...ਜਦੋਂ ਸੁਆਲ ਅੱਧੀ ਆਬਾਦੀ ਦਾ ਹੋਵੇ, ਤਾਂ ਸੁਣਨੀ ਹੋਵੇਗੀ ''ਆਤਮਾ ਦੀ ਪੁਕਾਰ''

0

ਸੰਨ 2004 'ਚ ਇਸ ਨੌਜਵਾਨ ਨੂੰ ਸਮਾਜਕ ਮੁੱਦਿਆਂ ਅਤੇ ਇਸ ਦੇ ਹਿਤਾਂ ਲਈ ਆਵਾਜ਼ ਉਠਾਉਣ ਕਾਰਣ ਅਗ਼ਵਾ ਕਰ ਲਿਆ ਗਿਆ ਸੀ। ਪਰ ਇਹ ਬਹਾਦਰ ਨੌਜਵਾਨ ਅਗ਼ਵਾਕਾਰਾਂ ਦੇ ਸ਼ਿਕੰਜੇ ਵਿੱਚੋਂ ਬਚ ਕੇ ਨਿੱਕਲਣ ਵਿੱਚ ਸਫ਼ਲ ਰਿਹਾ ਅਤੇ ਤਦ ਤੋਂ ਉਹ ਆਪਣਾ ਜੀਵਨ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਸਸ਼ੱਕਤੀਕਰਣ ਨੂੰ ਸਮਰਪਿਤ ਕਰ ਦਿੱਤਾ ਹੈ। ਆਓ ਤੁਹਾਨੂੰ ਮਿਲਾਉਂਦੇ ਹਾਂ 25 ਸਾਲਾਂ ਦੇ ਕੁੰਦਨ ਸ੍ਰੀਵਾਸਤਵ ਨਾਲ। ਬਿਹਾਰ ਦੇ ਚੰਪਾਰਣ ਜ਼ਿਲ੍ਹੇ ਦੇ ਪਿੰਡ ਰਕਸੌਲ ਦੇ ਜੰਮਪਲ਼ ਅਤੇ ਕਿੱਤੇ ਵਜੋਂ ਇੰਜੀਨੀਅਰ ਕੁੰਦਨ ਦੇਸ਼ ਦੇ ਸਭ ਤੋਂ ਨੌਜਵਾਨ ਸਮਾਜ ਸੇਵਕਾਂ ਵਿੱਚ ਗਿਣੇ ਜਾਂਦੇ ਹਨ।

ਅਨੇਕਾਂ ਸ਼ਲਾਘਾਯੋਗ ਕੰਮਾਂ ਲਈ 'ਯੂਨੀਵਰਸਲ ਹਿਊਮੈਨਿਟੀ' ਅਤੇ 'ਪੀਠਾਧੀਸ਼' ਸਮੇਤ ਸਮਾਜਕ ਖੇਤਰ ਦੇ ਅਨੇਕਾਂ ਇਨਾਮ-ਸਨਮਾਨ ਕੁੰਦਨ ਨੂੰ ਮਿਲ ਚੁੱਕੇ ਹਨ।

ਉਤਸ਼ਾਹਿਤ ਕੁੰਦਨ ਆਪਣੇ ਬੀਤੇ ਸਮੇਂ ਨੂੰ ਚੇਤੇ ਕਰਦਿਆਂ ਆਪਣੇ ਜੀਵਨ ਦੀ ਦਿਲਚਸਪ ਕਹਾਣੀ ਕੁੱਝ ਇਉਂ ਬਿਆਨ ਕਰਦੇ ਹਨ: ''ਮੈਂ ਕਿਉਂਕਿ ਸਿੱਖਿਆ ਵਿਵਸਥਾ ਉਤੇ ਕਾਬਜ਼ ਅਫ਼ਸਰਸ਼ਾਹੀ ਅਤੇ ਮਾਫ਼ੀਆ ਵਿਰੁੱਧ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਜਿਸ ਕਰ ਕੇ ਉਨ੍ਹਾਂ ਮੈਨੂੰ ਅਗ਼ਵਾ ਕਰ ਲਿਆ ਸੀ। ਮੈਂ ਸੱਤ ਦਿਨਾਂ ਤੱਕ ਉਨ੍ਹਾਂ ਅਪਰਾਧੀਆਂ ਦੇ ਸ਼ਿਕੰਜੇ ਵਿੱਚ ਫ਼ਸਿਆ ਰਿਹਾ। ਮੈਨੂੰ ਆਸ ਨਹੀਂ ਸੀ ਕਿ ਮੈਂ ਸਕਾਂਗਾ, ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਸੱਤ ਔਖੇ ਦਿਨਾਂ ਤੋਂ ਬਾਅਦ ਮੈਂ ਉਨ੍ਹਾਂ ਦੀ ਕੈਦ ਵਿੱਚੋਂ ਨੱਸ ਨਿੱਕਲਣ ਵਿੱਚ ਸਫ਼ਲ ਰਿਹਾ। ਭਾਵੇਂ ਨੱਸਣ ਦੌਰਾਨ ਮੇਰੇ ਇੱਕ ਪੈਰ ਵਿੱਚ ਗੋਲ਼ੀ ਵੀ ਲੱਗੀ ਅਤੇ ਮੈਂ ਜ਼ਖ਼ਮੀ ਵੀ ਹੋ ਗਿਆ ਸਾਂ।''

ਇਸ ਘਟਨਾ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਲੈ ਆਂਦਾ। ਘਰ ਪਰਤ ਕੇ ਕੁੰਦਨ ਨੇ ਮਹਿਸੂਸ ਕੀਤਾ ਕਿ ਕਿਸੇ ਚੰਗੇ ਉਦੇਸ਼ ਲਈ ਇਸ ਲੜਾਈ ਨੂੰ ਜਾਰੀ ਰੱਖਣਾ ਕਿੰਨਾ ਮਹੱਤਵਪੂਰਣ ਹੈ। ਉਹ ਕਹਿੰਦੇ ਹਨ ਕਿ ''ਹੋ ਸਕਦਾ ਹੈ ਕਿ ਮੈਂ ਹਾਰ ਮੰਨ ਲੈਂਦਾ ਪਰ ਤਦ ਇਸ ਘਟਨਾ ਨੇ ਮੇਰੇ ਸੰਕਲਪ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ।''

ਅੱਗੇ ਉਨ੍ਹਾਂ ਆਪਣਾ ਅਧਿਐਨ ਜਾਰੀ ਰੱਖਿਆ ਅਤੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਮੁਕੰਮਲ ਕੀਤੀ। ਉਹ ਦਸਦੇ ਹਨ- ''ਇਹ ਮੇਰੇ ਲਈ ਬਹੁਤ ਅਹਿਮ ਸੀ ਕਿ ਮੇਰੇ ਅਗ਼ਵਾ ਦੇ ਅਗਲੇ ਸਾਲ ਮੈਂ ਆਪਣੀ ਪੜ੍ਹਾਈ ਮੁਕੰਮਲ ਕਰ ਲਈ। ਇਸ ਦੌਰਾਨ ਮੇਰੇ ਛੋਟੇ ਭਰਾ ਦੀ ਕੈਂਸਰ ਨਾਲ ਮੌਤ ਹੋ ਗਈ ਅਤੇ ਇਸ ਸਭ ਦੌਰਾਨ ਮੇਰੇ ਸਮਾਜਕ ਕਾਰਜਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੇਰੇ ਰੁਝੇਵਿਆਂ ਨੇ ਮੈਨੂੰ ਅੱਗੇ ਵਧਦੇ ਰਹਿਣ ਵਿੱਚ ਮਦਦ ਕੀਤੀ।''

ਕੁੰਦਨ ਨੇ ਆਪਣੇ ਪਿੰਡ ਦੇ ਸ਼ੋਸ਼ਤ ਅਤੇ ਵਾਂਝੇ ਤਬਕੇ ਦੇ ਬੱਚਿਆਂ ਲਈ ਸਿੱਖਿਆ ਵਿਵਸਥਾ ਨੂੰ ਸੁਧਾਰਨ ਦਾ ਆਪਣਾ ਜਤਨ ਜਾਰੀ ਰੱਖਿਆ ਅਤੇ ਉਸ ਤੋਂ ਬਾਅਦ ਉਹ ਦਿੱਲੀ ਚਲੇ ਗਏ। ਉਥੇ '91 ਮੋਬਾਇਲਜ਼' ਨਾਂਅ ਦੀ ਇੱਕ ਕੰਪਨੀ ਵਿੱਚ ਸਾੱਫ਼ਟਵੇਅਰ ਇੰਜੀਨੀਅਰ ਵਜੋਂ ਕੰਮ ਕਰਨ ਲੱਗੇ। ਪਰਿਵਾਰ ਦੇ ਪਾਲਣ-ਪੋਸ਼ਣ ਲਈ ਇਹ ਬਹੁਤ ਜ਼ਰੂਰੀ ਵੀ ਸੀ। ''ਪਰ ਜਦੋਂ ਮੈਂ ਦਿੱਲੀ ਆਇਆ ਸਾਂ, ਤਦ ਤੋਂ ਔਰਤਾਂ ਦੇ ਸ਼ੋਸ਼ਣ ਬਾਰੇ ਪੜ੍ਹਿਆ ਅਤੇ ਸੁਣਿਆ ਕਰਦਾ ਸਾਂ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਵੇਖਦਿਆਂ ਅਤੇ ਸਮਝਦਿਆਂ ਇਸ ਵਿਸ਼ੇ ਵਿੱਚ ਕੁੱਝ ਕਰਨ ਦਾ ਵਿਚਾਰ ਆਇਆ ਅਤੇ ਫਿਰ 'ਬੀ ਇਨ ਹਿਊਮੈਨਿਟੀ ਫ਼ਾਊਂਡੇਸ਼ਨ' ਦੀ ਸਥਾਪਨਾ ਹੋਈ। 'ਬੀ ਇਨ ਹਿਊਮੈਨਿਟੀ' ਨੌਜਵਾਨਾਂ ਵੱਲੋਂ ਸੰਚਾਲਿਤ ਇੱਕ ਸੰਗਠਨ ਹੈ, ਜੋ ਹਰ ਤਬਕੇ ਅਤੇ ਖੇਤਰ ਦੀਆਂ ਔਰਤਾਂ ਦੇ ਸਸ਼ੱਕਤੀਕਰਣ ਲਈ ਕੰਮ ਕਰਦਾ ਹੈ।'

ਬਾਲਗ਼ ਨੌਜਵਾਨਾਂ ਵੱਲੋਂ ਸੰਚਾਲਿਤ 'ਬੀ ਇਨ ਹਿਊਮੈਨਿਟੀ ਫ਼ਾਊਂਡੇਸ਼ਨ' ਇੱਕ ਸਵੈ-ਨਿਰਭਰ ਸੰਸਥਾ ਹੈ। ਉਹ ਦਸਦੇ ਹਨ- ''ਅਸੀਂ ਕਿਸੇ ਤਰ੍ਹਾਂ ਦੀ ਗ੍ਰਾਂਟ ਨਹੀਂ ਲੈਂਦੇ ਅਤੇ ਆਪਣੀ ਆਮਦਨ ਦਾ ਕੁੱਝ ਹਿੱਸਾ ਸੰਸਥਾ ਦੇ ਸੰਚਾਲਨ ਲਈ ਦਿੰਦੇ ਹਾਂ।''

ਇਸ ਸੰਸਥਾ ਦੇ ਮਾਧਿਅਮ ਰਾਹੀਂ ਕੁੰਦਨ ਨੇ ਨਾ ਕੇਵਲ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਵਿਰੁੱਧ ਉਨ੍ਹਾਂ ਦੀ ਮਦਦ ਕੀਤੀ, ਸਗੋਂ ਅਨੇਕਾਂ ਔਰਤਾਂ ਦੇ ਮੁੜ-ਵਸੇਬੇ ਦਾ ਕੰਮ ਵੀ ਕੀਤਾ ਹੈ। ਉਹ ਕਹਿੰਦੇ ਹਨ ਕਿ ਸੰਗੀਨ ਜੁਰਮਾਂ ਜਿਵੇਂ ਬਲਾਤਕਾਰ, ਤੇਜ਼ਾਬੀ ਹਮਲੇ, ਛੇੜਖਾਨੀ ਅਤੇ ਦਹੇਜ ਕਾਰਣ ਤੰਗ ਕਰਨ ਜਿਹੇ ਅਪਰਾਧਾਂ ਤੋਂ ਪ੍ਰਭਾਵਿਤ ਔਰਤਾਂ ਦੀ ਮਦਦ ਲਈ ਹਾਲੇ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਅਜਿਹੇ ਹਾਲਾਤ ਪੈਦਾ ਕੀਤੇ ਜਾਣੇ ਚਾਹੀਦੇ ਹਨ ਕਿ ਸਮਾਜ ਵਿੱਚ ਉਨ੍ਹਾਂ ਨੂੰ ਬਾਅਦ ਵਿੱਚ ਪੂਰਾ ਸਨਮਾਨ ਮਿਲ਼ ਸਕੇ, ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਹੋਣੀ ਚਾਹੀਦੀ ਹੈ, ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾਵੇ।

ਇਸ ਤੋਂ ਇਲਾਵਾ ਇਹ ਸੰਸਥਾ ਇੱਕ ਹੋਰ ਪ੍ਰਾਜੈਕਟ ਜਿਸ ਦਾ ਨਾਂਅ 'ਆਤਮਾ ਦੀ ਪੁਕਾਰ' ਹੈ, ਵੀ ਚਲਾਉਂਦੀ ਹੈ। ਇਸ ਪ੍ਰਾਜੈਕਟ ਅਧੀਨ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਕਿਹੜੀਆਂ ਸਮਾਜਕ ਤਬਦੀਲੀਆਂ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਸਭ ਦੇ ਸਾਹਮਣੇ ਲਿਆਉਣ ਦੇ ਜਤਨ ਕੀਤੇ ਜਾਂਦੇ ਹਨ।

''ਅਸੀਂ ਦੇਸ਼ ਦੇ ਵੱਖੋ-ਵੱਖਰੇ ਭਾਗਾਂ ਤੋਂ ਬੁਲਾਰਿਆਂ ਨੂੰ ਸੱਦਦੇ ਹਾਂ, ਜੋ ਲੋਕਾਂ ਨੂੰ ਮਾਨਸਿਕ ਸਦਮਿਆਂ, ਮਾਨਸਿਕਤਾ ਅਤੇ ਅਜਿਹੇ ਹੋਰ ਵਿਸ਼ਿਆਂ ਬਾਰੇ ਜਾਗਰੂਕ ਕਰਦੇ ਹਨ।'' ਉਹ ਦਸਦੇ ਹਨ ਕਿ ਇਸ ਵਿਸ਼ਵਾਸ ਨਾਲ ਕਿ ਜੇ ਆਪਣੇ ਦੇਸ਼ 'ਚੋਂ ਅਜਿਹੇ ਅਪਰਾਧਾਂ ਦਾ ਖ਼ਾਤਮਾ ਕਰਨਾ ਹੈ, ਇਨ੍ਹਾਂ ਨੂੰ ਜੜ੍ਹ ਤੋਂ ਹੀ ਖ਼ਤਮ ਕਰਨਾ ਹੋਵੇਗਾ ਅਤੇ ਇਸ ਲਈ ਸਾਨੂੰ ਆਪਣੇ ਜਤਨ ਨੌਜਵਾਨ ਵਰਗ ਦੀ ਮਾਨਸਿਕਤਾ ਬਦਲਣ ਉਤੇ ਕੇਂਦ੍ਰਿਤ ਕਰਨਾ ਹੋਵੇਗਾ। ਇਸ ਲਈ ਅਸੀਂ ਵੱਖੋ-ਵੱਖਰੇ ਸਕੂਲਾਂ ਵਿੱਚ ਜਾਂਦੇ ਹਾਂ ਅਤੇ ਬੱਚਿਆਂ ਨੂੰ ਲਿੰਗਕ ਸਮਾਨਤਾ, ਸਿਹਤ ਅਤੇ ਸਾਫ਼-ਸਫ਼ਾਈ ਅਤੇ ਇਸੇ ਤਰ੍ਹਾਂ ਦੇ ਹੋਰ ਮੁੱਦਿਆਂ ਬਾਰੇ ਸਮਝਾਉਂਦੇ ਹਾਂ।

ਕੁੰਦਨ ਨੇ ਪਿੱਛੇ ਜਿਹੇ ਇੱਕ ਕਿਤਾਬ ਵੀ ਲਿਖੀ ਹੈ, ਜਿਸ ਦਾ ਨਾਂਅ ਹੈ ''ਟਾਈਟਲ ਇਜ਼ ਅਨਟਾਈਟਲਡ''। ਇਹ ਕਿਤਾਬ ਸਮਾਜ ਕੁੱਝ ਅਜਿਹੇ ਮੁੱਦੇ ਉਠਾਉਂਦੀ ਹੈ, ਜਿਨ੍ਹਾਂ ਬਾਰੇ ਸਮਾਜ ਅਕਸਰ ਚੁੱਪ ਜਾਂ ਉਦਾਸੀਨ ਰਹਿੰਦਾ ਹੈ। ਸਿੱਖਿਆ ਹੋਵੇ ਭਾਵੇਂ ਮਹਿਲਾ ਸਸ਼ੱਕਤੀਕਰਣ, ਸਾਨੂੰ ਇਨ੍ਹਾਂ ਸ਼ਬਦਾਂ ਨੂੰ ਸਹੀ ਅਰਥਾਂ ਵਿੱਚ ਸਮਾਜ ਵਿੱਚ ਸਥਾਪਤ ਕਰਨਾ ਹੋਵੇਗਾ ਅਤੇ ਹਰ ਵਿਅਕਤੀ ਨੂੰ ਇਸ ਦੀ ਸ਼ੁਰੂਆਤ ਕਰਨੀ ਹੋਵੇਗੀ।