ਮੁੰਬਈ ਦੀ ਸਟਾਰਟ-ਅੱਪ ਨੇ ਕਿਵੇਂ ਉਲੀਕੀ ਇੱਕ ਸਾਲ 'ਚ 10 ਲੱਖ ਵਪਾਰੀਆਂ ਨੂੰ ਨਾਲ਼ ਜੋੜਨ ਦੀ ਯੋਜਨਾ

0

ਮੋਬਾਇਲ ਫ਼ੋਨ ਰਾਹੀਂ ਭੁਗਤਾਨ ਕਰਨ ਦੇ ਇਨਕਲਾਬ ਕਾਰਣ ਆਮ ਵਿਅਕਤੀ ਨੂੰ ਹੁਣ ਬਹੁਤ ਸੁਵਿਧਾ ਹੋ ਗਈ ਹੈ ਅਤੇ ਉਸ ਨੇ ਰੋਜ਼ਮੱਰਾ ਦੇ ਲੈਣ-ਦੇਣ ਵਿੱਚ ਨਕਦ ਰਕਮਾਂ ਤੇ ਕਾਰਡਾਂ ਦੀ ਵਰਤੋਂ ਘਟਾ ਦਿੱਤੀ ਹੈ। ਹੁਣ ਕਿਉਂਕਿ ਦੂਰਸੰਚਾਰ ਕੰਪਨੀਆਂ ਦੇ ਨੈੱਟਵਰਕਸ ਬਹੁਤ ਸਸਤੀ ਕੀਮਤ ਉੱਤੇ ਸਮੁੱਚੇ ਦੇਸ਼ ਵਿੱਚ 3-ਜੀ ਅਤੇ 4-ਜੀ ਇੰਟਰਨੈੱਟ ਸੇਵਾਵਾਂ ਉਪਲਬਧ ਕਰਵਾਉਣ ਲੱਗ ਪਏ ਹਨ। ਭਾਰਤ ਹੁਣ ਦੂਜਾ ਸਭ ਤੋਂ ਵੱਡਾ ਦੂਰਸੰਚਾਰ ਬਾਜ਼ਾਰ ਹੈ ਅਤੇ ਇਸ ਦੇ ਦਿਹਾਤੀ ਖੇਤਰ ਇਸ ਦੇ ਕੁੱਲ ਵਰਤੋਂਕਾਰਾਂ ਦਾ ਇੱਕ-ਚੌਥਾਈ ਹਿੱਸਾ ਬਣਦੇ ਹਨ।

ਨਵੰਬਰ 2015 'ਚ ਸਥਾਪਤ ਹੋਈ 'ਦਾ ਮੋਬਾਇਲ ਵੈਲੇਟ' ਮੁੰਬਈ ਸਥਿਤ ਇੱਕ ਆੱਨਲਾਈਨ ਭੁਗਤਾਨ ਸਾਲਿਯੂਸ਼ਨ ਸਟਾਰਟ-ਅੱਪ ਹੈ, ਜੋ ਬਾਰਕੋਡ ਅਤੇ ਕਿਊ.ਆਰ. ਤਕਨਾਲੋਜੀ ਦੀ ਵਰਤੋਂ ਕਰਦੀ ਹੈ। ਇਹ ਲੈਣ-ਦੇਣ ਬਿਲਕੁਲ ਸੁਰੱਖਿਅਤ, ਭਰੋਸੇਯੋਗ ਅਤੇ ਸੁਵਿਧਾਜਨਕ ਹੈ। ਆੱਫ਼ਲਾਈਨ ਅਤੇ ਆੱਨਲਾਈਨ ਦੋਵੇਂ ਤਰ੍ਹਾਂ ਦੇ ਵਪਾਰੀ ਇਸ ਤਕਨਾਲੋਜੀ ਦੀ ਵਰਤੋਂ ਕਰ ਕੇ ਭੁਗਤਾਨ ਪ੍ਰਾਪਤ ਕਰ ਸਕਦੇ ਹਨ। ਗਾਹਕ ਨੂੰ ਆਪਣਾ ਕਾਰਡ ਤੇ ਬੈਂਕ ਵੇਰਵੇ ਕਿਸੇ ਵੀ ਕਾਰੋਬਾਰੀ ਸਟੋਰ ਜਾਂ ਮਾੱਲ ਨਾਲ਼ ਸਾਂਝੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਸਟਾਰਟ-ਅੱਪ 256-ਬਿੱਟ ਇਨਕ੍ਰਿਪਸ਼ਨ ਡਾਟਾ ਸਕਿਓਰਿਟੀ ਦੀ ਵਰਤੋਂ ਕਰਦੀ ਹੈ, ਜਿਸ ਕਰ ਕੇ ਵਰਤੋਂਕਾਰਾਂ (ਯੂਜ਼ਰਜ਼) ਦੇ ਬੈਂਕ ਵੇਰਵੇ ਸੁਰੱਖਿਅਤ ਰਹਿੰਦੇ ਹਨ।

ਹਰੇਕ ਗਾਹਕ ਤੇ ਵਪਾਰੀ ਦੀ ਸ਼ਨਾਖ਼ਤ ਤੇ ਸੁਰੱਖਿਆ ਲਈ ਵਿਲੱਖਣ ਕਿਊ-ਆਰ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਐਪ. ਬਾਰ ਕੋਡ ਸਕੈਨਰ ਨਾਲ਼ ਲੈਸ ਹੈ, ਜੋ ਕਿਊ.ਆਰ. ਕੋਡਜ਼ ਪੜ੍ਹਦਾ ਹੈ ਅਤੇ ਫਿਰ ਡਾਟਾ ਨੂੰ ਇਨਕ੍ਰਿਪਸ਼ਿਨ ਰਾਹੀਂ ਅੱਗੇ ਭੇਜਿਆ ਜਾਂਦਾ ਹੈ। ਨਾਲ਼ ਭੂਗੋਲਕ ਸਥਿਤੀ ਦਾ ਵੀ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਇਹ ਐਪ. ਉਸ ਸਥਾਨ ਲਾਗਲੇ ਵਪਾਰੀ ਮਾਹੌਲ ਨਾਲ਼ ਗੱਲਬਾਤ ਕਰਨ ਦੇ ਵੀ ਸਮਰੱਥ ਹੈ। ਇਹ ਸਟਾਰਟ-ਅੱਪ ਨਾ ਕੇਵਲ ਐਨ ਆਖ਼ਰੀ ਮੌਕੇ 'ਤੇ ਭੁਗਤਾਨ ਲਈ ਇੱਕ ਤਕਨਾਲੋਜੀ ਵਿਕਸਤ ਕਰ ਰਹੀ ਹੈ, ਸਗੋਂ ਇਹ ਗਾਹਕ ਦੀ ਯਾਤਰਾ ਵਿੱਚ ਉਸ ਨੂੰ ਸਹੀ ਸਥਾਨ ਲੱਭਣ ਵਿੱਚ ਵੀ ਮਦਦ ਕਰਦੀ ਹੈ। ਆਈ.ਓ.ਟੀ. ਇੱਕ ਹੋਰ ਖੇਤਰ ਹੈ, ਜਿਸ ਰਾਹੀਂ ਟੀ.ਐਮ.ਈ. + ਡਬਲਿਊ. ਇਸ ਵੇਲੇ ਭੁਗਤਾਨ ਪ੍ਰਣਾਲ਼ੀਆਂ ਨੂੰ ਹੋਰ ਵੀ ਸਰਲ ਬਣਾਉਣ ਲਈ ਖੋਜ ਕਰ ਰਹੀ ਹੈ।

ਇਸ ਕੰਪਨੀ ਨੇ ਪਿੱਛੇ ਜਿਹੇ ਇੱਕ ਨਿਵੇਸ਼ਕ ਰਾਹੀਂ 33 ਕਰੋੜ ਰੁਪਏ ਦੀ ਬੀਜ ਪੂੰਜੀ ਇਕੱਠੀ ਕੀਤੀ ਹੈ। ਇਸ ਕੰਪਨੀ ਦੇ ਬਾਨੀ ਵਿਨੇ ਕਾਲਾਂਤਰੀ ਦਾ ਕਹਿਣਾ ਹੈ,''ਅਸੀਂ ਇਸ ਵੇਲੇ ਵਧੀਆ ਡਿਵੈਲਪਰਜ਼ ਵਿੱਚੋਂ ਬਿਹਤਰੀਨ ਵਜੋਂ ਨਿੱਤਰ ਕੇ ਸਾਹਮਣੇ ਆਉਣ ਲਈ ਨਿਵੇਸ਼ ਕਰ ਰਹੇ ਹਾਂ ਅਤੇ ਵਧੀਆ ਅਦਾਰਿਆਂ ਦੇ ਇੰਜੀਨੀਅਰਾਂ ਦੀ ਮਦਦ ਨਾਲ਼ ਆਪਣੀਆਂ ਸਮਰੱਥਾਵਾਂ ਨੂੰ ਵਿਕਸਤ ਕਰ ਰਹੇ ਹਾਂ।''

ਸ੍ਰੀ ਵਿਨੇ (34) ਨੇ ਅਮਰੀਕੀ ਸੂਬੇ ਪੈਨਸਿਲਵਾਨੀਆ ਦੇ ਸ਼ਹਿਰ ਫ਼ਿਲਾਡੇਲਫ਼ੀਆ ਸਥਿਤ ਡ੍ਰੈਕਸਲ ਯੂਨੀਵਰਸਿਟੀ ਤੋਂ ਬਿਜ਼ਨੇਸ ਮੈਨੇਜਮੈਂਟ ਦੇ ਗਰੈਜੂਏਟ ਹਨ। ਉਹ ਮੁੰਬਈ ਸਥਿਤ 'ਡਿਜੀ ਪੋਰਟ' ਦੇ ਡਾਇਰੈਕਟਰ ਅਤੇ ਇੱਕ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ 'ਕਿਊ-ਮੋਬਾਇਲ' ਦੇ ਐਮ.ਡੀ. ਹਨ। 'ਕਿਊ-ਮੋਬਾਇਲ' ਸ੍ਰੀ ਵਿਨੇ ਨੇ 2011 'ਚ ਅਰੰਭ ਕੀਤੀ ਸੀ। ਉਹ ਦਸਦੇ ਹਨ,''ਮੈਂ ਤਕਨਾਲੋਜੀ ਦੇ ਉਦਯੋਗ ਵਿੱਚ ਆਪਣੇ ਆਪ ਨੂੰ ਪ੍ਰਫ਼ੁੱਲਤਾ ਕਰਨਾ ਚਾਹੁੰਦਾ ਸਾਂ, ਜਿਸ ਕਰ ਕੇ ਮੈਨੂੰ 'ਦਾ ਮੋਬਾਇਲ ਵੈਲੇਟ' ਸ਼ੁਰੂ ਕਰਨ ਦੀ ਪ੍ਰੇਰਣਾ ਮਿਲ਼ੀ।''

ਇਹ ਵੈਲੇਟ 2-ਜੀ ਦੀ ਰਫ਼ਤਾਰ ਵਾਲ਼ੇ ਇੰਟਰਨੈਟ ਉੱਤੇ ਵੀ ਕੰਮ ਕਰਦਾ ਹੈ ਅਤੇ ਇਹ ਛੋਟੇ ਸਟੋਰ ਮਾਲਕਾਂ ਨੂੰ ਵੀ ਆਪਣੇ ਕਲ਼ਾਵੇ ਵਿੱਚ ਲੈਂਦਾ ਹੈ। ਇਹ ਵਪਾਰਕ ਐਪ. ਹੁਣ ਗੂਗਲ ਪਲੇਅ ਸਟੋਰ ਉੱਤੇ ਉਪਲਬਧ ਹੈ ਅਤੇ ਐਂਡਰਾੱਇਡ ਤੇ ਬਲੈਕਬੇਰੀ (ਓ.ਐਸ.ਆਈ.ਓ.+) ਫ਼ੋਨ ਦੇ ਵਰਤੋਂਕਾਰ ਇਸ ਨੂੰ ਐਮੇਜ਼ੌਨ ਐਪ. ਸਟੋਰ ਤੋਂ ਵੀ ਵਰਤ ਸਕਦੇ ਹਨ। ਇਸ ਵੇਲੇ ਇਸ ਸਟਾਰਟ-ਅੱਪ ਨਾਲ਼ ਮੁੰਬਈ, ਦਿੱਲੀ, ਪੁਣੇ, ਕੋਲਕਾਤਾ, ਗੁਜਰਾਤ ਅਤੇ ਇੰਦੌਰ ਦੇ 25,000 ਵਪਾਰੀ ਜੁੜੇ ਹੋਏ ਹਨ। ਅਗਲੇ ਤਿੰਨ ਮਹੀਨਿਆਂ ਦੌਰਾਨ ਦਾ ਇਸ ਦਾ ਉਦੇਸ਼ ਦੇਸ਼ ਦੇ 50 ਹੋਰ ਸ਼ਹਿਰਾਂ ਨਾਲ਼ ਜੁੜਨਾ ਹੈ। ਅਤੇ ਇੱਕ ਸਾਲ ਦੇ ਅੰਦਰ-ਅੰਦਰ ਇਹ ਕੰਪਨੀ ਆਪਣੇ ਨਾਲ਼ 10 ਲੱਖ ਤੋਂ ਵੀ ਵੱਧ ਕਾਰੋਬਾਰੀ ਵਪਾਰੀ ਜੋੜਨਾ ਚਾਹੁੰਦੀ ਹੈ। ਇਸ ਕੰਪਨੀ ਦੇ 110 ਮੁਲਾਜ਼ਮ ਹਨ; ਜਿਨ੍ਹਾਂ ਵਿਚੋਂ 60 ਫ਼ੀ ਸਦੀ ਤਕਨਾਲੋਜੀ ਨਾਲ਼, 20 ਫ਼ੀ ਸਦੀ ਵਿਕਰੀ, ਮਾਰਕਿਟਿੰਗ, ਐਚ.ਆਰ. ਅਤੇ ਕਾਨੂੰਨੀ ਮਾਮਲਿਆਂ ਨਾਲ਼ ਜੁੜੇ ਹੋਏ ਹਨ। ਇਸ ਵਿੱਚ ਕਾਰੋਬਾਰੀਆਂ ਨੂੰ ਆਪਣੇ ਨਾਲ਼ ਜੋੜਨ ਲਈ 1,200 ਜਣਿਆਂ ਦੀ ਇੱਕ ਵਿਸ਼ੇਸ਼ ਟੀਮ ਹੈ।

ਵੈਲੇਟ (ਬਟੂਏ) ਵਿੱਚ ਸੇਵਾਵਾਂ

'ਦਾ ਮੋਬਾਇਲ ਵੈਲੇਟ' ਮੋਬਾਇਲ ਫ਼ੋਨ ਰੀਚਾਰਜ, ਬਿਲ ਭੁਗਤਾਨ ਤੇ ਡੀ.ਟੀ.ਐਚ., ਆੱਨਲਾਈਨ ਖ਼ਰੀਦਦਾਰੀ, ਯਾਤਰਾ ਸੇਵਾਵਾਂ, ਮਨੋਰੰਜਨ, ਧਨ ਭੇਜਣਾ ਤੇ ਮੰਗਵਾਉਣਾ, ਪ੍ਰਚੂਨ ਖ਼ਰੀਦਦਾਰੀ, ਵਿੱਤੀ ਸੇਵਾਵਾਂ, ਭੋਜਨ ਤੇ ਪੇਅ ਪਦਾਰਥ, ਤੋਹਫ਼ੇ ਅਤੇ ਫੁੱਲ ਆਦਿ ਜਿਹੀਆਂ ਸੇਵਾਵਾਂ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਦਾ ਮੋਬਾਇਲ ਵੈਲੇਟ ਨੇ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲੱਭਣ ਲਈ ਵੀ ਇੱਕ ਕਾਰਜ-ਵਿਧੀ ਵਿਕਸਤ ਕੀਤੀ ਹੈ। ਇਸ ਲਈ ਗਾਹਕਾਂ ਦੀ ਸਹਾਇਤਾ ਅਤੇ ਸ਼ਿਕਾਇਤ ਨਿਵਾਰਣ ਲਈ ਵਿਸ਼ੇਸ਼ ਪ੍ਰਣਾਲ਼ੀ ਸਥਾਪਤ ਕੀਤੀ ਗਈ ਹੈ।

ਭੇਤਦਾਰੀ ਨੀਤੀ

'ਦਾ ਮੋਬਾਇਲ ਵੈਲੇਟ' 'ਚ ਆਪਣਾ ਖਾਤਾ ਖੋਲ੍ਹਣ ਲਈ ਵਰਤੋਂਕਾਰ ਨੂੰ ਆਪਣਾ ਨਾਂਅ ਅਤੇ ਈ-ਮੇਲ ਪਤਾ, ਫ਼ੋਨ ਨੰਬਰ, ਕ੍ਰੈਡਿਟ, ਡੇਬਿਟ ਕਾਰਡ ਬਾਰੇ ਜਾਣਕਾਰੀ, ਜਨਮ ਤਾਰੀਖ਼, ਟੈਕਸਦਾਤਾ ਜਾਂ ਰੋਜ਼ਗਾਰਦਾਤਾ ਦਾ ਸ਼ਨਾਖ਼ਤੀ ਨੰਬਰ ਤੇ ਹੋਰ ਜਾਣਕਾਰੀ ਮੁਹੱਈਆ ਕਰਵਾਉਣਾ ਹੁੰਦੀ ਹੈ। ਇਹ ਕੰਪਨੀ ਦਾਅਵਾ ਕਰਦੀ ਹੈ ਕਿ ਕਿਸੇ ਵੀ ਵਿਅਕਤੀ/ਵਰਤੋਂਕਾਰ ਦੀ ਕੋਈ ਵੀ ਨਿਜੀ ਜਾਣਕਾਰੀ ਵਪਾਰਕ ਮੰਤਵਾਂ ਲਈ ਕਿਸੇ ਵੀ ਤੀਜੀ ਧਿਰ ਨਾਲ਼ ਸਾਂਝੀ ਨਹੀਂ ਕੀਤੀ ਜਾਂਦੀ। ਜੇ ਕਦੇ ਅਜਿਹਾ ਕਰਨਾ ਵੀ ਪਵੇ, ਤਾਂ ਇਸ ਲਈ ਪਹਿਲਾਂ ਗਾਹਕਾਂ ਤੋਂ ਇਜਾਜ਼ਤ ਲਈ ਜਾਂਦੀ ਹੈ।

ਸ੍ਰੀ ਵਿਨੇ ਦਸਦੇ ਹਨ,''ਆਮਦਨ ਤਾਂ ਵਰਤੋਂਕਾਰ ਤੇ ਵਪਾਰੀ ਦੇ ਲੈਣ-ਦੇਣ ਤੋਂ ਹੀ ਹੋਣੀ ਹੈ। ਅਸੀਂ ਵਰਤੋਂਕਾਰਾਂ ਤੇ ਵਪਾਰੀਆਂ ਵਿਚਾਲ਼ੇ ਸਬੰਧ ਕਾਇਮ ਕਰਦੇ ਹਾਂ। ਇਹ ਨਿਸ਼ਚਤ ਤੌਰ 'ਤੇ ਬ੍ਰਾਂਡ ਗੱਠਜੋੜਾਂ ਦਾ ਇੱਕ ਮੰਚ ਸਿਰਜੇਗੀ।''

ਮੋਬਾਇਲ-ਭੁਗਤਾਨ ਉਦਯੋਗ ਦਾ ਰੁਝਾਨ ਉਤਾਂਹ ਵੱਲ

'ਦਾ ਮੋਬਾਇਲ ਵੈਲੇਟ' ਨੂੰ ਹੁਣ ਸਰਕਾਰ ਦੀ ਡਿਜੀਟਲ ਇੰਡੀਆ ਪਹਿਲਕਦਮੀ ਅਧੀਨ ਦਿਹਾਤੀ ਤੇ ਕਸਬਿਆਂ ਦੇ ਖੇਤਰਾਂ ਵਿੱਚ ਵੱਧ ਤੋਂ ਵੱਧ ਅਪਣਾਇਆ ਜਾ ਰਿਹਾ ਹੈ। ਇੰਡੀਆ ਮੋਬਾਇਲ ਵੈਲੇਟ ਮਾਰਕਿਟ ਫ਼ੋਰਕਾਸਟ ਐਂਡ ਅਪਰਚੂਨਿਟੀਜ਼ 2000 ਅਨੁਸਾਰ, ਭਾਰਤ 'ਚ ਇਸ ਖੇਤਰ ਦਾ ਕਾਰੋਬਾਰ 2020 ਤੱਕ 6.6 ਅਰਬ ਡਾਲਰ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ। 6ਡਬਲਿਊ-ਰਿਸਰਚ ਦੀ ਭਵਿੱਖਬਾਣੀ ਅਨੁਸਾਰ ਮੋਬਾਇਲ ਰਾਹੀਂ ਧਨ ਦੇ ਲੈਣ-ਦੇਣ ਦੀ ਕੀਮਤ ਸਾਲ 2020 ਤੱਕ 11.5 ਅਰਬ ਡਾਲਰ ਹੋ ਜਾਣ ਦੀ ਸੰਭਾਵਨਾ ਹੈ। ਇਸ ਵੇਲੇ ਭਾਰਤ ਵਿੱਚ ਮੋਬਾਇਲ ਫ਼ੋਨਜ਼ ਰਾਹੀਂ ਭੁਗਤਾਨ ਕਰਨ ਵਾਲ਼ਿਆਂ ਦੀ ਗਿਣਤੀ 13 ਕਰੋੜ 50 ਲੱਖ ਦੇ ਲਗਭਗ ਹੈ। ਇਸ ਬਾਜ਼ਾਰ ਦਾ ਬਹੁਤਾ ਖੇਤਰ ਪੇਅ-ਯੂ ਮਨੀ, ਪੇਅਟੀਐਮ, ਮੋਬੀਕਵਿੱਕ, ਆੱਕਸੀਜਨ ਅਤੇ ਮਾਇ ਮੋਬਾਇਲ ਪੇਅਮੈਂਟਸ ਨੇ ਸੰਭਾਲ਼ਆ ਹੋਇਆ ਹੈ। ਇਹ ਦੇਸ਼ ਹੁਣ ਨਕਦ-ਹੀਣ ਅਰਥ ਵਿਵਸਥਾ ਵੱਲ ਵਧ ਰਿਹਾ ਹੈ ਅਤੇ ਭਾਰਤ 'ਚ ਇਲੈਕਟ੍ਰੌਨਿਕ ਕਾਰੋਬਾਰ ਦੇ 40 ਫ਼ੀ ਸਦੀ ਲੈਣ-ਦੇਣ ਹੁਣ ਮੋਬਾਇਲ ਫ਼ੋਨ ਰਾਹੀਂ ਹੁੰਦੇ ਹਨ।

ਉਂਝ ਯੂਨੀਫ਼ਾਈਡ ਪੇਅਮੈਂਟ ਇੰਟਰਫ਼ੇਸ (ਯੂ.ਪੀ.ਆਈ.) ਅਤੇ ਭਾਰਤਪੇਅ ਦੇ ਆਉਣ ਨਾਲ਼ ਭਾਰਤ ਵਿੱਚ ਮੋਬਾਇਲ ਵੈਲੇਟਸ ਦੇ ਵਿਕਾਸ ਨੂੰ ਖ਼ਤਰਾ ਹੋ ਸਕਦਾ ਹੈ। ਮੁਢਲੀ ਇਕਾਈ ਨੈਸ਼ਨਲ ਪੇਅਮੈਂਟ ਕਾਰਪੋਰੇਸ਼ਨ ਆੱਫ਼ ਇੰਡੀਆ; ਭਾਰਤ 'ਚ ਸਾਰੀਆਂ ਪ੍ਰਚੂਨ ਭੁਗਤਾਨ ਪ੍ਰਣਾਲ਼ੀਆਂ ਦਾ ਸੰਚਾਲਨ ਕਰੇਗਾ।

ਲੇਖਕ: ਅਪਰਾਜਿਤਾ ਚੌਧਰੀ

ਅਨੁਵਾਦ: ਮਹਿਤਾਬ-ਉਦ-ਦੀਨ