ਆਪਣੀ ਤਨਖ਼ਾਹ ਨਾਲ ਬਚਾਅ ਰਹੇ ਹਨ 1,250 ਰੁੱਖ, ਪੌਦਿਆਂ ਨੂੰ ਬੱਚਿਆਂ ਵਾਂਗ ਪਾਲ਼ਦੇ ਹਨ ਤੁਲਸੀਰਾਮ

ਆਪਣੀ ਤਨਖ਼ਾਹ ਨਾਲ ਬਚਾਅ ਰਹੇ ਹਨ 1,250 ਰੁੱਖ, ਪੌਦਿਆਂ ਨੂੰ ਬੱਚਿਆਂ ਵਾਂਗ ਪਾਲ਼ਦੇ ਹਨ ਤੁਲਸੀਰਾਮ

Thursday December 03, 2015,

5 min Read

ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਚੌਥਾ ਦਰਜਾ ਕਰਮਚਾਰੀ ਹਨ ਤੁਲਸੀਦਾਸ...

ਕਿਰਤ-ਦਾਨ ਤੋਂ ਇਲਾਵਾ ਆਪਣੀ ਸਾਲ ਦੀ ਇੱਕ ਮਹੀਨੇ ਦੀ ਤਨਖ਼ਾਹ ਉਹ 1,250 ਰੁੱਖਾਂ ਤੇ ਹੋਰ ਪੌਦਿਆਂ ਦੇ ਰੱਖ-ਰਖਾਅ ਉਤੇ ਖ਼ਰਚ ਕਰਦੇ ਹਨ...

ਰੁੱਖਾਂ ਤੇ ਪੌਦਿਆਂ ਨੂੰ ਬਿਲਕੁਲ ਆਪਣੇ ਬੱਚਿਆਂ ਵਾਂਗ ਪਾਲ਼ਦੇ ਹਨ ਤੁਲਸੀਰਾਮ...

ਕਿਸੇ ਵੱਡੀ ਤਬਦੀਲੀ ਲਈ ਸਦਾ ਕੋਈ ਵੱਡਾ ਕੰਮ ਕਰਨ ਦੀ ਲੋੜ ਨਹੀਂ ਹੁੰਦੀ। ਕਈ ਵਾਰ ਤੁਹਾਡੇ ਵੱਲੋਂ ਕੀਤੇ ਗਏ ਨਿੱਕੇ-ਨਿੱਕੇ ਜਤਨ ਵੀ ਕਿਸੇ ਬਹੁਤ ਵੱਡੇ ਕੰਮ ਦੀ ਨੀਂਹ ਰੱਖ ਦਿੰਦੇ ਹਨ ਅਤੇ ਉਹ ਕੰਮ ਸਮੁੱਚੇ ਸਮਾਜ ਨੂੰ ਇੱਕ ਹਾਂ-ਪੱਖੀ ਸੁਨੇਹਾ ਦੇਣ ਵਿੱਚ ਸਫ਼ਲ ਹੁੰਦੇ ਹਨ। ਤੁਲਸੀਰਾਮ ਹੁਰਾਂ ਦਾ ਕੰਮ ਵੀ ਬਿਲਕੁਲ ਅਜਿਹਾ ਹੀ ਹੈ; ਜਿਸ ਕਾਰਣ ਅੱਜ ਬੂੰਦੀ ਜ਼ਿਲ੍ਹੇ ਦੇ ਲੋਕ ਉਨ੍ਹਾਂ ਦੀ ਮਿਸਾਲ ਦਿੰਦੇ ਹਨ। ਤੁਲਸੀਰਾਮ ਨੇ ਆਪਣੇ ਂਿੲਲਾਕੇ ਵਿੱਚ ਹਰਿਆਲੀ ਬਣਾ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

image


ਤੁਲਸੀਰਾਮ ਇੱਕ ਗ਼ਰੀਬ ਵਿਅਕਤੀ ਹਨ, ਜੋ ਬੂੰਦੀ ਜ਼ਿਲ੍ਹੇ 'ਚ ਹੀ ਰਹਿੰਦੇ ਹਨ ਤੇ ਸਰਕਾਰੀ ਸਕੂਲ ਵਿੱਚ ਕੰਮ ਕਰਦੇ ਹਨ। ਸਕੂਲ ਦਾ ਕੰਪਾਊਂਡ ਕਾਫ਼ੀ ਵੱਡਾ ਹੈ ਅਤੇ ਉਸ ਕੰਪਾਊਂਡ ਵਿੱਚ ਅਜਿਹੀ ਜ਼ਮੀਨ ਸੀ, ਜੋ ਖ਼ਾਲੀ ਪਈ ਰਹਿੰਦੀ ਸੀ, ਜਿਸ ਉਤੇ ਲੋਕ ਕੂੜਾ-ਕਰਕਟ ਸੁੱਟ ਦਿੰਦੇ ਸਨ। ਉਥੇ ਸਦਾ ਹੀ ਗੰਦਗੀ ਪਈ ਰਹਿੰਦੀ ਸੀ ਤੇ ਹਨੇਰਾ ਹੁੰਦੇ ਹੀ ਗ਼ੈਰ-ਸਮਾਜੀ ਅਨਸਰ ਉਥੇ ਸ਼ਰਾਬ ਆਦਿ ਪੀਣ ਲਈ ਵੀ ਆ ਜਾਂਦੇ ਸਨ। ਸੰਨ 2007 'ਚ ਬੂੰਦੀ ਜ਼ਿਲ੍ਹੇ ਦੇ ਉਦੋਂ ਦੇ ਕੁਲੈਕਟਰ ਐਸ.ਐਸ. ਬਿੱਸਾ ਨੇ ਉਸ ਪੂਰੇ ਇਲਾਕੇ ਵਿੱਚ ਲਗਭਗ 1,250 ਪੌਦੇ ਲਗਵਾਏ ਅਤੇ ਪੂਰੇ ਇਲਾਕੇ ਨੂੰ ਹਰਿਆ-ਭਰਿਆ ਰੱਖਣ ਦਾ ਜਤਨ ਕੀਤਾ। ਉਨ੍ਹਾਂ ਉਸ ਥਾਂ ਦਾ ਨਾਂਹ 'ਪੰਚਵਟੀ' ਰੱਖਿਆ ਪਰ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਦਾ ਬੂੰਦੀ ਤੋਂ ਤਬਾਦਲਾ ਹੋ ਗਿਆ। ਹੁਣ ਸਮੱਸਿਆ ਇਹ ਸੀ ਕਿ ਇਨ੍ਹਾਂ ਪੌਦਿਆਂ ਦੀ ਦੇਖਭਾਲ ਕੌਣ ਕਰੇਗਾ ਅਤੇ ਇਸ ਥਾਂ ਨੂੰ ਮੁੜ ਕੂੜਾਦਾਨ ਵਿੱਚ ਬਦਲਣ ਤੋਂ ਕੌਣ ਰੋਕੇਗਾ। ਤਦ ਤੁਲਸੀਰਾਮ ਅੱਗੇ ਆਏ ਸਨ ਅਤੇ ਉਨ੍ਹਾਂ ਪੰਚਵਟੀ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਲੈ ਲਈ ਅਤੇ ਸੰਕਲਪ ਲਿਆ ਕਿ ਉਹ ਇਸ ਇਲਾਕੇ ਦੀ ਹਰਿਆਲੀ ਅਤੇ ਸੁੰਦਰਤਾ ਨੂੰ ਘੱਟ ਨਹੀਂ ਹੋਣ ਦੇਣਗੇ।

ਵਾਤਾਵਰਣ ਪ੍ਰਤੀ ਤੁਲਸੀਰਾਮ ਪਹਿਲਾਂ ਤੋਂ ਹੀ ਬਹੁਤ ਚੌਕਸ ਸਨ। ਕੁਦਰਤ ਅਤੇ ਰੁੱਖਾਂ, ਪੌਦਿਆਂ ਆਦਿ ਨਾਲ ਉਨ੍ਹਾਂ ਨੂੰ ਬਹੁਤ ਮੋਹ ਸੀ। ਉਨ੍ਹਾਂ ਨੇ ਪੌਦਿਆਂ ਨੂੰ ਬੱਚਿਆਂ ਵਾਂਗ ਪਾਲਣਾ ਸ਼ੁਰੂ ਕੀਤਾ ਪਰ ਕਿਰਤਦਾਨ ਤੋਂ ਇਲਾਵਾ ਇੰਨੇ ਵੱਡੇ ਇਲਾਕੇ ਦੇ ਰੱਖ-ਰਖਾਅ ਲਈ ਪੈਸੇ ਦੀ ਵੀ ਲੋੜ ਸੀ। ਤੁਲਸੀਰਾਮ ਸਾਹਵੇਂ ਸਮੱਸਿਆ ਇਹ ਸੀ ਕਿ ਉਹ ਪੈਸਾ ਕਿੱਥੋਂ ਲੈ ਕੇ ਆਉਣ। ਤੁਲਸੀਰਾਮ ਨੇ ਦੱਸਿਆ,''ਜਦੋਂ ਮੈਨੂੰ ਕਿਸੇ ਤੋਂ ਕੋਈ ਮਦਦ ਨਾ ਮਿਲੀ, ਤਾਂ ਮੈਂ ਤੈਅ ਕੀਤਾ ਕਿ ਮੈਂ ਆਪ ਹੀ ਪੰਚਵਟੀ ਦਾ ਰੱਖ-ਰਖਾਅ ਕਰਾਂਗਾ ਪਰ ਮੇਰੀ ਆਪਣੀ ਤਨਖ਼ਾਹ ਬਹੁਤ ਘੱਟ ਸੀ, ਤੇ ਘਰ ਚਲਾਉਣ ਤੇ ਪੰਚਵਟੀ ਨੂੰ ਸੰਭਾਲਣ ਵਿੱਚ ਕਾਫ਼ੀ ਔਕੜਾਂ ਪੇਸ਼ ਆਉਣ ਲੱਗੀਆਂ। ਤਦ ਮੈਂ ਤੈਅ ਕੀਤਾ ਕਿ ਸਾਲ ਦੇ ਇੱਕ ਮਹੀਨੇ ਦੀ ਤਨਖ਼ਾਹ ਪੰਚਵਟੀ ਦੇ ਰੱਖਰਖਾਅ ਵਿੱਚ ਲਾਵਾਂਗਾ।''

ਤੁਲਸੀਰਾਮ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਜਾਣਕਾਰਾਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਨਾ ਨਿਭਾਉਣ ਦੀ ਸਲਾਹ ਦਿੱਤੀ ਪਰ ਤੁਲਸੀਰਾਮ ਨਾ ਮੰਨੇ ਅਤੇ ਹਰਿਆਲੀ ਨੂੰ ਬਚਾਉਣ ਤੇ ਵਾਤਾਵਰਣ ਦੀ ਸੰਭਾਲ ਦੇ ਆਪਣੇ ਜਤਨਾਂ ਵਿੱਚ ਲੱਗੇ ਰਹੇ।

ਤੁਲਸੀ ਦਸਦੇ ਹਨ ਕਿ ਰੁੱਖਾਂ ਤੇ ਪੌਦਿਆਂ ਨੂੰ ਬਚਾਉਣਾ ਮਨੁੱਖ ਦਾ ਧਰਮ ਹੈ। ਅਸੀਂ ਕੇਵਲ ਵੱਡੇ-ਵੱਡੇ ਕਾਰਖਾਨੇ ਲਾ ਕੇ ਹੀ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦੇ; ਸਾਨੂੰ ਨਾਲ ਹੀ ਆਪਣੇ ਪਰਿਆਵਰਣ ਭਾਵ ਵਾਤਾਵਰਣ ਦਾ ਵੀ ਧਿਆਨ ਰੱਖਣਾ ਹੋਵੇਗਾ। ਉਹ ਉਨ੍ਹਾਂ ਰੁੱਖਾਂ ਤੇ ਪੌਦਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲ਼ਦੇ ਹਨ ਤੇ ਜਿਉਂ ਹੀ ਸਮਾਂ ਮਿਲਦਾ ਹੈ, ਉਹ ਬਗ਼ੀਚੇ ਵਿੱਚ ਆ ਕੇ ਉਥੇ ਕੰਮ ਕਰਨ ਲਗਦੇ ਹਨ।

image


ਤੁਲਸੀਰਾਮ ਮੰਨਦੇ ਹਨ ਕਿ ਜੇ ਅਸੀਂ ਰੁੱਖਾਂ ਨੂੰ ਬਚਾਉਂਦੇ ਹਾਂ, ਤਾਂ ਇਸ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਤੰਦਰੁਸਤ ਵਾਤਾਵਰਣ ਦੇਣ ਦੇ ਸਮਰੱਥ ਹੋਵਾਂਗੇ। ਅੱਜ ਕੱਲ੍ਹ ਹਰ ਥਾਂ ਵਿਕਾਸ ਦੇ ਨਾਂਅ ਉਤੇ ਰੁੱਖਾਂ ਨੂੰ ਵੱਢਿਆ ਜਾ ਰਿਹਾ ਹੈ। ਰੁੱਖ ਵੱਢ ਕੇ ਕਾਰਖਾਨੇ ਲਾਏ ਜਾ ਰਹੇ ਹਨ, ਜਿਨ੍ਹਾਂ ਨਾਲ ਵਾਤਾਵਰਣ ਹੋਰ ਦੂਸ਼ਿਤ ਹੋ ਰਿਹਾ ਹੈ ਅਤੇ ਇਸੇ ਕਰ ਕੇ ਕਈ ਨਵੇਂ-ਨਵੇਂ ਰੋਗ ਜਨਮ ਲੈ ਰਹੇ ਹਨ। ਤੁਲਸੀਰਾਮ ਵਿਕਾਸ ਦੇ ਵਿਰੋਧੀ ਨਹੀਂ ਹਨ ਪਰ ਉਹ ਵਾਤਾਵਰਣ ਦੀ ਕੀਮਤ ਉਤੇ ਵਿਕਾਸ ਕੀਤੇ ਜਾਣ ਦੇ ਸਖ਼ਤ ਖ਼ਿਲਾਫ਼ ਹਨ।

ਆਪਣੇ ਇਸ ਜਤਨ ਵਿੱਚ ਤੁਲਸੀਰਾਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਹ ਪਹਿਲਾਂ ਸਕੂਲ ਦੀ ਨੌਕਰੀ ਕਰਦੇ ਹਨ, ਫਿਰ ਉਸ ਤੋਂ ਬਾਅਦ ਪੰਚਵਟੀ 'ਚ ਜਾ ਕੇ ਉਥੋਂ ਦੀ ਦੇਖਭਾਲ ਕਰਦੇ ਹਨ ਅਤੇ ਸਾਫ਼-ਸਫ਼ਾਈ ਕਰਦੇ ਹਨ।

ਤੁਲਸੀਰਾਮ ਦੇ ਅਣਥੱਕ ਜਤਨਾਂ ਨਾਲ ਜਿਹੜੇ ਪੌਦੇ ਸਾਲ 2007 'ਚ ਲਾਏ ਗਏ ਸਨ, ਉਹ ਅੱਜ ਫਲ਼ਦਾਰ ਬਿਰਖ ਬਣ ਚੁੱਕੇ ਹਨ। ਪੰਚਵਟੀ ਵਿੱਚ ਨੀਂਬੂ, ਅਮਰੂਦ, ਔਲ਼ਾ, ਅਨਾਰ, ਕਲਪ-ਬਿਰਖ ਤੋਂ ਇਲਾਵਾ ਹੋਰ ਕਈ ਫਲ਼ਦਾਰ ਰੁੱਖ ਲੱਗੇ ਹੋਏ ਹਨ; ਜਿਨ੍ਹਾਂ ਦੀ ਗਿਣਤੀ 1,200 ਤੋਂ ਵੱਧ ਹੈ। ਤੁਲਸੀਰਾਮ ਦਸਦੇ ਹਨ ਕਿ ਇਨ੍ਹਾਂ ਪੌਦਿਆਂ ਦੇ ਰੱਖ-ਰਖਾਅ ਵਿੱਚ ਉਨ੍ਹਾਂ ਕਾਫ਼ੀ ਪਸੀਨਾ ਵਹਾਇਆ ਹੈ, ਬਹੁਤ ਸੰਘਰਸ਼ ਕੀਤਾ ਹੈ। ਜਾਨਵਰ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਸਨ ਤੇ ਪੌਦਿਆਂ ਨੂੰ ਉਨ੍ਹਾਂ ਤੋਂ ਬਚਾਉਣਾ ਹੁੰਦਾ ਸੀ। ਨੌਕਰੀ ਤੋਂ ਬਾਅਦ ਧੁੱਪ ਵਿੱਚ ਪਸੀਨੇ ਨਾਲ ਲਥਪਥ ਉਹ ਪੌਦਿਆਂ ਦੀ ਦੇਖਭਾਲ਼ ਕਰਦੇ ਸਨ ਅਤੇ ਅੱਜ ਵੀ ਤੁਲਸੀ ਰੋਜ਼ ਇੱਥੇ ਕੰਮ ਕਰਦੇ ਹਨ। ਤੁਲਸੀਰਾਮ ਨੇ ਇਨ੍ਹਾਂ ਰੁੱਖਾਂ ਤੇ ਪੌਦਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲ਼ਿਆ ਹੈ। ਉਹ ਕਹਿੰਦੇ ਹਨ ਕਿ ਰੁੱਖਾਂ ਅਤੇ ਪੌਦਿਆਂ ਨੂੰ ਸੰਭਾਲਣ ਵਿੱਚ ਉਨ੍ਹਾਂ ਨੂੰ ਆਨੰਦ ਮਿਲਦਾ ਹੈ।

image


ਪੰਚਵਟੀ ਦੁਆਲ਼ੇ ਚਾਰਦੀਵਾਰੀ ਹੈ ਅਤੇ ਤਾਰਾਂ ਵੀ ਲਾਈਆਂ ਗਈਆਂ ਹਨ, ਤਾਂ ਜੋ ਗ਼ੈਰ-ਸਮਾਜਕ ਅਨਸਰ ਉਥੇ ਨਾ ਆ ਸਕਣ ਅਤੇ ਕੋਈ ਉਥੇ ਕੂੜਾ ਵੀ ਨਾ ਸੁੱਟ ਸਕੇ।

ਤੁਲਸੀਰਾਮ ਕਹਿੰਦੇ ਹਨ ਕਿ ਉਨ੍ਹਾਂ ਕੋਲ ਜ਼ਿਆਦਾ ਪੈਸਾ ਨਹੀਂ ਹੈ ਪਰ ਰੁੱਖਾਂ ਅਤੇ ਪੌਦਿਆਂ ਦੀ ਸੁਰੱਖਿਆ ਲਈ ਧਨ ਤੋਂ ਵੱਧ ਸੰਕਲਪ ਦੀ ਲੋੜ ਹੈ। ਲੋਕਾਂ ਨੂੰ ਸਮਝਣਾ ਹੋਵੇਗਾ ਕਿ ਵਾਤਾਵਰਣ ਨੂੰ ਸ਼ੁੱਧ ਬਣਾ ਕੇ ਰੱਖਣਾ ਕਿੰਨਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਹਰੇਕ ਨੂੰ ਅੱਗੇ ਆਉਣਾ ਹੋਵੇਗਾ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।

ਲੇਖਕ: ਆਸ਼ੂਤੋਸ਼ ਖੰਟਵਾਲ

ਅਨੁਵਾਦ: ਮਹਿਤਾਬ-ਉਦ-ਦੀਨ

    Share on
    close