ਕਠਾਤ ਸਮਾਜ ਦੀ ਪਹਿਲੀ ਕੁੜੀ ਨੇ ਕੀਤੀ ਸਰਕਾਰੀ ਨੌਕਰੀ, ਬਣੀ ਰਾਜਸਥਾਨ ਪੁਲਿਸ ਦੀ ਸਬ-ਇੰਸਪੇਕਟਰ   

0

ਕੁਝ ਅਜਿਹੇ ਵਿਅਕਤੀ ਵੀ ਹਨ ਜਿਹੜੇ ਆਪਣੇ ਲਈ ਨਵੀਂ ਰਾਹ ਬਣਾਉਦੇ ਹਨ. ਉਹ ਪਹਿਲਾਂ ਹੀ ਕਢੀ ਲੀਕ 'ਤੇ ਚਲਣ ਤੋਂ ਨਾਂਹ ਕਰ ਦਿੰਦੇ ਹਨ. ਉਨ੍ਹਾਂ ਨੂੰ ਸਮਾਜ ਵੱਲੋਂ ਮੀਹਣੇ ਵੀ ਸੁਣਨੇ ਪੈਂਦੇ ਹਨ ਪਰ ਆਪਣੀ ਜ਼ਿਦ 'ਤੇ ਅੜੇ ਅਜਿਹੇ ਲੋਕ ਕੁਝ ਨਵਾਂ ਕਰ ਕੇ ਛੱਡਦੇ ਹਨ. ਅਜਿਹੀ ਹੀ ਇਕ ਜਿੱਦੀ ਕੁੜੀ ਨਾਂਅ ਹੈ ਸੁਸ਼ੀਲਾ ਕਠਾਤ।

ਸਮਾਜਿਕ ਰਿਵਾਜਾਂ ਦੇ ਚਲਦਿਆਂ ਸੁਸ਼ੀਲਾ ਦਾ ਵਿਆਹ ਮਾਤਰ ਪੰਜ ਸਾਲ ਦੀ ਉਮਰ ਵਿੱਚ ਹੀ .ਹੋ .ਗਿਆ ਸੀ. ਪਰ ਹੋਸ਼ ਸਾੰਭਦਿਆਂ ਹੀ ਉਸਨੇ ਜੋ ਪਹਿਲੀ ਲੜਾਈ ਸਮਾਜ ਨਾਲ ਲੜੀ ਉਹ ਸੀ ਬਾਲਪਣ ਵਿੱਚ ਹੋਏ ਉਸਦੇ ਵਿਆਹ ਨੂੰ ਖ਼ਤਮ ਕਰਨ ਲਈ. ਇਸ ਕਰਕੇ ਸੁਸ਼ੀਲਾ ਦੇ ਪਰਿਵਾਰ ਨੂੰ ਸਮਾਜ ਵੱਲੋਂ ਬਹੁਤ ਕੁਝ ਸੁਣਨਾ ਪਿਆ. ਪਰ ਸੁਸ਼ੀਲਾ ਨੇ ਜ਼ਿਦ ਨਹੀਂ ਛੱਡੀ ਅਤੇ ਅੱਜ ਆਪਣੇ ਸਮਾਜ ਦੀ ਰੋਲ ਮਾਡਲ ਬਣ ਕੇ ਸਾਹਮਣੇ ਆ ਖਲੌਤੀ ਹੈ. ਕਠਾਤ ਸਮਾਜ ਦੀ ਪਹਿਲੀ ਕੁੜੀ ਦੀ ਕਿਸੇ ਸਰਕਾਰੀ ਨੌਕਰੀ ਲੱਗੀ ਹੈ. ਰਿਕਸ਼ਾ ਚਲਾਉਣ ਵਾਲੇ ਅਹਿਮਦ ਕਠਾਤ ਦੀ ਧੀ ਰਾਜਸਥਾਨ ਪੁਲਿਸ ਵਿੱਚ ਸਬ-ਇੰਸਪੇਕਟਰ ਬਣ ਗਈ ਹੈ.

ਰਾਜਸਥਾਨ ਵਿੱਚ ਕਠਾਤ ਸਮਾਜ ਦੀ ਆਬਾਦੀ ਕੋਈ 12 ਕੁ ਲੱਖ ਹੈ. ਇਸ ਸਮਾਜ ਦੇ ਰਿਵਾਜ਼ ਤਾਂ ਹਿੰਦੁਆਂ ਨਾਲ ਮਿਲਦੇ ਹਨ ਪਰ ਇਹ ਮੰਨਦੇ ਇਸਲਾਮ ਨੂੰ ਹਨ. ਮ੍ਰਿਤਕਾਂ ਦੀ ਦੇਹ ਦਾ ਤਾਂ ਅੰਤਿਮ ਸੰਸਕਾਰ ਹਿੰਦੁਆਂ ਦੀ ਤਰ੍ਹਾਂ ਅਗਨਮੁੱਖ ਨਾਲ ਹੀ ਕਰਦੇ ਹਨ ਪਰ ਵੈਸੇ ਨਮਾਜ਼ ਪੜ੍ਹਦੇ ਹਨ. ਇਸਲਾਮ ਦਾ ਪ੍ਰਭਾਵ ਹੋਣ ਕਰਕੇ ਇਹ ਆਪਣੀਆਂ ਕੁੜੀਆਂ ਦਾ ਵਿਆਹ ਨਿੱਕੇ ਹੁੰਦਿਆਂ ਹੀ ਕਰ ਦਿੰਦੇ ਹਨ. ਇਸ ਕਰਕੇ ਇਸ ਸਮਾਜ ਦੀਆਂ ਕੁੜੀਆਂ ਅਨਪੜ੍ਹ ਹੀ ਰਾਹ ਜਾਂਦੀਆਂ ਹਨ. ਪਰ ਇਸ ਸਮਾਜ ਦੀ ਹੀ ਇਸ ਕੁੜੀ ਸੁਸ਼ੀਲਾ ਨੇ ਸੌਹਰੇ ਜਾਣੋਂ ਨਾਂਹ ਕਰਕੇ ਸਕੂਲ ਜਾਣ ਦੀ ਜ਼ਿਦ ਕੀਤੀ ਅਤੇ ਆਪਣੀ ਜ਼ਿਦ ਪੁਗਾਈ।

ਸੁਸ਼ੀਲਾ ਕਹਿੰਦੀ ਹੈ-

"ਅਸੀਂ ਸੱਤ ਭੈਣਾਂ ਹਾਂ ਅਤੇ ਸਾਰੀਆਂ ਹੀ ਸਕੂਲ ਜਾਣਾ ਚਾਹੁੰਦੀਆਂ ਸਾਂ ਪਰ ਸਾਡੇ ਸਮਾਜ ਵਿੱਚ ਇਹ ਸੋਚ ਕਿਸੇ ਗੁਨਾਹ ਨਾਲੋਂ ਘੱਟ ਨਹੀਂ ਸੀ. ਮੇਰੀ ਮਾਂ ਚਾਹੁੰਦੀ ਸੀ ਕੀ ਅਸੀਂ ਸਾਰੀਆਂ ਭੈਣਾਂ ਸਕੂਲ ਜਾਈਏ ਪਰ ਉਸ ਦਾ ਬਹੁਤ ਵਸ ਨਹੀਂ ਚੱਲਿਆ। ਮੈਂ ਹੀ ਜ਼ਿਦ ਫੜ ਲਈ ਸੀ ਸਕੂਲ ਜਾਣ ਦੀ."

ਹੁਣ ਸੁਸ਼ੀਲਾ ਰਾਜਸਥਾਨ ਪੁਲਿਸ ਅਕਾਦਮੀ 'ਚੋਂ 14 ਮਹੀਨੇ ਦੀ ਟ੍ਰੇਨਿੰਗ ਲੈ ਕੇ ਸਬ ਇੰਸਪੇਕਟਰ ਬਣ ਗਈ ਹੈ. ਦੁਖ ਦੀ ਗੱਲ ਇਹ ਹੈ ਕੀ ਉਸ ਦੀ ਇਸ ਕਾਮਯਾਬੀ ਨੂੰ ਵੇਖਣ ਲਈ ਉਸਦੀ ਮਾਂ ਇਸ ਦੁਨਿਆ ਵਿੱਚ ਨਹੀਂ ਰਹੀ. ਛੇ ਮਹੀਨੇ ਪਹਿਲਾਂ ਉਹ ਅਕਾਲ ਚਲਾਣਾ ਕਰ ਗਏ. ਪਰ ਉਸਦੇ ਪਿਤਾ ਆਪਣੀ ਧੀ ਦੀ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਟ੍ਰੈਕਟਰ-ਟਰਾਲੀ ਕਿਰਾਏ 'ਤੇ ਲੈ ਕੇ ਸਾਰੇ ਪਿੰਡ ਨੂੰ ਅਕਾਦਮੀ ਦੀ ਪਾਸਿੰਗ ਆਉਟ ਪਰੇਡ ਵਿਖਾਉਣ ਲੈ ਗਏ.

ਪਿੰਡ ਲਾਸੜਿਆ ਵਿੱਚ ਕਠਾਤ ਸਮਾਜ ਦੇ 350 ਘਰ ਹਨ ਅਤੇ ਆਬਾਦੀ ਤਿੰਨ ਹਜ਼ਾਰ। ਸੁਸ਼ੀਲਾ ਦੇ ਪਿਤਾ ਅਹਿਮਦ ਦਿੱਲੀ 'ਚ ਰਿਕਸ਼ਾ ਚਲਾਉਂਦੇ ਸਨ ਅਤੇ ਮਾਂ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਕੇ ਆਪਣੀ ਕੁੜੀ ਦੀ ਜ਼ਿਦ ਪੁਗਾਉਣ ਲਈ ਮਿਹਨਤ ਕਰਦੇ ਰਹੇ. ਅਹਿਮਦ ਕਠਾਤ ਕਹਿੰਦੇ ਹਨ-

"ਸੁਸ਼ੀਲਾ ਦੀ ਕਾਮਯਾਬੀ ਪੂਰੇ ਕਠਾਤ ਸਮਾਜ ਵਿੱਚ ਬਦਲਾਵ ਲੈ ਕੇ ਆਈ ਹੈ. ਹੁਣ ਪਿੰਡ ਦੀਆਂ ਸਾਰੀਆਂ ਕੁੜੀਆਂ ਸਕੂਲ ਜਾਂਦੀਆਂ ਹਨ. ਮੈਂ ਦੱਸਣਾ ਚਾਹੁੰਦਾ ਸੀ ਕੀ ਪੜ੍ਹਾਈ ਕੀ ਕੁਝ ਕਰ ਸਕਦੀ ਹੈ."

ਹੁਣ ਸੁਸ਼ੀਲਾ ਦਿਆਂ ਤਿੰਨ ਭੈਣਾਂ ਵੀ ਨੌਕਰੀ ਕਰਨ ਲੱਗ ਪਈਆਂ ਹਨ ਅਤੇ ਹੋਰ ਭੈਣਾਂ ਪੜ੍ਹਾਈ ਕਰ ਰਹੀਆਂ ਹਨ. ਸੁਸ਼ੀਲਾ ਕਹਿੰਦੀ ਹੈ ਕੀ ਉਸਦੀ ਮਾਂ ਨੇ ਸਾਰੀਆਂ ਕੁੜੀਆਂ ਪੜ੍ਹਾਉਣ ਲਈ ਮਿਹਨਤ ਕੀਤੀ. ਸੁਸ਼ੀਲਾ ਪਿੰਡ ਦੀ ਪਹਿਲੀ ਕੁੜੀ ਹੈ ਜਿਸਨੇ ਸ਼ਹਿਰ ਜਾ ਕੇ ਗ੍ਰੇਜੁਏਸ਼ਨ ਅਤੇ ਪੋਸਟ ਗ੍ਰੇਜੁਏਸ਼ਨ ਕੀਤੀ। ਉਸਦਾ ਮਕਸਦ ਸਮਾਜ ਵਿੱਚੋਂ ਬਾਲ-ਵਿਆਹ ਦੀ ਬੁਰਾਈ ਨੂੰ ਖ਼ਤਮ ਕਰਨਾ ਹੈ. ਉਹ ਕਹਿੰਦੀ ਹੈ ਕੀ-

"ਜੇ ਨਿੱਕੀ ਉਮਰੇ ਕੁੜੀਆਂ ਦਾ ਵਿਆਹ ਕਰ ਦੇਣ ਦੀ ਸਮਾਜਿਕ ਬੁਰਾਈ ਖ਼ਤਮ ਹੋ ਜਾਵੇ ਤਾਂ ਕੁੜੀਆਂ ਹੋਰ ਅੱਗੇ ਵੱਧ ਸਕਦੀਆਂ ਹਨ."

ਸੁਸ਼ੀਲਾ ਨੂੰ ਪਹਿਲੀ ਪੋਸਟਿੰਗ ਵੀ ਭੀਲਵਾੜਾ ਦੇ ਇਕ ਠਾਣੇ 'ਚ ਦਿੱਤੀ ਗਈ ਹੈ ਜਿਸ ਤੇ ਤਹਿਤ ਕਠਾਤ ਸਮਾਜ ਦੇ ਕਈ ਪਿੰਡ ਆਉਂਦੇ ਹਨ.

ਲੇਖਕ: ਰਿੰਪੀ ਕੁਮਾਰੀ

ਅਨੁਵਾਦ: ਅਨੁਰਾਧਾ ਸ਼ਰਮਾ