10 ਸਾਲ ਦੀ ਉਮਰੇ ਵਿਆਹ, 20 ਤੱਕ ਚਾਰ ਬੱਚੇ, 30 ਸਾਲ ਦੀ ਉਮਰ 'ਚ ਬਣਾਈ ਸੰਸਥਾ... ਹੁਣ 2 ਲੱਖ ਔਰਤਾਂ ਦਾ ਭਰੋਸਾ ਹਨ ਫੂਲਬਾਸਨ

0

2 ਲੱਖ ਔਰਤਾਂ ਉਨ੍ਹਾਂ ਦੇ ਸੰਗਠਨ ਨਾਲ ਜੁੜੀਆਂ ਹੋਈਆਂ ਹਨ...

ਬਿਨਾਂ ਸਰਕਾਰੀ ਮਦਦ ਦੇ ਇਕੱਠੇ ਕੀਤੇ 25 ਕਰੋੜ ਰੁਪਏ...

ਸਾਲ 2011 ਤੋਂ ਚਲਾ ਰਹੇ ਹਨ 'ਸਫ਼ਾਈ ਮੁਹਿੰਮ'...

ਸ਼ਰਾਬਬੰਦੀ ਤੇ ਬਾਲ ਵਿਆਹ ਵਿਰੁੱਧ ਖੋਲ੍ਹਿਆ ਮੋਰਚਾ...

ਇੱਕ ਆਦਿਵਾਸੀ ਔਰਤ ਜੋ ਕਦੇ ਖਾਣ ਦੇ ਇੱਕ ਦਾਣੇ ਲਈ ਵੀ ਮੁਥਾਜ ਸੀ, ਅੱਜ ਉਹ ਲੋਕਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕਰਵਾ ਰਹੀ ਹੈ। ਉਹ ਔਰਤ ਜਿਸ ਦਾ ਵਿਆਹ 10 ਸਾਲ ਦੀ ਉਮਰੇ ਹੋ ਗਿਆ ਸੀ, ਉਹ ਅੱਜ ਬਾਲ ਵਿਆਹ ਵਿਰੁੱਧ ਸਮਾਜ ਨਾਲ ਲੜ ਰਹੀ ਹੈ। ਜੋ ਸਮਾਜ ਕਦੇ ਉਸ ਦੀ ਗ਼ਰੀਬੀ ਦਾ ਮਜ਼ਾਕ ਉਡਾਉਂਦਾ ਸੀ, ਅੱਜ ਉਹੀ ਸਮਾਜ ਨਾ ਕੇਵਲ ਉਸ ਦੇ ਨਾਲ ਖੜ੍ਹਾ ਹੈ, ਸਗੋਂ ਉਸ ਦੀ ਇੱਕ ਆਵਾਜ਼ ਉੱਤੇ ਹਰ ਗੱਲ ਮੰਨਣ ਨੂੰ ਤਿਆਰ ਰਹਿੰਦਾ ਹੈ। ਛੱਤੀਸਗੜ੍ਹ ਦੇ ਰਾਜਨਾਂਦਗਾਂਓਂ ਜ਼ਿਲ੍ਹੇ ਦੇ ਪਿੰਡ ਸੁਕੁਲਦੈਹਾਨ ਪਿੰਡ 'ਚ ਰਹਿਣ ਵਾਲੇ ਫੂਲਬਾਸਨ ਯਾਦਵ ਕੇਵਲ ਰਾਜਨਾਂਦਗਾਂਓਂ ਜ਼ਿਲ੍ਹੇ 'ਚ ਹੀ ਨਹੀਂ, ਸਗੋਂ ਸਮੁੱਚੇ ਛੱਤੀਸਗੜ੍ਹ 'ਚ ਹੀ ਮਹਿਲਾ ਸਸ਼ੱਕਤੀਕਰਣ ਦੇ ਰੋਲ-ਮਾੱਡਲ ਵਜੋਂ ਜਾਣੇ ਜਾਂਦੇ ਹਨ।

ਆਰਥਿਕ ਤੌਰ ਉੱਤੇ ਕਮਜ਼ੋਰ ਹੋਣ ਦੇ ਬਾਵਜੂਦ ਫੂਲਬਾਸਨ ਨੇ ਬਹੁਤ ਔਖਿਆਈ ਨਾਲ 7ਵੀਂ ਜਮਾਤ ਤੱਕ ਦੀ ਸਿੱਖਿਆ ਹਾਸਲ ਕੀਤੀ ਸੀ। 10 ਸਾਲ ਦੀ ਉਮਰੇ ਉਨ੍ਹਾਂ ਦਾ ਵਿਆਹ ਲਾਗਲੇ ਪਿੰਡ 'ਚ ਰਹਿੰਦੇ ਚੰਦੂਲਾਲ ਯਾਦਵ ਨਾਲ ਹੋ ਗਿਆ ਸੀ ਅਤੇ 13 ਸਾਲ ਦੀ ਉਮਰ 'ਚ ਉਹ ਆਪਣੇ ਸਹੁਰੇ ਪਰਿਵਾਰ 'ਚ ਆ ਗਏ ਸਨ। ਉਨ੍ਹਾਂ ਦੇ ਪਤੀ ਚੰਦੂਲਾਲ ਕੋਲ ਨਾ ਤਾਂ ਕੋਈ ਜ਼ਮੀਨ ਸੀ ਤੇ ਨਾ ਹੀ ਕੋਈ ਰੋਜ਼ਗਾਰ। ਚੰਦੂਲਾਲ ਆਜੜੀ ਸਨ, ਇਸ ਲਈ ਆਮਦਨ ਕੋਈ ਬਹੁਤੀ ਨਹੀਂ ਸੀ। ਅਜਿਹੇ ਮਾੜੇ ਵੇਲੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਸੀ। ਕਈ-ਕਈ ਦਿਨ ਭੁੱਖੇ ਰਹਿਣਾ ਫੂਲਬਾਸਨ ਦੇ ਪਰਿਵਾਰ ਦੀ ਆਦਤ ਵਿੱਚ ਸ਼ਾਮਲ ਹੋ ਗਿਆ ਸੀ। ਤਦ ਢਿੱਡ ਵਿੱਚ ਦਾਣਾ ਨਹੀਂ ਹੁੰਦਾ ਸੀ ਤੇ ਸਰੀਰ ਢਕਣ ਲਈ ਸਾੜ੍ਹੀ ਤੇ ਪੈਰਾਂ ਵਿੱਚ ਚੱਪਲ ਤਾਂ ਬਹੁਤ ਦੂਰ ਦੀ ਗੱਲ ਸੀ। ਔਖਿਆਈ ਨਾਲ ਹੋ ਰਹੇ ਇਸ ਗੁਜ਼ਾਰੇ ਦੌਰਾਨ 20 ਸਾਲਾਂ ਦੀ ਉਮਰ ਤੱਕ ਫੂਲਬਾਸਨ ਦੇ ਚਾਰ ਬੱਚੇ ਪੈਦਾ ਹੋਏ।

ਗ਼ਰੀਬ ਦਾ ਕੋਈ ਨਹੀਂ ਹੁੰਦਾ, ਇਹ ਗੱਲ ਫੂਲਬਾਸਨ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ। ਲੋਕ ਮਦਦ ਕਰਨ ਦੀ ਥਾਂ ਉਨ੍ਹਾਂ ਦੀ ਗ਼ਰੀਬੀ ਦਾ ਮਜ਼ਾਕ ਉਡਾਉਂਦੇ, ਤੰਗਹਾਲ ਵਿੱਚ ਜ਼ਿੰਦਗੀ ਬਿਤਾ ਰਹੇ ਬੱਚੇ ਜ਼ਮੀਨ ਉੱਤੇ ਹੀ ਭੁੱਖੇ-ਭਾਣੇ ਵਿਲਕਦੇ ਰਹਿੰਦੇ। ਤਦ ਫੂਲਬਾਸਨ ਨੇ ਕੁੱਝ ਅਜਿਹਾ ਕਰਨ ਦਾ ਵਿਚਾਰ ਮਨ ਵਿੱਚ ਧਾਰਿਆ ਕਿ ਅੱਜ ਉਹ ਹੋਰਨਾਂ ਲਈ ਇੱਕ ਮਿਸਾਲ ਬਣ ਗਏ ਹਨ। ਫੂਲਬਾਸਨ ਨੇ ਦਿਨ-ਰਾਤ, ਧੁੱਪ ਤੇ ਬਰਸਾਤ ਦੀ ਪਰਵਾਹ ਕੀਤੇ ਬਗ਼ੈਰ ਸਾਲ 2001 'ਚ 'ਮਾਂ ਬੰਬਲੇਸ਼ਵਰੀ ਸਵੈ-ਸਹਾਇਤਾ ਸਮੂਹ' ਦਾ ਗਠਨ ਕੀਤਾ। ਇਸ ਲਈ ਉਨ੍ਹਾਂ ਨੇ 11 ਔਰਤਾਂ ਦਾ ਇੱਕ ਸਮੂਹ ਬਣਾਇਆ ਤੇ ਸ਼ੁਰੂਆਤ ਕੀਤੀ 2 ਮੁੱਠੀ ਚੌਲ਼ਾਂ ਅਤੇ 2 ਰੁਪਏ ਤੋਂ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਇਸ ਮੁਹਿੰਮ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਪਤੀ ਤੱਕ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਪਤੀ ਦੇ ਵਿਰੋਧ ਕਾਰਣ ਕਈ ਵਾਰ ਸਾਰੀ ਰਾਤ ਹੀ ਫੂਲਬਾਸਨ ਨੂੰ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹੋਣਾ ਪਿਆ ਪਰ ਜਿਨ੍ਹਾਂ ਕੋਲ ਹਿੰਮਤ ਤੇ ਹੌਸਲਾ ਹੁੰਦਾ ਹੈ, ਉਹ ਵੱਖਰਾ ਮੁਕਾਮ ਹਾਸਲ ਕਰ ਸਕਦੇ ਹਨ। ਤਦ ਹੀ ਤਾਂ ਅੱਜ ਰਾਜਨਾਂਦਗਾਓਂ ਜ਼ਿਲ੍ਹੇ ਦੇ ਲਗਭਗ ਸਾਰੇ ਪਿੰਡਾਂ ਵਿੱਚ ਫੂਲਬਾਸਨ ਦੀਆਂ ਬਣਾਈਆਂ ਮਹਿਲਾ ਜੱਥੇਬੰਦੀਆਂ ਮਿਲ਼ ਜਾਣਗੀਆਂ। ਇਹ ਸੰਗਠਨ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰਨ ਦਾ ਕੰਮ ਵੀ ਕਰਦਾ ਹੈ।

ਪੜ੍ਹਾਈ, ਭਲਾਈ ਤੇ ਸਫ਼ਾਈ ਦੀ ਸੋਚ ਦੇ ਨਾਲ ਫੂਲਬਾਸਨ ਔਰਤਾਂ ਨੂੰ ਆਚਾਰ, ਵੜੀਆਂ, ਪਾਪੜ ਬਣਾਉਣ ਦੀ ਨਾ ਕੇਵਲ ਸਿਖਲਾਈ ਦਿੰਦੇ ਹਨ, ਸਗੋਂ ਬੰਬਲੇਸ਼ਵਰੀ ਬ੍ਰਾਂਡ ਦੇ ਨਾਂਅ ਨਾਲ ਤਿਆਰ ਆਚਾਰ ਛੱਤੀਸਗੜ੍ਹ 'ਚ 300 ਤੋਂ ਵੀ ਵੱਧ ਥਾਵਾਂ ਉੱਤੇ ਵੇਚਿਆ ਜਾਂਦਾ ਹੈ। ਫੂਲਬਾਸਨ ਨੇ ਜ਼ਿਲ੍ਹੇ ਦੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਨੂੰ ਸਾਇਕਲ ਚਲਾਉਣ ਵਾਸਤੇ ਪ੍ਰੇਰਿਤ ਕੀਤਾ। ਇਸ ਪਿੱਛੇ ਸੋਚ ਇਹ ਸੀ ਕਿ ਮਹਿਲਾਵਾਂ ਵਿੱਚ ਆਤਮ-ਵਿਸ਼ਵਾਸ ਆਵੇਗਾ ਤੇ ਉਹ ਸਮਾਜਕ ਬੁਰਾਈਆਂ ਨਾਲ ਲੜਨਾ ਸਿੱਖਣਗੀਆਂ। ਉਨ੍ਹਾਂ ਦੀ ਇਹ ਸੋਚ ਸਹੀ ਸਿੱਧ ਹੋਈ, ਜਦੋਂ ਪਿੰਡ ਦੀਆਂ ਔਰਤਾਂ ਨੇ ਲੋਕਾਂ ਵਿੱਚ ਸ਼ਰਾਬ ਦੀ ਲਤ ਵੇਖੀ, ਤਾਂ ਸ਼ਰਾਬਬੰਦੀ ਅੰਦੋਲਨ ਚਲਾਉਣ ਦਾ ਫ਼ੈਸਲਾ ਕੀਤਾ। ਅੱਜ ਵੀ ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਔਰਤਾਂ ਇੱਕ ਦਿਨ ਦਾ ਵਰਤ ਰਖਦੀਆਂ ਹਨ; ਇਹ ਸਿੱਧ ਕਰਨ ਲਈ ਕਿ ਉਹ ਸ਼ਰਾਬਬੰਦੀ ਦੇ ਵਿਰੁੱਧ ਹਨ ਤੇ ਸਾਰੇ ਪਿੰਡਾਂ ਵਿੱਚ ਇਹ ਪ੍ਰੋਗਰਾਮ ਰੱਖਿਆ ਜਾਂਦਾ ਹੈ; ਜਿਸ ਵਿੱਚ ਸਿਰਫ਼ ਔਰਤਾਂ ਹੀ ਭਾਗ ਲੈਂਦੀਆਂ ਹਨ। ਇਹ ਫੂਲਬਾਸਨ ਦੀ ਮੁਹਿੰਮ ਦਾ ਹੀ ਅਸਰ ਹੈ ਕਿ ਉਨ੍ਹਾਂ ਦੇ ਅੰਦੋਲਨ ਤੋਂ ਬਾਅਦ 650 ਤੋਂ ਵੱਧ ਪਿੰਡਾਂ ਵਿੱਚ ਸ਼ਰਾਬ ਦੀ ਵਿਕਰੀ ਬੰਦ ਹੋ ਗਈ। ਲਗਭਗ 600 ਪਿੰਡ ਅਜਿਹੇ ਹਨ, ਜਿੱਥੇ ਹੁਣ ਬਾਲ-ਵਿਆਹ ਨਹੀਂ ਹੁੰਦੇ।

ਅੱਜ ਫੂਲਬਾਸਨ ਦੇ ਸਮੂਹ ਨਾਲ 2 ਲੱਖ ਤੋਂ ਵੀ ਵੱਧ ਮਹਿਲਾਵਾਂ ਜੁੜ ਚੁੱਕੀਆਂ ਹਨ ਅਤੇ ਇਸ ਸੰਗਠਨ ਨੇ ਬਿਨਾਂ ਸਰਕਾਰੀ ਮਦਦ ਦੇ 25 ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਇਕੱਠੀ ਕਰ ਲਈ ਹੈ। ਜਿਸ ਦੀ ਵਰਤੋਂ ਉਹ ਸਮਾਜਕ ਕੰਮਾਂ ਲਈ ਕਰਦੀਆਂ ਹਨ। ਇਹ ਗ਼ਰੀਬ ਕੁੜੀਆਂ ਦੇ ਨਾ ਕੇਵਲ ਵਿਆਹ ਰਚਾਉਂਦੇ ਹਨ, ਸਗੋਂ ਔਰਤਾਂ ਦੀ ਪੜ੍ਹਾਈ ਲਈ ਵੀ ਬਹੁਤ ਸਾਰੇ ਉਪਰਾਲੇ ਕਰਦੇ ਹਨ। ਨਾਲ ਹੀ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਇਹ ਸੰਗਠਨ ਮਾਮੂਲੀ ਵਿਆਜ ਉੱਤੇ ਖੇਤੀਬਾੜੀ, ਮੁਰਗੀ-ਪਾਲਣ, ਬੱਕਰੀ-ਪਾਲਣ ਅਤੇ ਰੋਜ਼ਗਾਰ ਦੇ ਦੂਜੇ ਸਾਧਨਾਂ ਲਈ ਉਨ੍ਹਾਂ ਨੂੰ ਕਰਜ਼ਾ ਵੀ ਦਿੰਦੇ ਹਨ।

ਇਹ ਫੂਲਬਾਸਨ ਹੀ ਹਲ, ਜੋ ਪ੍ਰਸ਼ਾਸਨ ਦੀ ਮਦਦ ਲਏ ਬਗ਼ੈਰ ਸਾਲ 2001 ਤੋਂ ਸਫ਼ਾਈ ਮੁਹਿੰਮ ਮੁਫ਼ਤ ਚਲਾ ਰਹੇ ਹਨ। ਛੇਤੀ ਹੀ ਛੱਤੀਸਗੜ੍ਹ ਦੇ ਰਾਜਨਾਂਦਗਾਓਂ ਜ਼ਿਲ੍ਹੇ ਦਾ ਚੌਕੀ ਬਲਾੱਕ ਅਜਿਹਾ ਪਹਿਲਾ ਇਲਾਕਾ ਹੋਵੇਗਾ, ਜਿੱਥੇ ਹਰੇਕ ਘਰ ਵਿੱਚ ਪਖਾਨੇ ਦੀ ਵਿਵਸਥਾ ਹੋਵੇਗੀ। ਇਸ ਲਈ ਮਾਂ ਬੰਬਲੇਸ਼ਵਰੀ ਜਨਹਿਤਕਾਰੀ ਸਮਿਤੀ ਖ਼ਾਸ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਮੁਹਿੰਮ ਨੂੰ ਸਫ਼ਲ ਬਣਾਉਣ ਲੲ ਆਲੇ-ਦੁਆਲੇ ਦੂਜੇ ਬਲਾੱਕਸ ਤੋਂ ਆਈਆਂ ਲਗਭਗ 200 ਔਰਤਾਂ ਇੱਥੇ ਕਿਰਤ-ਦਾਨ ਕਰ ਰਹੀਆਂ ਹਨ; ਤਾਂ ਜੋ ਹਰੇਕ ਘਰ ਵਿੱਚ ਪਖਾਨੇ ਦਾ ਨਿਰਮਾਣ ਹੋ ਸਕੇ।

ਫੂਲਬਾਸਨ ਦੀਆਂ ਇਨ੍ਹਾਂ ਹੀ ਉਪਲਬਧੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਸਾਲ 2012 'ਚ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ। ਜਿਸ ਤੋਂ ਬਾਅਦ ਫੂਲਬਾਸਨ ਦਾ ਮੰਨਣਾ ਹੈ ਕਿ ਉਨ੍ਹਾਂ ਉੱਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਪਹਿਲਾਂ ਦੇ ਮੁਕਾਬਲੇ ਬਹੁਤ ਵਧ ਗਈ ਹੈ।

ਲੇਖਕ: ਹਰੀਸ਼ ਬਿਸ਼ਟ