ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸਟਾਰਟਅੱਪ 'ਸ਼ਰਧਾਂਜਲੀ' ਦੀ ਸ਼ਲਾਘਾ - ਜੋ 10 ਵਿਭਿੰਨ ਭਾਸ਼ਾਵਾਂ 'ਚ ਤੁਹਾਡੇ ਮਿੱਤਰ-ਪਿਆਰਿਆਂ ਲਈ ਦਿੰਦੀ ਹੈ ਆੱਨਲਾਈਨ ਸੋਗ-ਸੁਨੇਹੇ

0

ਜੂਨ 2014 'ਚ ਦੋ ਸੇਲਜ਼ ਪ੍ਰੋਫ਼ੈਸ਼ਨਲਜ਼ ਆਮ ਦਿਨਾਂ ਵਾਂਗ ਉਸ ਦਿਨ ਵੀ ਕੁੱਝ ਹਵਾਖੋਰੀ ਤੇ ਕੁੱਝ ਜਲਪਾਨ ਲਈ ਥੋੜ੍ਹਾ ਬਾਹਰ ਆਏ ਸਨ ਪਰ ਉਨ੍ਹਾਂ ਨੂੰ ਤਦ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੇ ਇਸੇ ਅਗਲੇ ਭੋਜਨ ਦੌਰਾਨ ਉਨ੍ਹਾਂ ਨੂੰ ਇੱਕ ਅਜਿਹਾ ਵਿਚਾਰ ਸੁੱਝੇਗਾ ਕਿ ਜਿਸ ਦੀ ਸ਼ਲਾਘਾ ਇੱਕ ਦਿਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਕਰਨਗੇ। ਭਾਰਤ 'ਚ ਆੱਨਲਾਈਨ ਸ਼ਰਧਾਂਜਲੀ ਦੇ ਸੋਗ-ਸੁਨੇਹਿਆਂ ਦੀ ਪਹਿਲੀ ਵੈੱਬਸਾਈਟ 'ਸ਼ਰਧਾਂਜਲੀ ਡਾੱਟ ਕਾੱਮ' ਦੇ ਬਾਨੀ ਸੀ.ਈ.ਓ. ਸ੍ਰੀ ਵਿਵੇਕ ਵਿਆਸ ਨੇ ਦੱਸਿਆ,''ਇਹ ਵਿਚਾਰ ਬੱਸ ਐਵੇਂ ਹੀ ਜਲਪਾਨ ਕਰਦਿਆਂ ਆਇਆ ਸੀ। ਅਸੀਂ ਆਪਣੇ-ਆਪ ਵਿੱਚ ਹੀ ਉਸ ਵੇਲੇ ਕੁੱਝ ਪਰੇਸ਼ਾਨੀ ਜਿਹੀ ਮਹਿਸੂਸ ਕੀਤੀ, ਜਦੋਂ ਸਾਨੂੰ ਇੱਕ ਅਖ਼ਬਾਰ ਦੇ ਸ਼ਰਧਾਂਜਲੀਆਂ ਵਾਲ਼ੇ ਪੰਨੇ ਵਿੱਚ ਸਾਨੂੰ ਕੁੱਝ ਸਨੈਕਸ ਲਪੇਟ ਕੇ ਦਿੱਤੇ ਗਏ। ਸਾਨੂੰ ਇਹ ਬਹੁਤ ਅਪਮਾਨਜਨਕ ਲੱਗਾ ਕਿ ਸ਼ਰਧਾਂਜਲੀ ਵਾਲੇ ਪੰਨਿਆਂ ਦੀ ਵਰਤੋਂ ਸਨੈਕਸ ਪਰੋਸਣ ਲਈ ਕੀਤੀ ਜਾ ਰਹੀ ਸੀ। ਅਸੀਂ ਸੋਚਿਆ,'ਕੀ ਇਹ ਸਭ ਕੁੱਝ ਸਨਮਾਨਜਨਕ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਕਿ ਸ਼ਰਧਾਂਜਲੀ ਦਾ ਸੋਗ-ਸੁਨੇਹਾ ਸਦਾ ਲਈ ਕਾਇਮ ਰਹੇ ਤੇ ਉਸ ਨੂੰ ਸਮੁੱਚੇ ਵਿਸ਼ਵ 'ਚ ਕੋਈ ਵੀ ਵੇਖ ਸਕੇ ਤੇ ਵਿੱਛੜ ਚੁੱਕੀ ਰੂਹ ਨੂੰ ਯਾਦ ਕਰ ਸਕੇ ਤੇ ਉਸ ਪੰਨੇ ਨੂੰ ਸੋਸ਼ਲ ਵੈੱਬਸਾਈਟਸ ਉੱਤੇ ਸ਼ੇਅਰ ਵੀ ਕੀਤਾ ਜਾ ਸਕੇ?' ਸਾਡਾ ਮੰਤਵ ਕੇਵਲ ਸਵਰਗੀ ਪੁਰਖਿਆਂ ਦੀ ਵਿਰਾਸਤ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸੀ।''

ਭਾਵਨਾ ਨੂੰ ਜਿਊਂਦਾ ਰੱਖਣਾ

ਪਹਿਲੀ ਪੀੜ੍ਹੀ ਦੇ ਉੱਦਮੀ ਨੂੰ ਸੇਲਜ਼ ਤੇ ਟਰੇਨਿੰਗ ਖੇਤਰ ਵਿੱਚ ਕੰਮ ਕਰਦਿਆਂ 7 ਵਰ੍ਹੇ ਬੀਤ ਚੁੱਕੇ ਸਨ ਅਤੇ ਉਹ ਭਾਰਤੀ ਸਟੇਟ ਬੈਂਕ ਦੀ ਲੋਕ-ਭਰੋਸਾ ਕਾਇਮ ਕਰਨ ਵਾਲੀ ਟੀਮ 'ਚ ਬੜੌਦਾ ਮਾੱਡਿਯੂਲ ਵਿਕਸਤ ਕਰਨ ਤੇ ਸਿਖਲਾਈ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਸਨ ਅਤੇ ਇਸ ਮਾਮਲੇ ਵਿੱਚ ਉਹ ਬੈਂਕ ਨੂੰ ਰਾਸ਼ਟਰੀ ਪੱਧਰ ਉੱਤੇ ਅੱਵਲ ਨੰਬਰ ਲਿਆਏ ਸਨ। ਉਨ੍ਹਾਂ ਸਦਾ ਅਸਲ ਤੇ ਵਿਵਹਾਰਕ ਵਿਸ਼ਵ ਵਿਚਲੇ ਪਾੜੇ ਨੂੰ ਖ਼ਤਮ ਕਰਨਾ ਚਾਹਿਆ ਹੈ। ਉੱਧਰ ਸ੍ਰੀ ਵਿਮਲ ਪੋਪਟ ਦਾ ਸੇਲਜ਼, ਵਿਅਕਤੀ ਪ੍ਰਬੰਧ ਤੇ ਸਫ਼ਲ ਡੀਲਰਸ਼ਿਪਸ ਤੇ ਏਜੰਸੀਆਂ ਵਿਕਸਤ ਕਰਨ ਦੇ ਖੇਤਰ ਵਿੱਚ ਕੰਮ ਕਰਨ ਦਾ 12 ਸਾਲਾਂ ਦਾ ਤਜਰਬਾ ਸੀ। ਉਹ ਪਹਿਲਾਂ ਕੈਸਟਰੌਲ ਇੰਡੀਆ ਲਿਮਟਿਡ ਅਤੇ ਫਿਰ ਟਾਟਾ ਏ.ਆਈ.ਜੀ. ਦੇ 100 ਤੋਂ ਵੱਧ ਸਫ਼ਲ ਵਿੱਤੀ ਸਲਾਹਕਾਰਾਂ ਦੀ ਇਕਾਈ ਦਾ ਪ੍ਰਬੰਧ ਵੇਖ ਚੁੱਕੇ ਸਨ ਅਤੇ ਉੱਥੇ ਉਨ੍ਹਾਂ ਅਨੇਕਾਂ ਰਿਕਾਰਡ ਵੀ ਸਿਰਜੇ ਸਨ। ਸਾਲ 2011 'ਚ ਉਸ ਦਿਨ ਖਾਣੇ 'ਤੇ ਇਕੱਠੇ ਹੋਣ ਤੋਂ ਪਹਿਲਾਂ ਉਹ ਚਾਰ ਸਾਲਾਂ ਤੋਂ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਸਨ। ਫਿਰ ਉਸ ਦੁਪਹਿਰ ਨੂੰ ਉਨ੍ਹਾਂ ਨੇ ਇੱਕ ਬਿਲਕੁਲ ਅਜਿਹੇ ਨਵੀਨਤਮ ਵਿਚਾਰ ਨੂੰ ਅੱਗੇ ਲੈ ਕੇ ਚੱਲਣ ਦਾ ਫ਼ੈਸਲਾ ਕੀਤਾ; ਕਿ ਜਿਸ ਰਾਹੀਂ ਉਨ੍ਹਾਂ ਦੇ 'ਕੈਸ਼ ਰਜਿਸਟਰ' ਵਿੱਚ ਵਧੇਰੇ ਇੰਦਰਾਜ਼ ਤਾਂ ਨਹੀਂ ਹੋਣੇ ਸਨ ਪਰ ਆਮ ਲੋਕਾਂ ਨੂੰ ਆਪਣੇ ਮਿੱਤਰ-ਪਿਆਰਿਆਂ ਦੀ ਵਿਰਾਸਤ ਤੇ ਯਾਦਾਂ ਜਿਊਂਦੀਆਂ ਰੱਖਣ ਵਿੱਚ ਮਦਦ ਜ਼ਰੂਰ ਮਿਲ ਜਾਣੀ ਸੀ।

ਕਿਵੇਂ ਭੇਟ ਕਰੀਏ ਆਪਣੀ ਸ਼ਰਧਾਂਜਲੀ

ਸਾਲ 2011 'ਚ ਬੀਟਾ ਲਾਂਚ ਕਰਨ ਅਤੇ ਫਿਰ 2013 'ਚ ਇਸ ਦਾ ਅੰਤਿਮ ਸੰਸਕਰਣ ਨਿਗਮਤ ਕਰਨ ਨਾਲ, ਉਨ੍ਹਾਂ ਦਾ 'ਇੰਟਰਐਕਟਿਵ' ਆੱਨਲਾਈਨ ਮੰਚ ਲੋਕਾਂ ਦੇ ਵਿੱਛੜ ਚੁੱਕੀਆਂ ਮਿੱਤਰ-ਪਿਆਰਿਆਂ ਦੀਆਂ ਰੂਹਾਂ ਨੂੰ ਸਦਾ ਲਈ ਚੇਤੇ ਰੱਖਣ ਲੱਗਾ; ਟੈਕਸਟ ਸੁਨੇਹਿਆਂ, ਵਿਡੀਓਜ਼ ਤੇ ਤਸਵੀਰਾਂ ਰਾਹੀਂ। ਉਨ੍ਹਾਂ ਆਪਣਾ ਮਾੱਡਲ ਸਾਦਾ ਵੀ ਰੱਖਿਆ ਤੇ ਵਿਆਪਕ ਵੀ, ਉਨ੍ਹਾਂ ਨੇ ਕਿਸੇ ਵੀ ਵਿਅਕਤੀ ਦੇ ਮਿੱਤਰ-ਪਿਆਰੇ ਦੀਆਂ ਯਾਦਾਂ ਆੱਨਲਾਈਨ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ; ਜਿਸ ਵਿੱਚ ਅਪਲੋਡਿੰਗ, ਪੋਸਟਿੰਗ, ਸ਼ੇਅਰਿੰਗ ਅਤੇ ਇਹ ਸਭ ਪਬਲਿਸ਼ ਕਰਨ ਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ। ਜੇ ਕੋਈ ਚਾਹੇ ਤਾਂ ਤਸਵੀਰਾਂ ਵੇਖਣ ਦੇ ਨਾਲ-ਨਾਲ ਆਪਣੀ ਪਸੰਦ ਦਾ ਕੋਈ ਸੋਗਵਾਰ ਸੰਗੀਤ ਵੀ ਪਿਛੋਕੜ ਵਿੱਚ ਲਾ ਸਕਦਾ ਹੈ। ਉਥੇ ਜੀਵਨੀਆਂ, ਪਰਿਵਾਰਕ ਵੇਰਵੇ, ਤਸਵੀਰਾਂ, ਵਿਡੀਓਜ਼ ਦਿੱਤੀਆਂ ਜਾ ਸਕਦੀਆਂ ਹਨ ਤੇ ਪਿਛੋਕੜ ਵਿੱਚ ਚੱਲਣ ਵਾਲੇ ਸੰਗੀਤ ਦੀ ਚੋਣ ਕੀਤੀ ਜਾ ਸਕਦੀ ਹੈ। ਸਮੁੱਚੇ ਵਿਸ਼ਵ ਦੇ ਲੋਕ ਇੱਥੇ ਆਪਣੇ ਸੋਗ ਸੁਨੇਹੇ ਦੇ ਸਕਦੇ ਹਨ ਤੇ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਹਨ ਅਤੇ ਹਰ ਸਾਲ ਆਪਣੇ ਮਿੱਤਰ-ਪਿਆਰਿਆਂ ਦੇ ਜਨਮ ਦਿਨ ਤੇ ਉਨ੍ਹਾਂ ਦੀਆਂ ਬਰਸੀ ਦੀਆਂ ਤਾਰੀਖ਼ਾਂ ਦੇ ਰੀਮਾਈਂਡਰ ਲਾ ਸਕਦੇ ਹਨ। ਹੋਰ ਤਾਂ ਹੋਰ, ਇਹ ਜੀਵਨੀ ਤੇ ਸੋਗ-ਸੁਨੇਹੇ 10 ਵਿਭਿੰਨ ਭਾਰਤੀ ਭਾਸ਼ਾਵਾਂ - ਹਿੰਦੀ, ਮਰਾਠੀ, ਸੰਸਕ੍ਰਿਤ, ਗੁਜਰਾਤੀ, ਅੰਗਰੇਜ਼ੀ, ਮਲਿਆਲਮ, ਤਾਮਿਲ, ਬੰਗਲਾ ਤੇ ਕੰਨੜ ਵਿੱਚ ਦਿੱਤੇ ਜਾ ਸਕਦੇ ਹਨ ਅਤੇ ਅਗਲੇ ਤਿੰਨ ਕੁ ਮਹੀਨਿਆਂ ਤੱਕ ਇਹ ਸਭ ਕੁੱਝ ਤੇਲਗੂ, ਪੰਜਾਬੀ, ਅਸਮੀ, ਬੋਡੋ, ਕੋਂਕਣੀ, ਮਨੀਪੁਰੀ, ਨੇਪਾਲੀ, ਉੜੀਆ, ਸਿੰਧੀ, ਸੰਥਾਲੀ ਤੇ ਡੋਗਰੀ ਭਾਸ਼ਾਵਾਂ ਵਿੱਚ ਵੀ ਦਿੱਤਾ ਜਾ ਸਕੇਗਾ।

ਸ੍ਰੀ ਵਿਵੇਕ ਨੇ ਦੱਸਿਆ,''ਅਖ਼ਬਾਰਾਂ ਵਿੱਚ ਸ਼ਰਧਾਂਜਲੀਆਂ ਦੇਣ ਦਾ ਬਾਜ਼ਾਰ ਬਹੁਤ ਜ਼ਿਆਦਾ ਖਿੰਡਿਆ-ਪੁੰਡਿਆ ਜਿਹਾ ਹੈ ਤੇ ਕਿਸੇ ਨੇ ਵੀ ਇਸ ਬਾਜ਼ਾਰ ਦੇ ਆਕਾਰ ਨੂੰ ਸਮਝਣ ਤੇ ਉਸ ਉੱਤੇ ਕਬਜ਼ਾ ਕਰਨ ਦਾ ਜਤਨ ਨਹੀਂ ਕੀਤਾ। ਇਹ ਬਾਜ਼ਾਰ ਬਹੁਤ ਵਿਸ਼ਾਲ ਹੈ ਅਤੇ ਇਸ ਦੀਆਂ ਸੰਭਾਵਨਾਵਾਂ ਦੀ ਭਾਲ਼ ਹਾਲ਼ੇ ਤੱਕ ਕਿਸੇ ਨੇ ਨਹੀਂ ਕੀਤੀ। ਹਰ ਸਾਲ 70 ਲੱਖ ਤੋਂ ਵੱਧ ਵਿਅਕਤੀਆਂ ਦਾ ਦੇਹਾਂਤ ਹੋ ਜਾਂਦਾ ਹੈ। ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਮੰਨ ਕੇ ਚੱਲੀਏ, ਤਾਂ 2 ਕਰੋੜ 80 ਲੱਖ ਵਿਅਕਤੀ ਹਰ ਸਾਲ ਸਿੱਧੇ ਤੌਰ ਉੱਤੇ ਇਨ੍ਹਾਂ 70 ਲੱਖ ਪਿਆਰਿਆਂ ਦੇ ਦੇਹਾਂਤ ਕਾਰਣ ਪ੍ਰਭਾਵਿਤ ਹੁੰਦੇ ਹਨ।''

ਸ਼ਰਧਾਂਜਲੀ ਦੇ ਗਾਹਕ ਇਸ ਵੇਲੇ ਭਾਰਤ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਅਫ਼ਰੀਕਾ ਜਿਹੇ ਦੇਸ਼ਾਂ ਤੋਂ ਵੀ ਹਨ, ਜਿਨ੍ਹਾਂ ਦੀ ਮੁਢਲੀ ਜ਼ਰੂਰਤ ਆਪਣੇ ਮਿੱਤਰ-ਪਿਆਰਿਆਂ ਦੀ ਯਾਦ ਨੂੰ ਜਿਊਂਦਾ ਰੱਖਣ ਤੇ ਉਨ੍ਹਾਂ ਬਾਰੇ ਅਗਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਦੇਣ ਦੀ ਹੁੰਦੀ ਹੈ।

ਸਦਭਾਵਨਾ ਅਤੇ ਚੰਗੀ ਕਿਸਮਤ ਬਾਰੇ

ਹਾਲੇ ਉਹ 'ਫ਼੍ਰੀਮੀਅਮ' ਮਾੱਡਲ ਨਾਲ ਚੱਲ ਰਹੇ ਹਨ, ਜਿਸ ਅਧੀਨ ਉਹ ਇੱਕ ਗਾਹਕ ਤੋਂ 5,000/- ਰੁਪਏ ਵਸੂਲ ਕਰਦੇ ਹਨ। ਪਰ ਸ਼ਹੀਦਾਂ, ਸਿੱਖਿਆ ਸ਼ਾਸਤਰੀਆਂ, ਕਾਰਕੁੰਨਾਂ, ਖਿਡਾਰੀਆਂ, ਸਿਆਸੀ ਆਗੂਆਂ ਦੇ ਪ੍ਰੋਫ਼ਾਈਲ ਪੂਰਕ ਆਧਾਰ ਉੱਤੇ ਰੱਖੇ ਜਾਂਦੇ ਹਨ।

ਇਹ ਵੈੱਬਸਾਈਟ ਹੁਣ ਤੱਕ 400 ਤੋਂ ਵੱਧ ਸੋਗ-ਸੁਨੇਹੇ ਤੇ ਜੀਵਨ ਵੇਰਵੇ ਪ੍ਰਕਾਸ਼ਿਤ ਕਰ ਚੁੱਕੀ ਹੈ, ਜਿਨ੍ਹਾਂ ਲਈ ਭੁਗਤਾਨ ਵਸੂਲ ਕੀਤੇ ਗਏ ਹਨ। ਉਨ੍ਹਾਂ ਦੀ ਮਾਸਿਕ ਆਮਦਨ 65,000/- ਰੁਪਏ ਤੋਂ ਲੈ ਕੇ 80,000/- ਰੁਪਏ ਦੇ ਵਿਚਕਾਰ ਹੈ ਅਤੇ ਹਰ ਮਹੀਨੇ 9,000 ਦੇ ਲਗਭਗ ਲੋਕ ਇਹ ਵੈੱਬਸਾਈਟ ਖੋਲ੍ਹਦੇ ਹਨ।

ਅਮਰੀਕਾ ਵਿੱਚ legacy.com ਅਤੇ tributes.com ਇਸ ਖੇਤਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਹਨ। ਭਾਰਤ ਵਿੱਚ tributes.in, obituaryindia.com ਅਤੇ ਅਖ਼ਬਾਰ ਇਸ ਖੇਤਰ 'ਚ ਸਰਗਰਮ ਹਨ।

ਉਨ੍ਹਾਂ ਨੂੰ 160 ਤੋਂ ਵੱਧ ਵਾਰ ਕਵਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਆੱਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਵੀ ਆਇਆ ਹੈ। ਉਨ੍ਹਾਂ ਨੂੰ ਮੰਥਨ ਸਾਊਥ-ਵੈਸਟ ਇੰਡੀਆ, ਈਸਪਾਰਕ-ਵਿਰੀਡੀਅਨ ਤੋਂ ਬਿੱਗ ਬਿਜ਼ਨੇਸ ਪਲੈਨ ਅਤੇ ਰੀਅਲ ਡਾਇਮੰਡ ਆੱਫ਼ ਗੁਜਰਾਤ ਜਿਹੇ ਪੁਰਸਕਾਰ ਵੀ ਮਿਲ ਚੁੱਕੇ ਹਨ। ਖ਼ੁਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਸੇਵਾ ਦੀ ਸ਼ਲਾਘਾ ਲਈ ਸ੍ਰੀ ਵਿਵੇਕ ਨੂੰ ਚਿੱਠੀ ਲਿਖੀ ਸੀ,''ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਰਾਜਕੋਟ ਵਿਖੇ ਟ੍ਰਿਨਿਟੀ ਯੂਨੀਸੈਪਟਸ ਪ੍ਰਾਈਵੇਟ ਲਿਮਿਟੇਡ ਵੱਲੋਂ ਸ਼ਰਧਾਂਜਲੀ ਡਾੱਟ ਕਾੱਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਵੈੱਬਸਾਈਟ ਦੇ ਡਿਜ਼ਾਇਨਰ ਨੇ ਇੱਕ ਆੱਨਲਾਈਨ ਪੋਰਟਲ ਰਾਹੀਂ ਯਾਦਾਂ ਨੂੰ ਸੰਭਾਲ ਕੇ ਰੱਖਣ ਦਾ ਜਤਨ ਕੀਤਾ ਹੈ।'' 'ਯੂਅਰ ਸਟੋਰੀ' ਦੇ ਭਾਸ਼ਾ ਮੇਲੇ 'ਭਾਸ਼ਾ 2016' ਨੇ ਵੀ ਭਾਰਤੀ ਭਾਸ਼ਾਵਾਂ ਦੇ ਜਸ਼ਨ ਮਨਾਉਣ ਦੇ ਨਾਲ ਨਾਲ ਇਸ ਵੈੱਬਸਾਈਟ ਦੀ ਵਿਚਾਰਧਾਰਾ ਦੀ ਸ਼ਲਾਘਾ ਕੀਤੀ ਸੀ।

ਇਸ ਦੀ ਮਾਰਕਿਟਿੰਗ ਤੇ ਇਸ਼ਤਿਹਾਰਬਾਜ਼ੀ ਉੱਤੇ ਹਾਲੇ ਤੱਕ ਕੋਈ ਖ਼ਰਚਾ ਨਹੀਂ ਕੀਤਾ ਗਿਆ ਹੈ। ਇਸ ਦੀ ਟੀਮ ਨੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਹੀ ਵਰਤੋਂ ਕੀਤੀ ਹੈ। ਹੁਣ ਇਹ ਗੁਜਰਾਤ ਤੋਂ ਬਾਹਰ ਵੀ ਆਪਣਾ ਪਾਸਾਰ ਕਰਨਾ ਚਾਹ ਰਹੇ ਹਨ; ਜਿਸ ਲਈ ਤਿੰਨ ਹੋਰ ਚੰਦਾ ਦੇਣ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ; ਜੋ ਪੂਰੀ ਤਰ੍ਹਾਂ ਗਾਹਕਾਂ ਦੀਆਂ ਵਿਭਿੰਨ ਜ਼ਰੂਰਤਾਂ ਅਨੁਸਾਰ ਹੀ ਹੋਣਗੀਆਂ।

ਲੇਖਕ: ਬਿੰਜਲ ਸ਼ਾਹ