ਟੀਚਾ ਮਿੱਥੋ ਤੇ ਖੁਦ ਨੂੰ ਸਮਰਪਿਤ ਕਰ ਦਿਓ, ਕਾਮਯਾਬੀ ਲਾਜ਼ਮੀ ਮਿਲੇਗੀ: ਸਹਿਵਾਗ

ਟੀਚਾ ਮਿੱਥੋ ਤੇ ਖੁਦ ਨੂੰ ਸਮਰਪਿਤ ਕਰ ਦਿਓ, ਕਾਮਯਾਬੀ ਲਾਜ਼ਮੀ ਮਿਲੇਗੀ: ਸਹਿਵਾਗ

Monday November 09, 2015,

7 min Read

ਕ੍ਰਿਕਟ ਦੀ ਦੁਨੀਆਂ ਵਿੱਚ ਨਜ਼ਫ਼ਗੜ੍ਹ ਦੇ ਨਵਾਬ ਦੇ ਨਾਂ ਨਾਲ ਮਸ਼ਹੂਰ ਵਿਰੇਂਦਰ ਸਹਿਵਾਗ ਨਾਲ ਮੁਲਾਕਾਤ ਅਜਿਹਾ ਤਜਰਬਾ ਹੈ ਜਿਸ ਨੂੰ ਮੈਂ ਸਾਰੀ ਉਮਰ ਨਹੀਂ ਭੁੱਲਣਾ ਚਾਹਾਂਗੀ। ਬੇਹੱਦ ਵਧੀਆ ਸੁਭਾਅ ਦੇ ਮਾਲਕ ਅਤੇ ਹਮੇਸ਼ਾ ਚਿਹਰੇ 'ਤੇ ਮੁਸਕਾਨ ਰੱਖਣ ਵਾਲੇ ਵਿਰੇਂਦਰ ਸਹਿਵਾਗ ਆਪਣੇ ਦਮ 'ਤੇ ਕਾਮਯਾਬੀ ਦੇ ਸਿਖਰ 'ਤੇ ਪਹੁੰਚਣ ਦੀ ਜਿਉਂਦੀ ਜਾਗਦੀ ਮਿਸਾਲ ਹੈ। ਹਾਲਾਂਕਿ ਉਸ ਨਾਲ ਮਿਲਣ ਤੋਂ ਪਹਿਲਾਂ ਮੈਂ ਇਸ ਸੋਚ ਵਿੱਚ ਸੀ ਕਿ ਕਾਮਯਾਬੀ ਦੇ ਮੁਕਾਮ 'ਤੇ ਖੜ੍ਹਾ ਇਹ ਸ਼ਖਸ ਲਾਜ਼ਮੀ ਤੌਰ 'ਤੇ ਸੁਭਾਅ ਦਾ ਘੁਮੰਡੀ ਹੋਵੇਗਾ, ਜਾਂ ਉਸ ਵਿੱਚ ਕਾਮਯਾਬੀ ਦੀ ਥੋੜ੍ਹੀ ਆਕੜ ਜ਼ਰੂਰ ਹੋਵੇਗੀ, ਪਰ ਉਸ ਨਾਲ ਮਿਲਣ ਮਗਰੋਂ ਮੈਂ ਉਨ੍ਹਾਂ ਨੂੰ ਬਿਲਕੁਲ ਸਾਧਾਰਨ ਇਨਸਾਨ ਵਾਂਗ ਦੇਖ ਕੇ ਹੈਰਾਨ ਹੋ ਗਈ। ਨਾਲ ਹੀ ਮੈਂ 'ਵੂ ਐੱਪ' ਨੂੰ ਵੀ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਕਾਰਨ ਇਹ ਸੰਭਵ ਹੋ ਸਕਿਆ।

image


ਵਿਲੱਖਣ ਪ੍ਰਤਿਭਾ ਦੇ ਮਾਲਕ ਅਤੇ ਦੁਨੀਆਂ ਦੇ ਸਭ ਤੋਂ ਵਧੀਆ ਸਲਾਮੀ ਬੱਲੇਬਾਜ਼ਾਂ ਵਿੱਚ ਸ਼ੁਮਾਰ ਸਹਿਵਾਗ ਨਾਲ ਹੋਈ ਇਸ ਦਿਲਚਸਪ ਗੱਲਬਾਤ ਦੇ ਕੁਝ ਅੰਸ਼ ਤੁਹਾਡੇ ਲਈ ਪੇਸ਼ ਹਨ। ਸਹਿਵਾਗ ਦੀਆਂ ਗੱਲਾਂ ਜਿੰਨੀਆਂ ਸੌਖੀਆਂ ਅਤੇ ਸਹਿਜ ਹਨ, ਉਹ ਓਨੀਆਂ ਹੀ ਗਿਆਨ ਵਾਲੀਆਂ ਵੀ ਹਨ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਵੱਡੇ ਸੁਪਨਿਆਂ ਦਾ ਪਿੱਛਾ ਕਰਨ ਵਾਲਿਆਂ ਵਾਂਗ ਤੁਸੀਂ ਵੀ ਜੀਵਨ ਵਿੱਚ ਕਾਮਯਾਬੀ ਦੇ ਡੂੰਘੇ ਰਹੱਸ ਹਾਸਲ ਕਰ ਸਕੋਗੇ, ਜਿਵੇਂ ਮੈਨੂੰ ਮਿਲੇ।

ਆਪਣੀ ਕਾਮਯਾਬੀ ਦੇ ਰਾਜ਼ ਬਾਰੇ ਗੱਲ ਕਰਦਿਆਂ ਸਹਿਵਾਗ ਕਹਿੰਦੇ ਹਨ ਕਿ ਟੀਚੇ ਨੂੰ ਕੇਂਦਰਿਤ ਕਰਕੇ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਜਦੋਂ ਮੈਂ ਸਕੂਲ ਵਿੱਚ ਸੀ ਤਾਂ ਰੋਜ਼ਾਨਾ ਤਕਰੀਬਨ ਚਾਰ-ਪੰਚ ਖੇਡਾਂ ਵਿੱਚ ਭਾਗ ਲੈਣਾ ਪਸੰਦ ਕਰਦਾ ਸੀ। ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਇਨ੍ਹਾਂ ਸਾਰੀਆਂ ਖੇਡਾਂ ਵਿੱਚ ਠੀਕ ਸੀ। ਪਰ ਦਸਵੀਂ ਕਲਾਸ ਵਿੱਚ ਆਉਣ ਮਗਰੋਂ ਮੈਂ ਕ੍ਰਿਕਟ ਤੋਂ ਬਿਨਾਂ ਬਾਕੀ ਸਾਰੀਆਂ ਖੇਡਾਂ ਛੱਡਣ ਦਾ ਫੈਸਲਾ ਕਰ ਲਿਆ ਕਿਉਂਕਿ ਮੈਂ ਜਾਣਦਾ ਸੀ ਕਿ ਮੈਨੂੰ ਆਪਣਾ ਸਾਰਾ ਧਿਆਨ, ਊਰਜਾ ਅਤੇ ਨਿਸ਼ਠਾ ਨੂੰ ਇੱਕ ਹੀ ਖੇਡ ਵਿੱਚ ਲਾਉਂਦੇ ਹੋਏ ਉਸ ਨੂੰ ਸਭ ਕੁਝ ਦੇਣਾ ਪਵੇਗਾ। ਮੈਨੂੰ ਇੱਕ ਹੀ ਖੇਡ ਵਿੱਚ ਹੋਰ ਬਿਹਤਰ ਹੋਣ ਲਈ ਹਰ ਪਲ ਸਖਤ ਮਿਹਨਤ ਕਰਨ ਦੀ ਜ਼ਰੂਰਤ ਸੀ।

ਮੈਂ ਆਪਣਾ ਟੀਚਾ ਨਿਰਧਾਰਤ ਕਰਕੇ ਧਿਆਨ ਕੇਂਦਰਿਤ ਕੀਤਾ ਅਤੇ ਮੈਨੂੰ ਮਾਣ ਹੈ ਕਿ ਮੈਂ ਭਾਰਤੀ ਟੀਮ ਦੀ ਅਗਵਾਈ ਕਰ ਸਕਿਆ ਅਤੇ ਆਪਣੇ ਸੁਪਨੇ ਪੂਰੇ ਕਰਨ ਵਿੱਚ ਸਫ਼ਲ ਰਿਹਾ। ਇਹ ਸਭ ਸਿਰਫ਼ ਇੱਕ ਹੀ ਵਜ੍ਹਾ ਕਾਰਨ ਹੋ ਸਕਿਆ- ਧਿਆਨ। ਸਭ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਕੋਈ ਇਕ ਵਿਸ਼ੇਸ਼ ਖੇਤਰ ਚੁਣੋ, ਬੇਸ਼ੱਕ ਉਹ ਪੜ੍ਹਾਈ ਜਾਂ ਖੇਡ ਹੋਵੇ ਜਾਂ ਉਸੇ ਪਾਸੇ ਤੁਹਾਡਾ ਕੋਈ ਹੋਰ ਜਨੂੰਨ ਹੋਵੇ, ਭਾਵੇਂ ਤੁਸੀਂ ਖਿਡਾਰੀ ਬਣਨਾ ਚਾਹੁੰਦੇ ਹੋ, ਇੰਜਨੀਅਰ, ਡਾਕਟਰ, ਸਫ਼ਲ ਕਾਰੋਬਾਰੀ ਜਾਂ ਕੁਝ ਹੋਰ। ਫਿਰ ਤੁਸੀਂ ਆਪਣਾ ਧਿਆਨ ਉਸ ਟੀਚੇ 'ਤੇ ਕੇਂਦਰਿਤ ਕਰੋ ਅਤੇ ਅੱਗੇ ਵਧੋ ਤੇ ਆਪਣੀ ਸਾਰੀ ਸ਼ਕਤੀ ਉਸ ਵੱਲ ਲਗਾ ਦਿਓ। ਜਦੋਂ ਤੁਸੀਂ ਅਜਿਹਾ ਕਰ ਲੈਂਦੇ ਹੋ ਤਾਂ ਤੁਸੀਂ ਆਪਣਾ ਟੀਚਾ ਪਾਉਣ ਲਈ ਸਖ਼ਤ ਮਿਹਨਤ ਅਤੇ ਮਨ ਟਿਕਾਉਣ ਲਈ ਅਡਿੱਗ ਹੋ ਜਾਂਦੇ ਹੋ ਅਤੇ ਤੁਸੀਂ ਕਾਮਯਾਬੀ ਦੀ ਸਿਖਰ ਹਾਸਲ ਕਰਨ ਲਈ ਕੁਝ ਵੀ ਕਰ ਜਾਣ ਦੀ ਸਥਿਤੀ ਵਿੱਚ ਪਹੁੰਚ ਜਾਂਦੇ ਹੋ।

ਇਸ ਮਗਰੋਂ ਸਹਿਵਾਗ ਕਹਿੰਦੇ ਹਨ ਕਿ ਵਿਅਕਤੀ ਨੂੰ ਜੀਵਨ ਵਿੱਚ ਮਿਲਣ ਵਾਲੀਆਂ ਨਾਕਾਮੀਆਂ ਤੋਂ ਘਬਰਾਉਣਾ ਨਹੀਂ ਚਾਹੀਦਾ। ਨਾਕਾਮੀ ਤੁਹਾਨੂੰ ਹੋਰ ਬਿਹਤਰ ਬਣਨ ਲਈ ਪ੍ਰੇਰਿਤ ਕਰਦੀ ਹੈ। ਉਸ ਹੱਸਦੇ ਹੋਏ ਕਹਿੰਦੇ ਹਨ ਕਿ ਜੇਕਰ ਨਾਕਾਮੀ ਨਾ ਹੁੰਦੀ ਤਾਂ ਦੇਸ਼ ਦਾ ਹਰ ਨਾਗਰਿਕ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣ ਜਾਵੇ। ਇਹ ਤੁਹਾਨੂੰ ਖੁਦ ਵਿੱਚ ਸੁਧਾਰ ਕਰਨ ਦੀ ਮੌਕਾ ਦਿੰਦੀ ਹੈ ਕਿਉਂਕਿ ਜੀਵਨ ਵਿੱਚ ਸਿਰਫ਼ ਇੱਕ ਹੀ ਚੀਜ਼ ਹੈ ਜਿਸ ਨੂੰ ਤੁਸੀਂ ਲਗਾਤਾਰ ਸੁਧਾਰ ਸਕਦੇ ਹੋ ਅਤੇ ਉਹ ਹੈ ਤੁਸੀਂ ਖੁਦ। ਆਪਣੇ ਜੀਵਨ ਵਿੱਚ ਮੈਂ ਵੀ ਕਈ ਮੌਕਿਆਂ 'ਤੇ ਨਾਕਾਮ ਹੋਇਆਂ ਹਾਂ, ਪਰ ਮੈਂ ਕਦੀ ਵੀ ਨਾਕਾਮੀ ਨੂੰ ਆਪਣੇ ਆਪ 'ਤੇ ਭਾਰੂ ਨਹੀਂ ਹੋਣ ਦਿੱਤਾ। ਮੈਂ ਸਿਰਫ਼ ਆਪਣੀ ਖੇਡ ਨੂੰ ਬਿਹਤਰ ਕਰਨ ਲਈ ਮਿਹਨਤ ਕਰਦਾ ਰਿਹਾ ਅਤੇ ਨਾਕਾਮੀਆਂ ਨੇ ਸਿਰਫ਼ ਮੈਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕੀਤਾ। ਮੇਰੇ ਦਿਲ-ਦਿਮਾਗ ਵਿੱਚ ਸਿਰਫ਼ ਇੱਕ ਹੀ ਸਵਾਲ ਘੁੰਮਦਾ ਰਹਿੰਦਾ ਸੀ ਕਿ ਮੈਂ ਆਪਣੀ ਖੇਡ ਨੂੰ ਹੋਰ ਬਿਹਤਰ ਕਿਵੇਂ ਕਰਾਂ, ਭਾਵੇਂ ਉਹ ਬੱਲੇਬਾਜ਼ੀ ਹੋਵੇ, ਗੇਂਦਬਾਜ਼ੀ ਹੋਵੇ ਜਾਂ ਫੀਲਡਿੰਗ।

image


ਮੇਰੇ ਮਾਪਿਆਂ ਨੇ ਮੈਨੂੰ ਸਿਰਫ਼ ਤਦ ਤੱਕ ਖੇਡ ਵੱਲ ਧਿਆਨ ਦੇਣ ਦੀ ਇਜਾਜ਼ਤ ਦਿੱਤੀ ਸੀ ਜਦ ਤੱਕ ਮੈਂ ਆਪਣੀ ਪੜ੍ਹਾਈ ਕਰ ਰਿਹਾ ਸੀ। ਇਸ ਲਈ ਮੇਰੇ ਕੋਲ ਬਹੁਤ ਘੱਟ ਸਮਾਂ ਸੀ। ਇਹ ਆਪਸੀ ਸਮਝੌਤੇ ਵਰਗਾ ਸੀ ਕਿ ਮੈਂ ਪੜ੍ਹਾਈ ਮਗਰੋਂ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਹੱਥ ਵੰਡਾਵਾਂਗਾ। ਇਸ ਲਈ ਮੇਰੇ ਕੋਲ ਖੁਦ ਨੂੰ ਸਾਬਤ ਕਰਨ ਲਈ ਸਿਰਫ਼ ਗਰੈਜੂਏਸ਼ਨ ਦੌਰਾਨ ਦੇ ਤਿੰਨ ਜਾਂ ਚਾਰ ਸਾਲ ਸੀ। ਮੈਂ ਆਪਣੀ ਸਾਰੀ ਊਰਜਾ ਅਤੇ ਧਿਆਨ ਸਿਰਫ਼ ਕ੍ਰਿਕਟ 'ਤੇ ਲਗਾ ਦਿੱਤਾ ਕਿਉਂਕਿ ਪਿਤਾ ਜੀ ਦੇ ਕਾਰੋਬਾਰ ਦਾ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ। ਮੈਂ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਦਿੱਲੀ, ਰਣਜੀ ਅਤੇ ਭਾਰਤ ਲਈ ਖੇਡਣ ਦਾ ਮੌਕਾ ਹਾਸਲ ਕਰ ਲਿਆ। ਮੈਂ ਬਹੁਤ ਕਿਸਮਤ ਵਾਲਾ ਸੀ ਕਿ ਗਰੈਜੂਏਸ਼ਨ ਦੇ ਪਹਿਲੇ ਹੀ ਸਾਲ ਵਿੱਚ ਭਾਰਤੀ ਟੀਮ ਵਿੱਚ ਖੇਡਣ ਵਿੱਚ ਕਾਮਯਾਬ ਰਿਹਾ, ਪਰ ਜਲਦੀ ਹੀ ਮੈਂ ਟੀਮ ਤੋਂ ਬਾਹਰ ਹੋ ਗਿਆ। ਇਹ ਮੇਰੇ ਲਈ ਬਹੁਤ ਵੱਡਾ ਝਟਕਾ ਸੀ, ਪਰ ਮੈਂ ਹਾਰ ਨਹੀਂ ਮੰਨੀ ਅਤੇ ਪਹਿਲੀ ਸ਼੍ਰੇਣੀ ਕ੍ਰਿਕਟ 'ਤੇ ਆਪਣਾ ਸਾਰਾ ਧਿਆਨ ਲਗਾਉਂਦਿਆਂ ਜੀਅ ਤੋੜ ਮਿਹਨਤ ਕੀਤੀ ਅਤੇ ਦੁਬਾਰਾ ਭਾਰਤੀ ਟੀਮ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਿਹਾ। ਸਹਿਵਾਗ ਅੱਗੇ ਕਹਿੰਦਾ ਹੈ ਕਿ ਉਹ ਹਮੇਸ਼ਾ ਇਹ ਮੰਨਦੇ ਹਨ ਕਿ ਜੇਕਰ ਤੁਸੀਂ ਖੁਸ਼ ਹੋ ਰਹੋਗੇ ਤਾਂ ਦੁਨੀਆਂ ਵੀ ਤੁਹਾਡੇ ਵੱਲ ਖੁਸ਼ੀ ਨਾਲ ਦੇਖੇਗੀ। ਜਦੋਂ ਮੈਂ ਬੱਚਾ ਸੀ ਤਾਂ ਉਦੋਂ ਤੋਂ ਹੀ ਮੇਰੇ ਪਿਤਾ ਜੀ ਮੈਨੂੰ ਅਕਸਰ ਕਿਹਾ ਕਰਦੇ ਸੀ- "ਬੱਚੇ, ਜੇਕਰ ਤੁਸੀਂ ਮੁਸਕਰਾਉਂਦੇ ਰਹੋਗੇ ਤੇ ਖੁਸ਼ ਰਹੋਗੇ ਤਾਂ ਤੁਹਾਡੀ ਕਿਸਮਤ ਜ਼ਰੂਰ ਬਦਲੇਗੀ", ਤੇ ਮੈਂ ਹਮੇਸ਼ਾ ਆਪਣੇ ਜੀਵਨ ਵਿੱਚ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣ ਅਤੇ ਇਨ੍ਹਾਂ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹਾਲਤਾਂ ਭਾਵੇਂ ਕਿਹੋ ਜਿਹੀਆਂ ਹੋਣ, ਮੈਂ ਹਮੇਸ਼ਾ ਹੱਸਦਾ ਰਹਿੰਦਾ ਹਾਂ ਅਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਹਾਂ।

ਮੇਰੇ ਅਤੇ ਮੇਰੇ ਪਰਿਵਾਰ ਨੇ ਕਦੀ ਹੋਰਨਾਂ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕੀਤੀ। ਨਾ ਹੀ ਕਦੀ ਇਹ ਸੋਚ ਕੇ ਪ੍ਰੇਸ਼ਾਨ ਹੋਏ ਕਿ ਦੂਜੇ ਕੀ ਕਹਿ ਰਹੇ ਹਨ ਜਾਂ ਕੀ ਕਰ ਰਹੇ ਹਨ? ਅਸੀਂ ਹਮੇਸ਼ਾ ਖੁਦ 'ਤੇ ਹੀ ਧਿਆਨ ਦਿੱਤਾ ਹੈ। ਸਾਡਾ ਪਰਿਵਾਰ ਸੁਖੀ ਪਰਿਵਾਰ ਹੈ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਬਿਹਤਰ ਜ਼ਿੰਦਗੀ ਦੇਣ ਲਈ ਕਿੰਨੀ ਸਖ਼ਤ ਮਿਹਨਤ ਕੀਤੀ ਅਤੇ ਅੱਜ ਅਸੀਂ ਜਿਸ ਵੀ ਮੁਕਾਮ 'ਤੇ ਹਾਂ, ਉਹ ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਹੈ। ਮੌਜੂਦਾ ਸਮੇਂ ਮੈਂ ਆਪਣੇ ਜੀਵਨ ਤੋਂ ਬਹੁਤ ਖੁਸ਼ ਹਾਂ ਕਿ ਮੈਂ ਤੰਦਰੁਸਤ ਅਤੇ ਸੁਖੀ ਪਰਿਵਾਰ ਨਾਲ ਜੀਵਨ ਗੁਜ਼ਾਰ ਰਿਹਾ ਹਾਂ। ਮੈਂ ਇਸ ਸਭ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਮੇਰੇ ਕੋਲ ਫਿਕਰ ਕਰਨ ਲਈ ਕੁਝ ਵੀ ਨਹੀਂ ਹਾਂ।

ਮੈਂ ਕਦੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਨਹੀਂ ਹੁੰਦਾ ਕਿ ਮੈਂ 10 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕਿਆ ਜਾਂ ਮੈਂ 200 ਟੈਸਟ ਮੈਚ ਨਹੀਂ ਖੇਡ ਸਕਿਆ। ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੈਂ 100 ਤੋਂ ਵਧ ਟੈਸਟ ਮੈਚ ਖੇਡ ਕੇ 8 ਹਜ਼ਾਰ ਤੋਂ ਵਧ ਦੌੜਾਂ ਬਣਾਈਆਂ ਅਤੇ 250 ਇੱਕ ਰੋਜ਼ਾ ਮੈਚਾਂ ਵਿੱਚ ਦੇਸ਼ ਦੀ ਅਗਵਾਈ ਕਰਨ ਵਿੱਚ ਕਾਮਯਾਬ ਰਿਹਾ। ਮੈਂ ਆਪਣੀ ਇਸ ਕਾਮਯਾਬੀ ਨਾਲ ਬਹੁਤ ਖੁਸ਼ ਹਾਂ।

ਬਹੁਤ ਛੋਟੀ ਉਮਰ ਵਿੱਚ ਹੀ ਮੈਂ ਆਪਣਾ ਧਿਆਨ ਉਨ੍ਹਾਂ ਚੀਜ਼ਾਂ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ 'ਤੇ ਜ਼ੋਰ ਚਲਦਾ ਹੈ। ਮੈਂ ਹਮੇਸ਼ਾ ਆਪਣੇ ਕਾਬੂ ਤੋਂ ਬਾਹਰ ਦੀਆਂ ਗੱਲਾਂ ਅਤੇ ਚੀਜ਼ਾਂ ਦੀ ਕੋਈ ਪ੍ਰਵਾਹ ਹੀ ਨਹੀਂ ਕੀਤੀ। ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਮੇਰਾ ਦਿਮਾਗ ਸਿਰਫ਼ ਖੇਡ ਸੁਧਾਰਨ ਅਤੇ ਬਿਹਤਰ ਕਰਨ ਦੀ ਦਿਸ਼ਾ ਵਿੱਚ ਅਤੇ ਸਖ਼ਤ ਮਿਹਨਤ ਵਰਗੀਆਂ ਗੱਲਾਂ 'ਤੇ ਹੀ ਧਿਆਨ ਲਾਉਂਦਾ ਹੈ। ਮੈਂ ਖੁਦ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਕਸਰਤ ਕਰਦਾ ਹਾਂ। ਆਪਣੇ ਦਿਲ-ਦਿਮਾਗ ਨੂੰ ਕੇਂਦਰਿਤ ਕਰਨ ਲਈ ਧਿਆਨ ਲਾਉਂਦਾ ਹਾਂ ਅਤੇ ਯੋਗ ਵੀ ਕਰਦਾ ਹਾਂ। ਇਸ ਤੋਂ ਬਿਨਾਂ ਮੈਂ ਕਦੀ ਇਸ ਗੱਲ ਦੀ ਫਿਕਰ ਨਹੀਂ ਕਰਦਾ ਕਿ ਮੈਨੂੰ ਤੇਜ਼ ਗੇਂਦਬਾਜ਼ ਜਾਂ ਸਪਿੰਨਰ ਨੂੰ ਕਿਵੇਂ ਖੇਡਣਾ ਹੈ।

image


ਮੈਂ ਸੁਖੀ ਜੀਵਨ ਜਿਉਣਾ ਚਾਹੁੰਦਾ ਹਾਂ। ਜੇਕਰ ਮੈਂ ਜੀਵਨ ਵਿੱਚ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੋਣ ਦੇ ਬਾਵਜੂਦ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਤੰਦਰੁਸਤ ਨਹੀਂ ਹਾਂ ਤਾਂ ਇਹ ਪੈਸਾ ਅਤੇ ਮਸ਼ਹੂਰੀ ਮੇਰੇ ਕਿਸੇ ਕੰਮ ਦੇ ਨਹੀਂ। ਇਸ ਲਈ ਇਨ੍ਹਾਂ ਦਾ ਪਿੱਛਾ ਕਰਨ ਦੀ ਥਾਂ ਮੈਂ ਸੁਖੀ ਅਤੇ ਤੰਦਰੁਸਤ ਪਰਿਵਾਰ ਦੀ ਅਰਦਾਸ ਕਰਦਾ ਹਾਂ। ਮੇਰੇ 'ਤੇ ਵੱਡਿਆਂ ਦਾ ਆਸ਼ੀਰਵਾਦ ਹੈ ਅਤੇ ਇਹੀ ਮੇਰੀ ਪ੍ਰਾਪਤੀ ਹੈ।

ਤੇ ਹਾਂ, ਅਖੀਰ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕਰਦੇ ਹਨ ਕਿ ਉਹ 'ਵੂ ਐੱਪ' ਰਾਹੀਂ ਲਗਾਤਾਰ ਉਨ੍ਹਾਂ ਵਿੱਚ ਆਉਂਦੇ ਰਹਿਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਰਹਿਣਗੇ।