ਕਰਾਮਾਤੀ ਘੜੀ ਬਣਾ ਕੇ ਸਮੇਂ ਨੂੰ ਆਪਣਾ ਬਣਾਇਆ ਸਿਧਾਂਤ ਵਤਸ ਨੇ

0

ਭਾਰਤ ਦੇ ਮਸ਼ਹੂਰ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਸ੍ਰੀ ਏ.ਪੀ.ਜੇ. ਅਬਦੁਲ ਕਲਾਮ ਨੇ ਸੁਫ਼ਨਿਆਂ ਬਾਰੇ ਕਿਹਾ ਹੈ ਕਿ ''ਸੁਫ਼ਨੇ ਉਹ ਨਹੀਂ ਹੁੰਦੇ, ਜੋ ਤੁਹਾਨੂੰ ਰਾਤੀਂ ਸੌਂਦੇ ਸਮੇਂ ਨੀਂਦ ਵਿੱਚ ਆਵੇ, ਪਰ ਸੁਫ਼ਨੇ ਉਹ ਹੁੰਦੇ ਹਨ, ਜੋ ਰਾਤ ਸਮੇਂ ਸੌਣ ਨਾ ਦੇਣ।''

ਅਜਿਹੇ ਹੀ ਸੁਫ਼ਨੇ ਵੇਖਣ ਵਾਲੇ ਇੱਕ ਸ਼ਖ਼ਸ ਦਾ ਨਾਮ ਹੈ ਸਿਧਾਂਤ ਵਤਸ। ਬਿਹਾਰ ਦੀ ਰਾਜਧਾਨੀ ਪਟਨਾ ਦੇ ਰਹਿਣ ਵਾਲੇ ਸਿਧਾਂਤ ਵਤਸ ਦੀ ਉਮਰ 19 ਸਾਲ ਹੈ ਪਰ ਉਨ੍ਹਾਂ ਜੋ ਖੋਜ ਕੀਤੀ ਹੈ, ਉਸ ਨਾਲ ਉਨ੍ਹਾਂ ਦੀ ਪ੍ਰਸਿੱਧੀ ਦੁਨੀਆਂ ਭਰ ਵਿੱਚ ਫੈਲ ਗਈ।

ਸਿਧਾਂਤ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਮੋਬਾਇਲ ਫ਼ੋਨ, ਕੰਪਿਊਟਰ ਅਤੇ ਜੀ.ਪੀ.ਐਸ. ਪ੍ਰਣਾਲੀ ਵਾਲੀ ਐਂਡਰਾੱਇਡ ਘੜੀ ਦੀ ਖੋਜ ਕੀਤੀ। ਇਹ ਕੋਈ ਮਾਮੂਲੀ ਘੜੀ ਨਹੀਂ ਹੈ। ਇਹ ਕਰਾਮਾਤੀ ਘੜੀ ਹੈ ਅਤੇ ਆਪਣੀ ਕਿਸਮ ਦੀ ਪਹਿਲੀ ਵੀ। ਇਸ ਘੜੀ ਕਾਰਣ ਦੁਨੀਆਂ ਭਰ ਵਿੱਚ ਇੱਕ ਨਵੀਂ ਕ੍ਰਾਂਤੀ ਆਈ। ਲੋਕਾਂ ਨੂੰ ਇੱਕ ਨਵੀਂ ਅਤੇ ਅਦਭੁਤ ਸੁਵਿਧਾ ਮਿਲੀ। ਗੁੱਟ ਉਤੇ ਪਹਿਨੀ ਜਾਣ ਵਾਲੀ ਇਹ ਘੜੀ ਕਾਫ਼ੀ ਲਾਭਦਾਇਕ ਹੈ ਅਤੇ ਉਸ ਦੇ ਕਈ ਫ਼ਾਇਦੇ ਹਨ।

ਇਹ ਘੜੀ ਆਪਣੇ-ਆਪ ਵਿੱਚ ਇੱਕ ਮੋਬਾਇਲ ਫ਼ੋਨ ਅਤੇ ਕੰਪਿਊਟਰ ਸਿਸਟਮ ਹਨ ਅਤੇ ਇੱਥੇ ਸਾਰੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਭਾਵ ਈ-ਮੇਲ, ਡਾਕਯੂਮੈਂਟਸ, ਕੰਟੈਕਟ ਜਿਹੇ ਮੋਬਾਇਲ ਫ਼ੋਨ, ਕੰਪਿਊਟਰ ਸਿਸਟਮ ਦੇ ਸਾਰੇ ਫ਼ੀਚਰ ਸੁੰਗੇੜ ਕੇ ਇੱਕ ਘੜੀ ਵਿੱਚ ਸਮਾ ਦਿੱਤੇ ਗਏ ਹਨ। ਇੱਕ ਅਰਥਾਂ ਵਿੱਚ ਮੋਬਾਇਲ ਫ਼ੋਨ ਅਤੇ ਕੰਪਿਊਟਰ ਇਨਸਾਨ ਦੇ ਗੁੱਟ ਉਤੇ ਬੱਝ ਗਿਆ ਹੈ। ਸਮਾਰਟ ਵਾਚ ਦੇ ਨਾਂਅ ਉਤੇ ਮਸ਼ਹੂਰ ਹੋਈ ਇਸ ਘੜੀ ਕਾਰਣ ਲੋਕ ਹੁਣੇ ਚਲਦੇ-ਫਿਰਦੇ, ਉਠਦੇ-ਬੈਠਦੇ ਮੋਬਾਇਲ ਫ਼ੋਨ ਉਤੇ ਕੰਪਿਊਟਰ ਉਤੇ ਕੀਤੇ ਜਾਣ ਵਾਲੇ ਸਾਰੇ ਕੰਮ ਕਰ ਸਕਦੇ ਹਨ।

ਗੁੱਟ ਉਤੇ ਲੱਗੀ ਸਮਾਰਟ ਵਾਚ ਉਤੇ ਇੱਕ ਉਂਗਲ ਦੀ ਚਾਲ ਨਾਲ ਕੋਈ ਵੀ ਈ-ਮੇਲ ਭੇਜ ਸਕਦਾ ਹੈ, ਫ਼ੋਨ ਕਰ ਸਕਦਾ ਹੈ। ਮੋਬਾਇਲ ਫ਼ੋਨ ਅਤੇ ਕੰਪਿਊਟਰ ਉਤੇ ਹੋਣ ਵਾਲੇ ਹਰ ਕੰਮ ਕਰ ਸਕਦਾ ਹੈ। ਇਹ ਘੜੀ ਮੈਪ ਅਤੇ ਜੀ.ਪੀ.ਐਸ. ਸੁਵਿਧਾ ਨਾਲ ਵੀ ਲੈਸ ਹੈ। ਭਾਵ ਫ਼ੋਨ ਕਰਨ ਤੋਂ ਲੈ ਕੇ ਇੰਟਰਨੈਟ ਦੀ ਵਰਤੋਂ ਅਤੇ ਕੈਮਰਾ ਵੀ ਗੁੱਟ ਉਤੇ ਹੀ ਮੌਜੂਦ ਹੈ। ਇਸ ਖੋਜ ਨੇ ਗੈਜੇਟਸ ਅਤੇ ਸਮਾਰਟ ਫ਼ੋਨ ਦੀ ਦੁਨੀਆਂ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ ਅਤੇ ਹੁਣ ਇਸ ਘੜੀ ਦੀ ਵਰਤੋਂ ਦੁਨੀਆਂ ਦੇ ਅੱਧੇ ਤੋਂ ਵੱਧ ਦੇਸ਼ਾਂ ਵਿੱਚ ਹੋ ਰਹੀ ਹੈ।

ਮਹੱਤਵਪੂਰਣ ਗੱਲ ਇਹ ਵੀ ਹੈ ਕਿ ਇਸ ਖੋਜ ਦਾ ਜਨਕ ਕੋਈ ਪੱਛਮੀ ਵਿਗਿਆਨੀ ਨਹੀਂ ਹੈ। ਨਾ ਹੀ ਆੱਕਸਫ਼ੋਰਡ, ਕੈਂਬ੍ਰਿਜ ਜਿਹੀਆਂ ਯੂਨੀਵਰਸਿਟੀਜ਼ ਵਿੱਚ ਪੜ੍ਹਨ ਵਾਲਾ ਕੋਈ ਵਿਦਵਾਨ। ਇਸ ਖੋਜ ਦਾ ਸਿਰਜਕ ਉਹ ਸੁਫ਼ਨੇ ਵੇਖਣ ਵਾਲਾ ਸ਼ਖ਼ਸ ਹੈ, ਜੋ ਰਾਤ ਨੂੰ ਨਹੀਂ ਆਉਂਦੇ, ਸਗੋਂ ਜਦੋਂ ਆਉਂਦੇ ਹਨ, ਤਾਂ ਨੀਂਦਰ ਉਡਾ ਦਿੰਦੇ ਹਨ ਅਤੇ ਸੌਣ ਨਹੀਂ ਦਿੰਦੇ।

ਇੱਕ ਖੋਜ ਨੇ ਪਟਨਾ ਦੇ ਇੱਕ ਨੌਜਵਾਨ ਨੂੰ ਕੁੱਝ ਹੀ ਦਿਨਾਂ ਵਿੱਚ ਦੁਨੀਆਂ ਭਰ 'ਚ ਮਸ਼ਹੂਰ ਕਰ ਦਿੱਤਾ। ਇਸੇ ਖੋਜ ਨੇ ਸਿਧਾਂਤ ਨੂੰ 'ਯੂਥ ਆਇਕੌਨ' ਬਣਾ ਦਿੱਤਾ। ਦੁਨੀਆਂ ਭਰ ਦੀਆਂ ਵਿਭਿੰਨ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨ ਅਤੇ ਪੁਰਸਕਾਰ ਦਿੱਤੇ।

ਸਿਧਾਂਤ ਨੂੰ ਦੁਨੀਆਂ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਹੋਏ ਬਿਜ਼ਨੇਸ ਮੀਟ ਅਤੇ ਦੂਜੇ ਸਮਾਰੋਹਾਂ 'ਚ ਵਿਆਖਿਆਨ ਲਈ ਸੱਦਿਆ ਜਾਣ ਲੱਗਾ। ਸਿਧਾਂਤ ਨੇ ਦੁਨੀਆਂ ਵਿੱਚ ਕਈ ਥਾਵਾਂ ਉਤੇ ਵਿਸ਼ਵ-ਪ੍ਰਸਿੱਧ ਬਹੁ-ਕੌਮੀ ਕੰਪਨੀਆਂ ਦੇ ਮਹਾਂਰਥੀਆਂ ਵਿਚਾਲੇ ਆਪਣੇ ਦੇਸ਼ ਅਤੇ ਦੁਨੀਆਂ ਦੇ ਵਿਕਾਸ ਨੂੰ ਲੈ ਕੇ ਆਪਣੇ ਸੁਫ਼ਨੇ ਅਤੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਵਿਚਾਰਾਂ ਨੂੰ ਕਈ ਕੌਮਾਂਤਰੀ ਮੰਚਾਂ ਉਤੇ ਸਲਾਹਿਆ ਗਿਆ। ਸਿਧਾਂਤ ਦੀ ਖੋਜ ਨੂੰ ਹਾਲੀਆ ਦਿਨਾਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਸ੍ਰੇਸ਼ਠ ਖੋਜਾਂ ਵਿੱਚ ਗਿਣਿਆ ਜਾਣ ਲੱਗਾ।

ਖ਼ਾਸ ਗੱਲ ਇਹ ਵੀ ਹੈ ਕਿ ਇਸ ਖੋਜ ਲਈ ਸਿਧਾਂਤ ਨੇ ਬਹੁਤ ਮਿਹਨਤ ਕੀਤੀ। ਉਨ੍ਹਾਂ ਨੂੰ ਕਈ ਤਿਆਗ ਕਰਨੇ ਪਏ।

ਸਿਧਾਂਤ ਨੂੰ ਬਚਪਨ ਤੋਂ ਹੀ ਵਿਗਿਆਨ ਅਤੇ ਤਕਨਾਲੋਜੀ ਵਿੱਚ ਦਿਲਚਸਪੀ ਸੀ। ਬਚਪਨ ਤੋਂ ਹੀ ਉਨ੍ਹਾਂ ਦਾ ਮਨ ਨਵੀਂ ਖੋਜ ਕਰਨ ਜਾਂ ਫਿਰ ਕੋਈ ਨਵੀਂ ਖੋਜ ਕਰਨ ਵਿੱਚ ਲੱਗ ਗਿਆ।

ਸਿਧਾਂਤ ਕੋਈ ਵੱਡੀ ਖੋਜ ਕਰਨ ਦੇ ਸੁਫ਼ਨੇ ਵੇਖਦੇ। ਸੁਫ਼ਨਿਆਂ ਵਿੱਚ ਨਵੀਂ ਖੋਜ ਤੋਂ ਇਲਾਵਾ ਕੁੱਝ ਹੋਰ ਨਹੀਂ ਹੁੰਦਾ।

ਆਪਣੇ ਸੁਫ਼ਨੇ ਸਾਕਾਰ ਕਰਨ ਲਈ ਸਿਧਾਂਤ ਨੇ ਸਕੂਲੀ ਪੜ੍ਹਾਈ ਵਿਚਾਲੇ ਹੀ ਰੋਕ ਦਿੱਤੀ। ਪਹਿਲਾਂ ਤਾਂ ਮਾਪਿਆਂ ਨੂੰ ਸਿਧਾਂਤ ਦੇ ਫ਼ੈਸਲਿਆਂ ਉਤੇ ਬਹੁਤ ਹੈਰਾਨੀ ਹੋਈ ਪਰ ਬਾਅਦ 'ਚ ਉਨ੍ਹਾਂ ਨੇ ਸਿਧਾਂਤ ਦਾ ਖ਼ੂਬ ਸਾਥ ਦਿੱਤਾ। ਉਹ ਛੇਤੀ ਹੀ ਜਾਣ ਗਏ ਕਿ ਸਿਧਾਂਤ ਵਿੱਚ ਪ੍ਰਤਿਭਾ ਹੈ ਅਤੇ ਉਨ੍ਹਾਂ ਵਿੱਚ ਕੁੱਝ ਨਵਾਂ ਅਤੇ ਵੱਡਾ ਕਰਨ ਦੀ ਯੋਗਤਾ ਵੀ। ਮਾਤਾ-ਪਿਤਾ ਨੇ ਸਿਧਾਂਤ ਨੂੰ ਕਦੇ ਨਿਰਾਸ਼ ਨਹੀਂ ਕੀਤਾ ਅਤੇ ਸਦਾ ਉਨ੍ਹਾਂ ਦੇ ਫ਼ੈਸਲਿਆਂ ਦੀ ਹਮਾਇਤ ਕਰ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ।

17 ਸਾਲ ਦੀ ਉਮਰ ਵਿੱਚ ਸਿਧਾਂਤ ਨੇ ਆਪਣੀ ਕੰਪਨੀ 'ਐਂਡਰਾਇਡਲੀ ਸਿਸਟਮ' ਖੋਲ੍ਹ ਲਈ ਸੀ। ਆਪਣੇ ਤਿੰਨ ਸਾਥੀਆਂ ਦੀ ਮਦਦ ਨਾਲ ਸਿਧਾਂਤ ਨੇ ਦੁਨੀਆਂ ਦੇ ਪਹਿਲੇ ਐਂਡਰਾੱਇਡ ਸਮਾਰਟ ਦੀ ਖੋਜ ਕਰ ਦਿੱਤੀ ਸੀ।

ਸਿਧਾਂਤ ਦੀ ਕਾਮਯਾਬੀ ਦਾ ਵੱਡਾ ਕਾਰਣ ਰਿਹਾ - ਆਪਣੇ ਸੁਫ਼ਨੇ ਸਾਕਾਰ ਕਰਨ ਲਈ ਦਿਨ-ਰਾਤ ਮਿਹਨਤ ਕਰਨਾ। ਸਿਧਾਂਤ ਖ਼ੁਦ ਇਹ ਕਹਿੰਦੇ ਹਨ ਕਿ ਸੁਫ਼ਨੇ ਵੇਖਣਾ ਉਨ੍ਹਾਂ ਦੀ ਆਦਤ ਹੈ ਅਤੇ ਜਦੋਂ ਤੱਕ ਸੁਫ਼ਨਾ ਸਾਕਾਰ ਨਹੀਂ ਹੋ ਜਾਂਦਾ, ਉਨ੍ਹਾਂ ਨੂੰ ਚੈਨ ਦੀ ਨੀਂਦਰ ਨਹੀਂ ਆਉਂਦੀ। ਸੁਫ਼ਨਿਆਂ ਨੇ ਹੀ ਉਨ੍ਹਾਂ ਨੂੰ ਇੱਕ ਉਦਮੀ ਬਣਾਇਆ। ਸੁਫ਼ਨਿਆਂ ਨੇ ਹੀ ਉਨ੍ਹਾਂ ਨੂੰ ਮਿਹਨਤ ਕਰਨਾ ਅਤੇ ਜ਼ਿੰਦਗੀ ਵਿੱਚ ਖ਼ਤਰੇ ਮੁੱਲ ਲੈਣਾ ਸਿਖਾਇਆ।

ਨੌਜਵਾਨ ਉਦਮੀ ਸਿਧਾਂਤ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਉਹ ਨਿਯਮਾਂ ਦੇ ਘੇਰੇ ਵਿੱਚ ਰਹਿ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਕੁੱਝ ਵੱਖਰਾ ਅਤੇ ਵੱਡਾ ਕਰਨਾ ਹੈ, ਤਾਂ ਆਮ ਨਿਯਮਾਂ ਦੇ ਘੇਰੇ ਤੋਂ ਹਟਣਾ ਹੋਵੇਗਾ।

ਫ਼ਿਲਮਾਂ ਦੇ ਦੀਵਾਨੇ ਸਿਧਾਂਤ ਦਾ ਇਹ ਵੀ ਮੰਨਣਾ ਹੈ ਕਿ ਹਰ ਚੀਜ਼ ਦਾ ਅੰਤ ਬਾੱਲੀਵੁੱਡ ਦੀਆਂ ਫ਼ਿਲਮਾਂ ਦੇ ਅੰਤ ਵਾਂਗ ਹੀ ਹੋਣਾ ਚਾਹੀਦਾ ਹੈ, ਭਾਵ ਅੰਤ ਸੁਖਾਵਾਂ ਹੋਣਾ ਚਾਹੀਦਾ ਹੈ। ਅੰਤ ਭਲਾ ਤਾਂ ਸਭ ਭਲਾ। ਸਿਧਾਂਤ ਦੀ ਰਾਇ ਵਿੱਚ ਜੇ ਅੰਤ ਭਲਾ ਅਤੇ ਸੁਖਾਵਾਂ ਨਹੀਂ ਹੈ, ਤਾਂ ਫ਼ਿਲਮ ਦਾ ਅੰਤ ਨਹੀਂ ਹੋਇਆ ਹੈ। ਫ਼ਿਲਮ ਜਦੋਂ ਤੱਕ ਜਾਰੀ ਰਹੇਗੀ, ਤਦ ਤੱਕ ਅੰਤ ਸੁਖਾਵਾਂ ਨਹੀਂ ਹੁੰਦਾ। ਆਪਣੇ ਜੀਵਨ ਨੂੰ ਵੀ ਕੁੱਝ ਇਸੇ ਅੰਦਾਜ਼ ਵਿੱਚ ਢਾਲ਼ਿਆ ਹੈ ਸਿਧਾਂਤ ਨੇ। ਉਹ ਤਦ ਤੱਕ ਆਪਣਾ ਸੰਘਰਸ਼ ਜਾਰੀ ਰਖਦੇ ਹਨ, ਤਦ ਤੱਕ ਉਨ੍ਹਾਂ ਨੂੰ ਆਸ ਅਨੁਸਾਰ ਕਾਮਯਾਬੀ ਨਹੀਂ ਮਿਲਦੀ।

ਸਿਧਾਂਤ ਅਨੁਸਾਰ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਇੱਕੋ ਹੀ ਕੰਮ ਕਰਨ ਵਿੱਚ ਮਜ਼ਾ ਨਹੀਂ ਆਉਂਦਾ। ਉਨ੍ਹਾਂ ਵੱਖ-ਵੱਖ ਕੰਮ ਕਰਨ ਅਤੇ ਨਵੇਂ-ਨਵੇਂ ਪ੍ਰਯੋਗ ਕਰਨ ਵਿੱਚ ਆਨੰਦ ਮਿਲਦਾ ਹੈ। ਜੋ ਮਨ ਵਿੱਚ ਆਉਂਦਾ ਹੈ, ਉਸੇ ਨੂੰ ਕਰਨ ਦੀ ਇੱਛਾ ਹੁੰਦੀ ਹੈ। ਇੱਛਾ ਅਕਸਰ ਸੁਫ਼ਨਾ ਬਣਦੀ ਹੈ ਅਤੇ ਸਿਧਾਂਤ ਸੁਫ਼ਨਿਆਂ ਪਿੱਛੇ ਨੱਸਣ ਲਗਦੇ ਹਨ। ਸੁਫ਼ਨਿਆਂ ਦੇ ਪਿੱਛੇ ਨੱਸਦੇ-ਨੱਸਦੇ ਹੀ ਸਿਧਾਂਤ ਕਾਮਯਾਬੀ ਦੀ ਰਾਹ ਉਤੇ ਚੱਲ ਪੈਂਦੇ ਹਨ।

ਆਪਣੀ ਕਾਮਯਾਬੀ ਦੇ ਸਿਲਸਿਲੇ ਵਿੱਚ ਜਾਣਕਾਰੀ ਦਿੰਦੇ-ਦਿੰਦੇ ਸਿਧਾਂਤ ਇੱਕ ਹੋਰ ਦਿਲਚਸਪ ਗੱਲ ਦਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਭ ਤੋਂ ਵੱਡੀ ਸਮੱਸਿਆ ਗੁਆਂਢੀਆਂ ਅਤੇ ਪਰਿਵਾਰਕ ਦੋਸਤਾਂ ਨਾਲ ਹੁੰਦੀ ਹੈ। ਦੋਵੇਂ - ਗੁਆਂਢੀ ਅਤੇ ਪਰਿਵਾਰਕ ਦੋਸਤ ਅਕਸਰ ਲੋਕਾਂ ਨੂੰ ਨਿਰਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੂੰ ਕੋਈ ਵੀ ਨਵਾਂ ਵਿਚਾਰ ਜਾਂ ਨਵੀਂ ਯੋਜਨਾ ਦੱਸੋ, ਉਹ ਤੁਹਾਨੂੰ ਅਜਿਹੀਆਂ ਗੱਲਾਂ ਆਖਣਗੇ, ਜਿਸ ਤੋਂ ਤੁਸੀਂ ਨਿਰਾਸ਼ ਹੋਵੋਗੇ। ਤੁਹਾਨੂੰ ਲੱਗਣ ਲੱਗੇਗਾ ਕਿ ਤੁਹਾਡਾ ਵਿਚਾਰ ਗ਼ਲਤ ਹੈ ਅਤੇ ਤੁਹਾਡੀ ਯੋਜਨਾ ਕਾਮਯਾਬ ਹੋ ਹੀ ਨਹੀਂ ਸਕਦੀ। ਇੰਨਾ ਹੀ ਨਹੀਂ, ਜੋ ਨਵੀਂ ਸਲਾਹ ਗੁਆਂਢੀ ਅਤੇ ਪਰਿਵਾਰਕ ਰਿਸ਼ਤੇਦਾਰ ਤੁਹਾਨੂੰ ਦੇਣਗੇ, ਉਸ ਨਾਲ ਤੁਸੀਂ ਉਲਝ ਵੀ ਜਾਓਗੇ।

ਸਿਧਾਂਤ ਨੇ ਹੁਣ ਵੀ ਸੁਫ਼ਨੇ ਵੇਖਣਾ ਬੰਦ ਨਹੀਂ ਕੀਤਾ। ਉਹ 'ਸਮਾਰਟ ਵਾਚ' ਤੋਂ ਵੀ ਵੱਡੀ ਖੋਜ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ।

ਬਾਜ਼ਾਰ ਵਿੱਚ ਨਵੇਂ-ਨਵੇਂ ਉਤਪਾਦ ਲਿਆਉਣ ਦੀ ਉਨ੍ਹਾਂ ਦੀ ਕੋਸ਼ਿਸ਼ ਜਾਰੀ ਹੈ। 19 ਸਾਲ ਦੀ ਉਮਰ ਵਿੱਚ ਹੀ ਉਹ ਇੱਕ ਸਫ਼ਲ ਵਿਗਿਆਨੀ ਹੀ ਨਹੀਂ, ਸਗੋਂ ਇੱਕ ਕਾਰੋਬਾਰੀ ਅਤੇ ਉਦਮੀ ਵਜੋਂ ਖ਼ੁਦ ਨੂੰ ਸਥਾਪਤ ਕਰ ਚੁੱਕੇ ਹਨ।

ਸਿਧਾਂਤ ਨੇ ਸਮਾਜ ਸੇਵਾ ਵੀ ਸ਼ੁਰੂ ਕੀਤੀ ਹੈ। ਉਹ ਇੱਕ ਗ਼ੈਰ-ਸਰਕਾਰੀ ਸੰਗਠਨ 'ਫ਼ਲਕ' ਦੇ ਵੀ ਬਾਨੀ ਹਨ। ਉਨ੍ਹਾਂ ਆਪਣੀ ਮਾਂ ਦੀ ਮਦਦ ਨਾਲ ਇਸ ਗ਼ੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਦੀ ਸ਼ੁਰੂਆਤ ਕੀਤੀ। ਸਿਧਾਂਤ ਇਸ ਐਨ.ਜੀ.ਓ. ਦੇ ਮਾਧਿਅਮ ਰਾਹੀਂ ਦੇਸ਼ ਅਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਆਪਣੇ ਉਦਮ ਅਤੇ ਖੋਜਾਂ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਲਿਆ ਹੈ। ਉਹ ਭਾਰਤ ਵਿੱਚ ਸਭਿਆਚਾਰਕ ਅਤੇ ਸਮਾਜਕ ਪਾੜ ਖ਼ਤਮ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਗ਼ਰੀਬ ਬਸਤੀਆਂ ਵਿੱਚ ਰਹਿਣ ਵਾਲੇ ਬੱਚਿਆਂ ਅਤੇ ਅਨਾਥ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ, ਤਾਂ ਜੋ ਉਹ ਵੀ ਦੇਸ਼ ਦੀ ਤਰੱਕੀ ਵਿੱਚ ਸ਼ਾਮਲ ਹੋ ਸਕਣ।