'ਫ਼ੋਰਬਜ਼' ਸੂਚੀ ਵਿੱਚ ਸ਼ਾਮਲ 45 ਭਾਰਤੀ ਉੱਦਮੀਆਂ ਦੀ ਉਮਰ 30 ਸਾਲ ਤੋਂ ਘੱਟ

'ਫ਼ੋਰਬਜ਼' ਸੂਚੀ ਵਿੱਚ ਸ਼ਾਮਲ 45 ਭਾਰਤੀ ਉੱਦਮੀਆਂ ਦੀ ਉਮਰ 30 ਸਾਲ ਤੋਂ ਘੱਟ

Saturday January 09, 2016,

6 min Read

ਅਮਰੀਕੀ ਸੂਬੇ ਨਿਊ ਜਰਸੀ ਦੇ ਸ਼ਹਿਰ ਜਰਸੀ ਤੋਂ ਦੋ ਹਫ਼ਤਿਆਂ ਵਿੱਚ ਇੱਕ ਵਾਰ ਪ੍ਰਕਾਸ਼ਿਤ ਹੋਣ ਵਾਲਾ ਵਿਸ਼ਵ ਪ੍ਰਸਿੱਧ ਰਸਾਲਾ 'ਫ਼ੋਰਬਜ਼' ਹਰ ਸਾਲ ਉਨ੍ਹਾਂ ਵਿਲੱਖਣ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਦਾ ਹੈ; ਜਿਨ੍ਹਾਂ ਦੀਆਂ ਪ੍ਰਾਪਤੀਆਂ ਵਰਣਨਯੋਗ ਤੇ ਪ੍ਰੇਰਣਾਦਾਇਕ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੁੰਦੀ ਹੈ। ਇਸ ਵਾਰ ਦੀ 'ਫ਼ੋਰਬਜ਼-ਸੂਚੀ' ਵਿੱਚ 45 ਅਜਿਹੇ ਭਾਰਤੀਆਂ ਦੇ ਨਾਂਅ ਸ਼ਾਮਲ ਹਨ; ਜਿਨ੍ਹਾਂ ਨੇ ਆਪਣੇ ਖ਼ੁਦ ਦੇ ਨਿਯਮਾਂ ਅਤੇ ਸਿਧਾਂਤਾਂ ਉਤੇ ਚੱਲ ਕੇ ਆਪੋ-ਆਪਣੇ ਖੇਤਰਾਂ ਵਿੱਚ ਇਤਿਹਾਸ ਸਿਰਜਿਆ। ਐਤਕੀਂ 20 ਵੱਖੋ-ਵੱਖਰੇ ਖੇਤਰਾਂ; ਜਿਵੇਂ ਕਿ ਖਪਤਕਾਰ ਤਕਨਾਲੋਜੀ, ਸਿੱਖਿਆ, ਮੀਡੀਆ, ਨਿਰਮਾਣ ਤੇ ਉਦਯੋਗ, ਕਾਨੂੰਨ ਤੇ ਨੀਤੀ, ਸਮਾਜਕ ਉੱਦਮੀ, ਵਿਗਿਆਨ ਅਤੇ ਕਲਾ ਦੇ 30 ਸਾਲ ਤੋਂ ਘੱਟ ਉਮਰ ਦੇ 30-30 ਸ਼ਖ਼ਸੀਅਤਾਂ ਦੇ ਨਾਂਅ ਪ੍ਰਕਾਸ਼ਿਤ ਕੀਤੇ ਗਏ ਹਨ; ਜਿਸ ਦਾ ਭਾਵ ਇਹ ਹੈ ਕਿ ਕੁੱਲ 600 ਮਰਦਾਂ ਅਤੇ ਔਰਤਾਂ ਦੇ ਨਾਂਅ ਇਸ ਵਾਰ ਫ਼ੋਰਬਜ਼-ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ 'ਫ਼ੋਰਬਜ਼' ਵੱਲੋਂ 2008 'ਚ ਆਪਣਾ ਵਿਸ਼ੇਸ਼ ਭਾਰਤੀ ਸੰਸਕਰਣ ਵੀ 'ਫ਼ੋਰਬਜ਼-ਇੰਡੀਆ' ਦੇ ਨਾਂਅ ਨਾਲ ਸਫ਼ਲਤਾਪੂਰਬਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। 'ਫ਼ਸਟ ਪੋਸਟ ਡਾੱਟ ਕਾੱਮ' ਰਾਹੀਂ ਇਹ ਅਦਾਰਾ ਹਰ ਮਿੰਟ ਤੇ ਸੈਕੰਡ ਦੀਆਂ ਖ਼ਬਰਾਂ ਵੀ 24 ਘੰਟੇ ਅਪਡੇਟ ਕਰਦਾ ਹੈ।

'ਫ਼ੋਰਬਜ਼' ਦਾ ਕਹਿਣਾ ਹੈ,''ਪਹਿਲਾਂ ਭਾਰਤ ਦੇ ਨੌਜਵਾਨ ਪੇਸ਼ੇਵਰਾਨਾ ਭਾਵ ਪ੍ਰੋਫ਼ੈਸ਼ਨਲ ਤੌਰ ਉਤੇ ਓਨੇ ਸਫ਼ਲ ਨਹੀਂ ਹੋ ਪਾਉਂਦੇ ਸਨ। ਉਮਰ ਦੇ ਵਧਣ ਦਾ ਮਤਲਬ ਹੈ - ਵਧੇਰੇ ਵਸੀਲੇ, ਵਧੇਰੇ ਗਿਆਨ, ਵਧੇਰੇ ਧਨ। ਜਿਹੜੇ ਤਕਨੀਕੀ ਜੁੱਗ ਵਿੱਚ ਵੱਡੇ ਹੁੰਦੇ ਹਨ; ਉਨ੍ਹਾਂ ਦੀ ਜ਼ਿੰਦਗੀ ਦੇ ਉਦੇਸ਼ ਵੀ ਵੱਡੇ ਅਤੇ ਉੱਚੇ ਹੁੰਦੇ ਹਨ ਜੋ ਕਿ ਉਸ ਗਤੀਸ਼ੀਲ, ਉਦਮ ਅਤੇ ਕਾਹਲ਼ੇ ਡਿਜੀਟਲ ਵਿਸ਼ਵ ਲਈ ਪੂਰੀ ਤਰ੍ਹਾਂ ਢੁਕਵੇਂ ਹੁੰਦੇ ਹਨ ਕਿਉਂਕਿ ਅਜਿਹੇ ਮਾਹੌਲ ਦੇ ਹੀ ਜੰਮਪਲ਼ ਹੁੰਦੇ ਹਨ। ਜੇ ਹੁਣ ਤੁਸੀਂ ਇਸ ਵਿਸ਼ਵ ਨੂੰ ਬਦਲਣਾ ਚਾਹੁੰਦੇ ਹੋ ਅਤੇ ਜੇ ਤੁਹਾਡੀ ਉਮਰ ਹੁਣ 30 ਸਾਲ ਤੋਂ ਘੱਟ ਹੈ ਤਾਂ ਇਹ ਵੇਲਾ ਉਸ ਦਾ ਲਾਹਾ ਲੈਣ ਦਾ ਹੈ।''

image


ਖਪਤਕਾਰ-ਤਕਨਾਲੋਜੀ ਵਰਗ ਵਿੱਚ 22 ਸਾਲਾ ਰਿਤੇਸ਼ ਅਗਰਵਾਲ ਦਾ ਨਾਂਅ ਇਸ ਫ਼ੋਰਬਜ਼-ਸੂਚੀ ਵਿੱਚ ਸ਼ਾਮਲ ਹੈ। ਸ੍ਰੀ ਅਗਰਵਾਲ 'ਓਯੌ ਰੂਮਜ਼' ਦੇ ਬਾਨੀ ਅਤੇ ਸੀ.ਈ.ਓ. ਹਨ। ਉਨ੍ਹਾਂ ਦੀ ਕੰਪਨੀ ਭਾਰਤ ਦੀ 'ਏਅਰ-ਬੀ-ਐਨ-ਬੀ' (Airbnb ਦਰਅਸਲ, ਇੱਕ ਅਜਿਹੀ ਵੈਬਸਾਈਟ ਹੈ; ਜਿੱਥੇ ਤੁਸੀਂ ਦੁਨੀਆ ਦੇ 190 ਦੇਸ਼ਾਂ ਦੇ 34 ਹਜ਼ਾਰ ਸ਼ਹਿਰਾਂ 'ਚ ਮੌਜੂਦ ਕਿਰਾਏ ਦੇ ਮਕਾਨਾਂ, ਕੋਠੀਆਂ, ਗੁਦਾਮਾਂ, ਦਫ਼ਤਰਾਂ ਤੇ ਕਮਰਿਆਂ ਦੀਆਂ 15 ਲੱਖ ਤਾਜ਼ਾ ਸੂਚੀਆਂ ਵੇਖ ਸਕਦੇ ਹੋ। ਏਅਰ-ਬੀ-ਐਨ-ਬੀ ਦਾ ਮੁੱਖ ਦਫ਼ਤਰ ਅਮਰੀਕੀ ਸੂਬੇ ਕੈਲੀਫ਼ੋਰਨੀਆ 'ਚ ਪ੍ਰਸ਼ਾਂਤ ਮਹਾਂਸਾਗਰ ਦੇ ਇੱਕ ਕੰਢੇ ਉਤੇ ਵਸੇ ਸ਼ਹਿਰ ਸਾਨ ਫ਼ਰਾਂਸਿਸਕੋ 'ਚ ਸਥਿਤ ਹੈ) ਬਣਨ ਜਾ ਰਹੀ ਹੈ। ਫ਼ੋਰਬਜ਼ ਅਨੁਸਾਰ 'ਇੱਕ ਅਜਿਹੇ ਦੇਸ਼ ਭਾਰਤ ਵਿੱਚ, ਜਿੱਥੇ ਸਸਤੇ ਹੋਟਲਾਂ ਦੀਆਂ ਲੜੀਆਂ ਵੀ ਬਹੁਤ ਸਥਿਰ ਰਫ਼ਤਾਰ ਨਾਲ ਅੱਗੇ ਵਧ ਪਾਉਂਦੀਆਂ ਹਨ; ਉਥੇ 'ਓਯੋ' ਨੇ ਦੇਸ਼ 100 ਸ਼ਹਿਰਾਂ ਵਿੱਚ 2,200 ਛੋਟੇ ਹੋਟਲਾਂ ਦਾ ਇੱਕ ਮਜ਼ਬੂਤ ਨੈਟਵਰਕ ਵਿਕਸਤ ਕੀਤਾ ਹੈ।'

ਫ਼ੋਰਬਜ਼-ਸੂਚੀ ਵਿੱਚ 25 ਸਾਲਾਂ ਦੇ ਗਗਨ ਬਿਆਣੀ ਅਤੇ ਨੀਰਜ ਬੇਰੀ ਦਾ ਵੀ ਨਾਂਅ ਹੈ; ਜਿਨ੍ਹਾਂ ਨੇ 'ਸਪ੍ਰਿੱਗ' ਦੀ ਸਥਾਪਨਾ ਕੀਤੀ ਸੀ। 'ਸਪ੍ਰਿੱਗ' ਅਸਲ ਵਿੱਚ ਇੱਕ ਮੋਬਾਇਲ ਐਪ. ਹੈ ਜੋ ਤੁਹਾਨੂੰ ਤੰਦਰੁਸਤ ਭੋਜਨ ਲੱਭ ਕੇ ਅਤੇ ਫਿਰ ਆੱਰਡਰ ਵੀ ਕਰ ਕੇ ਦਿੰਦੀ ਹੈ। ਗਾਹਕ ਨੂੰ ਉਹ ਭੋਜਨ ਤੁਰੰਤ ਡਿਲਿਵਰ ਕੀਤੇ ਜਾਂਦੇ ਹਨ। ਇੰਝ ਹੀ 25 ਸਾਲਾ ਕ੍ਰਿਸ਼ਮਾ ਸ਼ਾਹ ਨੇ 'ਅਲਫ਼ਾਬੈਟ'ਸ ਗੂਗਲ ਐਕਸ' ਦੀ ਸਥਾਪਨਾ ਕੀਤੀ ਹੈ, ਜੋ ਕਿ ਮੂਨਸ਼ਾੱਟ ਫ਼ੈਕਟਰੀ ਹੈ, ਜਿੱਥੇ ਖੋਜ-ਦੈਂਤ ਭਾਵ 'ਗੂਗਲ' ਸਥਿਤ ਹੈ। ਇਹ 'ਗੂਗਲ ਐਕਸ' ਅਜਿਹੀਆਂ ਤਕਨਾਲੋਜੀਆਂ ਤੱਕ ਵਰਤੋਂਕਾਰ ਨੂੰ ਪਹੁੰਚਾ ਦਿੰਦਾ ਹੈ ਕਿ ਜਿਨ੍ਹਾਂ ਦੀ ਮਦਦ ਨਾਲ ਵਿਸ਼ਵ ਦੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਵੀ ਲੱਭੇ ਜਾ ਸਕਦੇ ਹਨ। ਹਾੱਲੀਵੁੱਡ ਅਤੇ ਮਨੋਰੰਜਨ ਦੇ ਖੇਤਰ ਤੋਂ 27 ਸਾਲਾ ਕੈਨੇਡੀਅਨ ਲਿਲੀ ਸਿੰਘ ਦਾ ਨਾਂਅ ਵੀ ਇਸ ਫ਼ੋਰਬਜ਼-ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਲੇਖਕ ਅਤੇ ਕਾੱਮੇਡੀਅਨ ਹਨ। ਲਿਲੀ ਸਿੰਘ ਨਵੀਂ ਪੀੜ੍ਹੀ ਦੇ ਸਿਤਾਰੇ ਹਨ, ਜਿਨ੍ਹਾਂ ਨੇ 'ਯੂ-ਟਿਊਬ' ਤੋਂ ਬਹੁਤ ਕੁੱਝ ਖੱਟਿਆ ਹੈ।

ਭਾਰਤੀ ਮੂਲ ਦੀਆਂ ਅਜਿਹੀਆਂ ਹੋਰ ਪ੍ਰੇਰਣਾਦਾਇਕ ਸ਼ਖ਼ਸੀਅਤਾਂ ਵਿੱਚ 27 ਸਾਲਾ ਨੀਲਾ ਦਾਸ ਵੀ ਸ਼ਾਮਲ ਹਨ; ਜੋ 'ਸਿਟੀਗਰੁੱਪ' ਦੇ ਮੀਤ ਪ੍ਰਧਾਨ ਹਨ ਅਤੇ ਉਹ ਮਾਰਗੇਜ ਬਾਂਡ ਟਰੇਡਰ ਹਨ ਅਤੇ ਬੈਂਕ ਦਾ ਸੈਕੰਡਰੀ ਕਾਰੋਬਾਰ ਚਲਾਉਂਦੇ ਹਨ। ਉਹ ਹਰ ਰੋਜ਼ ਅਰਬਾਂ ਡਾਲਰ 'ਤੇ ਨਿਗਰਾਨੀ ਰਖਦੇ ਹਨ। ਧਨ ਦੇ ਮਾਮਲੇ ਵਿੱਚ ਮਾਅਰਕਾ ਮਾਰਨ ਵਾਲਿਆਂ ਵਿੱਚ 29 ਸਾਲਾ ਦਿੱਵਯਾ ਨੇਤਿਮੀ ਵੀ ਸ਼ਾਮਲ ਹਨ, ਜੋ ਕਿ 'ਵਾਈਕਿੰਗ ਗਲੋਬਲ ਇਨਵੈਸਟਰਜ਼' ਦੇ ਨਿਵੇਸ਼-ਵਿਸ਼ਲੇਸ਼ਕ ਹਨ। ਉਹ ਪਹਿਲਾਂ ਐਮ.ਬੀ.ਏ. ਕਰਦੇ ਸਮੇਂ ਹਾਰਵਰਡ ਬਿਜ਼ਨੇਸ ਸਕੂਲ ਦਾ 'ਅਲਫ਼ਾ ਫ਼ੰਡ' ਦਾ ਪ੍ਰਬੰਧ ਵੀ ਵੇਖ ਚੁੱਕੇ ਹਨ। ਇਸੇ ਤਰ੍ਹਾਂ 29 ਸਾਲਾ ਸ੍ਰੀ ਵਿਕਾਸ ਪਟੇਲ ਹੈੱਜ ਫ਼ੰਡ 'ਮਿਲੇਨੀਅਮ ਮੈਨੇਜਮੈਂਟ' 'ਚ ਸੀਨੀਅਰ ਵਿਸ਼ਲੇਸ਼ਕ ਹਨ ਅਤੇ 29 ਸਾਲਾ ਨੀਲ ਰਾਏ 'ਕੈਕਸਟਨ ਐਸੋਸੀਏਟਸ' ਵਿੱਚ ਨਿਵੇਸ਼ ਵਿਸ਼ਲੇਸ਼ਕ ਹਨ; ਜਿੱਥੇ ਉਹ ਤਿੰਨ ਜਣਿਆਂ ਦੀ ਟੀਮ ਦਾ ਹਿੱਸਾ ਹਨ ਅਤੇ ਮੈਕਰੋ ਹੈੱਜ ਫ਼ੰਡ 60 ਕਰੋੜ ਡਾਲਰ ਦਾ ਪ੍ਰਬੰਧ ਵੇਖਦੇ ਹਨ।

ਉੱਦਮ-ਪੂੰਜੀ ਵਰਗ ਵਿੱਚ ਵਰਣਨਯੋਗ ਹਸਤੀਆਂ ਵਿੱਚ ਭਾਰਤੀ ਮੂਲ ਦੇ 26 ਸਾਲਾ ਵਿਸ਼ਾਲ ਲੁਗਾਨੀ ਵੀ ਸ਼ਾਮਲ ਹਨ; ਜੋ ਕਿ 'ਗ੍ਰੇਅਕ੍ਰੌਫ਼ਟ ਪਾਰਟਨਰਜ਼' 'ਚ ਸੀਨੀਅਰ ਐਸੋਸੀਏਟ ਹਨ ਅਤੇ 27 ਸਾਲਾ ਅਮਿਤ ਮੁਖਰਜੀ 'ਨਿਊ ਇੰਟਰਪ੍ਰਾਈਜ਼ ਐਸੋਸੀਏਟਸ' ਦੇ ਸੀਨੀਅਰ ਐਸੋਸੀਏਟ ਹਨ। ਮੀਡੀਆ ਸਿਤਾਰਿਆਂ ਵਿੱਚ 27 ਸਾਲਾ ਨਿਸ਼ਾ ਚਿੱਤਲ ਸ਼ਾਮਲ ਹਨ, ਜੋ ਕਿ ਐਮ.ਐਸ.ਐਨ.ਬੀ.ਸੀ. 'ਚ ਸੋਸ਼ਲ ਮੀਡੀਆ ਐਂਡ ਕਮਿਊਨਿਟੀ ਦੇ ਪ੍ਰਬੰਧਕ ਹਨ। ਇਸੇ ਤਰ੍ਹਾਂ 29 ਸਾਲਾ ਸ੍ਰੀ ਆਸ਼ੀਸ਼ ਪਟੇਲ ਦਾ ਨਾਂਅ ਵੀ ਇਸ ਫ਼ੋਰਬਜ਼-ਸੂਚੀ ਵਿੱਚ ਸ਼ਾਮਲ ਹੈ, ਜੋ ਕਿ 'ਨਾਓ ਦਿਸ ਮੀਡੀਆ' 'ਚ ਸੋਸ਼ਲ ਮੀਡੀਆ ਦੇ ਸੀਨੀਅਰ ਮੀਤ ਪ੍ਰਧਾਨ ਹਨ।

ਨਿਰਮਾਣ ਖੇਤਰ 'ਚ ਮੋਹਰੀ 28 ਸਾਲਾ ਸੰਪ੍ਰਿਤੀ ਭੱਟਾਚਾਰੀਆ ਰਹੇ ਹਨ, ਜੋ ਕਿ ਐਮ.ਆਈ.ਟੀ. ਦੇ ਗਰੈਜੂਏਟ ਵਿਦਿਆਰਥੀ ਹਨ ਅਤੇ ਜਿਨ੍ਹਾਂ ਨੇ ਪਾਣੀ ਦੇ ਹੇਠਾਂ ਕੰਮ ਕਰਨ ਵਾਲੇ ਡ੍ਰੋਨਜ਼ ਵਿਕਸਤ ਕੀਤੇ ਹਨ; ਜੋ ਕਿ ਪੂਰੀ ਤਰ੍ਹਾਂ ਖ਼ੁਦਮੁਖ਼ਤਿਆਰ ਢੰਗ ਨਾਲ ਆਪਸ ਵਿੱਚ ਗੱਲਬਾਤ ਕਰ ਸਕਦੇ ਹਨ ਭਾਵ ਪਾਣੀ ਦੇ ਹੇਠਾਂ ਵੀ ਇੱਕ-ਦੂਜੇ ਨੂੰ ਸੁਨੇਹੇ ਦੇ ਅਤੇ ਲੈ ਸਕਦੇ ਹਨ, ਇਕੱਠੇ ਕੰਮ ਕਰ ਸਕਦੇ ਹਨ। ਇਨ੍ਹਾਂ ਡ੍ਰੋਨਜ਼ ਦੀ ਵਰਤੋਂ ਗੁੰਮ ਹੋਏ ਹਵਾਈ ਜਹਾਜ਼ਾਂ ਜਾਂ ਸਮੁੰਦਰੀ ਜਹਾਜ਼ਾਂ ਨੂੰ ਲੱਭਣ ਜਾਂ ਮਹਾਂਸਾਗਰਾਂ ਵਿੱਚ ਡਿੱਗੇ ਤੇਲ ਦੀ ਮਾਤਰਾ ਦਾ ਪਤਾ ਲਾਉਣ ਜਾਂ ਸਮੁੰਦਰ ਹੇਠਾਂ ਰੈਡੀਏਸ਼ਨ ਦੀ ਮਾਤਰਾ ਨਾਪਣ ਦਾ ਕੰਮ ਸਹਿਜੇ ਹੀ ਕਰ ਸਕਦੇ ਹਨ। ਇਸੇ ਤਰ੍ਹਾਂ 29 ਸਾਲਾ ਸਾਗਰ ਗੋਵਿਲ ਦਾ ਨਾਂਅ ਵੀ ਇਸ ਵੱਕਾਰੀ ਫ਼ੋਰਬਜ਼-ਸੂਚੀ ਵਿੱਚ ਸ਼ਾਮਲ ਹੈ; ਜੋ 'ਸੀਮੈਟ੍ਰੈਕਸ' ਦੇ ਸੀ.ਈ.ਓ. ਹਨ। ਇਹ ਕੰਪਨੀ ਵਾਤਾਵਰਣਕ ਉਤਪਾਦ ਅਤੇ ਇਲੈਕਟ੍ਰੌਨਿਕ ਤਿਆਰ ਕਰਦੀ ਹੈ। ਸਮਾਜਕ ਉੱਦਮੀਆਂ ਵਿੱਚ 28 ਸਾਲਾ ਸ੍ਰੀ ਅਨੂਪ ਜੈਨ ਵੀ ਸ਼ਾਮਲ ਹਨ; ਜੋ ਕਿ ਭਾਰਤ ਵਿੱਚ 'ਸਵੱਛਤਾ ਅਤੇ ਸਿਹਤ ਅਧਿਕਾਰਾਂ' (ਸੈਨੀਟੇਸ਼ਨ ਐਂਡ ਹੈਲਥ ਰਾਈਟਸ) ਦੇ ਬਾਨੀ ਨਿਰਦੇਸ਼ਕ ਹਨ। ਇਹ ਉਹੀ ਏਜੰਸੀ ਹੈ, ਜੋ ਕਿ ਪਖਾਨੇ ਤਿਆਰ ਕਰਦੀ ਹੈ, ਮਨੁੱਖੀ ਮਲ-ਮੂਤਰ ਇਕੱਠਾ ਕਰਦੀ ਹੈ ਅਤੇ ਉਸ ਵਿਚੋਂ ਨਿੱਕਲਣ ਵਾਲੀ ਮੀਥੇਨ ਗੈਸ ਦੁਆਰਾ ਸਾਫ਼ ਪਾਣੀ ਪੈਦਾ ਕਰਦੀ ਹੈ।

ਕਾਨੂੰਨ ਅਤੇ ਨੀਤੀ ਦੇ ਖੇਤਰ ਵਿੱਚ 26 ਸਾਲਾ ਆਸ਼ੀਸ਼ ਕੁੰਭਟ ਅਮਰੀਕੀ 'ਫ਼ੈਡਰਲ ਰਿਜ਼ਰਵ ਬੋਰਡ' 'ਚ ਮੁਦਰਾ ਨੀਤੀ ਦੇ ਮਾਹਿਰ ਹਨ। ਇੰਝ ਹੀ 27 ਸਾਲਾ ਦੀਪਾਯਨ ਘੋਸ਼ 'ਫ਼ੇਸਬੁੱਕ' ਦੇ ਭੇਤਦਾਰੀ ਭਾਵ ਪ੍ਰਾਈਵੇਸੀ ਅਤੇ ਜਨਤਕ ਨੀਤੀ ਸਲਾਹਕਾਰ ਹਨ। 28 ਸਾਲਾ ਅਨੀਸ਼ਾ ਸਿੰਘ ਦਾ ਨਾਂਅ ਵੀ ਇਸ ਫ਼ੋਰਬਜ਼-ਸੂਚੀ ਵਿੱਚ ਦਰਜ ਹੈ, ਜੋ ਪਹਿਲਾਂ 'ਯੂਨਾਈਟਿਡ ਸਿੱਖਸ' ਦੇ ਕੌਮਾਂਤਰੀ ਨੀਤੀ ਡਿਵੀਜ਼ਨ ਦੇ ਮੁਖੀ ਰਹਿ ਚੁੱਕੇ ਹਨ। ਅਨੀਸ਼ਾ ਸਿੰਘ ਨੇ ਅਮਰੀਕਾ 'ਚ ਸਿੱਖਾਂ ਵਿਰੁੱਧ ਹੋਣ ਵਾਲੀਆਂ ਨਸਲੀ ਧੱਕੇਸ਼ਾਹੀਆਂ ਵਿਰੁੱਧ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਾਈ ਸੀ ਅਤੇ ਅਮਰੀਕੀ ਫ਼ੌਜ ਤੋਂ ਇੱਕ ਇਤਿਹਾਸਕ ਮੁਕੱਦਮਾ ਵੀ ਜਿੱਤਿਆ ਸੀ। ਉਸ ਮਾਮਲੇ ਵਿੱਚ 19 ਸਾਲਾ ਸਿੱਖ ਨੌਜਵਾਨ ਨੂੰ ਫ਼ੌਜ ਦੇ ਆਰ.ਓ.ਟੀ.ਸੀ. ਪ੍ਰੋਗਰਾਮਾਂ ਵਿੱਚ ਕੇਵਲ ਇਸ ਕਰ ਕੇ ਨਹੀਂ ਰੱਖਿਆ ਜਾ ਰਿਹਾ ਸੀ ਕਿਉਂਕਿ ਉਹ ਦਸਤਾਰਧਾਰੀ ਅਤੇ ਕੇਸਧਾਰੀ ਸੀ। ਵਿਗਿਆਨ ਖੇਤਰ ਵਿੱਚੋਂ 29 ਸਾਲਾ ਸ੍ਰੀ ਸੰਜਮ ਗਰਗ ਦਾ ਨਾਂਅ ਫ਼ੋਰਬਰਜ਼-ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ; ਜੋ ਕਿ ਯੂਨੀਵਰਸਿਟੀ ਆੱਫ਼ ਕੈਲੀਫ਼ੋਰਨੀਆ ਦੇ ਬਰਕਲੇ ਕੈਂਪਸ 'ਚ ਅਸਿਸਟੈਂਟ ਪ੍ਰੋਫ਼ੈਸਰ ਹਨ।

ਪ੍ਰੈਸ ਟਰੱਸਟ ਆੱਫ਼ ਇੰਡੀਆ (ਪੀ.ਟੀ.ਆਈ.)