ਮਿਲੋ ਵੇਟਰ ਤੋਂ 80 ਹੋਟਲਾਂ ਦੇ ਮਾਲਿਕ ਬਣਨ ਵਾਲੇ ਪੀ ਰਾਜਗੋਪਾਲ ਨੂੰ

ਮਿਲੋ ਵੇਟਰ ਤੋਂ 80 ਹੋਟਲਾਂ ਦੇ ਮਾਲਿਕ ਬਣਨ ਵਾਲੇ ਪੀ ਰਾਜਗੋਪਾਲ ਨੂੰ

Friday December 09, 2016,

4 min Read

ਸਰਵਨਾ ਭਵਨ ਹੋਟਲਾਂ ਦੀ ਇੱਕ ਲੜੀ ਹੈ ਜਿਸਦੇ ਦੇਸ਼ ਵਿਦੇਸ਼ ਵਿੱਚ 80 ਹੋਟਲ ਹਨ. ਪਰ ਇਨ੍ਹਾਂ ਦੇ ਮਾਲਿਕ ਪੀ ਰਾਜਗੋਪਾਲ ਦੀ ਸੋਚ ਦੀ ਵੀ ਆਪਣੀ ਇੱਕ ਦਿਲਚਸਪ ਕਹਾਣੀ ਹੈ. ਇੱਕ ਵਾਰ ਕਿਸੇ ਦੋਸਤ ਨੇ ਕਿਹਾ ਕੇ ਉਹ ਚੇਨਈ ਦੇ ਟੀ ਨਗਰ ਜਾ ਰਿਹਾ ਹੈ ਕਿਉਂਕਿ ਉੱਥੇ ਦੇ ਕੇ ਕੇ ਨਗਰ ਵਿੱਚ ਕੋਈ ਚੰਗਾ ਹੋਟਲ ਨਹੀਂ ਹੈ. ਪੀ ਰਾਜਗੋਪਾਲ ਕੇ ਕੇ ਨਗਰ ‘ਚ ਹੀ ਰਹਿੰਦੇ ਸਨ. ਉਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਅਤੇ ਕੇ ਕੇ ਨਗਰ ਵਿੱਚ ਇੱਕ ਅਜਿਹਾ ਹੋਟਲ ਖੋਲਣ ਦਾ ਮੰਨ ਬਣਾ ਲਿਆ ਜਿੱਥੇ ਵਧੀਆ ਖਾਣਾ ਮਿਲ ਸਕਦਾ ਹੋਵੇ. ਇਹ ਇੱਕ ਵੱਡਾ ਸੁਪਨਾ ਸੀ ਕਿਉਂਕਿ ਪੀ ਰਾਜਗੋਪਾਲ ਜਾਣਦੇ ਸਨ ਕੇ ਉਹ ਇੱਕ ਵੱਡਾ ਟੀਚਾ ਮਿਥ ਰਹੇ ਸਨ. ਪਰ ਵੱਡੀ ਸੋਚ ਦਾ ਨਤੀਜਾ ਵੀ ਵੱਡਾ ਹੀ ਹੋਇਆ. ਅੱਜ ਸਰਵਨਾ ਭਵਨ ਦੀ ਵੱਖ ਵੱਖ ਸ਼ਹਿਰਾਂ ਵਿੱਚ 33 ਬ੍ਰਾਂਚਾਂ ਹਨ. ਵਿਦੇਸ਼ਾਂ ਵਿੱਚ 47 ਥਾਵਾਂ ‘ਤੇ ਸਰਵਨਾ ਹੋਟਲ ਹਨ.

ਪਰ ਇਹ ਗੱਲ ਘੱਟ ਲੋਕ ਹੀ ਜਾਣਦੇ ਹਨ ਕੇ ਪੀ ਰਾਜਗੋਪਾਲ ਦਾ ਬਚਪਨ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਬੀਤਿਆ. ਉਨ੍ਹਾਂ ਦਾ ਜਨਮ ਆਜ਼ਾਦੀ ਵਾਲੇ ਸਾਲ ਤਮਿਲਨਾਡੁ ਦੇ ਇੱਕ ਛੋਟੇ ਜਿਹੇ ਪਿੰਡ ਪੁੰਨਇਯਾਦੀ ਵਿੱਖੇ ਹੋਇਆ. ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਸਨ. ਉਨ੍ਹਾਂ ਦੇ ਪਿਤਾ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਪੜ੍ਹਨ ਲਈ ਸਕੂਲ ਭੇਜਿਆ. ਪਰ ਗ਼ਰੀਬੀ ਕਰਕੇ ਉਹ ਸੱਤਵੀਂ ਜਮਾਤ ‘ਤੋਂ ਅੱਗੇ ਨਹੀਂ ਪੜ੍ਹ ਸਕੇ ਅਤੇ ਪੜ੍ਹਾਈ ਛੱਡ ਕੇ ਇੱਕ ਹੋਟਲ ਵਿੱਚ ਭਾਂਡੇ ਧੋਣ ਦਾ ਕੰਮ ਕਰਨਾ ਪਿਆ. ਪੀ ਰਾਜਗੋਪਾਲ ਨੇ ਹੌਲੇ ਹੌਲੇ ਚਾਹ ਅਤੇ ਖਾਣਾ ਬਣਾਉਣਾ ਸਿਖਿਆ.

image


ਕੁਛ ਸਮੇਂ ਬਾਅਦ ਉਨ੍ਹਾਂ ਨੂੰ ਇੱਕ ਕਿਰਿਆਨਾ ਸਟੋਰ ‘ਤੇ ਸਾਫ਼-ਸਫਾਈ ਕਰਨ ਦੀ ਨੌਕਰੀ ਮਿਲ ਗਈ. ਪਰ ਇਸ ਕੰਮ ਨੇ ਉਨ੍ਹਾਂ ਨੂੰ ਇੱਕ ਸੋਚ ਦਿੱਤੀ. ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਕਿਰਾਨੇ ਦੀ ਦੁਕਾਨ ਖੋਲ ਲਈ. ਉਨ੍ਹਾਂ ਨੇ ਦੁਕਾਨ ਖੋਲ ਤਾਂ ਲਈ ਪਰ ਜਾਣਕਾਰੀ ਨਾ ਹੋਣ ਕਰਕੇ ਉਹ ਵਧੀਆ ਤਰ੍ਹਾਂ ਨਹੀਂ ਚੱਲੀ. ਉਨ੍ਹਾਂ ਨੂੰ ਲੱਗਾ ਕੇ ਹੁਣ ਦੁਕਾਨ ਬੰਦ ਕਰਨੀ ਪੈਣੀ ਹੈ.

ਪਰ ਕਹਿੰਦੇ ਹਨ ਕੇ ਕੋਈ ਨਾ ਕੋਈ ਉਮੀਦ ਹਮੇਸ਼ਾ ਕਾਇਮ ਰਹਿੰਦੀ ਹੈ. ਪੀ ਰਾਜਗੋਪਾਲ ਦੇ ਮੰਨ ਵਿੱਚ ਵੀ ਇੱਕ ਵਿਸ਼ਵਾਸ ਬਣਿਆ ਹੋਇਆ ਸੀ. ਉਨ੍ਹਾਂ ਨੇ ਆਪਣੇ ਨੂੰ ਸਾਬਿਤ ਕਰ ਵਿਖਾਉਣ ਦਾ ਫੈਸਲਾ ਕਰ ਲਿਆ. ਸਾਲ 1979 ਦੀ ਗੱਲ ਹੈ ਜਦੋਂ ਇੱਕ ਦੋਸਤ ਨੇ ਕਿਹਾ ਕੇ ਕੇ ਕੇ ਨਗਰ ਵਿੱਚ ਕੋਈ ਵਧੀਆ ਹੋਟਲ ਵੀ ਨਹੀਂ ਹੈ. ਪੀ ਰਾਜਗੋਪਾਲ ਲਈ ਇਹ ਵਿਚਾਰ ਸੀ ਜੋ ਉਨ੍ਹਾਂ ਦੀ ਜਿੰਦਗੀ ਬਦਲ ਦੇਣ ਵਾਲਾ ਸੀ. ਇਸ ਘਟਨਾ ਦੇ ਦੋ ਸਾਲ ਵਿੱਚ ਹੀ ਪੀ ਰਾਜਗੋਪਾਲ ਨੇ ਸਰਵਨਾ ਭਵਨ ਦੀ ਨੀਂਹ ਰੱਖ ਦਿੱਤੀ. ਅਸਲ ਵਿੱਚ ਉਹ ਸਮਾਂ ਸੀ ਜਦੋਂ ਬਾਹਰ ਖਾਣਾ ਖਾਣਾ ਇੱਕ ਰਿਵਾਜ਼ ਨਹੀਂ ਸਗੋਂ ਲੋੜ ਸੀ. ਰਾਜਗੋਪਾਲ ਨੇ ਇਸ ਲੋੜ ਨੂੰ ਪੂਰਾ ਕੀਤਾ ਅਤੇ ਹੋਟਲ ਦੇ ਬਿਜ਼ਨੇਸ ਵਿੱਚ ਸ਼ੁਰੁਆਤ ਕੀਤੀ.

ਹੋਟਲ ਚਲਾਉਣ ਲਈ ਰਾਜਗੋਪਾਲ ਨੇ ਪੱਕਾ ਕਾਇਦਾ ਬਣਾਇਆ. ਇਨ੍ਹਾਂ ਵਿੱਚ ਗਾਹਕਾਂ ਦੇ ਵਿਸ਼ਵਾਸ ਨੂੰ ਅਵੱਲ ਰਖਿਆ ਗਿਆ. ਉਨ੍ਹਾਂ ਨੇ ਖਾਣੇ ਵਿੱਚ ਸਫ਼ਾਈ ਵੱਲ ਖਾਸ ਧਿਆਨ ਦਿੱਤਾ. ਰਸੋਈਏ ਵੀ ਇਸ ਗੱਲ ਨੂੰ ਜਾਣ ਗਏ ਸਨ ਕੇ ਖਾਣੇ ਦੀ ਕੁਆਲਿਟੀ ਵਧੀਆ ਹੋਣੀ ਜਰੂਰੀ ਹੈ ਨਹੀਂ ਤਾਂ ਇੱਥੋਂ ਬਾਹਰ ਕਰ ਦਿੱਤਾ ਜਾਵੇਗਾ. ਭਾਵੇਂ ਇਸ ਕਰਕੇ ਸਰਵਨਾ ਭਵਨ ਘਾਟੇ ਵਿੱਚ ਚਲਾ ਗਿਆ ਪਰ ਰਾਜਗੋਪਾਲ ਨੇ ਸਮਝੌਤਾ ਨਹੀਂ ਕੀਤਾ. ਛੇਤੀ ਹੀ ਉਨ੍ਹਾਂ ਦੇ ਹੋਟਲ ਵਿੱਚ ਖਾਣੇ ਦੀ ਕੁਆਲਿਟੀ ਦੀ ਮਸ਼ਹੂਰੀ ਹੋਣ ਲੱਗੀ ਅਤੇ ਕੰਮ ਵਿੱਚ ਮੁਨਾਫ਼ਾ ਹੋਣ ਲੱਗ ਪਿਆ.

ਸਰਵਨਾ ਭਵਨ ਦੀ ਕਾਮਯਾਬੀ ਦਾ ਰਾਜ਼ ਸਿਰਫ਼ ਵਧੀਆ ਖਾਣਾ ਨਹੀਂ ਸਗੋਂ ਕਰਮਚਾਰੀਆਂ ਨਾਲ ਪਰਿਵਾਰ ਦੀ ਤਰ੍ਹਾਂ ਸੰਬੰਧ ਰਖਣਾ ਵੀ ਸ਼ਾਮਿਲ ਹੈ. ਇਸ ਲਈ ਕਰਮਚਾਰੀਆਂ ਦੀ ਸੁਵਿਧਾ ਦਾ ਵੀ ਖ਼ਿਆਲ ਰਖਿਆ ਜਾਂਦਾ ਹੈ. ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ. ਕਰਮਚਾਰੀਆਂ ਨੂੰ ਆਪਣੇ ਪਰਿਵਾਰ ਕੋਲ ਜਾਣ ਲਈ ਸਾਲ ਵਿੱਚ ਇੱਕ ਵਾਰ ਖ਼ਰਚਾ ਵੀ ਦਿੱਤਾ ਜਾਂਦਾ ਹੈ. ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਦਿੱਤਾ ਜਾਂਦਾ ਹੈ.

ਇੰਨਾ ਕੁਛ ਚੰਗਾ ਕਰਨ ਵਾਲੇ ਰਾਜਗੋਪਾਲ ਲਈ ਸਾਲ 2009 ਵਧੀਆ ਸਾਬਿਤ ਨਹੀਂ ਹੋਇਆ. ਉਨ੍ਹਾਂ ਦੇ ਖਿਲਾਫ਼ ਹੱਤਿਆ ਕਰਨ ਦਾ ਮਾਮਲਾ ਦਰਜ਼ ਹੋ ਗਿਆ. ਉਨ੍ਹਾਂ ਉੱਪਰ ਇਲਜ਼ਾਮ ਲੱਗਾ ਕੇ ਉਨ੍ਹਾਂ ਨੇ ਆਪਣੇ ਮੈਨੇਜਰ ਦੀ ਕੁੜੀ ਦੇ ਇੱਕ ਦੋਸਤ ਸੰਥਾਰਾਮ ਦੀ ਹੱਤਿਆ ਕਰਾ ਦਿੱਤੀ. ਕਿਹਾ ਜਾਂਦਾ ਹੈ ਕੇ ਰਾਜਗੋਪਾਲ ਆਪਣੇ ਮੈਨੇਜਰ ਦੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ. ਪਰ ਉਹ ਕੁੜੀ ਅਤੇ ਸੰਥਾਰਾਮ ਇੱਕ ਦੁੱਜੇ ਨੂੰ ਪਸੰਦ ਕਰਦੇ ਸਨ. ਕਿਹਾ ਜਾਂਦਾ ਹੈ ਕੇ ਇੱਕ ਦਿਨ ਸੰਥਾਰਾਮ ਲਾਪਤਾ ਹੋ ਗਿਆ ਅਤੇ ਕੁਛ ਦਿਨਾਂ ਬਾਅਦ ਉਸ ਦੀ ਲਾਸ਼ ਮਿਲੀ. ਪੁਲਿਸ ਨੇ ਰਾਜਗੋਪਾਲ ਨੂੰ ਜੇਲ ਭੇਜ ਦਿੱਤਾ. ਪਰ ਸਬੂਤ ਨਾ ਹੋਣ ਕਰਕੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ.

ਪਰ ਇਨ੍ਹਾਂ ਗੱਲਾ ਦੇ ਬਾਅਦ ਵੀ ਸਰਵਨਾ ਭਵਨ ਹੋਟਲਾਂ ਦੀ ਇੱਕ ਕਾਮਯਾਬ ਲੜੀ ਹੈ ਅਤੇ ਲੋਕ ਇਸ ਨੂੰ ਪਸੰਦ ਕਰਦੇ ਹਨ.

ਲੇਖਕ: ਧੀਰਜ ਸਾਰਥਕ

ਅਨੁਵਾਦ: ਰਵੀ ਸ਼ਰਮਾ