ਪਤੀ ਦੀ ਮੌਤ ਨੇ ਕਰਾਇਆ ਜ਼ਿੰਮੇਵਾਰੀ ਦਾ ਅਹਿਸਾਸ, ਰੌਸ਼ਨ ਕਰ ਦਿੱਤਾ ਹਵਾਰੇ ਸਮੂਹ

0

ਹਵਾਰੇ ਸਮੂਹ ਨਵੀ ਮੁੰਬਈ ਅਤੇ ਠਾਣੇ ਖੇਤਰ ਦੇ ਨਿਰਮਾਣ ਦੇ ਕੰਮ ਵਿੱਚ ਜਾਣਿਆ ਪਛਾਣਿਆ ਨਾਂ ਹੈ। ਸਾਲ 1995 ਵਿੱਚ ਸਤੀਸ਼ ਹਵਾਰੇ ਵੱਲੋਂ ਸਥਾਪਤ ਇਹ ਸਮੂਹ ਆਪਣੀਆਂ ਸਸਤੀਆਂ ਰਿਹਾਇਸ਼ੀ ਯੋਜਨਾਵਾਂ ਲਈ ਜਾਣਿਆ ਜਾਂਦਾ ਹੈ ਜਿਸ ਕਰਕੇ ਅੱਜ ਇਹ ਘਰ ਘਰ ਵਿੱਚ ਜਾਣਿਆ ਜਾਣ ਵਾਲਾ ਨਾਂ ਬਣ ਗਿਆ ਹੈ। ਮੌਜੂਦਾ ਸਮੇਂ 750 ਕਰੋੜ ਰੁਪਏ ਤੋਂ ਵਧ ਦੇ ਕਾਰੋਬਾਰ ਵਾਲਾ ਇਹ ਸਮੂਹ ਨਿਰਮਾਣ ਖੇਤਰ ਦੇ 10 ਮੋਹਰੀ ਨਾਵਾਂ ਵਿੱਚੋਂ ਇਕ ਹੈ ਅਤੇ ਹੁਣ ਤਾਂ ਮਹਾਂਰਾਸ਼ਟਰ ਦੇ ਦੂਰ ਦਰਾਜ ਦੇ ਖੇਤਰ ਵਿੱਚ ਸਥਿਤ ਪਾਲਘਰ ਅਤੇ ਕਰਜਤ ਵਿੱਚ ਵੀ ਇਮਾਰਤਾਂ ਦਾ ਨਿਰਮਾਣ ਕਰ ਰਿਹਾ ਹੈ। ਨਿਰਮਾਣ ਕਾਰੋਬਾਰ ਨਾਲ ਜੁੜੇ ਵਧੇਰੇ ਲੋਕ ਕਾਰੋਬਾਰ ਦੇ ਸਿਖਰ 'ਤੇ ਪਹੁੰਚਣ ਮਗਰੋਂ ਸਾਲ 2005 ਵਿੱਚ ਹੋਈ ਸਤੀਸ਼ ਹਵਾਰੇ ਦੀ ਮੌਤ ਬਾਰੇ ਜਾਣਦੇ ਹਨ। ਉਨ੍ਹਾਂ ਆਪਣੇ ਪਿੱਛੇ ਸਿਰਫ਼ ਇੱਕ ਅਜਿਹੇ ਰੱਜੇ ਪੁੱਜੇ ਕਾਰੋਬਾਰ ਨੂੰ ਹੀ ਨਹੀਂ ਛੱਡਿਆ ਜਿਸ 'ਤੇ ਕਈ ਲੋਕਾਂ ਦਾ ਜੀਵਨ ਨਿਰਭਰ ਸੀ ਬਲਕਿ ਉਸ ਦੇ ਜਾਣ ਮਗਰੋਂ ਇੱਕ ਉੱਦਮੀ ਵਜੋਂ ਉਨ੍ਹਾਂ ਵੱਲੋਂ ਦੇਖੇ ਗਏ ਸੁਪਨੇ ਅਤੇ ਸੱਧਰਾਂ ਵੀ ਸਿਫਰ ਹੋ ਗਈਆਂ ਸਨ।

ਉੱਜਵਲਾ ਹਵਾਰੇ ਦੋ ਬੱਚਿਆਂ ਦੀ ਮਾਂ ਹੋਣ ਦੇ ਨਾਲ ਚੰਗੀ ਪਤਨੀ ਵੀ ਸੀ ਜੋ ਕਦੀ ਕਦੀ ਦਫ਼ਤਰ ਵੀ ਚਲੀ ਜਾਂਦੀ ਸੀ, "ਕਿਉਂਕਿ ਸਤੀਸ਼ ਕਦੀ ਵੀ ਮੈਨੂੰ ਸਿਰਫ਼ ਘਰ ਦਿਆਂ ਕੰਮਾਂ ਤੱਕ ਹੀ ਸੀਮਤ ਨਹੀਂ ਕਰਨਾ ਚਾਹੁਦੇ ਸੀ।" ਆਪ ਵਧੀਆ ਸਿੱਖਿਅਤ ਉੱਜਵਲਾ ਨੇ ਬਹੁਤ ਛੋਟੀ ਉਮਰ ਵਿੱਚ ਹੀ ਵਪਾਰ ਦੀਆਂ ਬਰੀਕੀਆਂ ਸਿੱਖ ਲਈਆਂ ਸਨ ਅਤੇ ਉਹ ਹੀ ਇੱਕ ਵਿਅਕਤੀ ਸੀ ਜਿਸ ਨਾਲ ਸਤੀਸ਼ ਸਿਤਾਰੇ ਛੂਹਣ ਦੇ ਆਪਣੇ ਸੁਪਨੇ ਸਾਂਝੇ ਕਰਦਾ ਸੀ। ਇਹ ਉਨ੍ਹਾਂ ਵੱਲੋਂ ਸਾਂਝਾ ਕੀਤਾ ਗਿਆ ਕਰੀਬੀ ਰਿਸ਼ਤਾ ਸੀ ਜਿਸ ਕਾਰਨ ਉੱਜਵਲਾ ਨੇ ਉਸ ਦੀ ਅਚਾਨਕ ਮੌਤ ਮਗਰੋਂ 12 ਦਿਨਾਂ ਬਾਅਦ ਹੀ ਉਸ ਦੇ ਸੁਪਨੇ ਪੂਰੇ ਕਰਨ ਦੀ ਜ਼ਿੰਮੇਵਾਰੀ ਚੁੱਕ ਲਈ ਸੀ। ਸਿਰਫ਼ ਹਫ਼ਤਾ ਪਹਿਲਾਂ ਮਾਂ ਬਣਨ ਦਾ ਸੁਖ ਮਾਣਨ ਵਾਲੀ ਉਜਵਲਾ ਨੂੰ ਜ਼ਿੰਮੇਵਾਰੀ ਦੀ ਚੋਣ ਕਰਨੀ ਪਈ। ਸਾਲ 2005 ਵਿੱਚ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈਣ ਮਗਰੋਂ ਹੀ ਉੱਜਵਲਾ ਨੇ ਨਾ ਸਿਰਫ਼ ਆਪਣੇ ਪਤੀ ਦੀ ਲਗਾਤਾਰ ਕਾਮਯਾਬੀ ਨੂੰ ਪੱਕਾ ਕੀਤਾ ਬਲਕਿ ਹੁਣ ਉਹ ਕੰਪਨੀ ਨੂੰ ਕਾਮਯਾਬੀ ਦੀਆਂ ਨਵੀਆਂ ਸਿਖਰਾਂ ਤੱਕ ਲਿਜਾਣ ਵਿੱਚ ਸਫ਼ਲ ਰਹੀ ਹੈ ਅਤੇ ਨਵੇਂ ਨਵੇਂ ਖੇਤਰਾਂ ਵਿੱਚ ਕਦਮ ਵਧਾਉਂਦੇ ਹੋਏ ਕੰਪਨੀ ਦਾ ਵਿਸਥਾਰ ਕਰ ਰਹੀ ਹੈ। ਅਸੀਂ ਹਾਲ ਹੀ ਵਿੱਚ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਉਸ ਦਾ ਰੁਖ ਜਾਣਨ ਲਈ ਉਸ ਨਾਲ ਚਰਚਾ ਕੀਤੀ।

ਇੱਕ ਨੌਜਵਾਨ ਵਹੁਟੀ

ਉੱਜਵਲਾ ਦਾ ਆਰਕੀਟੈਕਟ ਦੀ ਪੜ੍ਹਾਈ ਦੇ ਆਖਰੀ ਸਾਲ ਵਿੱਚ ਹੀ ਵਿਆਹ ਹੋ ਗਿਆ ਸੀ। ਉਸ ਦੇ ਪਰਿਵਾਰ ਨੇ ਇੱਕ ਮਰਾਠੀ ਅਖ਼ਬਾਰ ਵਿੱਚ ਛਪੇ ਵਿਆਹ ਸਬੰਧੀ ਇਸ਼ਤਿਹਾਰ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਲਿਖਿਆ ਸੀ, "ਨਵੀ ਮੁੰਬਈ ਦੇ ਇੱਕ ਪ੍ਰਸਿੱਧ ਬਿਲਡਰ ਨੂੰ ਵਿਦਰਭ ਖੇਤਰ ਦੀ ਰਹਿਣ ਵਾਲੀ ਇੱਕ ਆਰਕੀਟੈਕਟ ਦੁਲਹਨ ਦੀ ਤਾਲਾਸ਼ ਹੈ।" ਉੱਜਵਲਾ ਨੇ ਆਪਣੇ ਪਤੀ ਸਤੀਸ਼ ਨਾਲ ਬਿਤਾਏ ਪਲਾਂ ਨੂੰ ਕਿਤਾਬ 'ਐਂਡ ਸੋ ਹੀ ਲਿਵਡ ਆਨ' ਵਿੱਚ ਸਹੇਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਉਸ ਨੇ ਮੰਨਿਆ ਹੈ ਕਿ ਉਸ ਦਾ ਵਿਆਹ ਇੱਕ ਜੂਆ ਸੀ ਜਿਸ ਵਿੱਚ ਉਹ ਕਿਸਮਤ ਵਾਲੀ ਰਹੀ ਅਤੇ ਉਹ ਸਭ ਕੁਝ ਹਾਸਲ ਕਰਨ ਵਿੱਚ ਸਫ਼ਲ ਰਹੀ ਜੋ ਉਹ ਚਾਹੁੰਦੀ ਸੀ।

ਪਰਿਵਾਰ ਵੱਲੋਂ ਤੈਅ ਕੀਤੇ ਕੀਤੇ ਗਏ ਵਿਆਹ ਦੀ ਬਦੌਲਤ ਉੱਜਵਲਾ ਆਪਣੇ ਸੁਪਨਿਆਂ ਦੇ ਰਾਜਕੁਮਾਰ ਨੂੰ ਹਾਸਲ ਕਰਨ ਵਿੱਚ ਸਫ਼ਲ ਰਹੀ ਅਤੇ ਸਮੇਂ ਦੇ ਨਾਲ ਉਸ ਨੂੰ ਸਤੀਸ਼ ਦੇ ਉਤਸ਼ਾਹ ਅਤੇ ਜੋਸ਼ ਨੂੰ ਜਾਣਨ ਦਾ ਮੌਕਾ ਮਿਲਿਆ। ਸਤੀਸ਼ ਨੇ ਨਾ ਸਿਰਫ਼ ਉਸ ਨੂੰ ਪ੍ਰੇਰਿਤ ਕੀਤਾ ਬਲਕਿ ਉਸ ਨੂੰ ਨਿੱਜੀ ਅਤੇ ਪੇਸ਼ੇਵਰ ਹਰ ਰੂਪ ਵਿੱਚ ਆਪਣੇ ਸਾਥੀ ਦਾ ਦਰਜਾ ਦਿੱਤਾ। ਇਸ ਤਰ੍ਹਾਂ ਇਸ ਨਵੀਂ ਵਹੁਟੀ ਨੇ ਸ਼ੁਰੂ ਵਿੱਚ ਹੀ ਦਫ਼ਤਰ ਜਾਣ ਅਤੇ ਵੱਖ ਵੱਖ ਪ੍ਰਾਜੈਕਟ ਤਿਆਰ ਕਰਨ ਵਿੱਚ ਸਹਿਯੋਗ ਕਰਨਾ ਸ਼ੁਰੂ ਰਕ ਦਿੱਤਾ। ਹਾਲਾਂਕਿ ਬੇਟੀ ਦੇ ਜਨਮ ਸਮੇਂ ਉਸ ਨੂੰ ਦਫ਼ਤਰ ਅਤੇ ਕੰਮ ਤੋਂ ਦੂਰੀ ਬਣਾਉਣੀ ਪਈ ਕਿਉਂਕਿ ਪਰਿਵਾਰਕ ਜ਼ਿੰਮੇਦਾਰੀਆਂ ਨੇ ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ। ਇਸ ਦੇ ਬਾਵਜੂਦ ਉਹ ਸਤੀਸ਼ ਨਾਲ ਹਵਾਰੇ ਸਮੂਹ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਦੀ ਰਹਿੰਦੀ ਸੀ ਅਤੇ ਆਪਣੀਆਂ ਮਹੱਤਵਪੂਰਨ ਸਲਾਹਾਂ ਦਿੰਦੀ ਰਹਿੰਦੀ ਸੀ।

ਅਸਲ ਵਿੱਚ ਪਤੀ ਪਤਨੀ ਦਰਮਿਆਨ ਹੋਈਆਂ ਗੱਲਾਂਬਾਤਾਂ ਅਤੇ ਸੁਪਨਿਆਂ ਦੇ ਵਟਾਂਦਰੇ ਨੇ ਉੱਜਵਲਾ ਨੂੰ ਆਪਣੇ ਕਾਲਜ ਦੇ ਆਖਰੀ ਸਾਲ ਵਿੱਚ ਥੀਸਿਸ ਲਈ 'ਬੇਘਰੇ ਲੋਕਾਂ ਲਈ ਰਿਹਾਇਸ਼ ਦੇ ਦ੍ਰਿਸ਼ਟੀਕੋਣ' ਵਿਸ਼ਾ ਚੁਣਨ ਲਈ ਪ੍ਰੇਰਿਤ ਕੀਤਾ। ਇਹ ਅਜਿਹਾ ਸੁਪਨਾ ਅਤੇ ਵਿਸ਼ਾ ਸੀ ਜਿਸ ਨੂੰ ਉਸ ਦਾ ਪਤੀ ਵੀ ਆਰਕੀਟੈਕਟ ਦੀ ਪੜ੍ਹਾਈ ਦੌਰਾਨ ਚੁਣਨਾ ਚਾਹੁੰਦਾ ਸੀ।

ਉੱਜਵਲਾ ਮੰਨਦੀ ਹੈ ਕਿ ਉਹ ਹਮੇਸ਼ਾ ਆਪਣੇ ਪਤੀ ਤੋਂ ਪ੍ਰੇਰਿਤ ਹੁੰਦੀ ਹੈ ਭਾਵੇਂ ਉਹ ਰਿਸ਼ਤਿਆਂ ਨੂੰ ਸੰਭਾਲਣ ਦਾ ਉਸ ਦਾ ਅੰਦਾਜ਼ ਹੋਵੇ, ਆਪਣੇ ਫੈਸਲੇ 'ਤੇ ਅਮਲ ਕਰਨ ਦੀ ਉਸ ਸਮਰੱਥਾ ਜਾਂ ਫਿਰ ਜੀਵਨ ਲਈ ਉਸ ਦਾ ਪਿਆਰ ਹੋਵੇ। ਉਹ ਮੰਨਦੀ ਹੈ, "ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਉਸ ਵਰਗੇ ਬਿਹਤਰੀਨ ਵਿਅਕਤੀ ਦੀ ਪਤਨੀ ਬਣਨ ਦਾ ਮੌਕਾ ਮਿਲਿਆ ਹੈ।"

ਸਤੀਸ਼ ਦਾ ਪ੍ਰਭਾਵ

ਸਤੀਸ਼ ਅਤੇ ਉੱਜਵਲਾ ਦੋਵੇਂ ਦੀ ਬੇਹੱਦ ਸਧਾਰਨ ਪਿਛੋਕੜ ਤੋਂ ਆਉਂਦੇ ਹਨ ਅਤੇ ਇਹ ਇਨ੍ਹਾਂ ਦੋਵਾਂ ਵੱਲੋਂ ਦਿਖਾਏ ਗਏ ਸਬਰ ਅਤੇ ਦ੍ਰਿੜ੍ਹ ਸੰਕਲਪ ਦਾ ਹੀ ਨਤੀਜਾ ਹੈ ਕਿ ਹਵਾਰੇ ਸਮੂਹ ਅੱਜ ਦੇਸ਼ ਦੇ ਚੋਣਵੇਂ ਸਮੂਹਾਂ ਵਿੱਚ ਸ਼ਾਮਲ ਹੈ। ਬਿਲਡਰ ਬਣਨ ਤੋਂ ਪਹਿਲਾਂ ਸਤੀਸ਼ ਆਰਕੀਟੈਕਟ ਵਜੋਂ ਕੰਮ ਕਰਦਾ ਸੀ ਅਤੇ ਇਸੇ ਦੌਰਾਨ ਉਸ ਨੇ ਇਸ ਖੇਤਰ ਵਿੱਚ ਵਧੀਆ ਸਬੰਧ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਜਦੋਂ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਂ ਇਨ੍ਹਾਂ ਸੰਪਰਕਾਂ ਅਤੇ ਜਾਣਕਾਰਾਂ ਦੇ ਸਮੂਹ ਨੇ ਇਸ ਵਿੱਚ ਭਰੋਸਾ ਦਿਖਾਇਆ। ਸਮੂਹ ਦੇ ਪਹਿਲੇ ਪ੍ਰਾਜੈਕਟ ਬਾਰੇ ਦੱਸਦਿਆਂ ਉੱਜਵਲਾ ਦਸਦੀ ਹੈ, "ਸਾਡਾ ਪਹਿਲਾ ਪ੍ਰਾਜੈਕਟ ਖਾਰਘਰ ਵਿੱਚ ਸੀ ਅਤੇ ਉਸ ਸਮੇਂ ਉਹ ਜ਼ਮੀਨ ਪੂਰੀ ਤਰ੍ਹਾਂ ਬੰਜਰ ਸੀ। ਇੱਥੋਂ ਤੱਕ ਕਿ ਮੀਂਹ ਦੇ ਮੌਸਮ ਵਿੱਚ ਤਾਂ ਸਾਈਟ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ ਕਿਉਂਕਿ ਉਸ ਸਮੇਂ ਠੀਕ ਢੰਗ ਨਾਲ ਸੜਕਾਂ ਵੀ ਮੌਜੂਦ ਨਹੀਂ ਸਨ।" ਹਾਲਾਂਕਿ ਉਸ ਸਮੇਂ ਜ਼ਮੀਨ ਬਹੁਤ ਸਸਤੀ ਸੀ, ਪਰ ਬੇਹੱਦ ਸਾਧਾਰਨ ਪਿਛੋਕੜ ਤੋਂ ਆਉਣ ਵਾਲੇ ਹਵਾਰੇ ਜੋੜੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਜ਼ਮੀਨ ਵਿੱਚ ਨਿਵੇਸ਼ ਕਰ ਸਕੇ। ਸਤੀਸ਼ ਦੇ ਪੁਰਾਣੇ ਸੰਪਰਕਾਂ ਅਤੇ ਖਪਤਕਾਰਾਂ ਨੇ ਉਸ ਵਿੱਚ ਭਰੋਸਾ ਜਤਾਇਆ ਅਤੇ ਅੱਗੇ ਆ ਕੇ ਉਸ ਦੀ ਮਦਦ ਕੀਤੀ। ਉੱਜਵਲਾ ਦੱਸਦੀ ਹੈ, "ਸਤੀਸ਼ ਬੇਹੱਦ ਵਧੀਆ ਵਿਅਕਤੀ ਹੋਣ ਦੇ ਨਾਲ ਨਾਲ ਬੇਹੱਦ ਗਾਲੜੀ ਵੀ ਸੀ ਅਤੇ ਇੱਕ ਅਜਿਹਾ ਵਿਅਕਤੀ ਸੀ ਜੋ ਅਸਾਨੀ ਨਾਲ ਕਿਸੇ ਦਾ ਦਿਲ ਜਿੱਤ ਲੈਂਦਾ ਸੀ। ਇਸ ਤੋਂ ਬਿਨਾਂ ਉਹ ਬੇਹੱਦ ਭਰੋਸੇਮੰਦ ਵਿਅਕਤੀ ਸੀ ਅਤੇ ਇੱਕ ਸਮੇਂ ਜਦੋਂ ਬਿਲਡਰ ਲੋਕਾਂ ਦੇ ਪੈਸੇ ਲੈ ਕੇ ਗਾਇਬ ਹੋ ਰਹੇ ਸਨ ਤਾਂ ਲੋਕ ਉਸ ਦੀ ਇਮਾਨਦਾਰੀ 'ਤੇ ਅੱਖਾਂ ਮੀਚ ਕੇ ਭਰੋਸਾ ਕਰਦੇ ਸੀ।"

ਇਸ ਤੋਂ ਬਿਨਾਂ ਸਤੀਸ਼ ਜੋਖਮ ਚੁੱਕਣ ਲਈ ਵੀ ਹਮੇਸ਼ਾ ਤਿਆਰ ਰਹਿੰਦਾ ਸੀ ਅਤੇ ਉੱਜਵਲਾ ਅਨੁਸਾਰ ਇਸੇ ਕਾਰਨ ਉਹ ਭੀੜ ਤੋਂ ਵੱਖ ਨਜ਼ਰ ਆਉਂਦਾ ਸੀ। ਉੱਜਵਲਾ ਦੱਸਦੀ ਹੈ, "ਉਹ ਬਹੁਤ ਵੱਡੇ ਵੱਡੇ ਜੋਖਮ ਲੈਣ ਵਾਲਾ ਵਿਅਕਤੀ ਸੀ ਕਿਉਂਕਿ ਉਸ ਨੂੰ ਖੁਦ 'ਤੇ ਪੂਰਾ ਭਰੋਸਾ ਸੀ। ਇਸੇ ਕਾਰਨ ਉਸ ਨੇ ਸੋਚਿਆ ਕਿ ਜੇਕਰ ਮੈਂ ਇੱਕ ਬਿਲਡਰ ਵਜੋਂ ਕਾਮਯਾਬ ਨਾ ਵੀ ਹੋਇਆ ਤਾਂ ਕੋਈ ਗੱਲ ਨਹੀਂ ਮੈਂ ਦੁਬਾਰਾ ਆਰਕੀਟੈਕਟ ਦਾ ਆਪਣਾ ਕੰਮ ਸ਼ੁਰੂ ਕਰ ਦੇਵਾਂਗਾ ਕਿਉਂਕਿ ਉਸ ਨੂੰ ਲਗਦਾ ਸੀ ਕਿ ਉਸ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ।" ਉੱਜਵਲਾ ਆਪ ਵੀ ਆਰਕੀਟੈਕਟ ਸੀ, ਇਸ ਲਈ ਉਹ ਰਾਹ ਵਿੱਚ ਆਉਣ ਵਾਲੀ ਹਰ ਪ੍ਰੇਸ਼ਾਨੀ ਦਾ ਮਿਲ ਕੇ ਸਾਹਮਣਾ ਕਰਨ ਲਈ ਤਿਆਰ ਸੀ। ਉਹ ਕਹਿੰਦੀ ਹੈ, "ਉਸ ਦੀ ਫੈਸਲਾ ਕਰਨ ਦੀ ਸਮਰਥਾ ਬਿਹਤਰੀਨ ਸੀ। ਉਹ ਫੈਸਲਾ ਕਰਨ ਦੇ ਸਮਰੱਥ ਸੀ ਕਿਉਂਕਿ ਉਸ ਕੋਲ ਉਹ ਸੁਪਨੇ ਪੂਰੇ ਕਰਨ ਦਾ ਸਪੱਸ਼ਟ ਦ੍ਰਿਸ਼ਟੀਕੋਣ ਸੀ।" ਅੱਜ ਹਵਾਰੇ ਸਮੂਹ ਦੀ ਪ੍ਰਧਾਨ ਵਜੋਂ ਉੱਜਵਲਾ ਕਹਿੰਦੀ ਹੈ ਕਿ ਸਤੀਸ਼ ਦਾ ਦ੍ਰਿਸ਼ਟੀਕੋਣ ਅੱਜ ਵੀ ਉਸ ਦੇ ਆਸ ਪਾਸ ਰਹੇ ਹਰ ਵਿਅਕਤੀ ਲਈ ਇੱਕ ਪ੍ਰੇਰਨਾ ਦਾ ਕੰਮ ਕਰਦਾ ਹੈ। ਇਸ ਤੋਂ ਬਿਨਾਂ ਸਤੀਸ਼ ਨੂੰ ਸਮਾਜਕ ਕੰਮਾਂ ਵਿੱਚ ਸ਼ਾਮਲ ਹੋਣਾ ਬੇਹੱਦ ਪਸੰਦ ਸੀ। ਸਤੀਸ਼ ਸਾਲ 1993 ਨੂੰ ਲਾਤੂਰ ਵਿੱਚ ਆਏ ਭੂਚਾਲ ਅਤੇ ਸਾਲ 2004 ਨੂੰ ਚੇਨਈ ਦੀ ਸੁਨਾਮੀ ਮਗਰੋਂ ਚੱਲੇ ਬਚਾਅ ਕਾਰਜਾਂ ਵਿੱਚ ਨਿੱਜੀ ਤੌਰ 'ਤੇ ਸ਼ਾਮਲ ਹੋਇਆ ਸੀ ਅਤੇ ਸਰਗਰਮ ਭੂਮਿਕਾ ਨਿਭਾਈ ਸੀ। ਉੱਜਵਲਾ ਕਹਿੰਦੀ ਹੈ, "ਇਸ ਕੰਮ ਵਿੱਚ 45 ਸਾਲ ਦਾ ਕਾਰਜਕਾਲ ਪੂਰਾ ਕਰਨ ਮਗਰੋਂ ਉਸ ਦਾ ਇਰਾਦਾ ਇਸ ਕਾਰੋਬਾਰ ਨੂੰ ਕਿਸੇ ਹੋਰ ਨੂੰ ਸੌਂਪ ਕੇ ਵਿਦਰਭ ਦੇ ਚਿਕਲਦਰਾ ਇਲਾਕੇ ਦੇ ਰਹਿਣ ਵਾਲੇ ਆਦੀਵਾਸੀਆਂ ਦੇ ਉਭਾਰ ਅਤੇ ਉਨ੍ਹਾਂ ਦੀ ਭਲਾਈ ਲਈ ਕੁਝ ਕੰਮ ਕਰਨ ਦਾ ਸੀ।" ਅੱਜ ਵੀ ਹਵਾਰੇ ਸਮੂਹ ਨਵੀ ਮੁੰਬਈ, ਠਾਣੇ ਅਤੇ ਮੁੰਬਈ ਵਿੱਚ ਧਰਮਾਰਥ ਪੁਸਤਕ ਬੈਂਕਾਂ ਅਤੇ ਅਧਿਐਨ ਕੇਂਦਰਾਂ ਦਾ ਕਾਮਯਾਬੀ ਨਾਲ ਸੰਚਾਲਨ ਕਰ ਰਿਹਾ ਹੈ। ਇੱਥੋਂ ਤੱਕ ਕਿ ਕਿਫਾਇਤੀ ਰਿਹਾਇਸ਼ ਦਾ ਵਿਚਾਰ, ਜਿਸ ਲਈ ਹਵਾਰੇ ਸਮੂਹ ਜਾਣਿਆ ਜਾਂਦਾ ਹੈ, ਵੀ ਸਭ ਨੂੰ ਸਿਰ ਲੁਕਾਉਣ ਦੇ ਸਮਰੱਥ ਬਣਾਉਣ ਦੀ ਸੋਚ ਤੋਂ ਆਇਆ ਹੈ।

ਵਾਗਡੋਰ ਆਪਣੇ ਹੱਥਾਂ ਵਿੱਚ ਲੈਣਾ

ਉੱਜਵਲਾ ਵੱਲੋਂ ਲਿਖੀ ਗਈ ਕਿਤਾਬ ਪੜ੍ਹਨ 'ਤੇ ਇੱਕ ਪਾਠਕ ਵਜੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਉੱਜਵਲਾ ਬਹੁਤ ਹੱਦ ਤੱਕ ਆਪਣੇ ਪਤੀ 'ਤੇ ਨਿਰਭਰ ਰਹੀ ਹੈ। ਉਸ ਨੇ ਉਸ ਦਾ ਬੇਹੱਦ ਖਿਆਲ ਰੱਖਿਆ ਅਤੇ ਇਹ ਪੱਕਾ ਕੀਤਾ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਉੱਜਵਲਾ ਨੂੰ ਹਰ ਤਰ੍ਹਾਂ ਦੇ ਲਾਡ ਪਿਆਰ ਦਿੱਤਾ। ਇਸੇ ਕਾਰਨ ਜਦੋਂ ਸਤੀਸ਼ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਤਾਂ ਉੱਜਵਲਾ ਲਈ ਇਸ ਕੌੜੀ ਸੱਚਾਈ ਨੂੰ ਬਰਦਾਸ਼ਤ ਕਰਨਾ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ, ਇਸ ਦਾ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਸ਼ਾਇਦ ਉਹ ਸਤੀਸ਼ ਨਾਲ ਸਾਂਝਾ ਕੀਤਾ ਰਿਸ਼ਤਾ ਹੀ ਹੈ ਜਿਸ ਨੇ ਉੱਜਵਲਾ ਨੂੰ ਹੰਝੂ ਪੂੰਝ ਕੇ ਤੇਜ਼ੀ ਨਾਲ ਵਪਾਰ ਦੀ ਜ਼ਿੰਮੇਵਾਰੀ ਸਾਂਭਣ ਦੀ ਤਾਕਤ ਦਿੱਤੀ।

ਉੱਜਵਲਾ ਮੰਨਦੀ ਹੈ ਕਿ ਸਤੀਸ਼ ਦੀ ਮੌਤ ਮਗਰੋਂ ਹਾਲਾਤ ਖਰਾਬ ਸੀ ਅਤੇ ਸ਼ੁਰੂਆਤੀ ਦੌਰ ਵਿੱਚ ਉਸ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਸਨ। ਉਹ ਕਹਿੰਦੀ ਹੈ, "ਕਈ ਲੋਕ ਮੇਰੇ ਨਾਲ ਖੜ੍ਹੇ ਸੀ, ਪਰ ਕਈਆਂ ਲਈ ਮੈਂ ਸੌਖਾ ਨਿਸ਼ਾਨਾ ਸੀ। ਇਸੇ ਕਰਕੇ ਮੈਨੂੰ ਕਈ ਅਦਾਲਤੀ ਅਤੇ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ, ਪਰ ਮੈਨੂੰ ਲਗਦਾ ਹੈ ਕਿ ਇਹ ਸਭ ਵਪਾਰ ਦਾ ਹਿੱਸਾ ਹੈ ਅਤੇ ਰੱਬ ਦੀ ਕਿਰਪਾ ਨਾਲ ਮੇਰੇ ਕੋਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਸੀ।" ਪਰ ਕਿਸੇ ਵੀ ਮੋੜ 'ਤੇ ਉੱਜਵਲਾ ਨੇ ਹਾਰ ਨਾ ਮੰਨਣ ਦੀ ਸੋਚੀ ਕਿਉਂਕਿ ਉਸ ਨੂੰ ਨਾ ਸਿਰਫ਼ ਆਪਣੇ ਪਤੀ ਦੇ ਸੁਪਨੇ ਪੂਰੇ ਕਰਨੇ ਸੀ ਬਲਕਿ ਦੁਨੀਆਂ ਨੂੰ ਵੀ ਇਹ ਸਾਬਤ ਕਰਨਾ ਸੀ ਕਿ ਇੱਕ ਮਹਿਲਾ ਕਿਸ ਮਿੱਟੀ ਦੀ ਬਣੀ ਹੁੰਦੀ ਹੈ।

ਸਤੀਸ਼ ਹਵਾਰੇ ਨੈਨੋ ਰਿਹਾਇਸ਼ ਦਾ ਵਿਚਾਰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਲੈ ਕੇ ਆਇਆ ਸੀ। ਇਸ ਵਿਚਾਰ ਵਿੱਚ ਇੱਕ ਕਮਰੇ ਦੀ ਰਿਹਾਇਸ਼ ਦਾ ਅਕਾਰ 25 ਫੀਸਦੀ ਘੱਟ ਕਰ ਦਿੱਤਾ ਜਿਸ ਕਾਰਨ ਉਸ ਦੀ ਕੀਮਤ ਵਿੱਚ ਵੀ 25 ਫੀਸਦੀ ਦੀ ਕਮੀ ਆ ਗਈ। ਇਸ ਕਾਰਨ ਇਹ ਰਿਹਾਇਸ਼ ਖਰੀਦਦਾਰ ਲਈ ਸਸਤੀ ਹੋ ਗਈ। ਜਦੋਂ ਉਨ੍ਹਾਂ ਵਪਾਰ ਦੀ ਦੁਨੀਆਂ ਵਿੱਚ ਕਦਮ ਰੱਖਿਆ ਤਾਂ ਨਵੀ ਮੁੰਬਈ ਵਿੱਚ ਕੋਈ ਵੀ ਛੋਟੀ ਰਿਹਾਇਸ਼ ਦਾ ਨਿਰਮਾਣ ਨਹੀਂ ਕਰ ਰਿਹਾ ਸੀ ਅਤੇ ਉਸ ਸਮੇਂ ਸਸਤੇ ਮਕਾਨਾਂ ਦੀ ਵੱਡੀ ਕਿੱਲਤ ਸੀ। ਸਤੀਸ਼ ਨੇ ਇਸ ਨੂੰ ਮੌਕੇ ਵਜੋਂ ਲਿਆ ਅਤੇ ਹਵਾਰੇ ਸਮੂਹ ਨੇ ਕਿਫਾਇਤੀ ਰਿਹਾਇਸ਼ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ। ਉੱਜਵਲਾ ਦੱਸਦੀ ਹੈ, "ਸਾਲ 1995 ਦੇ ਪਤਨ ਤੋਂ ਪਹਿਲਾਂ ਜਦੋਂ ਬਾਜ਼ਾਰ ਵਿੱਚ ਵੱਡਾ ਉਛਾਲ ਆਇਆ ਅਤੇ ਫਿਰ ਡਿੱਗ ਗਿਆ। ਸੀਬੀਡੀ ਬੇਲਰਪੁਰ ਵਰਗੀਆਂ ਥਾਵਾਂ 'ਤੇ ਸਿਰਫ਼ ਵੱਡੇ ਫਲੈਟ ਮੌਜੂਦ ਸੀ ਅਤੇ ਜਦੋਂ ਬਾਜ਼ਾਰ ਡਿੱਗਿਆ ਤਾਂ ਇਹ ਫਲੈਟ ਇੱਕ ਲੰਮਾ ਸਮਾਂ ਬਿਨਾਂ ਵਿਕੇ ਹੀ ਪਏ ਰਹੇ।" ਇਸ ਮੰਦੀ ਅਤੇ ਗਿਰਾਵਟ ਦੇ ਦੌਰ ਦੇ ਬਾਵਜੂਦ ਹਵਾਰੇ ਸਮੂਹ ਦਾ ਕਾਰੋਬਾਰ ਤੇਜ਼ੀ ਨਾਲ ਵਧਦਾ ਰਿਹਾ ਅਤੇ ਪਡਗਾ ਵਿੱਚ ਸਥਿਤ ਉਨ੍ਹਾਂ ਦਾ ਇੱਕ ਪ੍ਰਾਜੈਕਟ ਤਾਂ ਸਿਰਫ਼ ਪ੍ਰਾਜੈਕਟ ਦੇ ਐਲਾਨ ਹੋਣ ਤੋਂ ਦੋ ਦਿਨਾਂ ਅੰਦਰ ਹੀ ਪੂਰੀ ਤਰ੍ਹਾ ਵਿਕ ਗਿਆ। ਫਲੈਟਾਂ ਦੀ ਬੁਕਿੰਗ ਸ਼ੁਰੂ ਹੋਣ ਤੋਂ ਸਿਰਫ਼ ਦੋ ਦਿਨਾਂ ਅੰਦਰ ਹੀ ਉਨ੍ਹਾਂ ਦੇ 550 ਫਲੈਟ ਵਿਕ ਗਏ। ਮੌਜੂਦਾ ਸਮੇਂ ਇਸ ਸਮੂਹ ਦੇ ਪ੍ਰਾਜੈਕਟ ਠਾਣੇ, ਮੁੰਬਈ, ਪਾਲਘਰ ਅਤੇ ਕਰਜਾਤ ਵਿੱਚ ਚੱਲ ਰਹੇ ਹਨ, ਜਿਨ੍ਹਾਂ ਨੂੰ ਉੱਜਵਲਾ ਬੜੀ ਮੁਹਾਰਤ ਨਾਲ ਚਲਾ ਰਹੀ ਹੈ। ਹਾਲਾਂਕਿ ਉਹ ਹੁਣ ਵੀ 'ਸ਼੍ਰਮਿਕ' ਵਰਗੇ ਪ੍ਰਾਜੈਕਟ ਦਾ ਨਿਰਮਾਣ ਕਰਨਾ ਚਾਹੁੰਦੀ ਹੈ, ਜਿਸ ਨੂੰ ਸਤੀਸ਼ ਨੇ ਖਾਰਘਰ ਵਿੱਚ ਤਿਆਰ ਕੀਤਾ ਸੀ। ਹਵਾਰੇ ਸਮੂਹ ਨੇ ਸਿਰਫ਼ 2 ਲੱਖ ਰੁਪਏ ਦੇ 200 ਛੋਟੇ ਮਕਾਨਾਂ ਦਾ ਨਿਰਮਾਣ ਸਮਾਜ ਦੇ ਗਰੀਬ ਤਬਕੇ ਦੇ ਲੋਕਾਂ ਲਈ ਕੀਤਾ ਸੀ। ਉਨ੍ਹਾਂ ਇਨ੍ਹਾਂ ਮਕਾਨਾਂ ਨੂੰ ਖਰੀਦਣ ਲਈ ਇਨ੍ਹਾਂ ਲੋਕਾਂ ਨੂੰ ਫਾਈਨਾਂਸ ਕੰਪਨੀ ਤੋਂ ਕਰਜ਼ਾ ਵੀ ਲੈ ਕੇ ਦਿੱਤਾ ਸੀ। ਉੱਜਵਲਾ ਬੜੇ ਫਖਰ ਨਾਲ ਦਸਦੀ ਹੈ ਕਿ ਕਿਸੇ ਨੇ ਵੀ ਕਰਜ਼ਾ ਮੋੜਨ ਵਿੱਚ ਕੁਤਾਹੀ ਨਹੀਂ ਵਰਤੀ ਅਤੇ ਸਭ ਦੀ ਪਾਈ-ਪਾਈ ਚੁਕਾਈ।

ਉੱਜਵਲਾ ਦਸਦੀ ਹੈ, "ਅਸੀਂ ਲੋਕ ਇਸ ਯੋਜਨਾ ਨੂੰ ਦੁਹਰਾਉਣ ਵਿੱਚ ਸਫਲ ਨਹੀਂ ਹੋ ਸਕੇ ਕਿਉਂਕਿ ਮਕਾਨਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਗਿਆ ਹੈ ਅਤੇ ਇੰਨੀ ਘੱਟ ਕੀਮਤ 'ਤੇ ਘਰ ਤਿਆਰ ਕਰਕੇ ਮੁਹੱਈਆ ਕਰਵਾਉਣਾ ਫਿਲਹਾਲ ਦੀਆਂ ਹਾਲਤਾਂ ਵਿੱਚ ਸੰਭਵ ਨਹੀਂ ਹੈ, ਪਰ ਜੇਕਰ ਭਵਿੱਖ ਵਿੱਚ ਅਸੀਂ ਅਜਿਹਾ ਕਰਨ ਵਿੱਚ ਸਫ਼ਲ ਹੋਏ ਤਾਂ ਮੈਂ ਇਸ ਨੂੰ ਕਰਨਾ ਚਾਹਾਂਗੀ।" ਹੁਣ ਤੱਕ ਹਵਾਰੇ ਸਮੂਹ 45 ਹਜ਼ਾਰ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾ ਚੁੱਕਾ ਹੈ। ਸ਼ੁਰੂ ਸ਼ੁਰੂ ਵਿੱਚ ਇੱਕ ਮਹਿਲਾ ਕਾਰੋਬਾਰੀ ਵਜੋਂ ਲੋਕਾਂ ਨੇ ਉੱਜਵਲਾ ਨੂੰ ਤਰਜੀਹ ਨਹੀਂ ਦਿੱਤੀ ਅਤੇ ਕੁਝ ਨੇ ਇਸ ਤੱਥ ਦਾ ਨਾਜਾਇਜ਼ ਫਾਇਦਾ ਚੁਕਦਿਆਂ ਉਸ ਨੂੰ ਵਪਾਰ ਵਿੱਚ ਧੋਖਾ ਦੇਣ ਦੀ ਵੀ ਕੋਸ਼ਿਸ਼ ਕੀਤੀ, ਪਰ ਹੁਣ ਉਹ ਸਾਰੀਆਂ ਬੀਤੇ ਦੀਆਂ ਗੱਲਾਂ ਹਨ ਅਤੇ ਹਵਾਰੇ ਸਮੂਹ ਆਪਣੀ ਮਹਿਲਾ ਪ੍ਰਧਾਨ ਦੀ ਸਰਪ੍ਰਸਤੀ ਹੇਠ ਮਹਾਂਰਾਸ਼ਟਰ ਦੀਆਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਨਿਰਮਾਣ ਕੰਪਨੀਆਂ ਵਿੱਚੋਂ ਇੱਕ ਹੈ।

ਹਾਲਾਂਕਿ ਵਪਾਰ ਵਧੀਆ ਚੱਲ ਰਿਹਾ ਹੈ, ਪਰ ਉੱਜਵਲਾ ਨੂੰ ਮਲਾਲ ਹੈ ਕਿ ਉਸ ਆਪਣੇ ਬੱਚਿਆਂ ਤੇ ਖਾਸ ਕਰਕੇ ਆਪਣੀ ਬੇਟੀ ਨੂੰ ਪੂਰਾ ਸਮਾਂ ਨਹੀਂ ਦੇ ਸਕੀ। ਉੱਜਵਲਾ ਹਸਦੇ ਹੋਏ ਦੱਸਦੀ ਹੈ, "ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਹਾਂ ਕਿ ਉਹ ਵੱਡੇ ਹੋ ਕੇ ਕੀ ਬਣਨਾ ਪਸੰਦ ਕਰਨਗੇ? ਮੇਰੀ ਬੇਟੀ ਕਹਿੰਦੀ ਹੈ ਕਿ ਉਹ ਇੱਕ ਘਰੇਲੂ ਔਰਤ ਬਣਨਾ ਚਾਹੇਗੀ। ਉਸ ਨੇ ਸ਼ੁਰੂ ਤੋਂ ਹੀ ਦੇਖਿਆ ਹੈ ਕਿ ਉਸ ਦੀਆਂ ਜ਼ਿਆਦਾਤਰ ਸਹੇਲੀਆਂ ਦੀਆਂ ਮਾਵਾਂ ਘਰੇਲੂ ਔਰਤਾਂ ਹਨ ਜੋ ਆਪਣੇ ਬੱਚਿਆਂ ਨਾਲ ਵਧੇਰੇ ਸਮਾਂ ਬਿਤਾਉਂਦੀਆਂ ਹਨ ਅਤੇ ਇਸ ਲਈ ਇਹ ਉਸ ਦੀ ਇੱਛਾ ਹੈ।" ਇਸ ਦੇ ਬਾਵਜੂਦ ਜਦੋਂ ਵੀ ਸੰਭਵ ਹੋਵੇ, ਉਹ ਉਨ੍ਹਾਂ ਲਈ ਸਮਾਂ ਕੱਢਦੀ ਹੈ ਅਤੇ ਸਾਲ ਵਿੱਚ ਦੋ ਵਾਰ ਉਹ ਲੋਕ ਛੁੱਟੀਆਂ 'ਤੇ ਜਾਣ ਤੋਂ ਬਿਨਾਂ ਜਦੋਂ ਵੀ ਸੰਭਵ ਹੋਵੇ ਪਿਕਨਿਕ 'ਤੇ ਜਾਂਦੇ ਹਨ। ਹੁਦ ਉਹ ਦੋਵੇਂ ਭੂਮਿਕਾਵਾਂ ਵਧੀਆ ਢੰਗ ਨਾਲ ਨਿਭਾਅ ਰਹੀ ਹੈ, ਪਰ ਉੱਜਵਲਾ ਕਾਰੋਬਾਰੀ ਖੇਤਰ ਦਾ ਮਹਾਂਰਾਸ਼ਟਰ ਤੋਂ ਬਾਹਰ ਵਿਸਥਾਰ ਕਰਦੀ ਹੋਈ ਹਵਾਰੇ ਸਮੂਹ ਨੂੰ ਦੇਸ਼ ਭਰ ਵਿੱਚ ਮਸ਼ਹੂਰ ਕਰਨਾ ਚਾਹੁੰਦੀ ਹੈ।

ਅਸੀਂ ਉੱਜਵਲਾ ਦੇ ਹੌਸਲੇ ਦ੍ਰਿੜ੍ਹ ਸੰਕਲਪ ਨੂੰ ਸਲਾਮ ਕਰਦੇ ਹਾਂ। ਸਾਡੀਆਂ ਸ਼ੁਭ ਕਾਮਨਾਵਾਂ ਉਸ ਨਾਲ ਹਨ!