''ਮੈਂ ਅਜਿਹਾ ਵੇਲਾ ਵੇਖਿਆ ਹੈ, ਜਦੋਂ ਖਾਣ ਨੂੰ ਵੀ ਤਰਸਦੇ ਸਾਂ ਤੇ ਜੇਬ 'ਚ ਕੇਵਲ 50 ਰੁਪਏ ਸਨ''

0

ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰ ਕੇ ਬੀਤੇ ਸਮੇਂ ਨੂੰ ਚੇਤੇ ਕਰਦਾ ਹਾਂ, ਤਾਂ ਪੁਰਾਣੇ ਸਮੇਂ ਦੀਆਂ ਯਾਦਾਂ ਦੇ ਝਰੋਖੇ 'ਚੋਂ ਇੱਕ ਯਾਦ ਮੇਰੇ ਸਾਹਮਣੇ ਆ ਜਾਂਦੀ ਹੈ। ਮੈਂ ਜ਼ਿਕਾਰਪੁਰ 'ਚ ਆਪਣੇ ਫ਼ਲੈਟ ਦੇ ਕਮਰੇ ਵਿੱਚ ਬੈਠਾ ਹਾਂ ਅਤੇ ਮੇਰੀ ਜੇਬ ਵਿੱਚ ਇੰਨੇ ਪੈਸੇ ਵੀ ਨਹੀਂ ਹਨ ਕਿ ਮੈਂ ਰਾਤ ਦਾ ਖਾਣਾ ਖਾ ਸਕਾਂ। ਮੇਰੀ ਜੇਬ ਵਿੱਚ ਕੇਵਲ 50 ਰੁਪਏ ਦਾ ਇੱਕ ਨੋਟ ਹੈ ਅਤੇ ਮੇਰੇ ਕੋਲ ਜਮ੍ਹਾ-ਪੂੰਜੀ ਦੇ ਨਾਂਅ ਉਤੇ ਸਿਰਫ਼ ਇਹੋ ਹੈ। ਮੈਂ ਉਸ ਵੇਲੇ ਪੂਰੀ ਤਰ੍ਹਾਂ ਨਿਰਾਸ਼ਾ ਵਿੱਚ ਘਿਰਿਆ ਹੋਇਆ ਸਾਂ ਕਿਉਂਕਿ ਮੈਂ ਬਕਾਇਆ ਬਿਲਾਂ ਦੇ ਭੁਗਤਾਨ ਨਾ ਕਰਨ ਤੋਂ ਇਲਾਵਾ ਬੀਤੇ ਇੱਕ ਹਫ਼ਤੇ ਤੋਂ ਆਪਣੇ ਮਕਾਨ ਮਾਲਕ ਨੂੰ ਕਿਰਾਏ ਦਾ ਭੁਗਤਾਨ ਕਰਨ ਲਈ ਕੋਈ ਨਾ ਕੋਈ ਬਹਾਨਾ ਬਣਾ ਕੇ ਟਰਕਾ ਰਿਹਾ ਸਾਂ। ਬਿਲ ਨਾ ਜਮ੍ਹਾ ਹੋਣ ਕਾਰਣ ਮੇਰੇ ਮੋਬਾਇਲ ਦੀ ਆਊਟਗੋਇੰਗ ਬੰਦ ਹੋ ਚੁੱਕੀ ਸੀ ਅਤੇ ਮੇਰੀ ਟੀਮ ਮੈਨੂੰ ਪਹਿਲਾਂ ਹੀ ਇਕੱਲਾ ਛੱਡ ਕੇ ਜਾ ਚੁੱਕੀ ਸੀ। ਅਜਿਹੀ ਹਾਲਤ ਵਿੱਚ ਜ਼ਿਆਦਾਤਰ ਲੋਕ ਮੈਨੂੰ ਇੱਕ ਮੂਰਖ ਸਮਝਦੇ ਸਨ।

ਮੈਨੂੰ ਲਗਦਾ ਹੈ ਕਿ ਉਹ ਲੋਕ ਸਹੀ ਸਨ ਅਤੇ ਅਸਲ ਵਿੱਚ ਮੈਂ ਹੀ ਦੀਵਾਨਾ ਹਾਂ। ਜਦੋਂ ਮੈਨੂੰ ਇੱਕ ਵਧੀਆ ਤਨਖ਼ਾਹ ਵਾਲੀ ਠੀਕ ਨੌਕਰੀ ਮਿਲ ਸਕਦੀ ਹੈ, ਤਾਂ ਕਿਉਂ ਮੈਂ ਕੋਈ ਉਦਮ ਖੋਲ੍ਹਣ ਜਾਂ ਚਲਾਉਣ ਦੇ ਖੇਤਰ ਵਿੱਚ ਹੱਥ-ਪੈਰ ਮਾਰ ਰਿਹਾ ਹਾਂ? ਮੈਂ ਆਸਾਨੀ ਨਾਲ ਇੱਕ ਆਰਾਮਦੇਹ ਜੀਵਨ ਜਿਉਂ ਸਕਦਾ ਹਾਂ ਅਤੇ ਮੈਂ ਭੁੱਖਾ ਅਤੇ ਨਿਰਾਸ਼ ਇੱਕ ਕਮਰੇ ਵਿੱਚ ਬੈਠਾ ਹਾਂ ਅਤੇ ਮੇਰੀ ਜੇਬ ਵਿੱਚ ਇੰਨੇ ਪੈਸੇ ਵੀ ਨਹੀਂ ਹਨ ਕਿ ਮੈਂ ਇੱਕ ਵੇਲੇ ਦਾ ਖਾਣਾ ਖ਼ਰੀਦ ਸਕਾਂ। ਮੈਂ ਆਪਣੀ ਜੇਬ ਵਿੱਚ ਰੱਖਿਆ 50 ਰੁਪਏ ਦਾ ਉਹ ਕੀਮਤੀ ਨੋਟ ਖਾਣ ਉਤੇ ਵੀ ਖ਼ਰਚ ਨਹੀਂ ਕਰ ਸਕਦਾ ਕਿਉਂਕਿ ਮੈਂ ਅਗਲੀ ਸਵੇਰ ਰਾਜਪੁਰਾ ਵਿਖੇ ਇੱਕ ਸਕੂਲ ਦੇ ਕੋਆਰਡੀਨੇਟਰ (ਤਾਲਮੇਲ ਅਧਿਕਾਰੀ) ਨੂੰ ਮਿਲਣ ਲਈ ਜਾਣਾ ਹੈ ਅਤੇ ਉਹ ਨੋਟ ਕਿਰਾਏ ਦੇ ਕੰਮ ਆਵੇਗਾ। ਮੈਂ ਉਥੇ ਇੱਕ ਜਾਣ-ਪਛਾਣ ਵਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਸੀ ਅਤੇ ਮੈਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਲੋਕ ਆਮ ਤੌਰ ਉਤੇ ਰਜਿਸਟਰੇਸ਼ਨ ਦੇ ਇੱਕ ਹਫ਼ਤੇ ਬਾਅਦ ਹੀ ਭੁਗਤਾਨ ਕਰਦੇ ਹਨ। ਮੈਂ ਖ਼ੁਦ ਵਿੱਚ ਉਸ ਕੋਆਰਡੀਨੇਟਰ ਨੂੰ ਛੇਤੀ ਭੁਗਤਾਨ ਕਰਨ ਦੇ ਬਹਾਨਿਆਂ ਬਾਰੇ ਸੋਚ ਰਿਹਾ ਸਾਂ।

ਮੈਂ ਆਪਣੀ ਘੜੀ ਵਿੱਚ ਸਵੇਰੇ 6 ਵਜੇ ਦਾ ਅਲਾਰਮ ਲਾਇਆ ਅਤੇ ਸੌਣ ਦਾ ਜਤਨ ਕਰਨ ਲੱਗਾ। ਅਗਲੀ ਸਵੇਰ ਮੈਂ ਇਸ ਅਹਿਸਾਸ ਨਾਲ ਉਠਿਆ ਕਿ ਸਭ ਕੁੱਝ ਠੀਕਠਾਕ ਹੈ। ਮੈਂ ਈਸ਼ਵਰ ਤੋਂ ਸਮਰਥਨ ਅਤੇ ਤਾਕਤ ਹਾਸਲ ਕਰਨ ਲਈ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਤਿਆਰ ਹੋ ਕੇ ਘਰੋਂ ਲਗਭਗ ਦੋ ਕਿਲੋਮੀਟਰ ਸਥਿਤ ਬੱਸ ਅੱਡੇ ਵੱਲ ਪੈਦਲ ਹੀ ਚੱਲ ਪਿਆ। ਜੀ ਹਾਂ, ਕੁੱਝ ਪੈਸੇ ਬਚਾਉਣ ਲਈ ਪੈਦਲ ਹੀ ਚੱਲ ਪਿਆ। ਮੇਰੇ ਅੰਦਰਲੀ ਊਰਜਾ ਖ਼ਤਮ ਹ ਚੁੱਕੀ ਸੀ ਪਰ ਮੇਰੇ ਦਿਲ ਵਿੱਚ ਆਸ ਸੀ ਕਿ ਛੇਤੀ ਹੀ ਹਾਲਾਤ ਬਦਲਣਗੇ ਅਤੇ ਸਥਿਤੀਆਂ ਬਿਹਤਰ ਹੋਣਗੀਆਂ। ਮੈਨੂੰ ਲੱਗਾ ਕਿ ਮੈਨੂੰ ਆਪਣੀ ਮੀਟਿੰਗ ਉਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

ਮੈਂ ਬੱਸ ਵਿੱਚ ਬੈਠਾ ਅਤੇ ਰਾਜਪੁਰਾ ਦਾ 35 ਰੁਪਏ ਦਾ ਟਿਕਟ ਲੈਣ ਤੋਂ ਬਾਅਦ ਮੇਰੀ ਜੇਬ ਵਿੱਚ ਕੇਵਲ 15 ਰੁਪਏ ਹੀ ਬਚੇ। ਇਹ ਸਕੂਲ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਹੈ ਅਤੇ ਮੈਨੂੰ ਆਸ ਹੈ ਕਿ ਬੱਸ ਮੈਨੂੰ ਸਕੂਲ ਦੇ ਗੇਟ ਉਤੇ ਹੀ ਛੱਡੇਗੀ।

ਅਚਾਨਕ ਮੈਂ ਬੱਸ ਨੂੰ ਰਾਹ ਬਦਲ ਕੇ ਹੋਰ ਵੀ ਚਿੰਤਤ ਹੋ ਉਠਦਾ ਹਾਂ। ਜਦੋਂ ਮੈਂ ਕੰਡਕਟਰ ਨੂੰ ਇਸ ਦਾ ਕਾਰਣ ਪੁੱਛਦਾ ਹਾਂ, ਤਾਂ ਉਹ ਬੱਸ ਰੁਕਵਾ ਕੇ ਮੈਨੂੰ ਉਥੇ ਹੀ ਉਤਰ ਜਾਣ ਦੀ ਸਲਾਹ ਦਿੰਦਾ ਹੈ। ਮੈਂ ਬੱਸ ਤੋਂ ਉਤਰ ਗਿਆ। ਮੈਂ ਇੱਥੋਂ ਸਕੂਲ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਇੱਕ ਸੁੰਨੇ ਰਾਜਮਾਰਗ ਉਤੇ ਇਕੱਲਾ ਖੜ੍ਹਾ ਇਹ ਸੋਚ ਰਿਹਾ ਸਾਂ ਕਿ ਮੈਂ ਹੁਣ ਅੱਗੇ ਕੀ ਕਰਨਾ ਹੈ। ਮੈਂ ਸੋਚਦਿਆਂ ਚੱਲਣਾ ਹੀ ਸ਼ੁਰੂ ਕੀਤਾ ਸੀ ਕਿ ਤਦ ਮੇਰੀ ਇੱਕ ਦੋਸਤ ਦਾ ਫ਼ੋਨ ਆਇਆ, ਜੋ ਮੇਰੀ ਆਰਥਿਕ ਸਥਿਤੀ ਤੋਂ ਵਾਕਫ਼ ਸੀ। ਜਦੋਂ ਮੈਂ ਉਸ ਨੂੰ ਆਪਣੀ ਮੌਜੂਦਾ ਹਾਲਤ ਤੋਂ ਜਾਣੂ ਕਰਵਾਇਆ, ਤਾਂ ਉਸ ਨੇ ਬਹੁਤ ਦੁਖੀ ਅੰਦਾਜ਼ ਵਿੱਚ ਮੈਨੂੰ ਪੁੱਛਿਆ ਕਿ ਮੈਂ ਅੱਗੇ ਦੀਆਂ ਸਥਿਤੀਆਂ ਨੂੰ ਕਿਵੇਂ ਸੰਭਾਲ਼ਾਂਗਾ।

ਮੈਂ ਉਸ ਨੂੰ ਦੱਸਿਆ ਕਿ ਜੇ ਸਕੂਲ ਦਾ ਕੋਆਰਡੀਨੇਟਰ ਛੇਤੀ ਭੁਗਤਾਨ ਦੀ ਮੇਰੀ ਪ੍ਰਾਰਥਨਾ ਪ੍ਰਵਾਨ ਕਰ ਲੈਂਦਾ ਹੈ, ਤਦ ਤਾਂ ਠੀਕ ਹੈ, ਨਹੀਂ ਮੈਨੂੰ ਵਾਪਸ ਪੈਦਲ ਚੱਲ ਕੇ ਚੰਡੀਗੜ੍ਹ ਜਾਣਾ ਹੋਵੇਗਾ ਅਤੇ ਮੁੜ ਆਪਣੇ ਭਵਿੱਖ ਦੀਆਂ ਯੋਜਨਾਵਾਂ ਉਤੇ ਵਿਚਾਰ ਕਰਨਾ ਹੋਵੇਗਾ।

ਇਹ ਸੁਣ ਕੇ ਉਸ ਨੇ ਫ਼ੋਨ ਉਤੇ ਹੀ ਰੋਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਉਸ ਨੂੰ ਚਿੰਤਾ ਨਾ ਕਰਨ ਲਈ ਸਮਝਾਉਣਾ ਪਿਆ।

ਲਗਭਗ ਇੱਕ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਮੈਨੂੰ ਇੱਕ ਸੁਹਿਰਦ ਸਕੂਟਰ ਸਵਾਰ ਮਿਲਿਆ, ਜਿਸ ਨੇ ਮੈਨੂੰ ਖ਼ੁਸ਼ੀ-ਖ਼ੁਸ਼ੀ ਲਿਫ਼ਟ ਦੇ ਦਿੱਤੀ ਅਤੇ ਉਸ ਨੇ ਮੈਨੂੰ ਬਿਲਕੁਲ ਸਕੂਲ ਦੇ ਗੇਟ ਉਤੇ ਉਤਾਰਿਆ। ਭਗਵਾਨ ਸ਼ਿਵ ਤੋਂ ਸਭ ਕੁੱਝ ਠੀਕ ਕਰਨ ਦੀ ਅਰਦਾਸ ਕਰਦਿਆਂ ਮੈਂ ਅੰਦਰ ਦਾਖ਼ਲ ਹੋ ਗਿਆ।

ਮੈਂ ਭਵਿੱਖ ਦੀਆਂ ਰਣਨੀਤੀਆਂ ਬਣਾਉਂਦਿਆਂ ਸਕੂਲ ਅੰਦਰ ਦਾਖ਼ਲ ਹੋ ਗਿਆ। ਜੇ ਸਕੂਲ ਦਾ ਤਾਲਮੇਲ ਅਧਿਕਾਰੀ ਮੈਨੂੰ ਅਗਲੇ ਹਫ਼ਤੇ ਆ ਕੇ ਭੁਗਤਾਨ ਲੈਣ ਲਈ ਆਖਦਾ, ਤਾਂ ਮੈਂ ਉਸ ਨੂੰ ਆਖਦਾ ਕਿ ਮੈਂ ਆਪਣਾ ਬਟੂਆ ਘਰ ਭੁੱਲ ਆਇਆ ਹਾਂ ਅਤੇ ਉਸ ਨੂੰ 500 ਰੁਪਏ ਉਧਾਰ ਦੇਣ ਦੀ ਬੇਨਤੀ ਕਰਦਾ। ਜਾਂ ਮੈਂ ਉਸ ਨੂੰ ਕਹਿੰਦਾ ਕਿ ਕਿਉਂਕਿ ਸਕੂਲ ਦੇ ਨੇੜੇ-ਤੇੜੇ ਕੋਈ ਏ.ਟੀ.ਐਮ. ਨਹੀਂ, ਇਸ ਲਈ ਮੈਂ ਪੈਸੇ ਨਹੀਂ ਕਢਵਾ ਸਕਿਆ ਅਤੇ ਉਹ ਘੱਟੋ-ਘੱਟ ਇੰਨੇ ਪੈਸੇ ਤਾਂ ਦੇ ਦੇਵੇ ਕਿ ਮੈਂ ਘਰ ਤੱਕ ਪੁੱਜਸਕਾਂ। ਉਨ੍ਹਾਂ ਦੇ ਕੈਬਿਨ ਵਿੱਚ ਬਹਿ ਕੇ ਉਨ੍ਹਾਂ ਦੀ ਉਡੀਕ ਕਰਦੇ ਸਮੇਂ ਮੇਰੇ ਦਿਲ-ਦਿਮਾਗ਼ ਵਿੱਚ ਇਹ ਸਾਰੇ ਵਿਚਾਰ ਹੰਗਾਮਾ ਖੜ੍ਹਾ ਕਰ ਰਹੇ ਸਨ, ਜਦੋਂ ਉਹ ਅੰਦਰ ਦਾਖ਼ਲ ਹੋਏ। ਅਤੇ ਉਨ੍ਹਾਂ ਵੱਲੋਂ ਆਖੇ ਗਏ ਪਹਿਲੇ ਸ਼ਬਦਾਂ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ।

ਉਨ੍ਹਾਂ ਆਉਂਦਿਆਂ ਹੀ ਕਿਹਾ,''ਕਸ਼ਿਤਿਜ ਤੁਸੀਂ ਇੱਥੇ ਆਏ, ਮੈਨੂੰ ਬਹੁਤ ਵਧੀਆ ਲੱਗਾ। ਸਾਡੇ ਵੱਲੋਂ ਹੁਣ ਤੱਕ ਇਕੱਠੇ ਕੀਤੇ ਗਏ 25 ਹਜ਼ਾਰ ਰੁਪਏ ਤੁਸੀਂ ਲਿਜਾ ਸਕਦੇ ਹੋ।'' ਯਕੀਨ ਮੰਨੋ, ਇਹ ਸੁਣਦਿਆਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ।