ਡੀ.ਐਮ. ਬਣੇ ਬੱਚਿਆਂ ਦੇ ਦੋਸਤ, ਨੰਗੇ ਪੈਰੀਂ ਸਕੂਲ ਜਾਣ ਵਾਲੇ 25,000 ਗ਼ਰੀਬ ਬੱਚਿਆਂ ਨੂੰ 'ਚਰਣ ਪਾਦੁਕਾ' ਸਕੀਮ ਅਧੀਨ ਪਹਿਨਾਏ ਜੁੱਤੇ

ਡੀ.ਐਮ. ਬਣੇ ਬੱਚਿਆਂ ਦੇ ਦੋਸਤ, ਨੰਗੇ ਪੈਰੀਂ ਸਕੂਲ ਜਾਣ ਵਾਲੇ 25,000 ਗ਼ਰੀਬ ਬੱਚਿਆਂ ਨੂੰ 'ਚਰਣ ਪਾਦੁਕਾ' ਸਕੀਮ ਅਧੀਨ ਪਹਿਨਾਏ ਜੁੱਤੇ

Tuesday February 02, 2016,

6 min Read

26 ਜਨਵਰੀ, 2016 ਨੂੰ ਨੰਗੇ ਪੈਰੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ 25,000 ਜੋੜੀਆਂ ਜੁੱਤੇ ਦਿੱਤੇ ਗਏ...

ਠੰਢ ਵਿੱਚ ਨੰਗੇ ਪੈਰ ਸਕੂਲ ਜਾਂਦਿਆਂ ਵੇਖ ਡੀ.ਐਮ. ਨੇ ਇਸ ਬਾਰੇ ਕੁੱਝ ਕਰਨ ਦੀ ਸੋਚੀ...

ਜਨਵਰੀ 2016 'ਚ ਇਸ ਯੋਜਨਾ ਉਤੇ ਅਮਲ ਕਰਨ ਲਈ 'ਚਰਨ ਪਾਦੁਕਾ' ਸਕੀਮ ਦੀ ਕੀਤੀ ਸ਼ੁਰੂਆਤ

ਅਕਸਰ ਇਹ ਕਿਹਾ ਜਾਂਦਾ ਹੈ ਕਿ ਜੋ ਆਮ ਲੋਕਾਂ ਤੋਂ ਵੱਖ ਹੁੰਦਾ ਹੈ, ਉਸ ਦੇ ਹਰੇਕ ਕੰਮ ਵਿੱਚ ਤੁਹਾਨੂੰ ਕੁੱਝ ਵੱਖਰਾ ਜ਼ਰੂਰ ਮਿਲੇਗਾ ਅਤੇ ਜੇ ਉਸ ਦਾ ਕੰਮ ਆਮ ਲੋਕਾਂ ਲਈ ਹੋਵੇ, ਤਦ ਤਾਂ ਇਹ ਤੈਅ ਮੰਨੋ ਕਿ ਉਸ ਸ਼ਖ਼ਸੀਅਤ ਦੇ ਕੰਮ ਜ਼ਮਾਨਾ ਚੇਤੇ ਰਖਦਾ ਹੈ।

image


ਇਹ ਕਹਾਣੀ ਰਾਜਸਥਾਨ ਦੇ ਜ਼ਿਲ੍ਹੇ ਜਾਲੌਰ ਦੀ ਹੈ। ਇੱਥੋਂ ਦੇ ਜ਼ਿਲ੍ਹਾ ਅਧਿਕਾਰੀ ਭਾਵ ਡਿਪਟੀ ਕਮਿਸ਼ਨਰ ਸ੍ਰੀ ਜੀਤੇਂਦਰ ਕੁਮਾਰ ਸੋਨੀ ਨੇ ਉਹ ਕਰ ਵਿਖਾਇਆ, ਜਿਸ ਦੀ ਆਸ ਆਮ ਤੌਰ ਉਤੇ ਲੋਕ ਨਹੀਂ ਕਰਦੇ। ਅਹੁਦਾ ਸੰਭਾਲਣ ਦੇ ਸਾਲ ਕੁ ਅੰਦਰ ਹੀ ਜੀਤੇਂਦਰ ਸੋਨੀ ਨੇ ਆਮ ਲੋਕਾਂ ਨਾਲ ਜੁੜੇ ਕਈ ਅਜਿਹੇ ਕੰਮ ਕੀਤੇ, ਜੋ ਸੱਚਮੁਚ ਕਾਬਿਲੇ ਤਾਰੀਫ਼ ਹਨ। ਜੀਤੇਂਦਰ ਸੋਨੀ ਨੇ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ। ਨੰਗੇ ਪੈਰੀਂ ਸਕੂਲ ਜਾਣ ਵਾਲੇ ਬੱਚਿਆਂ ਲਈ 'ਚਰਨ ਪਾਦੂਕਾ' ਸਕੀਮ। 'ਚਰਣ ਪਾਦੁਕਾ' ਦਾ ਪੰਜਾਬੀ ਵਿੱਚ ਮਤਲਬ ਹੈ - 'ਪੈਰੀਂ ਪਾਉਣ ਵਾਲੀਆਂ ਜੁੱਤੀਆਂ।' ਜਾਲੌਰ ਦੇ ਡੀ.ਐਮ. ਸ੍ਰੀ ਸੋਨੀ ਨੇ ਕੇਵਲ ਇੱਕ ਹਫ਼ਤਾਾ ਪਹਿਲਾਂ 'ਚਰਣ ਪਾਦੁਕਾ' ਨਾਂਅ ਦੀ ਇੱਕ ਯੋਜਨਾ ਬਣਾਈ, ਜਿਸ ਅਧੀਨ ਨੰਗੇ ਪੈਰੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਜੁੱਤੇ ਦੇਣ ਦਾ ਇੰਤਜ਼ਾਮ ਕੀਤਾ।

image


ਕੁਲੈਕਟਰ ਜੀਤੇਂਦਰ ਕੁਮਾਰ ਸੋਨੀ ਨੇ ਜ਼ਿਲ੍ਹੇ ਦੀਆਂ ਸਾਰੀਆਂ 274 ਗ੍ਰਾਮ ਪੰਚਾਇਤਾਂ ਅਤੇ ਤਿੰਨ ਨਗਰ ਪਾਲਿਕਾਵਾਂ ਦੇ ਸਾਰੇ ਸਰਕਾਰੀ ਸਕੂਲਾਂ ਤੋਂ ਅਜਿਹੇ ਗ਼ਰੀਬ ਪਰਿਵਾਰਾਂ ਦੀ ਜਾਣਕਾਰੀ ਮੰਗੀ, ਜੋ ਨੰਗੇ ਪੈਰੀਂ ਸਕੂਲ ਆਉਂਦੇ ਹਨ। ਡੀ.ਐਮ. ਕੋਲ ਛੇਤੀ ਹੀ ਇਹ ਸਾਰੀ ਸੂਚਨ ਪੁੱਜ ਗਈ ਕਿ ਜ਼ਿਲ੍ਹੇ ਦੇ ਲਗਭਗ 2,500 ਸਕੂਲਾਂ ਵੱਚ 25,000 ਬੱਚੇ ਅਜਿਹੇ ਹਨ, ਜਿਨ੍ਹਾਂ ਕੋਲ ਇਸ ਠੰਢ ਵਿੱਚ ਵੀ ਪਹਿਨਣ ਲਈ ਜੁੱਤੇ ਨਹੀਂ ਹਨ। ਗਣਿਤ ਦੀ ਭਾਸ਼ਾ ਵਿੱਚ ਗੱਲ ਕਰੀਏ, ਤਾਂ ਔਸਤਨ ਲਗਭਗ 10 ਜੁੱਤੇ ਪ੍ਰਤੀ ਸਕੂਲ ਦੇ ਹਿਸਾਬ ਨਾਲ ਚਾਹੀਦੇ ਸਨ। ਬੱਸ ਫਿਰ ਕੀ ਸੀ, ਇਸ ਨੌਜਵਾਨ ਆਈ.ਏ.ਐਸ. ਅਧਿਕਾਰੀ ਨੇ ਕੇਵਲ ਇੱਕ ਹਫ਼ਤੇ ਦੇ ਅੰਦਰ ਅਸੰਭਵ ਦਿਸਣ ਵਾਲੇ ਇਸ ਕੰਮ ਨੂੰ ਅੰਜਾਮ ਦੇਣ ਦਾ ਫ਼ੈਸਲਾ ਲੈ ਲਿਆ। ਦਰਅਸਲ, ਇਸ ਯੋਜਨਾ ਦੇ ਸ਼ੁਰੂ ਹੋਣ ਪਿੱਛੇ ਇੱਕ ਬਹੁਤ ਦਿਲਚਸਪ ਕਿੱਸਾ ਵੀ ਹੈ, ਜੋ ਤੁਹਾਡੇ ਦਿਲ ਨੂੰ ਛੋਹ ਲਵੇਗਾ। ਦਸੰਬਰ 2015 'ਚ ਇੱਕ ਸਕੂਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਡੀ.ਐਮ. ਸੋਨੀ ਨੇ ਸਕੂਲ ਦੇ ਤਿੰਨ ਬੱਚਿਆਂ ਨੂੰ ਨੰਗੇ ਪੈਰੀਂ ਵੇਖਿਆ। ਇਸ ਠੰਢ ਵਿੱਚ ਬੱਚਿਆਂ ਨੂੰ ਨੰਗੇ ਪੈਰੀਂ ਵੇਖਣਾ ਇਸ ਨੌਜਵਾਨ ਜ਼ਿਲ੍ਹਾ ਅਧਿਕਾਰੀ ਤੋਂ ਝੱਲ ਨਾ ਹੋਇਆ। ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਹ ਤੁਰੰਤ ਹੀ ਇਨ੍ਹਾਂ ਤਿੰਨਾਂ ਨੂੰ ਬਾਜ਼ਾਰ ਲੈ ਗਏ, ਉਨ੍ਹਾਂ ਲਈ ਜੁੱਤੇ ਖ਼ਰੀਦੇ ਅਤੇ ਉਨ੍ਹਾਂ ਨੂੰ ਉਹ ਜੁੱਤੇ ਆਪਣੇ ਹੱਥੀਂ ਪਹਿਨਾਏ। ਇੱਥੋਂ ਹੀ ਜ਼ਿਲ੍ਹਾ ਅਧਿਕਾਰੀ ਦੇ ਮਨ ਵਿੱਚ ਇੱਕ ਅਜਿਹੀ ਯੋਜਨਾ ਉਤੇ ਕੰਮ ਕਰਨ ਦੀ ਰੂਪ ਰੇਖਾ ਘਰ ਕਰ ਗਈ; ਕਿ ਜਿਸ ਨਾਲ ਨਿੱਕੇ-ਨਿੱਕੇ ਬੱਚਿਆਂ ਨੂੰ ਗ਼ਰੀਬੀ ਕਾਰਣ ਸਖ਼ਤ ਠੰਢ ਵਿੱਚ ਨੰਗੇ ਪੈਰੀਂ ਸਕੂਲ ਨਾ ਜਾਣਾ ਪਵੇ।

image


ਇਸ ਘਟਨਾ ਦੇ ਤੁਰੰਤ ਬਾਅਦ ਇੱਕ ਅਜਿਹੀ ਯੋਜਨਾ ਉਤੇ ਜ਼ਿਲ੍ਹਾ ਅਧਿਕਾਰੀ ਜੀਤੇਂਦਰ ਸੋਨੀ ਨੇ ਵਿਚਾਰ ਕੀਤਾ, ਜਿਸ ਅਧੀਨ ਨੰਗੇ ਪੈਰੀਂ ਸਕੂਲ ਆਉਣ ਵਾਲੇ ਗ਼ਰੀਬ ਬੱਚਿਆਂ ਨੂੰ ਜੁੱਤੇ ਮੁਹੱਈਆ ਕਰਵਾਏ ਜਾਣ। ਇੱਥੋਂ ਹੀ 'ਚਰਣ ਪਾਦੂਕਾ' ਸਕੀਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਨੰਗੇ ਪੈਰੀਂ ਸਕੂਲ ਆਉਣ ਵਾਲੇ 25,000 ਬੱਚਿਆਂ ਨੂੰ 26 ਜਨਵਰੀ, 2016 ਨੂੰ ਜੁੱਤਿਆਂ ਦੀਆਂ ਜੋੜੀਆਂ ਪਹਿਨਾਉਣ ਦੀ ਯੋਜਨਾ ਤਾਂ ਬਣ ਗਈ ਪਰ ਇਸ ਵਿੱਚ ਫ਼ੰਡ ਦੀ ਔਕੜ ਸੀ। ਕਿਹਾ ਜਾਂਦਾ ਕਿ ਜਦੋਂ ਤੁਸੀਂ ਕਿਸੇ ਔਖੇ ਅਤੇ ਨੇਕ ਕੰਮ ਨੂੰ ਕਰਨ ਲਈ ਮਨ ਵਿੱਚ ਧਾਰ ਲਵੋ, ਤਾਂ ਇਹ ਸਮੁੱਚੀ ਕਾਇਨਾਤ ਤੁਹਾਡਾ ਸਾਥ ਦੇਣ ਲਗਦੀ ਹੈ। ਅਜਿਹਾ ਹੀ ਕੁੱਝ ਇਸ ਯੋਜਨਾ ਨਾਲ ਵੀ ਹੋਇਆ। ਡੀ.ਐਮ. ਸ੍ਰੀ ਸੋਨੀ ਵੱਲੋਂ 'ਚਰਣ ਪਾਦੂਕਾ' ਸਕੀਮ ਦੇ ਬਣਾਉਂਦਿਆਂ ਹੀ ਜ਼ਿਲ੍ਹੇ ਦੇ ਕਈ ਲੋਕ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਅੱਗੇ ਆਏ ਅਤੇ ਪੈਸਿਆਂ ਦਾ ਇੰਤਜ਼ਾਮ ਵੀ ਹੋਣ ਲੱਗਾ।

image


'ਯੂਅਰ ਸਟੋਰੀ' ਨਾਲ ਗੱਲਬਾਤ ਦੌਰਾਨ ਡੀ.ਐਮ. ਸੋਨੀ ਨੇ ਦੱਸਿਆ,''ਕਈ ਸਕੂਲਾਂ ਵਿੱਚ ਜਦੋਂ ਬੱਚਿਆਂ ਨੂੰ ਇਹ ਪਤਾ ਲੱਗਾ ਕਿ ਨੰਗੇ ਪੈਰੀਂ ਸਕੂਲ ਆਉਣ ਵਾਲੇ ਉਨ੍ਹਾਂ ਦੇ ਦੋਸਤਾਂ ਨੂੰ ਜੁੱਤੇ ਦੇਣ ਦੀ ਯੋਜਨਾ ਬਣੀ ਹੈ, ਤਾਂ ਉਨ੍ਹਾਂ ਬੱਚਿਆਂ ਨੇ ਸਹਾਇਤਾ ਵਜੋਂ ਆਪੋ-ਆਪਣੇ ਜੇਬ ਖ਼ਰਚ ਵੀ ਦਾਨ ਕਰ ਦਿੱਤੇ। ਇੰਨਾ ਹੀ ਨਹੀਂ, ਕਈ ਅਧਿਆਪਕਾਂ ਅਤੇ ਪਿੰਡਾਂ ਦੇ ਵਾਸੀਆਂ ਨੇ ਵੀ ਇਸ ਯੋਜਨਾ ਲਈ ਚੰਦੇ ਇਕੱਠੇ ਕੀਤੇ।''

ਜ਼ਿਲ੍ਹਾ ਅਧਿਕਾਰੀ ਅਤੇ ਉਨ੍ਹਾਂ ਦੇ ਕੁੱਝ ਅਧਿਕਾਰੀਆਂ ਨੇ ਮਿਲ ਕੇ 27,000 ਰੁਪਏ ਜਮ੍ਹਾ ਕੀਤੇ ਅਤੇ ਬੈਂਕ ਖਾਤਾ ਖੋਲ੍ਹ ਕੇ ਇਨ੍ਹਾਂ ਪੈਸਿਆਂ ਨੂੰ ਬੱਚਿਆਂ ਨੂੰ ਜੁੱਤੇ ਦੇਣ ਦੀ ਯੋਜਨਾ ਦੇ ਨਾਂਅ ਨਾਲ ਜਮ੍ਹਾ ਕੀਤਾ ਗਿਆ ਅਤੇ ਨਾਲ ਹੀ ਜ਼ਿਲ੍ਹਾ ਅਧਿਕਾਰੀ ਵੱਲੋਂ ਆਮ ਲੋਕਾਂ ਨੂੰ ਇਸ ਵਿੱਚ ਹੱਥ ਵੰਡਾਉਣ ਦੀ ਅਪੀਲ ਕੀਤੀ ਗਈ। ਇਸ ਯੋਜਨਾ ਦਾ ਐਲਾਨ ਹੁੰਦਿਆਂ ਹੀ ਸੋਸ਼ਲ ਮੀਡੀਆ ਉਤੇ ਡੀ.ਐਮ. ਦੇ ਇਸ ਕਦਮ ਦੀ ਸ਼ਲਾਘਾ ਹੋਈ ਅਤੇ ਛੇਤੀ ਹੀ ਜ਼ਬਰਦਸਤ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ। ਲੋਕਾਂ ਦੇ ਕਾੱਲਜ਼ ਆਉਣ ਲੱਗੇ, ਕਈ ਲੋਕ ਜਿਹੜੇ ਬਹੁਤ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰਹਿੰਦੇ ਹਨ, ਇਨ੍ਹਾਂ ਬੱਚਿਆਂ ਨੂੰ ਜੁੱਤੇ ਦੇਣ ਦੀ ਇਸ ਯੋਜਨਾ ਵਿੱਚ ਜਾਂ ਤਾਂ ਪੈਸੇ ਜਾਂ ਜੁੱਤੇ ਦਾਨ ਵਿੱਚ ਦਿੱਤੇ। ਜ਼ਿਲ੍ਹੇ ਦੀਆਂ ਕਈ ਸਵੈ-ਸੇਵੀ ਸੰਸਥਾਵਾਂ ਸਰਪੰਚ ਆਦਿ ਨੇ ਵੀ ਇਸ ਯੋਜਨਾ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ। ਇੰਨਾ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਮਦਦ ਲਈ ਹੱਥ ਅੱਗੇ ਵਧੇ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਕੁੱਝ ਭਾਰਤੀਆਂ ਨੇ ਜ਼ਿਲ੍ਹਾ ਅਧਿਕਾਰੀ ਸ੍ਰੀ ਸੋਨੀ ਨੂੰ ਕਾੱਲ ਕਰ ਕੇ ਇਸ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਮਦਦ ਵੀ ਭਿਜਵਾਈ।

image


ਜ਼ਿਲ੍ਹਾ ਅਧਿਕਾਰੀ ਜੀਤੇਂਦਰ ਸੋਨੀ ਨੇ 'ਯੂਅਰ ਸਟੋਰੀ' ਨੂੰ ਦੱਸਿਆ,''ਮੇਰੇ ਕੋਲ ਇੰਗਲੈਂਡ ਦੀ ਰਾਜਧਾਨੀ ਲੰਡਨ ਅਤੇ ਚੀਨ ਦੇ ਗੁਆਂਗਜ਼ੋ ਜਿਹੇ ਇਲਾਕਿਆਂ ਤੋਂ ਐਨ.ਆਰ.ਆਈਜ਼ ਦੀਆਂ ਕਾੱਲਜ਼ ਆਈਆਂ ਅਤੇ ਉਨ੍ਹਾਂ ਭਾਰਤ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਰਾਹੀਂ ਇਨ੍ਹਾਂ ਬੱਚਿਆਂ ਲਈ ਜੁੱਤੇ ਭਿਜਵਾਏ ਹਨ।''

ਸ੍ਰੀ ਸੋਨੀ ਨੇ ਦੱਸਿਆ ਕਿ ਇਹ ਸਕੀਮ ਹੁਣ ਇੱਕ ਮੁਹਿੰਮ ਦੀ ਸ਼ਕਲ ਅਖ਼ਤਿਆਰ ਕਰ ਚੁੱਕੀ ਹੈ ਅਤੇ ਪਿੰਡ-ਪਿੰਡ ਵਿੱਚ ਲੋਕ ਸਕੂਲਾਂ ਵਿੱਚ ਜਾ ਕੇ ਨੰਗੇ ਪੈਰੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਜੁੱਤੇ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਅਨੁਸਾਰ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ, ਉਥੇ ਸਭਨਾਂ ਕੋਲ ਸਭ ਕੁੱਝ ਨਹੀਂ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਅਜਿਹੇ ਲੋੜਵੰਦ ਲੋਕਾਂ ਅਤੇ ਖ਼ਾਸ ਕਰ ਕੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਸ੍ਰੀ ਸੋਨੀ ਦਸਦੇ ਹਨ ਕਿ ਉਨ੍ਹਾਂ ਦੇ ਪਿਤਾ ਜੀ ਵੀ ਬਹੁਤੇ ਪੈਸੇ ਵਾਲੇ ਨਹੀਂ ਸਨ ਪਰ ਦੋਵੇਂ ਭਰਾਵਾਂ ਨੂੰ ਬਿਹਤਰ ਸਿੱਖਿਆ ਦੇਣ ਦਾ ਹਰ ਸੰਭਵ ਜਤਨ ਕੀਤਾ। ਉਨ੍ਹਾਂ ਦੀ ਪੜ੍ਹਾਈ ਲਿਖਾਈ ਵੀ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਹੀ ਹੋਈ। ਉਨ੍ਹਾਂ ਨੂੰ ਬਹੁਤ ਮਿਹਨਤ ਤੋਂ ਬਾਅਦ ਇਹ ਮੁਕਾਮ ਹਾਸਲ ਹੋਇਆ ਹੈ, ਇਸੇ ਲਈ ਉਹ ਸਦਾ ਹੀ ਲੋਕਾਂ ਦੀਆਂ ਔਕੜਾਂ ਵਿੱਚ ਉਨ੍ਹਾਂ ਦੀ ਹਰ ਸੰਭਵ ਮਦਦ ਦੀ ਗੱਲ ਸਭ ਤੋਂ ਪਹਿਲਾਂ ਸੋਚਦੇ ਹਨ।

'ਯੂਅਰ ਸਟੋਰੀ' ਨੇ ਜਦੋਂ ਜ਼ਿਲ੍ਹਾ ਅਧਿਕਾਰੀ ਸ੍ਰੀ ਸੋਨੀ ਦੇ ਪਿਤਾ ਸ੍ਰੀ ਮੋਹਨਲਾਲ ਸੋਨੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ,'ਜੀਤੇਂਦਰ ਬਚਪਨ ਤੋਂ ਹੀ ਬਹੁਤ ਸੰਵੇਦਨਸ਼ੀਲ ਰਿਹਾ ਹੈ ਅਤੇ ਉਸ ਉਤੇ ਸਮਾਜਕ ਘਟਨਾਵਾਂ ਦਾ ਅਸਰ ਲੰਮਾ ਸਮਾਂ ਬਣਿਆ ਰਹਿੰਦਾ ਹੈ।'

ਪਤਨੀ ਸ੍ਰੀਮਤੀ ਅੰਜਲੀ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਜ਼ਿਲ੍ਹਾ ਅਧਿਕਾਰੀ ਤਾਂ ਹਨ ਪਰ ਉਸ ਦੇ ਨਾਲ ਹੀ ਉਨ੍ਹਾਂ ਅੰਦਰ ਇੱਕ ਬਹੁਤ ਸੰਵੇਦਨਸ਼ੀਲ ਸ਼ਖ਼ਸੀਅਤ ਦਾ ਨਿਵਾਸ ਹੈ। ਉਹ ਬਹੁਤ ਵਧੀਆ ਪੇਂਟਰ ਅਤੇ ਫ਼ੋਟੋਗ੍ਰਾਫ਼ਰ ਵੀ ਹਨ। ਇੰਨਾ ਹੀ ਨਹੀਂ, ਉਨ੍ਹਾਂ ਵੱਲੋਂ ਲਿਖੇ ਰਾਜਸਥਾਨੀ ਲੋਕ ਭਾਸ਼ਾ ਵਿੱਚ ਕਾਵਿ ਸੰਗ੍ਰਹਿ 'ਰਣਖਾਰ' ਨੂੰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਹੈ, ਜਿਸ ਕਰ ਕੇ ਰਾਜਸਥਾਨੀ ਸਾਹਿਤ ਦੀ ਦੁਨੀਆਂ ਵਿੱਚ ਉਨ੍ਹਾਂ ਦੀ ਬਹੁਤ ਸ਼ਲਾਘਾ ਵੀ ਹੋ ਰਹੀ ਹੈ।

ਜਾਲੌਰ ਦੇ ਇਸ ਨੌਜਵਾਨ ਜ਼ਿਲ੍ਹਾ ਅਧਿਕਾਰੀ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਜੀਤੇਂਦਰ ਸੋਨੀ ਨੂੰ ਉਨ੍ਹਾਂ ਦੀ 'ਚਰਣ ਪਾਦੂਕਾ' ਮੁਹਿੰਮ ਲਈ 'ਯੂਅਰ ਸਟੋਰੀ' ਵੱਲੋਂ ਸ਼ੁਭਕਾਮਨਾਵਾਂ! ਉਹ ਇੰਝ ਹੀ ਆਪਣੀ ਮੁਹਿੰਮ ਨੂੰ ਅੰਜਾਮ ਦਿੰਦੇ ਰਹਿਣ, ਤਾਂ ਜੋ ਨੰਗੇ ਪੈਰੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣ, ਜੋ ਇੱਕ ਬੱਚੇ ਦੀ ਪੜ੍ਹਾਈ ਲਈ ਜ਼ਰੂਰੀ ਹੁੰਦੀਆਂ ਹਨ।

ਲੇਖਕ: ਰੂਬੀ ਸਿੰਘ

    Share on
    close