ਜਨਮ ਪਿੱਛੋਂ ਜਿਸ ਨੂੰ ਜ਼ਹਿਰ ਦਿੱਤਾ ਗਿਆ, ਉਸੇ 'ਕ੍ਰਿਤੀ' ਨੇ ਕਰਵਾਏ 29 ਬਾਲ-ਵਿਆਹ ਰੱਦ

ਜਨਮ ਪਿੱਛੋਂ ਜਿਸ ਨੂੰ ਜ਼ਹਿਰ ਦਿੱਤਾ ਗਿਆ, ਉਸੇ 'ਕ੍ਰਿਤੀ' ਨੇ ਕਰਵਾਏ 29 ਬਾਲ-ਵਿਆਹ ਰੱਦ

Tuesday December 01, 2015,

6 min Read

ਕ੍ਰਿਤੀ ਨੇ 2011 'ਚ ਸਥਾਪਤ ਕੀਤਾ 'ਸਾਰਥੀ ਟਰੱਸਟ'...

850 ਤੋਂ ਵੱਧ ਬਾਲ ਵਿਆਹ ਰੋਕਣ 'ਚ ਰਹੀ ਕਾਮਯਾਬ...

ਜਿਸ ਸਮਾਜ ਨੇ ਉਸ ਨੂੰ ਜਨਮ ਲੈਣ ਤੋਂ ਪਹਿਲਾਂ ਮਾਰਨ ਲਈ ਕਿਹਾ ਸੀ, ਅੱਜ ਉਹ ਉਸੇ ਸਮਾਜ ਦੀ ਸਮਾਜਕ ਬੁਰਾਈ 'ਬਾਲ-ਵਿਆਹ' ਨੂੰ ਖ਼ਤਮ ਕਰਨ ਦੇ ਜਤਨ ਕਰ ਰਹੀ ਹੈ। ਜਿਸ ਨੂੰ ਜਨਮ ਲੈਣ ਤੋਂ ਬਾਅਦ ਮਾਰਨ ਲਈ ਜ਼ਹਿਰ ਦੇ ਦਿੱਤਾ ਗਿਆ, ਉਹ ਅੱਜ ਬਾਲ-ਵਿਆਹ ਦੇ ਸ਼ਿਕਾਰ ਬੱਚਆਂ ਨੂੰ ਆਪਣੀ ਜ਼ਿੰਦਗੀ ਜਿਊਣ ਦੇ ਮੌਕੇ ਦੇ ਰਹੀ ਹੈ। ਰਾਜਸਥਾਨ ਦੇ ਜੋਧਪੁਰ 'ਚ ਰਹਿਣ ਵਾਲੇ 28 ਸਾਲਾ ਕ੍ਰਿਤੀ ਭਾਰਤੀ ਬਾਲ-ਵਿਆਹ ਤੋਂ ਮੁਕਤ ਰਾਜਸਥਾਨ ਲਈ ਕੰਮ ਕਰ ਰਹੇ ਹਨ। ਉਹ ਦੇਸ਼ ਦੀ ਪਹਿਲੀ ਔਰਤ ਹਨ, ਜਿਨ੍ਹਾਂ ਨੇ ਸਾਲ 2012 'ਚ ਕਿਸੇ ਬਾਲ ਵਿਆਹ ਨੂੰ ਕਾਨੂੰਨੀ ਤੌਰ ਉਤੇ ਰੱਦ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਉਨ੍ਹਾਂ ਦੀ ਇਹ ਪ੍ਰਾਪਤੀ 'ਲਿਮਕਾ ਬੁੱਕ ਆੱਫ਼ ਰਿਕਾਰਡਜ਼' ਵਿੱਚ ਤਾਂ ਦਰਜ ਹੈ ਹੀ, ਇਸ ਤੋਂ ਇਲਾਵਾ ਕੇਂਦਰੀ ਸੈਕੰਡਰੀ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿੱਚ ਵੀ ਇਸ ਨੂੰ ਸ਼ਾਮਲ ਕੀਤਾ ਗਿਆ ਹੈ।

image


ਸਾਲ 2011 'ਚ ਬਾਲ ਵਿਆਹ ਰੁਕਵਾਉਣ ਅਤੇ ਉਸ ਨੂੰ ਕਾਨੂੰਨੀ ਤੌਰ ਉਤੇ ਰੱਦ ਕਰਵਾਉਣ ਦੀ ਮੁਹਿੰਮ ਲਈ ਸਾਰਥੀ ਟਰੱਸਟ ਦੀ ਸਥਾਪਨਾ ਕਰਨ ਵਾਲੇ ਕ੍ਰਿਤੀ ਉਤੇ ਕਈ ਵਾਰ ਹਮਲੇ ਵੀ ਹੋਏ ਹਨ ਪਰ ਉਨ੍ਹਾਂ ਦੇ ਹੌਸਲੇ ਵਿੱਚ ਕਦੇ ਕੋਈ ਕਮੀ ਨਹੀਂ ਆਈ। ਹੁਣ ਤੱਕ ਉਨ੍ਹਾਂ ਦੀ ਇਹ ਸੰਸਥਾ 850 ਤੋਂ ਵੱਧ ਬਾਲ-ਵਿਆਹ ਰੋਕ ਚੁੱਕੀ ਹੈ। ਭਾਵੇਂ ਬਾਲ ਵਿਆਹ ਰੋਕਣ ਦਾ ਕੰਮ ਸਰਕਾਰ ਤੋਂ ਲੈ ਕੇ ਕਈ ਸਵੈ-ਸੇਵੀ ਸੰਗਠਨ ਕਰ ਰਹੇ ਹਨ ਪਰ ਬਾਲ ਵਿਆਹ ਤੋਂ ਬੱਚਿਆਂ ਨੂੰ ਬਾਹਰ ਕੱਢਣ ਦਾ ਕੰਮ 'ਸਾਰਥੀ ਟਰੱਸਟ' ਇਕੱਲਾ ਹੀ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ ਸੰਗਠਨ ਬੱਚਿਆਂ ਨਾਲ ਜੁੜੇ ਵੱਖੋ-ਵੱਖਰੇ ਮੁੱਦਿਆਂ ਉਤੇ ਵੀ ਕੰਮ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਬਾਲ ਵਿਆਹ ਰੱਦ ਕਰਨ ਦੀ ਪੈਰਵੀ ਕ੍ਰਿਤੀ ਆਪ ਹੀ ਕਰਦੇ ਹਨ। ਇਸ ਤੋਂ ਇਲਾਵਾ ਦੋ ਬੱਚਿਆਂ ਦੀ ਕਾਊਂਸਲਿੰਗ, ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਅਤੇ ਜਾਤ-ਪੰਚਾਂ ਦੀ ਕਾਊਂਸਲਿੰਗ ਵੀ ਕਰਦੇ ਹਨ। ਇੰਨਾ ਹੀ ਨਹੀਂ ਜੋ ਬੱਚੇ ਇਸ ਸਮਾਜਕ ਬੇੜੀ ਤੋਂ ਬਾਹਰ ਆਉਣਾ ਚਾਹੁੰਦੇ ਹਨ; ਕ੍ਰਿਤੀ ਅਤੇ ਉਨ੍ਹਾਂ ਦੀ ਟੀਮ ਅਜਿਹੇ ਬੱਚਿਆਂ ਦੇ ਮੁੜ-ਵਸੇਬੇ ਦੀ ਜ਼ਿੰਮੇਵਾਰੀ ਲੈਂਦੇ ਹਨ। ਕ੍ਰਿਤੀ ਅਨੁਸਾਰ ''ਜੇ ਕੋਈ ਬਾਲ ਵਿਆਹ ਰੱਦ ਹੋ ਜਾਂਦਾ ਹੈ, ਤਾਂ ਸਮਾਜ ਦੇ ਲੋਕ ਉਸ ਨੂੰ ਨਹੀਂ ਮੰਨਦੇ; ਅਜਿਹੀ ਹਾਲਤ ਵਿੱਚ ਬੱਚਿਆਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿਵਾਉਣਾ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ।''

ਭਾਰਤੀ ਕਾਨੂੰਨ ਅਧੀਨ ਕੋਈ ਵੀ ਲੜਕਾ ਆਪਣੀ ਉਮਰ ਦੇ 24 ਸਾਲਾਂ ਤੱਕ ਬਾਲ ਵਿਆਹ ਨੂੰ ਰੱਦ ਕਰਵਾ ਸਕਦਾ ਹੈ, ਜਦ ਕਿ ਲੜਕੀ ਆਪਣੀ ਉਮਰ ਦੇ 20 ਸਾਲਾਂ ਤੱਕ ਬਾਲ ਵਿਆਹ ਰੱਦ ਕਰਵਾ ਸਕਦੀ ਹੈ। ਅਜਿਹੇ ਬੱਚੇ ਬਾਲ ਵਿਆਹ ਅਧੀਨ ਹੋਣ ਵਾਲੇ ਸ਼ੋਸ਼ਣ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹਨ। ਭਾਵੇਂ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਤਲਾਕ ਅਤੇ ਬਾਲ ਵਿਆਹ ਦਾ ਰੱਦ ਹੋਣਾ ਦੋ ਵੱਖੋ-ਵੱਖਰੀਆਂ ਚੀਜ਼ਾਂ ਹਨ। ਬਾਲ ਵਿਆਹ ਰੱਦ ਹੋਣ ਤੋਂ ਬਾਅਦ ਜਿਸ ਦਿਨ ਤੋਂ ਬੱਚੇ ਦਾ ਵਿਆਹ ਹੋਇਆ ਹੈ, ਉਸ ਦਿਨ ਤੋਂ ਲੈ ਕੇ ਕੇਸ ਦੇ ਆਖ਼ਰੀ ਦਿਨ ਤੱਕ ਬੱਚੇ ਦਾ ਵਿਆਹ ਰੱਦ ਹੋ ਜਾਂਦਾ ਹੈ। ਉਹ ਬੱਚਾ ਕੁਆਰਾ ਭਾਵ ਅਣਵਿਆਹਿਆ ਹੀ ਅਖਵਾਉਂਦਾ ਹੈ। ਬਾਲ ਵਿਆਹ ਨੂੰ ਰੱਦ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਫਿਰ ਵੀ ਬਾਲ ਵਿਆਹ ਰੱਦ ਕਰਵਾਉਣ ਲਈ ਇਹ ਲੋਕ ਸਭ ਤੋਂ ਪਹਿਲਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਨ ਕਿਉਂਕਿ ਇੱਕ ਵਾਰ ਜੇ ਬੱਚੇ ਦੇ ਮਾਪੇ ਇਸ ਗੱਲ ਲਈ ਮੰਨ ਜਾਂਦੇ ਹਨ, ਤਾਂ ਬੱਚੇ ਦੀਆਂ ਔਖਿਆਈਆਂ ਕੁੱਝ ਘਟ ਜਾਂਦੀਆਂ ਹਨ। ਇਸ ਤੋਂ ਬਾਅਦ ਦੂਜੀ ਧਿਰ ਨੂੰ ਬਾਲ ਵਿਆਹ ਰੱਦ ਕਰਨ ਲਈ ਸਮਝਾਇਆ ਜਾਂਦਾ ਹੈ। ਸਭ ਤੋਂ ਵੱਧ ਔਖ ਜਾਤ-ਪੰਚ ਨੂੰ ਸਮਝਾਉਣ ਵਿੱਚ ਆਉਂਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਸਮਾਜ ਦੀ ਨੱਕ ਦਾ ਸੁਆਲ ਵੀ ਤਾਂ ਹੁੰਦਾ ਹੈ। ਇਸ ਕੰਮ ਵਿੱਚ ਉਨ੍ਹਾਂ ਨੂੰ ਕਾਫ਼ੀ ਧਮਕੀਆਂ ਵੀ ਮਿਲਦੀਆਂ ਹਨ। ਕ੍ਰਿਤੀ ਅਤੇ ਉਨ੍ਹਾਂ ਦੀ ਟੀਮ ਉਤੇ ਕਈ ਹਮਲੇ ਵੀ ਹੋਏ ਹਨ। ਉਹ ਦਸਦੇ ਹਨ,''ਮੈਨੂੰ ਚੇਤੇ ਨਹੀਂ ਕਿ ਅਜਿਹਾ ਕੋਈ ਕੇਸ ਹੋਵੇਗਾ, ਜਿਸ ਵਿੱਚ ਮੈਨੂੰ ਧਮਕੀਆਂ ਨਾ ਮਿਲੀਆਂ ਹੋਣ ਪਰ ਅਸੀਂ ਬੱਚਿਆਂ ਨੂੰ ਇਸ ਸਮਾਜਕ ਬੁਰਾਈ 'ਚੋਂ ਬਾਹਰ ਕੱਢਣਾ ਹੈ; ਇਸੇ ਲਈ ਇਨ੍ਹਾਂ ਗੱਲਾਂ ਦੇ ਕੋਈ ਅਰਥ ਨਹੀਂ ਹਨ।'' ਇਨ੍ਹਾਂ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦੋਵੇਂ ਧਿਰਾਂ ਆਪਸੀ ਰਜ਼ਾਮੰਦੀ ਨਾਲ ਬਾਲ ਵਿਆਹ ਨੂੰ ਰੱਦ ਕਰਨ ਲਈ ਤਿਆਰ ਹੋ ਜਾਣ। ਜੇ ਦੋਵੇਂ ਧਿਰਾਂ ਮੰਨ ਜਾਂਦੀਆਂ ਹਨ, ਤਾਂ ਬਾਲ ਵਿਆਹ ਛੇਤੀ ਰੱਦ ਹੋ ਜਾਂਦਾ ਹੈ ਪਰ ਜੇ ਅਜਿਹਾ ਨਹੀਂ ਹੁੰਦਾ, ਤਾਂ ਉਸ ਵਿੱਚ ਥੋੜ੍ਹਾ ਵੱਧ ਸਮਾਂ ਲੱਗ ਜਾਂਦਾ ਹੈ। ਕ੍ਰਿਤੀ ਦਾ ਕਹਿਣਾ ਹੈ ਕਿ 'ਜੇ ਦੋਵੇਂ ਧਿਧਰਾਂ ਬਾਲ ਵਿਆਹ ਨੂੰ ਰੱਦ ਕਰਨ ਲਈ ਤਿਆਰ ਹੋ ਜਾਂਦੀਆਂ ਹਨ, ਤਾਂ ਵੱਧ ਆਸਾਨੀ ਹੁੰਦੀ ਹੈ। ਕਿਉਂਕਿ ਮੈਂ ਇਸੇ ਵਰ੍ਹੇ 3 ਦਿਨਾਂ ਦੇ ਅੰਦਰ ਵੀ ਇੱਕ ਬਾਲ ਵਿਆਹ ਰੱਦ ਕਰਵਾਇਆ ਸੀ।

image


ਉਧਰ ਦੂਜੇ ਪਾਸੇ ਜਦੋਂ ਕੋਈ ਬੱਚਾ ਇਨ੍ਹਾਂ ਕੋਲ ਮਦਦ ਲਈ ਆਉਂਦਾ ਹੈ, ਤਾਂ ਕ੍ਰਿਤੀ ਅਤੇ ਉਨ੍ਹਾਂ ਦੀ ਟੀਮ ਇੱਕੋ ਵੇਲੇ ਦੋ ਮੋਰਚਿਆਂ ਉਤੇ ਕੰਮ ਕਰਦੇ ਹਨ। ਇੱਕ ਪਾਸੇ ਤਾਂ ਉਹ ਜਿੱਥੇ ਬਾਲ ਵਿਆਹ ਨੂੰ ਰੱਦ ਕਰਨ ਲਈ ਕਾਨੂੰਨੀ ਲੜਾਈ ਲਈ ਤਿਆਰੀ ਕਰਦੇ ਹਨ, ਤਾਂ ਦੂਜੇ ਪਾਸੇ ਉਸ ਬੱਚੇ ਦੇ ਮੁੜ ਵਸੇਬੇ ਵੱਲ ਵੀ ਧਿਆਨ ਦਿੰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਦੇਣਾ ਹੁੰਦਾ ਹੈ। ਇਸ ਵਿੱਚ ਬੱਚੇ ਦੀ ਪੜ੍ਹਾਈ, ਵੋਕੇਸ਼ਨਲ ਟਰੇਨਿੰਗ ਭਾਵ ਕਿੱਤਾਮੁਖੀ ਸਿਖਲਾਈ, ਰੋਜ਼ਗਾਰ ਸ਼ਾਮਲ ਹੁੰਦੇ ਹਨ। ਕ੍ਰਿਤੀ ਅਪ੍ਰੈਲ 2012 ਤੋਂ ਲੈ ਕੇ ਹੁਣ ਤੱਕ 29 ਬਾਲ ਵਿਆਹ ਰੱਦ ਕਰਵਾ ਚੁੱਕੇ ਹਨ। ਇਹ ਕ੍ਰਿਤੀ ਦੇ ਜਤਨਾਂ ਦਾ ਹੀ ਨਤੀਜਾ ਹੈ ਕਿ ਰਾਜਸਥਾਨ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਸਭ ਤੋਂ ਵੱਧ ਬਾਲ ਵਿਆਹ ਰੱਦ ਹੋ ਰਹੇ ਹਨ। ਬਾਲ ਵਿਆਹ ਰੱਦ ਕਰਵਾਉਣ ਲਈ ਪ੍ਰੇਰਨ ਵਾਸਤੇ ਸਾਰਥੀ ਟਰੱਸਟ ਕੈਂਪ ਵੀ ਲਾਉਂਦਾ ਹੈ। ਇਹ ਕੈਂਪ ਵਿਭਿੰਨ ਆਂਗਨਵਾੜੀ ਸਕੂਲਾਂ, ਕਾਲਜ ਜਾਂ ਕਿਸੇ ਹੋਰ ਜਨਤਕ ਸਕਾਨ ਉਤੇ ਲਾਏ ਜਾਂਦੇ ਹਨ। ਜਿੱਥੇ ਲੋਕਾਂ ਨੂੰ ਨਾ ਕੇਵਲ ਲੋੜੀਂਦੀ ਜਾਣਕਾਰੀ ਦਿੱਤੀ ਜਾਂਦੀ ਹੈ, ਸਗੋਂ ਇਹ ਲੋਕ ਅਜਿਹੇ ਬੱਚਿਆਂ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰਦੇ ਹਨ, ਜੋ ਬਾਲ ਵਿਆਹ ਦੇ ਸ਼ਿਕਾਰ ਹੁੰਦੇ ਹਨ। ਫਿਰ ਇਹ ਲੋਕ ਉਸ ਬੱਚੇ ਨੂੰ ਇਸ ਗੱਲ ਲਈ ਤਿਆਰ ਕਰਦੇ ਹਨ ਕਿ ਉਹ ਬਾਲ ਵਿਆਹ ਨਾਲ ਹੋਣ ਵਾਲੇ ਨੁਕਸਾਨ ਨੂੰ ਸਮਝੇ। ਇਸ ਤੋਂ ਇਲਾਵਾ ਇਹ ਟਰੱਸਟ ਇੱਕ ਹੈਲਪਲਾਈਨ ਵੀ ਚਲਾਉਂਦਾ ਹੈ, ਜਿੱਥੇ ਪੀਡਤ ਬੱਚੇ ਜਾਂ ਕੋਈ ਹੋਰ ਵਿਅਕਤੀ ਇਨ੍ਹਾਂ ਤੱਕ ਬਾਲ ਵਿਆਹ ਹੋਣ ਦੀ ਜਾਣਕਾਰੀ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਮੀਡੀਆ ਰਾਹੀਂ ਜੋ ਕੇਸ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਵੇਖ ਕੇ ਦੂਜੇ ਬੱਚੇ ਜੋ ਬਾਲ ਵਿਆਹ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਵਿਆਹ ਵੀ ਖ਼ਤਮ ਹੋ ਸਕਦਾ ਹੈ; ਜਿਸ ਤੋਂ ਬਾਅਦ ਉਹ ਮਦਦ ਲਈ ਇਨ੍ਹਾਂ ਕੋਲ ਆਉਂਦੇ ਹਨ।

image


ਕ੍ਰਿਤੀ ਭਾਵੇਂ ਇੰਨਾ ਨੇਕ ਕੰਮ ਕਰ ਰਹੇ ਹੋਣ ਪਰ ਉਨ੍ਹਾਂ ਦਾ ਬਚਪਨ ਚੰਗਾ ਨਹੀਂ ਬੀਤਿਆ। ਉਨ੍ਹਾਂ ਦੇ ਪਿਤਾ ਡਾਕਟਰ ਸਨ ਪਰ ਉਨ੍ਹਾਂ ਨੇ ਕ੍ਰਿਤੀ ਦੇ ਜਨਮ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮਾਂ ਨੂੰ ਛੱਡ ਦਿੱਤਾ ਸੀ। ਅਜਿਹੀ ਹਾਲਤ ਵਿੱਚ ਰਿਸ਼ਤੇਦਾਰ ਨਹੀਂ ਚਾਹੁੰਦੇ ਸਨ ਕਿ ਕ੍ਰਿਤੀ ਜਨਮ ਲਵੇ ਅਤੇ ਉਨ੍ਹਾਂ ਦੀ ਮਾਂ ਨੂੰ ਦੂਜਾ ਵਿਆਹ ਰਚਾਉਣ ਦੀ ਸਲਾਹ ਵੀ ਦਿੰਦੇ ਸਨ। ਜਨਮ ਲੈਣ ਤੋਂ ਬਾਅਦ ਵੀ ਕ੍ਰਿਤੀ ਦੀਆਂ ਔਖਿਆਈਆਂ ਸੁਖਾਲ਼ੀਆਂ ਨਹੀਂ ਹੋਈਆਂ। ਬਚਪਨ ਵਿੱਚ ਉਨ੍ਹਾਂ ਨੂੰ ਜ਼ਹਿਰ ਵੀ ਦਿੱਤਾ ਗਿਆ, ਇਸ ਕਰ ਕੇ ਉਨ੍ਹਾਂ ਦੀ ਪੜ੍ਹਾਈ ਵਿੱਚੇ ਹੀ ਛੁੱਟ ਗਈ। ਪਰ ਇਰਾਦਿਆਂ ਦੇ ਪੱਕੇ ਕ੍ਰਿਤੀ ਅੱਜ ਬਾਲ-ਸੁਰੱਖਿਆ ਅਤੇ ਸੁਰੱਖਿਆ ਉਤੇ ਪੀ-ਐਚ.ਡੀ. ਕਰ ਰਹੇ ਹਨ। ਬਾਲ ਵਿਆਹ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਨੂੰ ਵੇਖਦਿਆਂ ਕ੍ਰਿਤੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਕਈ ਪੁਰਸਕਾਰ ਮਿਲ ਚੁੱਕੇ ਹਨ। ਪਿੱਛੇ ਜਿਹੇ ਉਨ੍ਹਾਂ ਨੂੰ ਲੰਡਨ ਦੀ ਸਰਕਾਰ ਅਤੇ ਥਾਮਸਨ ਰਾਇਟਰਜ਼ ਫ਼ਾਊਂਡੇਸ਼ਨ ਨੇ ਮਿਲ ਕੇ ਫ਼ੈਲੋਸ਼ਿਪ ਨਾਲ ਵੀ ਨਿਵਾਜ਼ਿਆ ਹੈ। ਅੱਜ ਕ੍ਰਿਤੀ ਦੀ ਇਹੋ ਇੱਛਾ ਹੈ ਕਿ ਸਮਾਜ 'ਚੋਂ ਬਾਲ ਵਿਆਹ ਖ਼ਤਮ ਹੋਵੇ ਅਤੇ ਉਹ ਸਿਰਫ਼ ਕਿਤਾਬਾਂ 'ਚ ਹੀ ਪੜ੍ਹਿਆ ਜਾਵੇ ਕਿ 'ਬਾਲ ਵਿਆਹ' ਜਿਹੀ ਕੋਈ ਚੀਜ਼ ਵੀ ਆਪਣੇ ਵੇਲਿਆਂ 'ਚ ਹੁੰਦੀ ਸੀ।