ ਲੈਬਾਰੇਟਰੀ ਦੇ ਖੇਤਰ ਵਿੱਚ ਆਪਣਾ ਇੱਕ ਵੱਕਾਰ ਬਣਾਇਆ ਸੀ। ਇਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਸ਼ਹਿਰ ਵਿੱਚ ਹੋਰ ਵੀ ਦੂਜੀਆਂ ਕਈ ਜਾਣੀਆਂ-ਪਛਾਣੀਆਂ ਲੈਬਾਰੇਟਰੀਜ਼ ਹਨ, ਇਸੇ ਲਈ ਉਨ੍ਹਾਂ ਸਭ ਤੋਂ ਪਹਿਲਾਂ ਆਪਣੀ ਲੈਬਾਰੇਟਰੀ 'ਡਾ. ਸੁਸ਼ੀਲ ਸ਼ਾਹ ਲੈਬਾਰੇਟਰੀ' ਦਾ ਨਾਂਅ ਬਦਲ ਕੇ 'ਮੈਟਰੋਪੋਲਿਸ' ਰੱਖਿਆ ਕਿਉਂਕਿ ਕਈ ਬਹੁ-ਕੌਮੀ ਕੰਪਨੀਆਂ ਇਸ ਖੇਤਰ ਵਿੱਚ ਆ ਗਈਆਂ ਸਨ। ਜਿਸ ਤੋਂ ਬਾਅਦ ਅਮੀਰਾ ਦੀ ਕੰਪਨੀ ਨੇ ਅਜਿਹੀ ਲੈਬਾਰੇਟਰੀ ਦੀ ਭਾਲ਼ ਸ਼ੁਰੂ ਕਰ ਦਿੱਤੀ, ਜੋ ਉਨ੍ਹਾਂ ਨਾਲ਼ ਮਿਲ ਕੇ ਕੰਮ ਕਰ ਸਕੇ ਅਤੇ ਉਹ ਉਸ ਨੂੰ ਮੈਟਰੋਪਾਲਿਸ ਦੇ ਨਾਂਅ ਨਾਲ ਚਲਾਉਣ। ਸਾਲ 2004 ਵਿੱਚ ਉਨ੍ਹਾਂ ਦੀ ਇਹ ਖੋਜ ਮੁਕੰਮਲ ਹੋਈ ਅਤੇ ਸਭ ਤੋਂ ਪਹਿਲਾਂ ਚੇਨਈ ਦੀ ਇੱਕ ਲੈਬਾਰੇਟਰੀ ਨਾਲ ਅਜਿਹਾ ਸਮਝੌਤਾ ਕੀਤਾ। ਡਾ. ਸ੍ਰੀਨਿਵਾਸਨ ਉਨ੍ਹਾਂ ਦੇ ਤੈਅ ਕੀਤੇ ਮਾਪਦੰਡ ਉਤੇ ਸਹੀ ਬੈਠਦੇ ਸਨ। ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ ਅਤੇ ਅੱਜ ਮੈਟਰੋਪੋਲਿਸ ਨੇ 25 ਅਜਿਹੀਆਂ ਭਾਈਵਾਲ਼ੀਆਂ ਕੀਤੀਆਂ ਹਨ।

ਮੈਟਰੋਪਾਲਿਸ ਨੇ ਸਭ ਤੋਂ ਪਹਿਲਾਂ ਸਾਲ 2006 ਵਿੱਚ ਨਿਵੇਸ਼ ਪ੍ਰਾਪਤ ਕੀਤਾ। ਇਹ ਨਿਵੇਸ਼ ਕੀਤਾ ਸੀ ਆਈ.ਸੀ.ਆਈ.ਸੀ.ਆਈ. ਨੇ। ਇਸ ਤੋਂ ਬਾਅਦ ਸਾਲ 2010 ਵਿੱਚ ਅਮਰੀਕੀ ਕੰਪਨੀਆਂ ਨੇ ਮੈਟਰੋਪੋਲਿਸ ਵਿੱਚ ਵੱਡਾ ਨਿਵੇਸ਼ ਕੀਤਾ। ਅਮੀਰਾ ਅਨੁਸਾਰ ਉਨ੍ਹਾਂ ਨੂੰ ਪੈਸੇ ਦੀ ਸਖ਼ਤ ਜ਼ਰੂਰਤ ਸੀ ਕਿਉਂਕਿ ਉਨ੍ਹਾਂ ਨੂੰ ਦੂਜੀਆਂ ਕੰਪਨੀਆਂ ਦੇ ਸ਼ੇਅਰ ਲੈਣੇ ਸਨ, ਜੋ ਕਰਜ਼ਾ ਲੈ ਕੇ ਸੰਭਵ ਨਹੀਂ ਸਨ। ਅਮੀਰਾ ਮੁਤਾਬਕ ਉਹ ਕਿਸੇ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਨਹੀਂ ਸਨ, ਜਿਨ੍ਹਾਂ ਕੋਲ ਨਿਵੇਸ਼ ਲਈ ਬਹੁਤ ਧਨ ਹੋਵੇ। ਇਨ੍ਹਾਂ ਲੋਕਾਂ ਨੈ ਆਪਣੇ ਮੁਨਾਫ਼ੇ ਨੂੰ ਨਿਵੇਸ਼ ਵਿੱਚ ਲਾਇਆ, ਤਾਂ ਜੋ ਉਨ੍ਹਾਂ ਦੀ ਲੈਬਾਰੇਟਰੀ ਦਾ ਕਾਰੋਬਾਰ ਇੰਝ ਹੀ ਅੱਗੇ ਵਧਦਾ ਰਹੇ। ਉਹ ਅਜੋਕੇ ਦੌਰ ਦੇ ਸਟਾਰਟਅਪ ਵਾਂਗ ਨਹੀਂ ਸੀ ਕਿ ਕੰਪਨੀ ਦੀ ਆਮਦਨ 2 ਕਰੋੜ ਰੁਪਏ ਹੈ, ਜਦ ਕਿ ਉਹ ਖ਼ਰਚਾ 100 ਕਰੋੜ ਰੁਪਏ ਕਰ ਰਹੀ ਹੈ। ਇਨ੍ਹਾਂ ਲੋਕਾਂ ਨੇ ਸਿਰਫ਼ ਆਪਣੇ ਪੈਸੇ ਦੀ ਹੀ ਵਰਤੋਂ ਕੀਤੀ। ਮੈਟਰੋਪੋਲਿਸ ਨੇ ਪਿੱਛੇ ਜਿਹੇ ਵਾਰਬਰਗ ਪਿੰਕਸ ਵਿੱਚ ਹਿੱਸੇਦਾਰੀ ਹਾਸਲ ਕੀਤੀ ਹੈ।

image


ਦਰਅਸਲ ਮੈਟਰੋਪੋਲਿਸ ਵਿੱਚ ਵੱਡੇ ਵਾਧੇ ਲਈ ਨੀਂਹ ਸਾਲ 2006 ਤੋਂ ਪਹਿਲਾਂ ਹੀ ਰੱਖੀ ਗਈ ਸੀ। ਸਾਲ 2002 ਵਿੱਚ ਕੰਪਨੀ ਦੀ ਆਮਦਨ ਕੇਵਲ ਇੱਕ ਪ੍ਰਯੋਗਸ਼ਾਲਾ (ਲੈਬਾਰੇਟਰੀ) ਤੋਂ ਹੀ 7 ਕਰੋੜ ਰੁਪਏ ਸੀ, ਉਸ ਵੇਲੇ ਉਸ ਲੈਬ ਵਿੱਚ 40 ਤੋਂ 50 ਲੋਕ ਕੰਮ ਕਰਦੇ ਸਨ। ਪਰ ਪਿਛਲੇ 13 ਸਾਲਾਂ ਦੇ ਸਫ਼ਰ ਦੌਰਾਨ ਮੈਟਰੋਪਾਲਿਸ ਦੇ 800 ਸੈਂਟਰ ਅਤੇ 125 ਲੈਬਾਰੇਟਰੀਜ਼ ਸੱਤ ਦੇਸ਼ਾਂ ਵਿੱਚ ਹਨ। ਕੰਪਨੀ ਦੀ ਕੀਮਤ ਹੁਣ 2,000 ਕਰੋੜ ਰੁਪਏ ਤੋਂ ਵੱਧ ਦੀ ਹੋ ਗਈ ਹੈ, ਜਦ ਕਿ ਕੰਪਨੀ ਦੀ ਸਾਲਾਨਾ ਆਮਦਨ 500 ਕਰੋੜ ਰੁਪਏ ਹੈ। ਅੱਜ ਮੈਟਰੋਪਾਲਿਸ ਦਾ ਕਾਰੋਬਾਰ ਮੁੰਬਈ, ਚੇਨਈ ਅਤੇ ਕੇਰਲ ਵਿੱਚ ਮੁੱਖ ਤੌਰ ਉਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸ੍ਰੀਲੰਕਾ ਵਿੱਚ ਸਾਲ 2005 ਤੋਂ ਮੱਧ-ਪੂਰਬੀ ਏਸ਼ੀਆ ਵਿੱਚ ਸਾਲ 2006 ਤੋਂ ਅਤੇ ਅਫ਼ਰੀਕਾ ਵਿੱਚ ਸਾਲ 2007 ਤੋਂ ਇਹ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ।

ਅਮੀਰਾ ਮੁਤਾਬਕ ਮੈਟਰੋਪਾਲਿਸ ਨਾਲ ਕੰਮ ਕਰ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਜਰਬੇ ਹਾਸਲ ਹੋਏ ਹਨ ਕਿਉਂਕਿ ਜਿੰਨੇ ਵੀ ਦੇਸ਼ਾਂ ਵਿੱਚ ਉਨ੍ਹਾਂ ਦਾ ਕਾਰੋਬਾਰ ਹੈ, ਉਥੇ ਵੱਖ ਅਤੇ ਕੁੱਝ ਹਟ ਕੇ ਕੰਮ ਕਰਨਾ ਹੁੰਦਾ ਹੈ। ਸ੍ਰੀ ਲੰਕਾ ਬਹੁਤ ਆਰਾਮਦੇਹ ਜਗ੍ਹਾ ਹੈ। ਇੱਥੇ ਭਾਰਤ ਵਾਂਗ ਹੀ ਕਈ ਜਨਤਕ ਛੁੱਟੀਆਂ ਹੁੰਦੀਆਂ ਹਨ। ਪਰ ਮੱਧ-ਪੂਰਵ ਦਾ ਬਾਜ਼ਾਰ ਅਕਸ ਉਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਉਥੇ ਕੰਮ ਕਰਨ ਦਾ ਮਾਹੌਲ ਕਾਰਪੋਰੇਟ ਜਗਤ ਨਾਲ ਮਿਲਦਾ-ਜੁਲਦਾ ਹੈ। ਜਦ ਕਿ ਦੱਖਣੀ ਅਫ਼ਰੀਕਾ ਦਾ ਮਾਹੌਲ ਕਾਫ਼ੀ ਪੇਸ਼ੇਵਰ ਹੈ। ਉਥੇ ਲੋਕ ਕੇਵਲ 9 ਤੋਂ 5 ਦਰਮਿਆਨ ਕੰਮ ਕਰਦੇ ਹਨ। ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਮੈਟਰੋਪਾਲਿਸ ਨੂੰ ਕਈ ਨਿਰਾਸ਼ਾਜਨਕ ਨਾਕਾਮੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਮੀਰਾ ਮੁਤਾਬਕ ਜ਼ਿਆਦਾਤਰ ਭਾਈਵਾਲੀਆਂ ਸਫ਼ਲ ਹੋਈਆਂ ਹਨ, ਜਦ ਕਿ ਕੁੱਝ ਵਿੱਚ ਇਨ੍ਹਾਂ ਨੂੰ ਨਾਕਾਮੀ ਹਾਸਲ ਹੋਈ ਹੈ। ਇਨ੍ਹਾਂ ਹੀ ਨਾਕਾਮੀਆਂ ਨੂੰ ਵੇਖਦਿਆਂ ਉਹ ਆਪਣੇ ਕੰਮ ਵਿੱਚ ਤਬਦੀਲੀਆਂ ਲਿਆਉਂਦੇ ਰਹਿੰਦੇ ਹਨ, ਤਾਂ ਜੋ ਦੋਬਾਰਾ ਉਸ ਹਾਲਤ ਦਾ ਸਾਹਮਣਾ ਨਾ ਕਰਨਾ ਪਵੇ।

ਸਿਹਤ ਸੇਵਾ ਦਾ ਖੇਤਰ ਕਾਫ਼ੀ ਪੁਰਾਣਾ ਹੈ ਅਤੇ ਇਸ ਵਿੱਚ ਮਰਦਾਂ ਦਾ ਏਕਾਧਿਕਾਰ ਰਿਹਾ ਹੈ। ਇੱਕ ਨੌਜਵਾਨ ਮਹਿਲਾ ਹੋਣ ਦੇ ਨਾਤੇ ਲੋਕਾਂ ਦਾ ਅਮੀਰਾ ਨੂੰ ਗੰਭੀਰਤਾ ਨਾਲ ਲੈਣਾ ਇੱਕ ਮੁਸ਼ਕਿਲ ਰੁਕਾਵਟ ਵਰਗੀ ਗੱਲ ਸੀ। ਜਦ ਕਿ ਉਨ੍ਹਾਂ ਕੋਲ ਮੈਡੀਕਲ ਦਾ ਕੋਈ ਤਜਰਬਾ ਵੀ ਨਹੀਂ ਸੀ। ਮਹਿਲਾ ਬੌਸ ਹੋਣ ਕਾਰਣ ਅਮੀਰਾ ਨੂੰ ਕਈ ਵਾਰ ਭਿਆਨਕ ਕਿਸਮ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਅਮੀਰਾਅਨੁਸਾਰ 'ਕਾਰਜ ਖੇਤਰ ਵਿੱਚ ਮਹਿਲਾਵਾਂ ਨੂੰ ਅਕਸਰ ਆਪਣੇ ਲਿੰਗ ਦੀ ਲੜਾਈ ਵੀ ਲੜਨੀ ਪੈਂਦੀ ਹੈ ਅਤੇ ਜੇ ਕੋਈ ਮਹਿਲਾ ਉਦਮੀ ਹੋਵੇ, ਤਾਂ ਉਸ ਲਈ ਇਹ ਵੱਖਰਾ ਮਾਮਲਾ ਹੁੰਦਾ ਹੈ। ਇੱਕ ਮਹਿਲਾ ਹੋਣ ਦੇ ਨਾਤੇ ਤੁਸੀਂ ਇੱਕ ਉਦਮ ਨੂੰ ਖੜ੍ਹਾ ਕੀਤਾ ਹੁੰਦਾ ਹੈ, ਜਿੱਥੇ ਸਭਿਆਚਾਰ ਅਤੇ ਹਾਲਾਤ ਵੱਖ ਹੁੰਦੇ ਹਨ, ਜਿੱਥੇ ਤੁਸੀਂ ਆਪਣਾ ਬ੍ਰਾਂਡ ਬਣਾਉਣਾ ਹੁੰਦਾ ਹੈ। ਉਸ ਲਈ ਤੁਹਾਨੂੰ ਆਪ ਬਾਹਰ ਨਿੱਕਲਣਾ ਪੈਂਦਾ ਹੈ ਅਤੇ ਆਪਣੀ ਕਹਾਣੀ ਵੇਚਣੀ ਹੁੰਦੀ ਹੈ। ਇਹ ਕੰਮ ਦਾ ਕਾਫ਼ੀ ਔਖਾ ਹਿੱਸਾ ਹੁੰਦਾ ਹੈ ਅਤੇ ਇੱਥੇ ਹੀ ਭੇਦਭਾਵ ਸਾਹਮਣੇ ਵਿਖਾਈ ਦਿੰਦਾ ਹੈ।'

ਅਮੀਰਾ ਅਨੁਸਾਰ ਜ਼ਿਆਦਾਤਰ ਲੋਕ ਉਨ੍ਹਾਂ ਦੇ ਤਜਰਬੇ ਨੂੰ ਵੇਖਦਿਆਂ ਉਨ੍ਹਾਂ ਨਾਲ ਜਦੋਂ ਗੱਲਬਾਤ ਕਰਦੇ ਹਨ, ਤਾਂ ਉਹ ਕੁੱਝ ਅਸਹਿਜ ਮਹਿਸੂਸ ਕਰਦੇ ਹਨ। ਭਾਵੇਂ ਇਹ ਉਨ੍ਹਾਂ ਦੀ ਗ਼ਲਤੀ ਨਹੀਂ ਹੈ ਕਿਉਂਕਿ ਮਰਦਾਂ ਨੂੰ ਬਚਪਨ ਵਿੱਚ ਇਹੋ ਸਿਖਾਇਆ ਜਾਂਦਾ ਹੈ ਕਿ ਕੋਈ ਮਹਿਲਾ ਸਿਰਫ਼ ਦੋ ਹੀ ਚੀਜ਼ਾਂ ਦੇ ਯੋਗ ਹੈ ਕਿ ਜਾਂ ਤੋਂ ਉਹ ਮਾਂ ਬਣ ਸਕਦੀ ਹੈ ਜਾਂ ਫਿਰ ਕਿਸੇ ਦੀ ਪਤਨੀ ਪਰ ਕਾਰਜ-ਖੇਤਰ ਵਿੱਚ ਉਸ ਦੀ ਕੋਈ ਜਗ੍ਹਾ ਨਹੀਂ ਹੁੰਦੀ। ਇਸੇ ਲਈ ਔਰਤਾਂ ਨੂੰ ਕਈ ਮਰਦ ਆਪਣੇ ਬਰਾਬਰ ਨਹੀਂ ਵੇਖ ਸਕਦੇ। ਇਸ ਦੇ ਬਾਵਜੂਦ ਅਮੀਰਾ ਦਾ ਮੰਨਣਾ ਹੈ ਕਿ ਕਿਸੇ ਵੀ ਔਰਤ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਅਜਿਹੇ ਹਾਲਾਤ ਨਾਲ ਨਿਪਟਣਾ ਆਉਣਾ ਚਾਹੀਦਾ ਹੈ।

ਭਵਿੱਖ ਬਾਰੇ ਅਮੀਰਾ ਦਾ ਕਹਿਣਾ ਹੈ ਕਿ ਮੈਟਰੋਪੋਲਿਸ ਨੇ ਪਿਛਲੇ ਦੋ-ਤਿੰਨ ਸਾਲਾਂ ਦੌਰਾਨ ਆਪਣੇ ਮੁਲਾਜ਼ਮਾਂ, ਬੁਨਿਆਦੀ ਸਹੂਲਤਾਂ, ਵੰਡ, ਨੈਟਵਰਕ ਅਤੇ ਸੇਲਜ਼ ਵਿੱਚ ਨਿਵੇਸ਼ ਕੀਤਾ ਹੈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਸ ਹੈ ਕਿ ਇਸ ਦਾ ਨਤੀਜਾ ਛੇਤੀ ਹੀ ਸਾਹਮਣੇ ਆਵੇਗਾ। ਉਨ੍ਹਾਂ ਅਨੁਸਾਰ ਗਾਹਕਾਂ ਦਾ ਵਿਵਹਾਰ ਵੀ ਪਹਿਲਾਂ ਦੇ ਮੁਕਾਬਲੇ ਬਦਲਿਆ ਹੈ, ਉਨ੍ਹਾਂ ਦੀ ਸੋਚ ਬਦਲੀ ਹੈ ਅਤੇ ਉਹ ਚਾਹੁੰਦੇ ਹਨ ਕਿ ਆਪਣੇ ਕਾਰੋਬਾਰ ਨੂੰ ਪੇਸ਼ੇਵਰ ਤਰੀਕੇ ਨਾਲ ਚਲਾਉਣ, ਤਾਂ ਜੋ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਕਾਰੋਬਾਰ ਵਿੱਚ ਤਬਦੀਲੀ ਲਿਆਂਦੀ ਜਾ ਸਕੇ। ਹੁਣ ਉਹ ਮੈਟਰੋਪੋਲਿਸ ਨੂੰ ਦੂਜੇ ਦੇਸ਼ਾਂ ਵਿੱਚ ਲਿਜਾਣ ਦਾ ਇਰਾਦਾ ਰਖਦੇ ਹਨ।

ਅਮੀਰਾ ਹਫ਼ਤੇ ਵਿੱਚ ਤਿੰਨ ਦਿਨ ਟੈਨਿਸ ਖੇਡਦੇ ਹਨ ਅਤੇ ਦੋ ਦਿਨ ਕਸਰਤ ਕਰਦੇ ਹਨ। ਉਨ੍ਹਾਂ ਨੂੰ ਏ.ਸੀ. ਆੱਫ਼ਿਸ ਤੋਂ ਨਫ਼ਰਤ ਹੈ ਅਤੇ ਜਦੋਂ ਵੀ ਮੌਕਾ ਮਿਲਦਾ ਹੈ, ਤਾਂ ਉਹ ਬਾਹਰ ਰਹਿਣਾ ਵੱਧ ਪਸੰਦ ਕਰਦੇ ਹਨ। ਉਨ੍ਹਾਂ ਨੂੰ ਕਿਸ਼ਤੀ-ਚਾਲਨ, ਕੈਂਪਿੰਗ ਅਤੇ ਟਰੈਕਿੰਗ ਨਾਲ ਪਿਆਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਾਕਾਮੀ ਇਨਸਾਨ ਨੂੰ ਬਿਹਤਰ ਬਣਾਉਂਦੀ ਹੈ। ਪਿਛਲੇ 14 ਸਾਲਾਂ ਦੌਰਾਨ ਉਤਾਰ-ਚੜ੍ਹਾਅ ਨੂੰ ਵੇਖਣ ਤੋਂ ਬਾਅਦ ਅਮੀਰਾ ਦੀ ਸਲਾਹ ਹੈ ਕਿ ਤੁਹਾਨੂੰ ਆਪਣੀਆਂ ਸੀਮਾਵਾਂ ਲਗਾਤਾਰ ਵਧਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਮੁਤਾਬਕ ਇਹ ਮਨੁੱਖੀ ਸੁਭਾਅ ਹੈ ਕਿ ਉਹ ਆਰਾਮ ਚਾਹੁੰਦਾ ਹੈ ਅਤੇ ਉਹ ਉਸੇ ਨਾਲ ਜਿਊਣਾ ਚਾਹੁੰਦਾ ਹੈ। ਅਨਿਸ਼ਚਤਤਾ ਨਾਲ ਇਨਸਾਨ ਨੂੰ ਨਫ਼ਰਤ ਹੁੰਦੀ ਹੈ ਪਰ ਅਜਿਹੇ ਹਾਲਾਤ ਵਿੱਚ ਹੀ ਇਨਸਾਨ ਆਪਣਾ ਮੁਕਾਮ ਬਣਾ ਸਕਦਾ ਹੈ। ਇਸ ਲਈ ਆਪਣੀਆਂ ਸੀਮਾਵਾਂ ਨੂੰ ਲਗਾਤਾਰ ਵਧਾਉਣਾ ਜ਼ਰੂਰੀ ਹੈ।