ਇੱਕ ਭਾਰਤੀ ਬੱਚੇ ਨੇ ਦਿੱਤਾ ਦੁਨੀਆਂ ਨੂੰ 'ਗੁਰ-ਮੰਤਰ', ਵੱਡੇ-ਵੱਡੇ ਵਿਦਵਾਨਾਂ ਨੂੰ ਕੀਤਾ ਪ੍ਰਭਾਵਿਤ

ਇੱਕ ਭਾਰਤੀ ਬੱਚੇ ਨੇ ਦਿੱਤਾ ਦੁਨੀਆਂ ਨੂੰ 'ਗੁਰ-ਮੰਤਰ', ਵੱਡੇ-ਵੱਡੇ ਵਿਦਵਾਨਾਂ ਨੂੰ ਕੀਤਾ ਪ੍ਰਭਾਵਿਤ

Sunday November 08, 2015,

9 min Read

ਪੱਛਮੀ ਬੰਗਾਲ ਦੇ ਬਹੁਤ ਹੀ ਪੱਛੜੇ ਇਲਾਕੇ ਵਿੱਚ ਇੱਕ ਬੱਚੇ ਨੇ ਇੱਕ ਅਜਿਹਾ ਪ੍ਰਯੋਗ ਸ਼ੁਰੂ ਕੀਤਾ, ਜਿਸ ਕਾਰਣ ਉਹ ਅੱਜ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਉਂਝ ਤਾਂ ਉਹ ਹੁਣ ਬੱਚਾ ਨਹੀਂ ਰਿਹਾ, ਵੱਡਾ ਹੋ ਗਿਆ ਹੈ ਪਰ ਉਸ ਦੇ ਕਾਮਯਾਬ ਪ੍ਰਯੋਗ ਦੀ ਚਰਚਾ ਹਰ ਪਾਸੇ ਹੈ। ਇਸ ਔਖੇ ਅਤੇ ਕ੍ਰਾਂਤੀਕਾਰੀ ਪ੍ਰਯੋਗ ਦੀ ਸ਼ੁਰੂਆਤ ਉਸ ਨੇ ਬਚਪਨ ਵਿੱਚ ਹੀ ਕੀਤੀ ਸੀ। ਉਸ ਤੋਂ ਬਾਅਦ ਇੱਕ ਕ੍ਰਾਂਤੀਕਾਰੀ (ਇਨਕਲਾਬੀ) ਵਿਚਾਰ ਕਾਰਣ ਦੁਨੀਆਂ ਦੇ ਕਈ ਮਸ਼ਹੂਰ ਵਿਦਵਾਨ, ਅਰਥ ਸ਼ਾਸਤਰੀ, ਸਿੱਖਿਆ ਸ਼ਾਸਤਰੀ ਅਤੇ ਨੀਤੀ ਨਿਰਧਾਰਕ ਉਸ ਦੇ ਪ੍ਰਸ਼ੰਸਕ ਬਣ ਗਏ। ਉਸ ਨੇ ਜੋ ਕੰਮ ਬਚਪਨ ਵਿੱਚ ਕੀਤਾ, ਉਹ ਕੰਮ ਲੋਕ ਸਾਰੀ ਉਮਰ ਨਹੀਂ ਕਰ ਪਾਉਂਦੇ। ਪੜ੍ਹ-ਲਿਖ ਤਾਂ ਸਾਰੇ ਹੀ ਜਾਂਦੇ ਹਨ, ਪਰ ਦੂਜਿਆਂ ਨੂੰ ਪੜ੍ਹਾਉਣ-ਲਿਖਾਉਣ ਦਾ ਵਿਚਾਰ ਹਰੇਕ ਨੂੰ ਨਹੀਂ ਆਉਂਦਾ। ਇਸ ਸ਼ਖ਼ਸ ਦੀ ਕੋਸ਼ਿਸ਼ ਅਤੇ ਕਾਮਯਾਬੀ ਨੇ ਦੁਨੀਆਂ ਨੂੰ ਇੱਕ ਨਵਾਂ ਰਾਹ ਵਿਖਾਇਆ ਹੈ। ਅਸੀਂ ਜਿਸ ਸ਼ਖ਼ਸ ਦੀ ਗੱਲ ਕਰ ਰਹੇ ਹਾਂ, ਉਸ ਦਾ ਨਾਂਅ ਬਾਬਰ ਅਲੀ ਹੈ। ਬਾਬਰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਅੱਜ ਉਸ ਦੀ ਉਮਰ 22 ਵਰ੍ਹੇ ਹੈ ਅਤੇ ਉਹ ਪੜ੍ਹਾਈ ਕਰ ਰਿਹਾ ਹੈ। ਪਰ 9 ਸਾਲਾਂ ਦੀ ਛੋਟੀ ਜਿਹੀ ਉਮਰੇ ਉਸ ਨੇ ਜਿਸ ਵਿਚਾਰ ਨੂੰ ਆਪਣਾ ਜੀਵਨ-ਟੀਚਾ ਬਣਾਇਆ, ਉਸ ਦੇ ਵਿਚਾਰ ਨੂੰ ਸਾਕਾਰ ਕਰਨ ਦੇ ਦ੍ਰਿੜ੍ਹ ਸੰਕਲਪ ਨੇ ਉਸ ਨੂੰ ਦੁਨੀਆਂ ਭਰ ਵਿੱਚ ਸ਼ੋਹਰਤ ਦਿਵਾਈ। ਦੇਸ਼-ਵਿਦੇਸ਼ ਵਿੱਚ ਕਈ ਲੋਕ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋ ਕੇ ਅੱਗੇ ਵਧਣ ਲੱਗੇ ਹਨ।

image


ਬਾਬਰ ਦੇ ਪ੍ਰਯੋਗ ਦੀ ਕਹਾਣੀ 2002 ਵਿੱਚ ਸ਼ੁਰੂ ਹੋਈ, ਜਦੋਂ ਉਹ 9 ਵਰ੍ਹਿਆਂ ਦਾ ਸੀ। ਸਾਲ 2002 ਵਿੱਚ ਬਾਬਰ ਨੂੰ ਸਕੂਲ ਜਾਣ ਲਈ 10 ਕਿਲੋਮੀਟਰ ਦਾ ਸਫ਼ਰ ਤਹਿ ਕਰਨਾ ਪੈਂਦਾ। ਉਸ ਦੇ ਪਿੰਡ ਭਾਬਤਾ ਉਤਰ ਪਾਰਾ ਵਿੱਚ ਕੋਈ ਸਕੂਲ ਨਹੀਂ ਸੀ। ਬਾਬਰ ਬਹੁਤ ਪੜ੍ਹ-ਲਿਖ ਕੇ ਵੱਡਾ ਆਦਮੀ ਬਣਨਾ ਚਾਹੁੰਦਾ ਸੀ। ਪਿਤਾ ਮੁਹੰਮਦ ਨਸੀਰੁੱਦੀਨ ਨੇ ਆਪਣੇ ਪੁੱਤਰ ਬਾਬਰ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਖੇਤੀ ਉਤਪਾਦਾਂ ਦਾ ਨਿੱਕਾ-ਮੋਟਾ ਕਾਰੋਬਾਰ ਕਰਨ ਵਾਲੇ ਉਨਸੀਰੁਦੀਨ ਨੇ ਸ਼ੁਰੂ ਤੋਂ ਹੀ ਬਾਬਰ ਦੀ ਹੌਸਲਾ ਅਫ਼ਜ਼ਾਈ ਕੀਤੀ। ਪੜ੍ਹਨ-ਲਿਖਣ ਲਈ ਬਾਬਰ ਨੂੰ ਜੋ ਕੁੱਝ ਵੀ ਚਾਹੀਦਾ ਸੀ, ਉਹ ਮੁਹੱਈਆ ਕਰਵਾਇਆ। ਬਾਬਰ ਵੀ ਖ਼ੂਬ ਮਨ ਲਾ ਕੇ ਪੜ੍ਹਦਾ।

ਪਰ ਇੱਕ ਦਿਨ ਬਾਬਰ ਨੇ ਵੇਖਿਆ ਕਿ ਉਸ ਦੇ ਪਿਡ ਦੇ ਦੂਜੇ ਬੱਚੇ ਸਕੂਲ ਨਹੀਂ ਜਾ ਸਕ ਰਹੇ ਹਨ। ਗ਼ਰੀਬੀ ਕਾਰਣ ਉਨ੍ਹਾਂ ਦੇ ਮਾਪੇ ਇਨ੍ਹਾਂ ਬੱਚਿਆਂ ਨੂੰ ਦੂਰ ਦੂਜੇ ਪਿੰਡ ਅਤੇ ਸ਼ਹਿਰ ਦੇ ਸਕੂਲਾਂ ਵਿੱਚ ਨਹੀਂ ਭੇਜ ਸਕ ਰਹੇ ਸਨ। ਇਹ ਬੱਚੇ ਦਿਨ ਭਰ ਜਾਂ ਤਾਂ ਘਰ-ਬਾਹਰ ਦੇ ਕੰਮ ਕਰਦੇ ਹਨ ਜਾਂ ਫਿਰ ਖੇਡਦੇ ਰਹਿੰਦੇ। ਕੁੱਝ ਬੱਚੇ ਤਾਂ ਗਊਆਂ-ਮੱਝਾਂ ਚਰਾਉਂਦੇ ਹਨ ਅਤੇ ਕੁੱਝ ਖੇਤਾਂ ਵਿੱਚ ਕੰਮ ਕਰਦੇ ਸਨ। ਬਾਬਰ ਨੂੰ ਅਹਿਸਾਸ ਹੋਇਆ ਕਿ ਉਸ ਦੀ ਖ਼ੁਦ ਦੀ ਭੈਣ ਵੀ ਸਕੂਲ ਨਹੀਂ ਜਾ ਸਕ ਰਹੀ ਹੈ। ਉਸ ਦੀ ਭੈਣ ਵਾਂਗ ਹੀ ਕਈ ਬੱਚੇ ਸਕੂਲ ਤੋਂ ਵਾਂਝੇ ਸਨ। ਬਾਬਰ ਦੇ ਮਨ ਵਿੱਚ ਇੱਕ ਖ਼ਿਆਲ ਆਇਆ। ਉਸ ਨੇ ਸੋਚਿਆ ਕਿ ਕਿਉਂ ਨਾ ਉਹ ਉਨ੍ਹਾਂ ਬੱਚਿਆਂ ਨੂੰ ਪੜ੍ਹਾਏ, ਜੋ ਸਕੂਲ ਨਹੀਂ ਜਾ ਪਾਉਂਦੇ ਹਨ। 9 ਵਰ੍ਹਿਆਂ ਦੇ ਬਾਬਰ ਨੇ ਫ਼ੈਸਲਾ ਕੀਤਾ ਕਿ ਉਹ ਜੋ ਵੀ ਸਕੂਲ ਵਿੱਚ ਸਿੱਖਦਾ ਹੈ, ਉਸ ਨੂੰ ਆਪਣੇ ਪਿੰਡ ਦੇ ਬੱਚਿਆਂ ਨੂੰ ਵੀ ਸਿਖਾਏਗਾ। ਫਿਰ ਕੀ ਸੀ, ਬਾਬਰ ਆਪਣੇ ਪਿੰਡ ਦੇ ਬੱਚਿਆਂ ਦਾ ਅਧਿਆਪਕ ਬਣ ਗਿਆ।

ਬਾਬਰ ਨੇ ਆਪਣੇ ਮਕਾਨ ਦੇ ਪਿਛਲੇ ਵਿਹੜੇ 'ਚ ਜਾਮੁਣ ਦੇ ਇੱਕ ਰੁੱਖ ਹੇਠਾਂ ਆਪਣੀ ਜਮਾਤ ਲਾਉਣੀ ਸ਼ੁਰੂ ਕੀਤੀ। ਉਸ ਦੀ ਭੈਣ ਅਤੇ ਕੁੱਝ ਬੱਚੇ ਬਾਬਰ ਦੀ ਇਸ ਜਮਾਤ ਦੇ ਪਹਿਲੇ ਵਿਦਿਆਰਥੀ ਬਣੇ। ਜੋ ਕੁੱਝ ਵੀ ਉਹ ਸਕੂਲ 'ਚ ਪੜ੍ਹ-ਲਿਖ ਕੇ ਆਉਂਦਾ, ਉਹੀ ਦੂਜੇ ਬੱਚਿਆਂ ਨੂੰ ਸਿਖਾਉਂਦਾ। ਜਿਵੇਂ ਉਸ ਦੇ ਅਧਿਆਪਕ ਉਸ ਨੂੰ ਕਰਨ ਲਈ ਆਖਦੇ, ਉਹ ਵੀ ਉਹੀ ਚੀਜ਼ਾਂ ਆਪਣੇ ਪਿੰਡ ਦੇ ਬੱਚਿਆਂ ਨੂੰ ਕਰਨ ਲਈ ਆਖਦਾ। ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਮਜ਼ਾ ਆਉਣ ਲੱਗਾ। ਨਿੱਕੇ ਬਾਬਰ ਨੂੰ ਵੀ ਮਾਸਟਰੀ ਕਰਨ ਵਿੱਚ ਖ਼ੁਸ਼ੀ ਮਿਲਣ ਲੱਗੀ।

ਹੌਲੀ-ਹੌਲੀ ਨਿੱਕੇ ਮਾਸਟਰ ਬਾਬਰ ਦੀ ਕਲਾਸ ਦੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਹੋਰ ਬੱਚੇ ਹੁਣ ਕਲਾਸ ਵਿੱਚ ਆਉਣ ਲੱਗੇ।

ਆਪਣੀ ਕਲਾਸ ਦੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਸੇ ਉਮਰ ਵਿੱਚ ਬਾਬਰ ਨੂੰ ਬਹੁਤ ਮਿਹਨਤ ਕਰਨੀ ਪਈ। ਕਿਸੇ ਤਰ੍ਹਾਂ ਉਸ ਨੇ ਬਲੈਕ ਬੋਰਡ ਦਾ ਇੰਤਜ਼ਾਮ ਕੀਤਾ।

ਉਹ ਆਪਣੇ ਸਕੂਲ ਤੋਂ ਵਰਤੇ ਹੋਏ ਚਾੱਕ ਦੇ ਟੁਕੜੇ ਲਿਆਉਂਦਾ ਅਤੇ ਆਪਣੀ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੂੰ ਹੀ ਵਰਤਦਾ। ਅਖ਼ਬਾਰ ਅਤੇ ਉਨ੍ਹਾਂ ਦੇ ਪੰਨਿਆਂ ਰਾਹੀਂ ਬਾਬਰ ਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਪੜ੍ਹਨਾ ਸਿਖਾਇਆ। ਕੰਮ ਸੁਖਾਲ਼ਾ ਨਹੀਂ ਸੀ ਪਰ ਬਾਬਰ ਨੇ ਪੂਰੀ ਮਿਹਨਤ ਕੀਤੀ ਸੀ।

ਜਦੋਂ ਬਾਬਰ ਲਈ ਬੱਚਿਆਂ ਨੂੰ ਲਿਖਵਾਉਣ ਦੀ ਜ਼ਰੂਰਤ ਪਈ, ਤਦ ਵੀ ਉਸ ਨੇ ਆਪਣਾ ਤੇਜ਼ ਦਿਮਾਗ਼ ਚਲਾਇਆ ਅਤੇ ਨਵੀਂ ਯੋਜਨਾ ਬਣਾਈ। ਬਾਬਰ ਰੱਦੀ ਵਾਲ਼ੇ ਦੀ ਦੁਕਾਨ ਉਤੇ ਜਾਂਦਾ ਅਤੇ ਕਿਤਾਬਾਂ ਦੇ ਖ਼ਾਲੀ ਪੰਨੇ ਕੱਢ ਕੇ ਲੈ ਆਉਂਦਾ। ਉਹ ਇਨ੍ਹਾ ਹੀ ਪੰਨਿਆਂ ਉਤੇ ਬੱਚਿਆਂ ਨੂੰ ਲਿਖਵਾਉਂਦਾ।

ਹੁਣ ਦੀ ਕਲਾਸ ਵਿੱਚ ਸਭ ਕੁੱਝ ਸੀ - ਬਲੈਕ ਬੋਰਡ, ਪੜ੍ਹਨ ਲਈ ਅਖ਼ਬਾਰ-ਕਿਤਾਬਾਂ, ਲਿਖਣ ਲਈ ਕਾਗਜ਼। ਬੱਚੇ ਵੀ ਖ਼ੂਬ ਮਨ ਲਾ ਕੇ ਪੜ੍ਹਨ ਲੱਗੇ ਸਨ। ਬੱਚਿਆਂ ਦੀ ਦਿਲਚਸਪੀ ਇੰਨੀ ਜ਼ਿਆਦਾ ਵਧ ਗਈ ਸੀ ਕਿ ਉਹ ਸਾਰੇ ਬੇਸਬਰੀ ਨਾਲ ਬਾਬਰ ਦਾ ਸਕੂਲ ਤੋਂ ਪਰਤਣ ਦੀ ਉਡੀਕ ਕਰਦੇ। ਬਾਬਰ ਵੀ ਸਕੂਲੋਂ ਆਉਂਦੇ ਸਾਰ ਬੱਚਿਆਂ ਦੀ ਕਲਾਸ ਵਿੱਚ ਚਲਾ ਜਾਂਦਾ ਅਤੇ ਮਾਸਟਰ ਬਣ ਕੇ ਉਨ੍ਹਾਂ ਨੂੰ ਪੜ੍ਹਾਉਂਦਾ-ਲਿਖਾਉਂਦਾ।

ਪਰ ਇੱਕ ਦਿਨ ਜਦੋਂ ਬਾਬਰ ਦੇ ਪਿਤਾ ਨੇ ਵੇਖਿਆ ਕਿ ਬਾਬਰ ਦਾ ਧਿਆਨ ਹੁਣ ਮਾਸਟਰੀ ਵੱਲ ਵੱਧ ਹੋ ਚੱਲਿਆ ਹੈ, ਤਾਂ ਉਨ੍ਹਾਂ ਨੇ ਕਲਾਸ ਬੰਦ ਕਰਨ ਅਤੇ ਆਪਣੇ ਸਕੂਲ ਦੀ ਪੜ੍ਹਾਈ-ਲਿਖਾਈ ਵੱਲ ਪੂਰਾ ਧਿਆਨ ਦੇਣ ਦੀ ਸਲਾਹ ਦਿੱਤੀ। ਪਰ ਬਾਬਰ ਨੇ ਆਪਣੇ ਪਿਤਾ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਾਸਟਰੀ ਦਾ ਆਪਣੀ ਪੜ੍ਹਾਈ ਉਤੇ ਕੋਈ ਅਸਰ ਨਹੀਂ ਪੈਣ ਦੇਵੇਗਾ। ਬਾਬਰ ਦੇ ਫ਼ੈਸਲੇ ਅਤੇ ਦ੍ਰਿੜ੍ਹ ਇਰਾਦੇ ਨੂੰ ਵੇਖ ਕੇ ਪਿਤਾ ਵੀ ਬਹੁਤ ਪ੍ਰਭਾਵਿਤ ਹੋਏ।

ਬਾਬਰ ਦੀ ਮਾਸਟਰੀ ਦੀ ਚਰਚਾ ਹੁਣ ਲਾਗਲੇ ਕਈ ਪਿੰਡਾਂ ਵਿੱਚ ਹੋਣ ਲੱਗੀ ਸੀ। ਜਦੋਂ ਬਾਬਰ ਦੇ ਅਧਿਆਪਕਾਂ ਨੂੰ ਉਸ ਦੀ ਕਲਾਸ ਅਤੇ ਮਾਸਟਰੀ ਦਾ ਪਤਾ ਚੱਲਿਆ, ਤਾਂ ਉਨ੍ਹਾਂ ਵੀ ਉਸ ਦੀ ਪਿੱਠ ਥਪਥਪਾਈ। ਦਿਲਚਸਪ ਗੱਲ ਤਾਂ ਇਹ ਸੀ ਕਿ ਕਈ ਪਿੰਡ ਵਾਸੀ ਹੁਣ ਆਪਣੇ ਬੱਚਿਆਂ ਨੂੰ ਬਾਬਰ ਦੀ ਕਲਾਸ ਵਿੱਚ ਭੇਜਣ ਲੱਗੇ ਸਨ। ਸਾਲ-ਦਰ-ਸਾਲ ਬਾਬਰ ਦੀ ਕਲਾਸ ਵਿੱਚ ਬੱਚਆਂ ਦੀ ਗਿਣਤੀ ਵਧਦੀ ਹੀ ਚਲੀ ਗਈ। ਬਾਬਰ ਨੇ ਆਪਣੀ ਕਲਾਸ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾਏ। ਬਾਬਰ ਨੇ ਕਲਾਸ ਚਲਾਉਣ ਦੇ ਮਕਸਦ ਨਾਲ ਬੱਚਿਆਂ ਦੇ ਮਾਪਿਆਂ ਤੋਂ ਚੌਲ਼ ਲਏ ਅਤੇ ਉਨ੍ਹਾਂ ਨੂੰ ਵੇਚ ਕੇ ਬੱਚਿਆਂ ਦੇ ਪੜ੍ਹਨ-ਲਿਖਣ ਲਈ ਕਿਤਾਬਾਂ ਖ਼ਰੀਦੀਆਂ। ਕਿਉਂਕਿ ਪਿੰਡ ਵਾਸੀ ਅਤੇ ਕਿਸਾਨ ਰੁਪਏ ਦੇ ਨਹੀਂ ਸਕਦੇ ਸਨ, ਬਾਬਰ ਨੇ ਸੋਚਿਆ ਕਿ ਕਿਸਾਨ ਚੌਲ਼ ਦੇ ਸਕਦੇ ਹਨ ਅਤੇ ਉਸ ਨੂੰ ਵੇਚ ਕੇ ਹੀ ਉਹ ਰੁਪਇਆਂ ਦਾ ਇੰਤਜ਼ਾਮ ਕਰ ਲਵੇਗਾ। ਇਹ ਤਰਕੀਬ ਵੀ ਖ਼ੂਬ ਚੱਲੀ।

ਥੋੜ੍ਹੇ ਹੀ ਸਮੇਂ ਵਿੱਚ ਛੋਟੇ ਜਿਹੇ ਹੀ ਸਹੀ ਪਰ ਅਸਰਦਾਰ ਮਾਸਟਰ ਬਾਬਰ ਦੀ ਇੱਕ ਛੋਟੀ ਜਿਹੀ ਕਲਾਸ ਨੇ ਇੱਕ ਸਕੂਲ ਦਾ ਰੂਪ ਅਖ਼ਤਿਆਰ ਕਰ ਲਿਆ ਸੀ।

ਬਾਬਰ ਨੇ ਇਸ ਸ਼ਾਮ ਦੇ ਸਕੂਲ ਦੀ ਰਸਮੀ ਸ਼ੁਰੂਆਤ ਕਰਨੀ ਚਾਹੀ। ਪਿੰਡ ਵਾਸੀਆਂ ਅਤੇ ਉਸ ਦੇ ਪਿਤਾ ਨੇ ਇਸ ਵਿੱਚ ਉਸ ਦੀ ਬਹੁਤ ਮਦਦ ਕੀਤੀ। ਜਦੋਂ ਬਾਬਰ ਛੇਵੀਂ ਜਮਾਤ ਵਿੱਚ ਸੀ, ਤਦ ਪਿੰਡ ਦੇ ਪ੍ਰਧਾਨ ਨੇ ਬਾਬਰ ਦੀ ਕਲਾਸ ਦੀ ਮਦਦ ਲਈ ਬਲਾੱਕ ਡਿਵੈਲਪਮੈਂਟ ਆੱਫ਼ੀਸਰ (ਬੀ.ਡੀ.ਓ.) ਨੇ ਕਿਤਾਬਾਂ ਦਿਵਾਉਣ ਦੀ ਸਿਫ਼ਾਰਸ਼ ਕੀਤੀ।

ਹੌਲੀ-ਹੌਲੀ ਬਾਬਰ ਨੂੰ ਪ੍ਰਧਾਨ ਵਾਂਗ ਹੀ ਦੂਜੇ ਮਦਦਗਾਰ ਮਿਲਦੇ ਗਏ। ਪਿੰਡ ਦੀ ਇੱਕ ਮਹਿਲਾ, ਜਿਸ ਨੂੰ ਬੱਚੇ ਤੁਲੂ ਮਾਸੀ ਕਹਿ ਕੇ ਸੱਦਦੇ ਸਨ, ਖ਼ੁਦ ਆ ਕੇ ਸਕੂਲ ਲਈ ਘੰਟੀ ਵਜਾਉਣ ਲੱਗੀ।

ਪਿਤਾ ਨਸੀਰੁੱਦੀਨ ਨੇ ਸਕੂਲ ਦੀ ਰਸਮੀ ਸ਼ੁਰੂਆਤ ਅਤੇ ਉਦਘਾਟਨ ਲਈ 600 ਰੁਪਏ ਦਿੱਤੇ।

ਉਦਘਾਟਨ ਲਈ ਮਾਈਕ ਕਿਰਾਏ ਉਤੇ ਲਿਆ ਗਿਆ। ਸਕੂਲ ਨੂੰ ਸਜਾਇਆ ਗਿਆ। ਸਜਾਉਣ ਵਿੱਚ ਮਾਂ ਦੀ ਸਾੜ੍ਹੀ ਵੀ ਕੰਮ ਆਈ। ਰਿਬਨ ਵੀ ਕੱਟਿਆ ਗਿਆ। ਸਭਿਆਚਾਰਕ ਪ੍ਰੋਗਰਾਮ ਹੋਏ। ਗੀਤ ਗਾਏ ਗਏ, ਨਾਚ ਵੀ ਹੋਇਆ। ਸਕੂਲ ਦਾ ਨਾਂਅ 'ਆਨੰਦ ਸਿੱਖਿਆ ਨਿਕੇਤਨ' ਰੱਖਿਆ ਗਿਆ।

ਭਾਵ ਬਾਬਰ ਹੁਣ ਸਿਰਫ਼ ਇੱਕ ਮਾਸਟਰ ਜਾਂ ਅਧਿਆਪਕ ਹੀ ਨਹੀਂ ਸੀ, ਸਗੋਂ ਉਹ ਇੱਕ ਸਕੂਲ ਦਾ ਹੈਡਮਾਸਟਰ ਬਣ ਗਿਆ ਸੀ।

ਜਦੋਂ ਅਖ਼ਬਾਰਾਂ ਵਿੱਚ ਬਾਬਰ ਦੇ ਸਕੂਲ ਦੀ ਖ਼ਬਰ ਛਪੀ, ਤਾਂ ਉਸ ਨੂੰ ਪੜ੍ਹ ਕੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ ਅੰਮ੍ਰਿਤਆ ਸੇਨ ਨੇ ਬਾਬਰ ਨੂੰ ਸ਼ਾਂਤੀ ਨਿਕੇਤਨ ਸੱਦਿਆ। ਬਾਬਰ ਨੇ ਸ਼ਾਂਤੀ ਨਿਕੇਤਨ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਵਿੱਤ ਮੰਤਰੀਆਂ, ਪ੍ਰਸਿੱਧ ਅਰਥ ਸ਼ਾਸਤਰੀਆਂ ਅਤੇ ਹੋਰ ਵਿਦਵਾਨਾਂ ਸਾਹਮਣੇ ਇੱਕ ਘੰਟੇ ਤੱਕ ਆਪਣਾ ਭਾਸ਼ਣ ਦਿੱਤਾ। ਉਥੇ ਮੌਜੂਦ ਹਰ ਕੋਈ ਬਾਬਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਵੇਲੇ ਬਾਬਰ ਸਿਰਫ਼ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ।

ਬਾਬਰ ਅਤੇ ਉਸ ਦੇ ਸਕੂਲ ਦੀ ਚਰਚਾ ਹੁਣ ਸੂਬੇ ਦੀ ਰਾਜਧਾਨੀ ਕੋਲਕਾਤਾ ਵਿੱਚ ਵੀ ਹੋਣ ਲੱਗੀ। ਬਾਬਰ ਕੋਲਕਾਤਾ ਵੀ ਜਾਂਦਾ ਅਤੇ ਆਈ.ਏ.ਐਸ., ਆਈ.ਪੀ.ਐਸ. ਅਤੇ ਦੂਜੇ ਅਧਿਕਾਰੀਆਂ ਨੂੰ ਮਿਲਦਾ ਅਤੇ ਆਪਣੇ ਸਕੂਲ ਲਈ ਗ੍ਰਾਂਟ ਮੰਗਦਾ।

2008 ਵਿੱਚ ਜਦੋਂ ਬਾਬਰ 10ਵੀਂ ਜਮਾਤ ਵਿੱਚ ਆਇਆ, ਤਦ ਉਸ ਨੂੰ ਬਹੁਤ ਮਿਹਨਤ ਕਰਨੀ ਪਈ। ਉਹ ਸਵੇਰੇ ਛੇਤੀ ਉਠ ਖਲੋਂਦਾ ਅਤੇ ਪੜ੍ਹਾਈ ਕਰਦਾ। ਫਿਰ ਸਕੂਲ ਜਾਂਦਾ, ਉਥੇ ਵੀ ਮਨ ਲਾ ਕੇ ਲਗਾਤਾਰ ਪੜ੍ਹਦਾ-ਲਿਖਦਾ। ਫਿਰ ਘਰ ਆਉਂਦਾ ਅਤੇ ਆਪਣੇ ਸਕੂਲ ਵਿੰਚ ਬੱਚਿਆਂ ਨੂੰ ਪੜ੍ਹਾਉਂਦਾ-ਲਿਖਾਉਂਦਾ। ਦਿਨ-ਰਾਤ ਇੱਕ ਕਰ ਕਰਨ ਕਾਰਣ ਹੀ 2008 ਵਿੱਚ ਬਾਬਰ ਨੇ ਪਹਿਲੇ ਦਰਜੇ ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਲਈ।

ਜਿਸ ਤਰ੍ਹਾਂ ਬਾਬਰ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਚਲਾਇਆ ਅਤੇ ਅੱਗੇ ਵਧਾਇਆ, ਪਿੰਡ ਦੇ ਬੱਚਿਆਂ ਨੂੰ ਸਿੱਖਿਅਤ ਕੀਤਾ, ਉਸ ਨੂੰ ਵੇਖ ਕੇ ਦੁਨੀਆਂ ਭਰ ਦੇ ਕਈ ਲੋਕ ਅਤੇ ਸੰਸਥਾਨ ਪ੍ਰਭਾਵਿਤ ਹੋਏ।

ਦੁਨੀਆਂ ਭਰ ਵਿੱਚ ਮਸ਼ਹੂਰ ਖ਼ਬਰ ਏਜੰਸੀ ਬੀ.ਬੀ.ਸੀ. ਨੇ ਬਾਬਰ ਨੂੰ 'ਵਿਸ਼ਵ ਦਾ ਨਿੱਕਾ ਹੈਡਮਾਸਟਰ' ਐਲਾਨਿਆ। ਬਾਬਰ ਦੀ ਕਹਾਣੀ ਨੂੰ ਦੁਨੀਆਂ ਭਰ ਵਿੱਚ ਪ੍ਰਸਾਰਿਤ ਕੀਤਾ ਗਿਆ। ਭਾਰਤ ਦੇ ਅੰਗਰੇਜ਼ੀ ਖ਼ਬਰ ਚੈਨਲ ਸੀ.ਐਨ.ਐਨ.-ਆਈ.ਬੀ.ਐਨ ਨੇ 'ਰੀਅਲ ਹੀਰੋ' ਦੇ ਖ਼ਿਤਾਬ ਨਾਲ ਬਾਬਰ ਨੂੰ ਨਿਵਾਜ਼ਿਆ। ਦੂਜੇ ਲੋਕਾਂ ਤੇ ਹੋਰਨਾਂ ਸੰਸਥਾਵਾਂ ਨੇ ਵੀ ਬਾਬਰ ਨੂੰ ਸਨਮਾਨਿਤ ਕੀਤਾ।

ਪਰ ਅਜਿਹਾ ਵੀ ਨਹੀਂ ਹੈ ਕਿ ਬਾਬਰ ਨੂੰ ਕੇਵਲ ਸਨਮਾਨ ਹੀ ਮਿਲ਼ਿਆ ਅਤੇ ਹਰੇਕ ਨੇ ਉਸ ਦੀ ਮਦਦ ਕੀਤੀ। ਬਾਬਰ ਮੁਤਾਬਕ ਕਈ ਲੋਕ ਉਸ ਦੀ ਤਰੱਕੀ ਅਤੇ ਕਾਮਯਾਬੀ ਤੋਂ ਸੜਦੇ ਵੀ ਸਨ, ਉਸ ਦੀ ਪ੍ਰਸਿੱਧੀ ਤੋਂ ਪਰੇਸ਼ਾਨ ਸਨ। ਇਨ੍ਹਾਂ ਲੋਕਾਂ ਦੇ ਨਾਂਅ ਨਾ ਦੱਸਣ ਦੀ ਆਪਣੀ ਜ਼ਿੱਦ ਉਤੇ ਕਾਇਮ ਰਹਿੰਦਿਆਂ ਬਾਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਹਨ। ਕੁੱਝ ਲੋਕਾਂ ਨੇ ਜਾਣ-ਬੁੱਝ ਕੇ ਉਸ ਬਾਰੇ ਅਫ਼ਵਾਹਾਂ ਫੈਲਾਈਆਂ ਹਨ। ਕੁੱਝ ਗ਼ੈਰ-ਸਮਾਜਕ ਅਨਸਰਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।

ਪਰ ਬਾਬਰ ਦਾ ਕਹਿਣਾ ਹੈ ਕਿ ਉਹ ਕਿਸੇ ਤੋਂ ਡਰਨ ਵਾਲ਼ਾ ਨਹੀਂ ਹੈ, ਉਸ ਦਾ ਸਫ਼ਰ, ਉਸ ਦੇ ਜਤਨ ਇੰਝ ਹੀ ਜਾਰੀ ਰਹਿਣਗੇ।

ਬਾਬਰ ਦਾ ਕਹਿਣਾ ਹੈ ਕਿ ਉਸ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਤੋਂ ਪ੍ਰੇਰਣਾ ਮਿਲਦੀ ਹੈ। ਜਦੋਂ ਕਦੇ ਉਹ ਕਿਸੇ ਸਮੱਸਿਆ ਨਾਲ ਘਿਰਦਾ ਹੈ ਜਾਂ ਫਿਰ ਕੋਈ ਚੁਣੌਤੀ ਉਸ ਦੇ ਸਾਹਮਣੇ ਆਉਂਦੀ ਹ, ਤਾਂ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਅਤੇ ਉਨ੍ਹਾਂ ਦੀਆਂ ਦੱਸੀਆਂ ਗੱਲਾਂ ਨੂੰ ਚੇਤੇ ਕਰਦਾ ਹੈ ਅਤੇ ਉਨ੍ਹਾਂ ਤੋਂ ਹੀ ਪ੍ਰੇਰਣਾ ਲੈ ਕੇ ਅੱਗੇ ਵਧਦਾ ਹੈ।

ਸਵਾਮੀ ਵਿਵੇਕਾਨੰਦ ਦੀ ਇਹ ਗੱਲ ਕਿ 'ਇੱਕ ਵਿਚਾਰ ਲਵੋ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਵੋ - ਉਸ ਬਾਰੇ ਸੋਚੋ, ਉਸ ਦੇ ਸੁਫ਼ਨੇ ਵੇਖੋ, ਉਸ ਵਿਚਾਰ ਨੂੰ ਜੀਵੋ। ਆਪਣੇ ਦਿਮਾਗ਼, ਮਾਸ-ਪੇਸ਼ੀਆਂ, ਨਸਾਂ ਅਤੇ ਸਰੀਰ ਦੇ ਹਰੇਕ ਹਿੱਸੇ ਨੂੰ ਉਸ ਵਿਚਾਰ ਵਿੱਚ ਡੁੱਬ ਜਾਣ ਦੇਵੋ ਅਤੇ ਬਾਕੀ ਸਾਰੇ ਵਿਚਾਰ ਲਾਂਭੇ ਰੱਖ ਦਿਓ, ਇਹੋ ਸਫ਼ਲ ਹੋਣ ਦਾ ਤਰੀਕਾ ਹੈ' ਨੂੰ ਬਾਬਰ ਨੇ ਆਪਣੇ ਅੰਦਰ ਸਮੋਇਆ ਹੈ ਅਤੇ ਕਾਮਯਾਬੀ ਹਾਸਲ ਕੀਤੀ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਬਾਬਰ ਦੀ ਪੜ੍ਹਾਈ ਜਾਰੀ ਹੈ ਅਤੇ ਉਹ ਆਈ.ਏ.ਐਸ. ਅਧਿਕਾਰੀ ਬਣਨਾ ਚਾਹੁੰਦਾ ਹੈ। ਬਾਬਰ ਦਾ ਸਕੂਲ ਹੁਣ ਬਹੁਤ ਵੱਡਾ ਹੋ ਗਿਆ ਹੈ ਅਤੇ ਉਸ ਵਿੱਚ 500 ਤੋਂ ਵੀ ਵੱਧ ਬੱਚਿਆਂ ਨੇ ਦਾਖ਼ਲਾ ਲੈ ਲਿਆ ਹੈ। 22 ਸਾਲਾਂ ਦਾ ਬਾਬਰ ਹੁਣ ਚਾਹੁੰਦਾ ਹੈ ਕਿ ਭਾਰਤ ਦੇ ਦੂਜੇ ਪਿੰਡਾਂ ਦੇ ਲੋਕ ਪੜ੍ਹਨ-ਲਿਖਣ, ਖ਼ਾਸ ਕਰ ਕੇ ਬੱਚੇ ਦੂਜਿਆਂ ਨੂੰ ਪੜ੍ਹਾਉਣ-ਲਿਖਾਉਣ, ਤਾਂ ਜੋ ਸਾਰੇ ਸਾਖਰ ਬਣਨ ਅਤੇ ਦੇਸ਼ ਖ਼ੂਬ ਤਰੱਕੀ ਕਰੇ।