ਅਮਰੀਕਾ ਵਿੱਚ ਮੋਟੀ ਸੈਲਰੀ ਛੱਡ 'ਗੰਗਾ ਫ਼੍ਰੈਸ਼' ਤੋਂ ਸੋਲਰ ਲਾਈਟ, ਸਮਾਜ ਨੂੰ ਬਿਹਤਰ ਕਰਨ ਦਾ ਬੀੜਾ ਚੁੱਕਿਆ ਅੰਮ੍ਰਿਤਾਂਸ਼ੂ ਨੇ

ਅਮਰੀਕਾ ਵਿੱਚ ਮੋਟੀ ਸੈਲਰੀ ਛੱਡ 'ਗੰਗਾ ਫ਼੍ਰੈਸ਼' ਤੋਂ ਸੋਲਰ ਲਾਈਟ, ਸਮਾਜ ਨੂੰ ਬਿਹਤਰ ਕਰਨ ਦਾ ਬੀੜਾ ਚੁੱਕਿਆ ਅੰਮ੍ਰਿਤਾਂਸ਼ੂ ਨੇ

Tuesday March 01, 2016,

6 min Read

ਵੱਡਾ ਕੌਣ ਹੈ? ਉਹ ਜੋ ਸਹੀ ਸਮੇਂ 'ਤੇ ਸਹੀ ਕੰਮ ਕਰ ਕੇ ਅੰਜਾਮ ਤੱਕ ਪਹੁੰਚਦਾ ਹੈ ਜਾਂ ਉਹ ਜੋ ਤਮਾਮ ਮੌਕਿਆਂ ਦੇ ਬਾਅਦ ਵੀ ਆਪਣੇ ਆਪ ਨੂੰ ਕਿਤੇ ਹੋਰ ਲਾਉਂਦਾ ਹੈ। ਜ਼ਾਹਿਰ ਹੈ ਇਸ ਮਾਮਲੇ ਵਿੱਚ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ ਰਾਏ ਹੈ। ਪਰ ਇੰਨਾ ਤਾਂ ਤੈਅ ਹੈ ਕਿ ਉਹ ਵਿਅਕਤੀ ਤਾਂ ਜ਼ਰੂਰ ਦੂਜਿਆਂ ਤੋਂ ਵੱਡਾ ਹੈ ਜੋ ਆਪਣੀ ਜ਼ਿੰਦਗੀ ਦੂਜਿਆਂ ਲਈ ਲਾ ਦਿੰਦਾ ਹੈ, ਵੱਡੇ ਅਫ਼ਸਰਾਂ ਨੂੰ ਛੱਡ ਕੇ ਆਪਣੇ ਆਪ ਨੂੰ ਦੂਜਿਆਂ ਨੂੰ ਅਵਸਰ ਦੇਣ ਵਿੱਚ ਲਾ ਦਿੰਦਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੇ ਅੰਮ੍ਰਿਤਾਂਸ਼ੂ ਭਾਰਦਵਾਜ ਅਜਿਹੇ ਹੀ ਹਨ। ਪਟਨਾ ਦੇ ਐਸ.ਕੇ. ਪੁਰੀ ਇਲਾਕੇ ਵਿੱਚ ਰਹਿਣ ਵਾਲੇ ਅੰਮ੍ਰਿਤਾਂਸ਼ੂ ਭਾਰਦਵਾਜ ਅਮਰੀਕਾ ਵਿੱਚ ਆਪਣੀ ਨੌਕਰੀ ਇਸ ਲਈ ਛੱਡ ਕੇ ਵਾਪਸ ਆ ਗਏ ਤਾਂ ਕਿ ਉਨ੍ਹਾਂ ਨੂੰ ਆਪਣੀ ਮਾਤਭੂਮੀ ਅਤੇ ਇੱਥੋਂ ਦੇ ਲੋਕਾਂ ਲਈ ਕੁੱਝ ਕਰਨ ਦਾ ਮੌਕਾ ਮਿਲੇ। ਅੰਮ੍ਰਿਤਾਂਸ਼ੂ ਦੀ ਇਸੇ ਮਿਹਨਤ ਦਾ ਨਤੀਜਾ ਹੈ ਮੋਤੀਹਾਰੀ ਜ਼ਿਲ੍ਹੇ ਦਾ ਕੇਸਰੀਆ ਪਿੰਡ। ਪਹਿਲਾਂ ਹਨੇਰੇ ਵਿੱਚ ਡੁੱਬਿਆ ਇਹ ਪਿੰਡ ਅੱਜ ਰੌਸ਼ਨੀ ਨਾਲ ਸਰਾਬੋਰ ਹੈ। ਅੰਮ੍ਰਿਤਾਂਸ਼ੂ ਹਰ ਸਾਲ ਆਪਣੇ ਅਮਰੀਕੀ ਸਹਿਯੋਗੀ ਨਾਲ ਮਿਲ ਕੇ ਸੋਲਰ ਲਾਈਟ ਨਾਲ ਲੋਕਾਂ ਦੇ ਘਰਾਂ ਨੂੰ ਰੌਸ਼ਨ ਕਰਦੇ ਹਨ। ਇਹੋ ਨਹੀਂ, ਉਥੇ ਉਹ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਦੇ ਕੇ ਉਨ੍ਹਾਂ ਦੀ ਆਰਥਿਕ ਮਦਦ ਵੀ ਕਰਦੇ ਹਨ।

ਅੰਮ੍ਰਿਤਾਂਸ਼ੂ ਦਾ ਹੁਣ ਤੱਕ ਦਾ ਸਫ਼ਰਨਾਮਾ

ਪਟਨਾ ਦੇ ਗਿਆਨ ਨਿਕੇਤਨ ਤੋਂ ਆਪਣੀ ਸਿੱਖਿਆ ਪ੍ਰਾਪਤ ਕਰਨ ਵਾਲੇ ਅੰਮ੍ਰਿਤਾਂਸ਼ੂ ਦਸਦੇ ਹਨ ਕਿ ਉਹ ਬਚਪਨ ਵਿੱਚ ਪੜ੍ਹਾਈ 'ਚ ਬਹੁਤ ਵਧੀਆ ਨਹੀਂ ਸਨ। ਪੁਣੇ ਦੇ ਇਕ ਇੰਜੀਨੀਅਰਿੰਗ ਕਾਲੇਜ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਇੱਕ ਕਾੱਲ ਸੈਂਟਰ ਵਿੱਚ ਨੌਕਰੀ ਮਿਲੀ ਪਰ ਉਨ੍ਹਾਂ ਅੰਗਰੇਜ਼ੀ ਚੰਗੀ ਨਾ ਹੋਣ ਕਾਰਣ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਨੌਕਰੀ ਤੋਂ ਹਟਾਏ ਜਾਣ ਦੀ ਘਟਨਾ ਨੇ ਅੰਮ੍ਰਿਤਾਂਸ਼ੂ 'ਤੇ ਡੂੰਘਾ ਅਸਰ ਛੱਡਿਆ। ਅੰਮ੍ਰਿਤਾਂਸ਼ੂ ਨੇ ਸਖ਼ਤ ਮਿਹਨਤ ਨਾਲ ਆਪਣੀ ਅੰਗਰੇਜ਼ੀ ਅਤੇ ਆਪਣੀ ਨਾੱਲੇਜ ਨੂੰ ਵਧਾਇਆ। ਆਪਣੀ ਕਾਬੀਲੀਅਤ ਦੇ ਦਮ ਉੱਤੇ ਉਸ ਨੂੰ ਅਮਰੀਕਾ ਵਿੱਚ ਨੌਕਰੀ ਮਿਲੀ। ਕਿਉਂਕਿ ਅੰਮ੍ਰਿਤਾਂਸ਼ੂ ਨੂੰ ਆਪਣੀ ਮਿਹਨਤ ਅਤੇ ਲਗਨ 'ਤੇ ਭਰੋਸਾ ਸੀ। ਇਸ ਲਈ ਸਾਰੀਆਂ ਔਕੜਾਂ ਨੂੰ ਪਾਰ ਕੀਤਾ ਅਤੇ ਮਾਈਕ੍ਰਸਾੱਫ਼ਟ ਅਤੇ ਕੈਪਜੇਮਨੀ ਜਿਹੀਆਂ ਮਸ਼ਹੂਰ ਕੰਪਨੀਆਂ ਦੇ ਪ੍ਰਾਜੈਕਟ ਉੱਤੇ ਕੰਮ ਕੀਤਾ। ਸਾਲ 2010 ਵਿੱਚ ਅੰਮ੍ਰਿਤਾਂਸ਼ੂ ਅਮਰੀਕਾ ਚਲੇ ਗਏ। ਇਸ ਤਰ੍ਹਾਂ ਉਨ੍ਹਾਂ ਨੇ ਪੁਣੇ ਤੋਂ ਲੈ ਕੇ ਅਮਰੀਕਾ ਤੱਕ ਦਾ ਸਫ਼ਰ ਕੀਤਾ। ਆਪਣੇ ਵਧੀਆ ਕੰਮ ਕਾਰਣ ਸੰਸਥਾਨਾਂ ਨੈ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ। ਇਸੇ ਦੌਰਾਨ ਅੰਮ੍ਰਿਤਾਂਸ਼ੂ ਨਾਲ ਇੱਕ ਦੁਖਦ ਘਟਨਾ ਵਾਪਰੀ। ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸਰਕਾਰੀ ਨੌਕਰੀ ਵਿੱਚ ਸਨ, ਇਸ ਲਈ ਤਰਸ ਦੇ ਆਧਾਰ ਉੱਤੇ ਅੰਮ੍ਰਿਤਾਂਸ਼ੂ ਨੂੰ ਉਸੇ ਦਫ਼ਤਰ ਵਿੱਚ ਨੌਕਰੀ ਮਿਲ ਸਕਦੀ ਸੀ। ਲੋਕਾਂ ਨੇ ਉਨ੍ਹਾਂ ਨੂੰ ਨੌਕਰੀ ਹਾਸਲ ਕਰਨ ਦੀ ਸਲਾਹ ਦਿੱਤੀ। ਪਰ ਅੰਮ੍ਰਿਤਾਂਸ਼ੂ ਨੇ ਤੈਅ ਕੀਤਾ ਕਿ ਉਹ ਤਰਸ ਦੇ ਆਧਾਰ ਉੱਤੇ ਨੌਕਰੀ ਨਹੀਂ ਲੈਣਗੇ ਅਤੇ ਆਪਣੀ ਸਖ਼ਤ ਮਿਹਨਤ ਦੇ ਬਲਬੂਤੇ ਆਪਣਾ ਵੱਡਾ ਮੁਕਾਮ ਬਣਾਉਣਗੇ। 33 ਸਾਲਾ ਅੰਮ੍ਰਿਤਾਂਸ਼ੂ ਅਮਰੀਕਾ ਵਿੱਚ ਇੱਕ ਵੱਡੀ ਕੰਪਨੀ ਨਾਲ ਮੋਟੀ ਤਨਖ਼ਾਹ ਉੱਤੇ ਕੰਮ ਕਰ ਰਹੇ ਸਨ। ਉਥੇ ਉਨ੍ਹਾਂ ਨੂੰ ਕਈ ਸਹੂਲਤਾਂ ਮਿਲੀਆਂ ਹੋਈਆਂ ਸਨ। ਪਰ ਅੱਜ ਉਹ ਸਭ ਕੁੱਝ ਛੱਡ ਕੇ ਪਟਨਾ ਵਿੱਚ ਉੱਦਮਤਾ ਦੀ ਅਜਿਹੀ ਰਾਹ ਤਲਾਸ਼ਣ ਵਿੱਚ ਲੱਗੇ ਹਨ, ਜਿਸ ਨਾਲ ਹੋਰ ਲੋਕਾਂ ਨੂੰ ਵੀ ਆਤਮ-ਨਿਰਭਰ ਬਣਾਇਆ ਜਾਵੇ। ਇਸ ਜਤਨ ਵਿੱਚ ਉਨ੍ਹਾਂ ਨੂੰ ਕਾਫ਼ੀ ਸਫ਼ਲਤਾ ਵੀ ਮਿਲੀ ਹੈ। ਬਿਹਾਰ ਸਰਕਾਰ ਦੀ ਇੱਕ ਯੋਜਨਾ ਅਧੀਨ ਸ਼ਹਿਰ ਦੇ ਪ੍ਰਮੁੱਖ ਇਨੋਵੇਟਿਵ ਉੱਦਮੀਆਂ ਨੂੰ ਬਿਹਾਰ ਇੰਡਸਟਰੀਜ਼ ਐਸੋਸੀਏਸ਼ਨ ਵਿੱਚ ਜਗ੍ਹਾ ਦਿੱਤੀ ਜਾ ਰਹੀ ਹੈ। ਇਸ ਲਈ ਅੰਮ੍ਰਿਤਾਂਸ਼ੂ ਦੀ ਵੀ ਚੋਣ ਕੀਤੀ ਗਈ ਹੈ। ਅੱਜ ਅੰਮ੍ਰਿਤਾਂਸ਼ੂ ਨੇ ਲਗਭਗ 9 ਵਿਅਕਤੀਆਂ ਨੂੰ ਨੌਕਰੀ ਦਿੱਤੀ ਹੋਈ ਹੈ। ਉਹ ਆਪਣੇ ਸਾਥੀਆਂ ਨਾਲ ਅਜਿਹੇ ਇਨੋਵੇਟਿਵ ਕਾਰਜ ਕਰਨ ਵਿੱਚ ਲੱਗੇ ਹੋਏ ਹਨ, ਜਿਸ ਨਾਲ ਰਾਜ ਨੂੰ ਉਨ੍ਹਾਂ ਉੱਤੇ ਮਾਣ ਹੋਵੇਗਾ।

image


ਗੰਗਾ ਫ਼੍ਰੈਸ਼

ਪਟਨਾ ਆਉਣ ਤੋਂ ਬਾਅਦ ਅੰਮ੍ਰਿਤਾਂਸ਼ੂ ਨੇ ਫੁਟਕਲ ਦੁਕਾਨਦਾਰਾਂ ਦੀ ਹਾਲਤ ਬਿਹਤਰ ਕਰਨ ਲਈ ਅਜਿਹਾ ਮੰਚ ਤਿਆਰ ਕੀਤਾ ਹੈ, ਜਿੱਥੋਂ ਤੱਕ ਆੱਨਲਾਈ ਸ਼ਾਪਿੰਗ ਦੇ ਮਾਧਿਅਮ ਰਾਹੀਂ ਆਪਣੇ ਮਨਪਸੰਦ ਕਰਿਆਨਾ ਦੁਕਾਨਦਾਰਾਂ, ਕੱਪੜੇ ਅਤੇ ਮਿਠਾਈਆਂ ਦੀਆਂ ਦੁਕਾਨਾਂ ਆਦਿ ਥਾਵਾਂ ਤੋਂ ਸਾਮਾਨ ਆਪਣੇ ਘਰ ਮੰਗਵਾ ਸਕਦੇ ਹਨ। ਅਸਲ ਵਿੱਚ ਆੱਨਲਾਈਨ ਸ਼ਾਪਿੰਗ ਦੇ ਵਧਦੇ ਚਲਣ ਕਾਰਣ ਪ੍ਰਚੂਨ ਦੁਕਾਨਾਦਰਾਂ ਦੀ ਵਿਕਰੀ ਉੱਤੇ ਮਾੜਾ ਅਸਰ ਪਿਆ ਹੈ। ਕਈ ਸਾਲਾਂ ਦੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਲੋਕ, ਮੈਡੀਸਨ ਸ਼ਾੱਪ ਦੇ ਮਾਲਿਕ, ਕੱਪੜੇ ਦੇ ਕਈ ਪੁਰਾਣੇ ਦੁਕਾਨਦਾਰ ਇਸ ਆੱਨਲਾਈਨ ਸ਼ਾਪਿੰਗ ਦੀ ਮਾਰ ਕਾਰਣ ਆਪਣਾ ਧੰਦਾ ਬਦਲ ਰਹੇ ਹਨ ਅਤੇ ਕਿਸੇ ਤਰ੍ਹਾਂ ਇਸ ਮੰਦੀ ਨਾਲ ਗੁਜ਼ਾਰਾ ਕਰਨ ਨੂੰ ਮਜਬੂਰ ਹਨ। ਅਜਿਹੇ ਦੁਕਾਨਦਾਰਾਂ ਦੀ ਪੀੜ ਨੂੰ ਸਮਝਦੇ ਹੋਏ ਅੰਮ੍ਰਿਤਾਂਸ਼ੂ ਦੇ ਮਨ ਵਿੱਚ ਇਨ੍ਹਾਂ ਲਈ ਵੱਖ ਮੰਚ ਬਣਾਉਣ ਦੀ ਗੱਲ ਸੁੱਝ, ਜਿੱਥੇ ਲੋਕਾਂ ਸਾਹਮਣੇ ਆੱਨਲਾਈਨ ਸ਼ਾਪਿੰਗ ਦਾ ਵਿਕਲਪ ਵੀ ਖ਼ਤਮ ਨਾ ਹੋਵੇ ਅਤੇ ਇਸ ਤਰ੍ਹਾਂ ਪ੍ਰਚੂਨ ਦੁਕਾਨਦਾਰਾਂ ਦੀ ਵਿਕਰੀ ਵੀ ਚੰਗੀ ਰਹੇ। ਅੰਮ੍ਰਿਤਾਂਸ਼ੂ ਨੇ 'ਯੂਅਰ ਸਟੋਰੀ' ਨੂੰ ਦੱਸਿਆ,''ਅੱਜ ਲੋਕ ਇੰਟਰਨੈਟ ਫ਼ਰੈਂਡਲੀ ਹੋ ਰਹੇ ਹਨ। ਲੋਕਾਂ ਕੋਲ ਸਮੇਂ ਦੀ ਘਾਟ ਹੈ। ਇਸ ਲਈ ਵੀ ਲੋਕ ਹੁਣ ਦੁਕਾਨਾਂ ਉੱਤੇ ਜਾਣ ਦੀ ਥਾਂ ਆੱਨਲਾਈਨ ਸਾਮਾਨ ਮੰਗਵਾ ਲੈਂਦੇ ਹਨ। ਇਸ ਨਾਲ ਪ੍ਰਚੂਨ ਦੁਕਾਨਦਾਰਾਂ ਦੀ ਵਿਕਰੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਮੈਂ ਗੰਗਾ ਫ਼੍ਰੈਸ਼ ਡਾੱਟ ਕਾੱਮ ਨਾਮ ਦੀ ਇੱਕ ਵੈਬਸਾਈਟ ਬਣਾਈ ਹੈ, ਜਿੱਥੇ ਲੋਕ ਆਪਣੇ ਮਨਪਸੰਦ ਦੁਕਾਨਾਂ ਦਾ ਸਾਮਾਨ ਪਸੰਦ ਕਰ ਕੇ ਆਪਣੇ ਘਰ ਮੰਗਵਾ ਸਕਦੇ ਹਨ।''

ਅੱਜ ਅੰਮ੍ਰਿਤਾਂਸ਼ੂ ਦਿਨ ਭਰ ਆਪਣੇ ਸਾਥੀਆਂ ਨਾਲ ਫ਼ੀਲਡ ਵਿੱਚ ਮਿਹਨਤ ਕਰਨ ਨਾਲ ਘਰ ਵੀ ਦੇਰ ਰਾਤ ਤੱਕ ਕੰਮ ਕਰਦੇ ਹਨ। ਉਹ ਦਸਦੇ ਹਨ ਕਿ ਮੈਂ ਆਪਣੇ ਡਿਲੀਵਰੀ ਬੁਆਏ ਨਾਲ ਕਈ ਵਾਰ ਡਿਲੀਵਰੀ ਦੇਣ ਵੀ ਜਾਂਦਾ ਹਾਂ ਤਾਂ ਜੋ ਗਾਹਕਾਂ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਾਂ ਅਤੇ ਉਨ੍ਹਾਂ ਲਈ ਹੋਰ ਬਿਹਤਰ ਕੰਮ ਕਰ ਸਕਾਂ।

ਦੁਕਾਨਦਾਰਾਂ ਅਤੇ ਗਾਹਕਾਂ ਦੀ ਹੋ ਰਹੀ ਹੈ ਸਹੂਲਤ

ਅੰਮ੍ਰਿਤਾਂਸ਼ੂ ਕਹਿੰਦੇ ਹਨ ਕਿ ਕਈ ਗਾਹਕਾਂ ਨੂੰ ਇਸ ਗੱਲ ਦਾ ਅਫ਼ਸੋਸ ਹੁੰਦਾ ਹੈ ਕਿ ਉਹ ਆਪਣੇ ਮਨਪਸੰਦ ਦੁਕਾਨਦਾਰਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਸਾਮਾਨ ਲੈ ਰਹੇ ਹਨ। ਪਰ ਵਧੇਰੇ ਰੁਝੇਵਿਆਂ ਕਾਰਣ ਉਨ੍ਹਾਂ ਨੂੰ ਆੱਨਲਾਈਨ ਸ਼ਾਪਿੰਗ ਕਰਨੀ ਪੈਂਦੀ ਹੈ। ਗਾਹਕਾਂ ਨੂੰ ਜੇ ਉਨ੍ਹਾਂ ਦੀਆਂ ਮਨਪਸੰਦ ਦੁਕਾਨਾਂ ਦੀ ਚੀਜ਼ ਘਰ ਬੈਠੇ ਹੀ ਮਿਲ ਜਾਵੇਗੀ ਤਾਂ ਉਨ੍ਹਾਂ ਲਈ ਬਿਹਤਰ ਹੋਵੇਗਾ। ਅਤੇ ਦੁਕਾਨਦਾਰਾਂ ਦੇ ਵੀ ਗਾਹਕ ਬਣੇ ਰਹਿਣਗੇ। ਅੰਮ੍ਰਿਤਾਂਸ਼ੂ ਦਸਦੇ ਹਨ, ਗੰਗਾ ਫ਼੍ਰੈਸ਼ ਡਾੱਟ ਕਾੱਮ 'ਤੇ ਲਾੱਗ ਇਨ ਕਰਨ ਤੋਂ ਬਾਅਦ ਲੋਕਾਂ ਲਈ ਗਰੌਸਰੀ, ਬੇਕਰੀ, ਕੇਕ, ਬੁੱਕੇ ਭਾਵ ਗੁਲਦਸਤੇ, ਕੱਪੜੇ ਆਦਿ ਸਾਮਾਨਾਂ ਦੀ ਸੂਚੀ ਉਪਲਬਧ ਹੋ ਜਾਵੇਗੀ। ਉਥੇ ਉਹ ਆਪਣੀ ਮਨਪਸੰਦ ਚੀਜ਼ ਨੂੰ ਆੱਰਡਰ ਕਰ ਸਕਦੇ ਹਨ। ਅਸੀਂ ਇਹ ਸਾਮਾਨ ਉਨ੍ਹਾਂ ਦੇ ਮਨਪਸੰਦ ਜਾਂ ਸ਼ਹਿਰ ਦੇ ਜੋ ਬਿਹਤਰ ਸਟੋਰਜ਼ ਹੋਣਗੇ, ਉਥੋਂ ਉਪਲਬਧ ਕਰਵਾਵਾਂਗੇ। ਲੋਕ ਸਾਨੂੰ ਕਾੱਲ ਕਰ ਕੇ ਵੀ ਆੱਰਡਰ ਦੇ ਸਕਦੇ ਹਨ ਅਤੇ ਮਨਪਸੰਦ ਦੁਕਾਨਦਾਰ ਬਾਰੇ ਦੱਸ ਸਕਦੇ ਹਨ। ਇਹ ਸਭ ਅਸੀਂ ਸਿਰਫ਼ 15 ਰੁਪਏ ਦੇ ਡਿਲੀਵਰੀ ਚਾਰਜ ਉੱਤੇ ਉਪਲਬਧ ਕਰਵਾ ਦੇਵਾਂਗੇ। ਅਸੀਂ ਪਟਨਾ ਵਿੱਚ ਖ਼ਾਸ ਤਰੀਕੇ ਦੇ ਵਾਹਨ ਈ-ਕਾਰਟ ਨਾਲ ਡਿਲੀਵਰੀ ਕਰਦੇ ਹਾਂ। ਇਸ ਲਈ ਸਾਡਾ ਖ਼ਰਚਾ ਘੱਟ ਹੁੰਦਾ ਹੈ। ਗਾਹਕ ਚਾਹੇ ਜਿੰਨਾ ਮਰਜ਼ੀ ਸਾਮਾਨ ਮੰਗਵਾਉਣ, ਅਸੀਂ ਸਿਰਫ਼ 15 ਰੁਪਏ ਹੀ ਚਾਰਜ ਕਰਦੇ ਹਾਂ।''

ਅੰਮ੍ਰਿਤਾਂਸ਼ੂ ਦੀ ਸੋਚ ਅਤੇ ਸਮਝ ਦਾ ਨਤੀਜਾ ਹੈ ਗੰਗਾ ਫ਼੍ਰੈਸ਼ ਡਾੱਟ ਕਾੱਮ। ਪਰ ਅੰਮ੍ਰਿਤਾਂਸ਼ੂ ਨੂੰ ਸਦਾ ਲਗਦਾ ਰਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਵੀ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੇ ਇੱਕ ਪਿੰਡ ਚੁਣਿਆ। ਮੋਤੀਹਾਰੀ ਦਾ ਕੇਸਰੀਆ ਪਿੰਡ। ਅੰਮ੍ਰਿਤਾਂਸ਼ੂ ਨੇ ਹਨੇਰੇ ਵਿੱਚ ਡੁੱਬੇ ਇਸ ਪਿੰਡ ਵਿੱਚ ਰੌਸ਼ਨੀ ਲਿਆਉਣ ਦਾ ਫ਼ੈਸਲਾ ਕੀਤਾ। ਕੋਸ਼ਿਸ਼ ਅਤੇ ਆਪਣੀ ਬਿਹਤਰ ਸਮਝ ਸਦਕਾ ਉਨ੍ਹਾਂ ਨੇ ਪਿੰਡ ਵਿੱਚ ਸੂਰਜੀ ਊਰਜਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਆਪਣੇ ਅਮਰੀਕੀ ਦੋਸਤਾਂ ਅਤੇ ਸਹਿਯੋਗੀਆਂ ਨਾਲ ਉਨ੍ਹਾਂ ਨੇ ਪਿੰਡ ਵਿੱਚ ਸੂਰਜੀ ਊਰਜਾ ਦੀ ਬਿਹਤਰ ਤਕਨੀਕ ਨੂੰ ਲਾਗੂ ਕੀਤਾ ਅਤੇ ਇਸ ਬਾਰੇ ਲੋਕਾਂ ਨੂੰ ਵੀ ਆਤਮ-ਨਿਰਭਰ ਬਣਾਇਆ। ਆਲਮ ਇਹ ਹੈ ਕਿ ਪਿੰਡ ਦੇ ਲੋਕ ਆਪਣੇ ਘਰ ਦੇ ਨਾਲ-ਨਾਲ ਆਂਢ-ਗੁਆਂਢ ਨੂੰ ਵੀ ਰੌਸ਼ਨ ਕਰ ਰਹੇ ਹਨ।

ਅੰਮ੍ਰਿਤਾਂਸ਼ੂ ਨੇ ਇਕੱਠੇ ਦੋ ਕੰਮ ਕੀਤੇ - ਇੱਕ ਤਾਂ ਈ-ਕਾਮਰਸ ਕਾਰਣ ਬੰਦ ਹੋ ਰਹੀਆਂ ਦੁਕਾਨਾਂ ਨੂੰ ਮੁੜ ਸੁਰਜੀਤ ਕੀਤਾ, ਉਨ੍ਹਾਂ ਵਿੱਚ ਨਵੀਂ ਜਾਨ ਪਾਈ ਅਤੇ ਦੂਜੇ ਪਿੰਡਾਂ ਦੇ ਵਿਕਾਸ ਲਈ ਉਥੋਂ ਦੇ ਨਿਵਾਸੀਆਂ ਨੂੰ ਜਾਗਰੂਕ ਕੀਤਾ। ਤੈਅ ਹੈ ਕਿ ਅਜਿਹੀ ਸੋਚ ਦੇਸ਼ ਦੇ ਵਿਕਾਸ ਵਿੱਚ ਸਹਾਇਕ ਹੋਵੇਗੀ।

ਲੇਖਕ: ਕੁਲਦੀਪ ਭਾਰਦਵਾਜ

ਅਨੁਵਾਦ: ਸਿਮਰਨਜੀਤ ਕੌਰ