3 ਔਰਤਾਂ 17 ਦੇਸ਼ਾਂ 'ਚੋਂ 23,800 ਕਿਲੋਮੀਟਰ ਆਪ ਕਾਰ ਚਲਾ ਕੇ ਦਿੱਲੀ ਤੋਂ ਪੁੱਜੀਆਂ ਲੰਡਨ, ਬੁਲੰਦ ਕੀਤਾ ਮਹਿਲਾ ਸ਼ਕਤੀ ਦਾ ਝੰਡਾ

3 ਔਰਤਾਂ 17 ਦੇਸ਼ਾਂ 'ਚੋਂ 23,800 ਕਿਲੋਮੀਟਰ ਆਪ ਕਾਰ ਚਲਾ ਕੇ ਦਿੱਲੀ ਤੋਂ ਪੁੱਜੀਆਂ ਲੰਡਨ, ਬੁਲੰਦ ਕੀਤਾ ਮਹਿਲਾ ਸ਼ਕਤੀ ਦਾ ਝੰਡਾ

Tuesday December 08, 2015,

9 min Read

23 ਜੁਲਾਈ ਨੂੰ ਦਿੱਲੀ ਦੇ ਇੰਡੀਆ ਗੇਟ ਤੋਂ ਸ਼ੁਰੂ ਹੋਇਆ ਸਫ਼ਰ 27 ਅਕਤੂਬਰ ਨੂੰ ਲੰਡਨ ਪੁੱਜ ਕੇ ਹੋਇਆ ਖ਼ਤਮ...

ਨਿਧੀ ਤਿਵਾਰੀ, ਰਸ਼ਮੀ ਕੋਪਰ ਅਤੇ ਡਾ. ਸੌਮਿਆ ਗੋਇਲ ਨਾਂਅ ਦੀਆਂ ਤਿੰਨ ਮਹਿਲਾਵਾਂ ਨੇ ਕਰ ਵਿਖਾਇਆ ਇਹ ਕਾਰਨਾਮਾ...

ਇਕੱਲੀ ਨਿਧੀ ਨੇ 97 ਦਿਨਾਂ ਦੀ ਯਾਤਰਾ ਦੌਰਾਨ 17 ਦੇਸ਼ਾਂ ਵਿਚੋਂ ਦੀ ਲੰਘਦਿਆਂ 23,800 ਕਿਲੋਮੀਟਰ ਦੀ ਦੂਰੀ ਤੱਕ ਕੀਤੀ ਡਰਾਈਵਿੰਗ...

ਤਿੰਨ ਔਰਤਾਂ, 23,800 ਕਿਲੋਮੀਟਰ, 17 ਦੇਸ਼, 97 ਦਿਨ ਅਤੇ ਸੜਕ ਰਸਤੇ ਕੀਤਾ ਜਾਣ ਵਾਲਾ ਅਨੋਖਾ ਸਫ਼ਰ।

ਬੰਗਲੌਰ ਦੀਆਂ ਰਹਿਣ ਵਾਲੀਆਂ ਇਨ੍ਹਾਂ ਤਿੰਨੇ ਮਹਿਲਾਵਾਂ ਨਿਧੀ ਤਿਵਾਰੀ, ਰਸ਼ਮੀ ਕੋਪਰ ਅਤੇ ਡਾ. ਸੌਮਿਆ ਗੋਇਲ ਨੇ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਲੰਡਨ ਵਿਚਾਲੇ ਦੀ ਇਹ ਚੁਣੌਤੀ ਭਰੀ ਯਾਤਰਾ ਸੜਕ ਰਸਤੇ ਕੇਵਲ ਇੱਕੋ ਸਕੌਰਪੀਓ ਗੱਡੀ ਨਾਲ ਪੂਰੀ ਕਰ ਕੇ ਇਹ ਅਨੋਖਾ ਕਾਰਨਾਮਾ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਤੇਈ ਜੁਲਾਈ ਨੂੰ ਇੰਡੀਆ ਗੇਟ ਸਥਿਤ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ਤੋਂ ਸ਼ੁਰੂ ਹੋਇਆ ਇਹ ਸਫ਼ਰ 97 ਦਿਨਾਂ ਬਾਅਦ 27 ਅਕਤੂਬਰ ਨੂੰ ਲੰਡਨ ਜਾ ਕੇ ਖ਼ਤਮ ਹੋਇਆ ਅਤੇ ਅੱਜ ਦੀਆਂ ਇਨ੍ਹਾਂ ਔਰਤਾਂ ਨੇ ਦੁਨੀਆਂ ਨੂੰ ਵਿਖਾ ਦਿੱਤਾ ਕਿ ਵਿਆਹ ਹੋਣ ਅਤੇ ਬਾਲ-ਬੱਚੇ ਹੋਣ ਦੇ ਬਾਵਜੂਦ ਉਹ ਕਿਸੇ ਤੋਂ ਵੀ ਕਿਸੇ ਪੱਖੋਂ ਪਿੱਛੇ ਨਹੀਂ ਹਨ।

image


ਇਸ ਮੁਹਿੰਮ ਦੀ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਇਸ ਸਫ਼ਰ ਉਤੇ ਨਿੱਕਲੀਆਂ ਔਰਤਾਂ ਦੀ ਇਸ ਟੋਲੀ ਕੋਲ ਪੂਰੇ ਸਫ਼ਰ ਲਈ ਇਹੋ ਸਿਰਫ਼ ਇੱਕੋ-ਇੱਕ ਵਾਹਨ ਸੀ ਅਤੇ ਕੇਵਲ ਇੱਕੋ ਡਰਾਇਵਰ ਸੀ - ਨਿਧੀ ਤਿਵਾਰੀ। ਜਿਨ੍ਹਾਂ ਨੇ 24 ਹਜ਼ਾਰ ਕਿਲੋਮੀਟਰ ਦੀ ਇਸ ਯਾਤਰਾ ਦੌਰਾਨ ਵਾਹਨ ਦੀ ਕਮਾਂਡ ਆਪਣੇ ਹੱਥ ਵਿੱਚ ਰੱਖੀ। ਅਸਲ ਵਿੱਚ ਪੂਰੀ ਮੁਹਿੰਮ ਅਤੇ ਸਫ਼ਰ ਨਿਧੀ ਦੇ ਹੀ ਦਿਮਾਗ਼ ਦੀ ਉਪਜ ਸੀ ਅਤੇ ਲੰਮੀ ਦੂਰੀ ਦੇ ਸਫ਼ਰ ਉਤੇ ਜਾਣਾ ਉਨ੍ਹਾਂ ਦਾ ਪੁਰਾਣਾ ਸ਼ੁਗਲ ਵੀ ਰਿਹਾ ਹੈ।

image


ਇੱਕ ਫ਼ੌਜੀ ਅਧਿਕਾਰੀ ਦੀ ਪਤਨੀ ਅਤੇ ਦੋ ਬੱਚਿਆਂ ਦੀ ਮਾਂ ਨਿਧੀ ਤਿਵਾਰੀ ਇੱਕ ਪ੍ਰਸਿੱਧ ਅਤੇ ਪੇਸ਼ੇਵਰ ਆਊਟਡੋਰ ਅਧਿਆਪਕਾ ਹੋਣ ਤੋਂ ਇਲਾਵਾ ਆੱਫ਼-ਰੋਡ ਜੀਪਰ ਵੀ ਹਨ, ਜੋ ਜੀਪ ਦੀ ਸਵਾਰੀ ਕਰਨ ਤੋਂ ਇਲਾਵਾ ਲੰਮੀ ਦੂਰੀ ਅਤੇ ਵਧੇਰੇ ਉਚਾਈ ਵਾਲੇ ਖੇਤਰਾਂ ਵਿੱਚ ਡਰਾਈਵਿੰਗ ਕਰਨ ਵਿੱਚ ਮੁਹਾਰਤ ਰਖਦੇ ਹਨ।

'ਯੂਅਰ ਸਟੋਰੀ' ਨਾਲ ਗੱਲਬਾਤ ਦੌਰਾਨ ਨਿਧੀ ਨੇ ਦੱਸਿਆ,''ਇਸ ਯਾਤਰਾ 'ਤੇ ਜਾਣ ਤੋਂ ਪਹਿਲਾਂ ਮੈਂ ਪੱਛਮੀ ਘਾਟਾਂ ਤੋਂ ਇਲਾਵਾ ਭਾਰਤ ਦੇ ਹਿਮਾਲਾ ਪਰਬਤ ਉਤੇ ਸਥਿਤ ਸੂਬਿਆਂ ਉਤਰਾਖੰਡ, ਹਿਮਾਚਲ ਪ੍ਰਦੇਸ਼, ਸਿੱਕਿਮ, ਅਰੁਣਾਚਲ ਪ੍ਰਦੇਸ਼ ਅਤੇ ਨੇਪਾਲ, ਭੂਟਾਨ, ਅਮਰੀਕਾ, ਦੱਖਣੀ ਕੋਰੀਆ ਅਤੇ ਕੀਨੀਆ ਵਿੱਚ ਡਰਾਈਵਿੰਗ ਕਰ ਚੁੱਕੀ ਸਾਂ। ਮੈਂ ਵਿਆਹ ਤੋਂ ਪਹਿਲਾਂ ਹੀ ਬੰਗਲੌਰ 'ਚ ਜੀਪਿੰਗ ਕਰਦੀ ਆ ਸਾਂ ਅਤੇ ਉਸ ਦੌਰਾਨ ਮੈਨੂੰ ਬੰਗਲੌਰ ਦੀ ਪਹਿਲੀ ਮਹਿਲਾ ਜੀਪਰ ਵੀ ਕਿਹਾ ਜਾਂਦਾ ਸੀ।''

image


ਵਿਆਹ ਤੋਂ ਬਾਅਦ ਨਿਧੀ ਦਿੱਲੀ ਆ ਗਏ ਪਰ ਯਾਤਰਾ ਅਤੇ ਡਰਾਈਵਿੰਗ ਪ੍ਰਤੀ ਉਨ੍ਹਾਂ ਦਾ ਜਨੂੰਨ ਘੱਟ ਨਾ ਹੋਇਆ ਅਤੇ ਇੱਕ ਫ਼ੌਜੀ ਅਧਿਕਾਰੀ ਪਤੀ ਨੇ ਉਨ੍ਹਾਂ ਦੀਆਂ ਆਸਾਂ ਨੂੰ ਖੰਭ ਲਾਉਣ ਵਿੱਚ ਹੀ ਮਦਦ ਕੀਤੀ। ਨਿਧੀ ਦਸਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਨਾਲ ਖ਼ੁਦ ਹੀ ਡਰਾਈਵ ਕਰ ਕੇ ਲਗਭਗ ਪੂਰੇ ਦੇਸ਼ ਦੀ ਯਾਤਰਾ ਕੀਤੀ। ਇਸ ਤੋਂ ਬਾਅਦ 2007 'ਚ ਪਹਿਲੀ ਵਾਰ ਕਾਰ ਨੂੰ ਡਰਾਈਵ ਕਰ ਕੇ ਲੱਦਾਖ ਲੈ ਕੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਉਚਾਈ ਵਾਲੇ ਖੇਤਰਾਂ ਵਿੱਚ ਡਰਾਈਵਿੰਗ ਕਰ ਕੇ ਮਜ਼ਾ ਆਉਣ ਲੱਗਾ।

ਉਹ ਦਸਦੇ ਹਨ,''ਬੀਤੇ ਵਰ੍ਹੇ ਮੈਂ ਆਪਣੀ ਜੀਪ ਤੋਂ ਲੱਦਾਖ ਦੀ ਯਾਤਰਾ ਉਤੇ ਗਈ ਸਾਂ ਅਤੇ ਉਸ ਦੌਰਾਨ ਮੈਨੂੰ ਬਹੁਤ ਔਖੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਅਤੇ ਹੋਰਨਾਂ ਸਾਥੀਆਂ ਦੇ ਪਿੱਛੇ ਹਟਣ ਤੋਂ ਬਾਅਦ ਮੈਂ ਸਹੀ ਸਲਾਮਤ ਇਕੱਲੀ ਹੀ ਜੀਪ ਰਾਹੀਂ ਵਾਪਸ ਆਉਣ ਵਿੱਚ ਸਫ਼ਲ ਰਹੀ। ਇਸ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਹੁਣ ਜਦੋਂ ਮੈਂ ਲਗਭਗ ਸਾਰੇ ਦੇਸ਼ ਵਿੱਚ ਹੀ ਡਰਾਈਵਿੰਗ ਕਰ ਚੁੱਕੀ ਹਾਂ, ਤਾਂ ਮੈਨੂੰ ਆਪਣਾ ਘੇਰਾ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਹੁਣ ਕੌਮਾਂਤਰੀ ਦ੍ਰਿਸ਼ ਉਤੇ ਡਰਾਈਵਿੰਗ ਕਰਨੀ ਚਾਹੀਦੀ ਹੈ।''

ਲੱਦਾਖ ਤੋਂ ਪਰਤਣ ਪਿੱਛੋਂ ਉਨ੍ਹਾਂ ਆਪਣੀ ਪੁਰਾਣੀ ਸਹੇਲੀ ਸਮਿਤਾ ਰਾਜਾਰਾਮ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ ਔਰਤਾਂ ਵਿਚ ਡਰਾਈਵਿੰਗ ਨੂੰ ਲੈ ਕੇ ਜਾਗਰੂਕਤਾ ਜਗਾਉਣ ਦੇ ਟੀਚੇ ਨਾਲ 'ਵੋਮੈਨ ਬਿਓਂਡ ਬਾਊਂਡਰੀਜ਼' (Women Beyond Boundaries) ਦਾ ਗਠਨ ਕੀਤਾ। ਨਿਧੀ ਨੇ ਦੱਸਿਆ ਕਿ ਭਾਰਤ ਵਿੱਚ ਲੋਕਾਂ ਦੇ ਦਿਮਾਗ਼ ਵਿੱਚ ਔਰਤਾਂ ਦੇ ਵਾਹਨ ਚਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪਾਏ ਜਾਂਦੇ ਹਨ ਅਤੇ ਜ਼ਿਆਦਾਤਰ ਔਰਤਾਂ ਵੀ ਖ਼ੁਦ ਦੀ ਡਰਾਈਵਿੰਗ ਨੂੰ ਲੈ ਕੇ ਕੁੱਝ ਸ਼ੱਕ ਵਿੱਚ ਹੀ ਰਹਿੰਦੀਆਂ ਹਨ।

image


ਭਾਰਤੀ ਔਰਤਾਂ ਦੇ ਗੱਡੀਆਂ ਦੇ ਸਟੀਅਰਿੰਗ ਤੋਂ ਦੂਰ ਰਹਿਣ ਦੇ ਕਾਰਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ,''ਸਭ ਤੋਂ ਪਹਿਲਾਂ ਤਾਂ ਭਾਰਤੀ ਔਰਤਾਂ 'ਚ ਡਰਾਈਵਿੰਗ ਦੇ ਕੌਸ਼ਲ ਦੀ ਕਾਫ਼ੀ ਘਾਟ ਹੈ। ਇਸ ਤੋਂ ਇਲਾਵਾ ਇੱਥੇ ਔਰਤਾਂ ਨੂੰ ਵਾਹਨ ਆਪਣੇ ਹੱਥ 'ਚ ਲੈਣ ਦੇ ਮੌਕੇ ਹੀ ਕਾਫ਼ੀ ਘੱਟ ਮਿਲਦੇ ਹਨ, ਜਿਸ ਕਾਰਣ ਉਨ੍ਹਾਂ 'ਚ ਡਰਾਈਵਿੰਗ ਨੂੰ ਲੈ ਕੇ ਆਤਮ-ਵਿਸ਼ਵਾਸ ਦੀ ਕਾਫ਼ੀ ਘਾਟ ਰਹਿੰਦੀ ਹੈ। ਸਾਡਾ ਇਰਾਦਾ ਆਪਣੇ ਇਸ ਸੰਗਠਨ ਦੇ ਮਾਧਿਅਮ ਰਾਹੀਂ ਔਰਤਾਂ 'ਚ ਡਰਾਈਵਿੰਗ ਪ੍ਰਤੀ ਦਿਲਚਸਪੀ ਦਾ ਵਿਕਾਸ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਅੱਗੇ ਵਧਣ ਤੋਂ ਪ੍ਰੇਰਿਤ ਕਰਨਾ ਵੀ ਹੈ, ਤਾਂ ਜੋ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਗੱਡੀ ਚਲਾਉਣ ਦੇ ਸਮਰੱਥ ਬਣਨ।''

ਇੱਕ ਵਾਰ 'ਵੋਮੈਨ ਬਿਓਂਡ ਬਾਊਂਡਰੀਜ਼' ਦਾ ਗਠਨ ਕਰਨ ਤੋਂ ਬਾਅਦ ਹੁਣ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਇਸ ਭਾਰੀ ਖ਼ਰਚੇ ਵਾਲੀ ਡਰਾਈਵਿੰਗ ਮੁਹਿੰਮ ਲਈ ਇੱਕ ਪ੍ਰਾਯੋਜਕ (ਸਪਾਂਸਰ) ਲੱਭਣਾ। ਨਿਧੀ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਕੰਮ ਸਭ ਤੋਂ ਵੱਧ ਚੁਣੌਤੀ ਭਰਿਆ ਰਿਹਾ ਅਤੇ ਇੱਕ ਪ੍ਰਾਯੋਜਕ ਲੱਭਣ ਵਿੱਚ ਉਨ੍ਹਾਂ ਦੇ 'ਕੰਨੀਂ ਹੱਥ ਲੱਗਣ' ਵਾਲੀ ਕਹਾਵਤ ਦੀ ਅਸਲੀਅਤ ਸਮਝੀਂ ਪੈ ਗਈ। ਉਨ੍ਹਾਂ ਅੱਗੇ ਦੱਸਿਆ,''ਕਈ ਦੇਸ਼, ਕਈ ਦਿਨਾਂ ਦਾ ਸਫ਼ਰ, ਬਿਖੜੇ ਪੈਂਡੇ ਅਤੇ ਇੱਕ ਇਕੱਲੀ ਔਰਤ। ਜ਼ਿਆਦਾਤਰ ਪ੍ਰਾਯੋਜਕਾਂ ਦੇ ਮਨ ਵਿੱਚ ਇਹ ਸਭ ਤੋਂ ਵੱਡੀ ਸ਼ੰਕਾ ਸੀ। ਕੁੱਝ ਨੇ ਤਾਂ ਮੈਨੂੰ ਇੱਥੇ ਤੱਕ ਕਿਹਾ ਕਿ 'ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰਨ ਦੀ ਸੋਚ ਰਹੇ ਹੋ?' ਇਸ ਤੋਂ ਇਲਾਵਾ ਬਹੁਤੇ ਲੋਕਾਂ ਨੇ ਮੈਨੂੰ ਇਹ ਜਤਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਕਿ ਮੈਂ ਜੋ ਕਰਨ ਦੀ ਸੋਚ ਰਹੀ ਹੈ, ਉਸ ਨੂੰ ਕਰਨਾ ਸੰਭਵ ਨਹੀਂ ਹੈ। ਪਰ ਅਜਿਹੇ ਲੋਕ ਮੈਨੂੰ ਸਗੋਂ ਹੋਰ ਪ੍ਰੇਰਿਤ ਹੀ ਕਰ ਰਹੇ ਸਨ।''

image


ਇਸੇ ਦੌਰਾਨ ਇੱਕ ਦਿਨ ਉਨ੍ਹਾਂ ਦੀ ਗੱਲਬਾਤ ਪੁਰਾਣੀਆਂ ਗੱਡੀਆਂ ਦੀ ਖ਼ਰੀਦੋ-ਫ਼ਰੋਖ਼ਤ ਦੇ ਕੰਮ ਵਿੱਚ ਸਰਗਰਮ ਮਹਿੰਦਰਾ ਫ਼ਸਟ ਚੁਆਇਸ ਵ੍ਹੀਲਜ਼ ਦੇ ਸੰਚਾਲਕਾਂ ਨਾਲ ਹੋਈ, ਜਿਨ੍ਹਾਂ ਨੇ ਉਨ੍ਹਾਂ ਦੀ ਇਸ ਮੁਹਿੰਮ ਵਿੱਚ ਦਿਲਚਸਪੀ ਵਿਖਾਈ ਪਰ ਉਹ ਵੀ ਉਨ੍ਹਾਂ ਦੇ ਇਕੱਲਿਆਂ ਇਸ ਨੂੰ ਕਰਨ ਦੇ ਮੁੱਦੇ ਉਤੇ ਕੁੱਝ ਸ਼ੰਕਿਆਂ ਵਿੱਚ ਸਨ। ਨਿਧੀ ਨੇ ਦੱਸਿਆ,''ਮਹਿੰਦਰਾ ਵਾਲਿਆਂ ਨਾਲ ਮੇਰੀ ਗੱਲਬਾਤ ਬਹੁਤ ਹਾਂ-ਪੱਖੀ ਮਾਹੌਲ ਵਿੱਚ ਹੋਈ ਪਰ ਉਨ੍ਹਾਂ ਮੈਨੂੰ ਸਾਫ਼ ਦੱਸ ਦਿੱਤਾ ਸੀ ਕਿ ਸਫ਼ਰ ਲੰਮਾ ਅਤੇ ਖ਼ਤਰਿਆਂ ਨਾਲ ਭਰਿਆ ਹੋਇਆ ਅਤੇ ਜੇ ਤੁਸੀਂ ਇਸ ਸਫ਼ਰ ਲਈ ਆਪਣੇ ਨਾਲ ਕੁੱਝ ਹੋਰ ਸਾਥੀਆਂ ਨੂੰ ਵੀ ਸ਼ਾਮਲ ਕਰ ਲਵੋਂ, ਤਾਂ ਅਸੀਂ ਇਸ ਯਾਤਰਾ ਨੂੰ ਪ੍ਰਾਯੋਜਿਤ ਕਰ ਦੇਵਾਂਗੇ।'' ਇਸ ਤੋਂ ਇਲਾਵਾ ਲੇਨੋਵੋ ਲੇ ਵੀ ਸਾਨੂੰ ਸਫ਼ਰ ਅਰੰਭ ਹੋਣ 'ਤੇ ਟੀਮਫ਼ੋਨ, ਥਿੰਕਪੈਡ ਅਤੇ ਨੇਵੀਗੇਸ਼ਨ ਨਾਲ ਸਬੰਧਤ ਹੋਰ ਉਪਕਰਣ ਦੇਣ ਦਾ ਵਾਅਦਾ ਕੀਤਾ, ਜਿਨ੍ਹਾਂ ਦੀ ਮਦਦ ਨਾਲ ਸਾਡਾ ਸਫ਼ਰ ਬਹੁਤ ਆਸਾਨ ਬਣ ਗਿਆ।

ਇਸ ਤੋਂ ਬਾਅਦ ਨਿਧੀ ਨੇ ਸਕੂਲ ਦੇ ਪੁਰਾਣੇ ਦਿਨਾਂ ਦੀਆਂ ਆਪਣੀਆਂ ਦੋ ਸਹੇਲੀਆਂ ਰਸ਼ਮੀ ਕੋਪਰ ਅਤੇ ਡਾ. ਸੌਮਯਾ ਗੋਇਲ ਨਾਲ ਸੰਪਰਕ ਕੀਤਾ, ਜੋ ਇਸ ਸਫ਼ਰ ਵਿੱਚ ਮੇਰੀਆਂ ਹਮਸਫ਼ਰ ਬਣਨ ਲਈ ਤੁਰੰਤ ਸਹਿਮਤ ਹੋ ਗਈਆਂ। ਇੱਕ ਧੀ ਦੀ ਮਾਂ ਰਸ਼ਮੀ ਕੋਪਰ ਬੰਗਲੌਰ ਦੀ ਐਮ.ਐਸ. ਰਾਮੱਈਆ ਯੂਨੀਵਰਸਿਟੀ 'ਚ ਹੋਟਲ ਮੇਨੇਜਮੈਂਟ ਦੀ ਪ੍ਰੋਫ਼ੈਸਰ ਹੋਣ ਦੇ ਨਾਲ-ਨਾਲ ਬਹਾਦਰੀ ਭਰੀਆਂ ਖੇਡਾਂ ਦੇ ਸ਼ੌਕੀਨ ਹਨ ਅਤੇ ਲੰਮੀ ਦੂਰੀ ਦੀ ਇੱਕ ਸ਼ੌਕੀਆ ਡਰਾਇਵਰ ਹਨ। ਇਨ੍ਹਾਂ ਤੋਂ ਇਲਾਵਾ ਤੀਜੀ ਸਾਥਣ ਦੋ ਬੱਚਿਆਂ ਦੀ ਮਾਂ ਡਾ. ਸੌਮਿਆ ਇੱਕ ਫ਼ਿਜ਼ੀਕਲ ਥੈਰਾਪਿਸਟ ਹਨ ਤੇ ਉਨ੍ਹਾਂ ਨੂੰ ਵੀ ਯਾਤਰਾਵਾਂ ਦਾ ਸ਼ੌਕ ਹੈ।

ਔਰਤਾਂ ਦੇ ਇਸ ਸਮੂਹ ਨੇ ਖ਼ੁਦ ਨੂੰ ਸਫ਼ਰ ਲਈ ਮਾਨਸਿਕ ਅਤੇ ਸਰੀਰਕ ਤੌਰ ਉਤੇ ਤਿਆਰ ਕਰਨ ਤੋਂ ਬਾਅਦ ਇੱਕ ਵਾਰ ਫਿਰ ਪ੍ਰਾਯੋਜਕਾਂ ਨਾਲ ਸੰਪਰਕ ਕੀਤਾ। ਨਿਧੀ ਨੇ ਦੱਸਿਆ,''ਸਾਡੇ ਤਿਆਰ ਹੁੰਦਿਆਂ ਹੀ ਮਹਿੰਦਰਾ ਨੇ ਸਾਨੂੰ ਆਪਣੀ ਇੱਕ ਪੁਰਾਣੀ ਸਕੌਰਪੀਓ ਗੱਡੀ ਮੁਹੱਈਆ ਕਰਵਾ ਦਿੱਤੀ, ਜੋ ਲਗਭਗ 68,500 ਕਿਲੋਮੀਟਰ ਚੱਲੀ ਹੋਈ ਸੀ। ਕਿਉਂਕਿ ਮੈਂ ਪਿਛਲੇ ਕਾਫ਼ੀ ਸਮੇਂ ਤੋਂ ਡਰਾਈਵਿੰਗ ਕਰਦੀ ਆ ਰਹੀ ਹਾਂ, ਇਸੇ ਲਈ ਮੈਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਤਰ੍ਹਾਂ ਦੇ ਸਫ਼ਰ ਲਈ ਇਹ ਇੱਕ ਬਹੁਤ ਹੀ ਵਧੀਆ ਗੱਡੀ ਹੈ ਅਤੇ ਦੋ ਲੱਖ ਕਿਲੋਮੀਟਰ ਤੱਕ ਚੱਲੀ ਹੋਈ ਗੱਡੀ ਵੀ ਸਾਡੀ ਇਸ ਯਾਤਰਾ ਲਈ ਵਧੀਆ ਰਹਿਣੀ ਸੀ। ਇਸ ਤੋਂ ਇਲਾਵਾ ਅਸੀਂ ਕਿਉਂਕਿ ਕਈ ਦੇਸ਼ਾਂ ਵਿਚੋਂ ਦੀ ਹੋ ਕੇ ਲੰਘਣਾ ਸੀ ਅਤੇ ਅਜਿਹੇ ਹਾਲਾਤ ਵਿੱਚ ਕੇਂਦਰ ਸਰਕਾਰ ਦੇ ਵੱਖੋ-ਵੱਖਰੇ ਮੰਤਰਾਲਿਆਂ ਅਤੇ ਦਫ਼ਤਰਾਂ ਤੋਂ ਪੂਰਾ ਸਹਿਯੋਗ ਅਤੇ ਹਾਂ-ਪੱਖੀ ਮਾਹੌਲ ਮਿਲਿਆ।''

ਆਖ਼ਰ 24 ਜੁਲਾਈ ਦੀ ਸਵੇਰ ਨੂੰ ਕੇਂਦਰ ਸਰਕਾਰ ਦੇ ਦੋ ਮੰਤਰੀਆਂ ਸ੍ਰੀ ਅਨੰਤ ਕੁਮਾਰ ਅਤੇ ਸ੍ਰੀ ਸਰਵਾਨੰਦ ਸੋਨੇਵਾਲ ਨੇ ਸਹੇਲੀਆਂ ਦੀ ਇਸ ਤਿਕੜੀ ਨੂੰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਉਨ੍ਹਾਂ ਪਹਿਲੇ ਹਫ਼ਤੇ ਵਿੱਚ ਮਿਆਂਮਾਰ ਤੱਕ ਦੀ ਲਗਭਗ 2,500 ਕਿਲੋਮੀਟਰ ਦੀ ਯਾਤਰਾ ਮੁਕੰਮਲ ਕੀਤੀ। ਇਸ ਤੋਂ ਬਾਅਦ ਇਹ ਸਹੇਲੀਆਂ ਚੀਨ, ਕਿਰਗਿਜ਼ਸਤਾਨ, ਕਜ਼ਾਖ਼ਿਸਤਾਨ, ਉਜ਼ਬੇਕਿਸਤਾਨ, ਰੂਸ, ਯੂਕਰੇਨ, ਪੋਲੈਂਡ, ਚੈਕ ਗਣਰਾਜ, ਜਰਮਨੀ ਅਤੇ ਬੈਲਜੀਅਮ ਜਿਹੇ ਦੇਸ਼ਾਂ ਵਿੱਚੋਂ ਦੀ ਹੁੰਦੇ ਹੋਏ ਆਖ਼ਰ 27 ਅਕਤੂਬਰ ਨੂੰ 23,800 ਕਿਲੋਮੀਟਰ ਦਾ ਸੜਕ ਰਸਤੇ ਦਾ ਸਫ਼ਰ ਮੁਕੰਮਲ ਕਰ ਕੇ ਲੰਡਨ ਪੁੱਜੀਆਂ।

ਨਿਧੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਇਰਾਦਾ ਨੇਪਾਲ ਰਸਤੇ ਤੋਂ ਅੱਗੇ ਜਾਣ ਦਾ ਸੀ ਪਰ ਉਥੇ ਪਿੱਛੇ ਜਿਹੇ ਆਏ ਭੂਚਾਲ਼ ਕਾਰਣ ਹੋਈ ਭਾਰੀ ਤਬਾਹੀ ਕਰ ਕੇ ਉਨ੍ਹਾਂ ਨੂੰ ਮਿਆਂਮਾਰ ਵਿਚੋਂ ਦੀ ਜਾਣਾ ਪਿਆ। ਭਾਵੇਂ ਮਿਆਂਮਾਰ ਦਾ ਉਨ੍ਹਾਂ ਦਾ ਰਸਤਾ ਵੀ ਇੰਨਾ ਸੁਖਾਲ਼ਾ ਨਹੀਂ ਰਿਹਾ ਅਤੇ ਉਥੇ ਆਏ ਭਿਆਨਕ ਹੜ੍ਹਾਂ ਕਰ ਕੇ ਲਗਭਗ ਇੱਕ ਮਹੀਨੇ ਤੱਕ ਉਥੇ ਹੀ ਉਡੀਕ ਕਰਨੀ ਪਈ। ਨਿਧੀ ਨੇ ਦੱਸਿਆ,''ਕਈ ਲੋਕਾਂ ਨੇ ਸਾਨੂੰ ਰਾਇ ਦਿੱਤੀ ਕਿ ਸਾਨੂੰ ਵਾਪਸ ਪਰਤ ਜਾਣਾ ਚਾਹੀਦਾ ਹੈ ਅਤੇ ਅਗਲੇ ਸਾਲ ਦੋਬਾਰਾ ਜਤਨ ਕਰਨਾ ਚਾਹੀਦਾਾ ਹੈ। ਮੇਰੀਆਂ ਦੋਵੇਂ ਸਹੇਲੀਆਂ ਕੁੱਝ ਦਿਨਾਂ ਲਈ ਪਰਤ ਗਈਆਂ ਸਨ ਪਰ ਮੈਂ ਇਸ ਯਾਤਰਾ ਨੂੰ ਕਰਨ ਦੇ ਆਪਣੇ ਫ਼ੈਸਲੇ ਉਤੇ ਕਾਇਮ ਸਾਂ ਅਤੇ ਉਥੇ ਹੀ ਰੁਕੀ ਰਹੀ। ਆਖ਼ਰ ਕੁੱਝ ਦਿਨ ਬਾਅਦ ਰਸਤਾ ਖੁੱਲ੍ਹਣ ਉਤੇ ਮੈਂ ਇਕੱਲੀ ਹੀ ਅੱਗੇ ਵਧੀ ਅਤੇ ਮੈਂਡਲਿਨ ਪੁੱਜਣ ਉਤੇ ਰਸ਼ਮੀ ਅਤੇ ਸੌਮਿਆ ਮੁੜ ਮੇਰੇ ਨਾਲ ਆ ਕੇ ਜੁੜੀਆਂ।''

ਮਿਆਂਮਾਰ 'ਚ ਲਗਭਗ 4 ਹਫ਼ਤਿਆਂ ਤੱਕ ਰੁਕਣ ਦੇ ਚਲਦਿਆਂ ਉਨ੍ਹਾਂ ਸਾਹਮਣੇ ਵੀਜ਼ਾ ਨਾਲ ਜੁੜੇ ਮੁੱਦੇ ਆਏ ਅਤੇ ਕੁੱਝ ਦੇਸ਼ਾਂ ਵਿੱਚ ਇਸ ਦੇਰੀ ਦੇ ਚਲਦਿਆਂ ਉਨ੍ਹਾਂ ਦੀ ਵੀਜ਼ਾ ਮਿਆਦ ਵੀ ਖ਼ਤਮ ਹੋ ਗਈ। ਨਿਧੀ ਨੇ ਦੱਸਿਆ ਕਿ ਅਜਿਹੇ ਵੇਲੇ ਵੱਖੋ-ਵੱਖਰੇ ਦੇਸ਼ਾਂ ਵਿੱਚ ਮੌਜੂਦ ਦੂਤਾਵਾਸਾਂ/ਸਫ਼ਾਰਤਖਾਨਿਆਂ ਅਤੇ ਉਥੋਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਭਰਪੂਰ ਮਦਦ ਦੇ ਚਲਦਿਆਂ ਉਹ ਸਾਹਮਣੇ ਆਈਆਂ ਅਜਿਹੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਆਪਣੀ ਇਸ ਯਾਤਰਾ ਨੂੰ ਪੂਰਾ ਕਰਨ ਵਿੱਚ ਸਫ਼ਲ ਰਹੇ।

image


ਨਿਧੀ ਨੇ ਦੱਸਿਆ,''ਇਸ ਤਰ੍ਹਾਂ ਸਫ਼ਰ ਦਾ ਸਿੱਧਾ ਜਿਹਾ ਮਤਲਬ ਜ਼ਿਆਦਾਤਰ ਉਜਾੜ ਖੇਤਰਾਂ 'ਚੋਂ ਲੰਘਣ ਤੋਂ ਇਲਾਵਾ ਟੁੱਟੀਆਂ ਫੁੱਟੀਆਂ ਸੜਕਾਂ, ਚੱਟਾਨੀ ਖੇਤਰਾਂ, ਜੰਗਲ਼ਾਂ, ਦਰਿਆਵਾਂ ਅਤੇ ਨਾਲ਼ਿਆਂ ਤੋਂ ਇਲਾਵਾ ਬਿਲਕੁਲ ਹੀ ਕੁੱਝ ਖ਼ਤਰਨਾਕ ਖੇਤਰਾਂ ਵਿਚੋਂ ਦੀ ਯਾਤਰਾ ਕਰਨ ਦਾ ਹੈ, ਜੋ ਕਾਫ਼ੀ ਦਿਲਚਸਪ ਹੋਣ ਦੇ ਨਾਲ-ਨਾਲ ਕਈ ਮੌਕਿਆਂ ਉਤੇ ਬਹੁਤ ਹੀ ਜੋਖਮ ਭਰਿਆ ਵੀ ਸਿੱਧ ਹੋ ਸਕਦਾ ਹੈ। ਪਰ ਮੈਂ ਬਚਪਨ ਤੋਂ ਹੀ ਅਜਿਹਾ ਕਰਨ ਵਾਲੀ ਜ਼ਿੱਦੀ ਅਤੇ ਨਿਡਰ ਰਹੀ ਹਾਂ ਅਤੇ ਮੇਰੇ ਮਾਪਿਆਂ ਨੇ ਮੈਨੂੰ ਸਦਾ ਅੱਗੇ ਵਧਣ ਲਈ ਹੀ ਪ੍ਰੇਰਿਤ ਕੀਤਾ ਹੈ। ਇਸ ਤੋਂ ਇਲਾਵਾ ਇੱਕ ਫ਼ੌਜੀ ਪਤੀ ਨੇ ਮੈਨੂੰ ਅਜਿਹੇ ਕੰਮ ਕਰਨ ਦੀ ਹੋਰ ਵੀ ਪ੍ਰੇਰਣਾ ਮਿਲੀ।''

ਨਿਧੀ ਨੇ ਦੱਸਿਆ ਕਿ ਇਸ ਪੂਰੀ ਯਾਤਰਾ ਦੌਰਾਨ ਉਨ੍ਹਾਂ ਦਾ 8 ਲੱਖ ਰੁਪਏ ਪ੍ਰਤੀ ਵਿਅਕਤੀ ਦਾ ਖ਼ਰਚਾ ਆਇਆ, ਜੋ ਪ੍ਰਾਯੋਜਕਾਂ ਵੱਲੋਂ ਖ਼ਰਚ ਕੀਤੀ ਰਕਮ ਤੋਂ ਬਿਲਕੁਲ ਵੱਖ ਹੈ। ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਨਿਧੀ ਨੇ ਦੱਸਿਆ,''ਸਾਡਾ ਇਰਾਦਾ ਆਉਣ ਵਾਲੇ ਦਿਨਾਂ ਵਿੱਚ 'ਵੋਮੈਨ ਬਿਓਂਡ ਬਾਊਂਡਰੀਜ਼' ਦਾ ਵਿਸਥਾਰ ਕਰਦਿਆਂ ਹੋਰ ਵੀ ਵੱਧ ਔਰਤਾਂ ਨੂੰ ਆਪਣੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਡਰਾਈਵਿੰਗ ਲਈ ਪ੍ਰੇਰਿਤ ਕਰਨਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਲੰਡਨ ਤੱਕ ਦਾ ਸਫ਼ਰ ਸਫ਼ਲਤਾਪੂਰਬਕ ਕਰਨ ਤੋਂ ਬਾਅਦ ਅਸੀਂ ਅਜਿਹੀਆਂ ਹੀ ਕੁੱਝ ਹੋਰ ਮੁਹਿੰਮਾਂ ਦੀ ਯੋਜਨਾ ਬਾਰੇ ਵੀ ਵਿਚਾਰ ਕਰ ਰਹੇ ਹਾਂ।''

ਨਿਧੀ ਨੇ ਕਿਹਾ,''ਯਾਤਰਾਵਾਂ ਦਾ ਵਾਸਤਾ ਸ਼ਾਇਦ ਹੀ ਕਦੇ ਉਨ੍ਹਾਂ ਦੌਰਾਨ ਤੈਅ ਕੀਤੀ ਜਾਣ ਵਾਲੀ ਦੂਰੀ ਨਾਲ ਰਹਿੰਦਾ ਹੋਵੇ। ਉਹ ਤਾਂ ਕੇਵਲ ਤਜਰਬਿਆਂ, ਦ੍ਰਿਸ਼ਾਂ, ਮਾਨਸਿਕ ਅਤੇ ਸਰੀਰਕ ਸਮਰੱਥਾਵਾਂ ਬਾਰੇ ਹੈ। ਯਾਤਰਾਵਾਂ ਦਾ ਮਤਲਬ ਆਪਣੀਆਂ ਸਮਰੱਥਾਵਾਂ ਨੂੰ ਪਛਾਣਦਿਆਂ ਆਪਣੇ ਲਈ ਨਿੱਤ ਨਵੇਂ ਟੀਚੇ ਨਿਰਧਾਰਤ ਕਰਨ ਅਤੇ ਫਿਰ ਉਨ੍ਹਾਂ ਨੂੰ ਹਾਸਲ ਕਰਨ ਲਈ ਖ਼ੁਦ ਨੂੰ ਪ੍ਰੇਰਿਤ ਕਰਨਾ ਹੈ ਅਤੇ ਫਿਰ ਭਾਵੇਂ ਉਹ ਕਿੰਨੇ ਵੀ ਨਵੇਂ ਆਕਾਸ਼ ਹੋਣ, ਨਵੇਂ ਲੋਕ ਅਤੇ ਇੱਥੋਂ ਤੱਕ ਕਿ ਆਪਣੇ ਅੰਦਰ ਬਦਲਦੇ ਰਹਿਣ ਵਾਲੇ ਨਵੇਂ ਵਿਅਕਤੀਤਵ।''

ਲੇਖਕ: ਨਿਸ਼ਾਂਤ ਗੋਇਲ

ਅਨੁਵਾਦ: ਮਹਿਤਾਬ-ਉਦ-ਦੀਨ