ਭਾਰਤ ਦੀ ਸਭ ਤੋਂ ਨਿੱਕੀ ਉਮਰ ਦੀ ਪਹਿਲੀ ਐਮ.ਬੀ.ਏ. ਪਾਸ ਸਰਪੰਚ ਛਵੀ ਰਾਜਾਵਤ ਨੂੰ ਮਿਲੋ

0

ਪੁਣੇ (ਮਹਾਰਾਸ਼ਟਰ) ਤੋਂ ਐਮ.ਬੀ.ਏ. ਪਾਸ ਕਰਨ ਤੋਂ ਬਾਅਦ ਛਵੀ ਰਾਜਾਵਤ ਨੇ 'ਟਾਈਮਜ਼ ਆੱਫ਼ ਇੰਡੀਆ', ਕਾਰਲਸਨ ਗਰੁੱਪ ਆੱਫ਼ ਹੋਟਲਜ਼ ਤੇ ਏਅਰਟੈਲ ਜਿਹੀਆਂ ਕੰਪਨੀਆਂ ਲਈ ਕੰਮ ਕੀਤਾ। ਪਰ ਇਸ ਦੌਰਾਨ ਛਵੀ ਨੇ ਮਹਿਸੂਸ ਕੀਤਾ ਕਿ ਜੇ ਸੱਚਮੁਚ ਕੋਈ ਵਿਲੱਖਣ ਕੰਮ ਕਰਨਾ ਹੈ, ਤਾਂ ਭਾਰਤ ਦੇਸ਼ ਵਿੱਚ ਬੁਨਿਆਦੀ ਪੱਧਰ ਉਤੇ ਤਬਦੀਲੀ ਲਿਆਉਣੀ ਹੋਵੇਗੀ। ਉਹ ਰਾਜਸਥਾਨ ਦੇ ਟੌਂਕ ਜ਼ਿਲ੍ਹੇ 'ਚ ਸਥਿਤ ਆਪਣੇ ਜੱਦੀ ਪਿੰਡ ਸੋਡਾ ਗਏ ਤੇ ਉਥੇ ਭਾਰਤ ਦੇ ਪਹਿਲੇ ਐਮ.ਬੀ.ਏ. ਪਾਸ ਪਹਿਲੀ ਮਹਿਲਾ ਸਰਪੰਚ ਬਣ ਗਏ। ਤਦ ਤੋਂ ਉਹ ਆਪਣੇ ਪਿੰਡ ਵਿੱਚ ਪਾਣੀ, ਸੂਰਜੀ-ਊਰਜਾ, ਪੱਕੀ ਸੜਕਾਂ, ਪਖਾਨੇ ਤੇ ਬੈਂਕ ਲਿਆਉਣ ਲਈ ਕੰਮ ਕਰਦੇ ਆ ਰਹੇ ਹਨ।

ਛਵੀ ਰਾਜਾਵਤ ਹੁਣ ਭਾਵੇਂ ਇੱਕ ਚੁਣੇ ਹੋਏ ਪ੍ਰਤੀਨਿਧ ਹਨ, ਪਰ ਕਦੇ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ। ਉਨ੍ਹਾਂ ਆਪਣੇ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਯਕੀਨੀ ਬਣਾਈ ਹੈ ਅਤੇ 40 ਤੋਂ ਵੱਧ ਸੜਕਾਂ ਬਣਵਾਈਆਂ ਹਨ। ਐਨ.ਡੀ. ਟੀ.ਵੀ. ਨਾਲ ਗੱਲਬਾਤ ਦੌਰਾਨ ਛਵੀ ਨੇ ਦੱਸਿਆ,''ਜੇ ਭਾਰਤ ਨੇ ਉਸੇ ਰਫ਼ਤਾਰ ਉਤੇ ਆਪਣੀ ਤਰੱਕੀ ਕੀਤੀ, ਜਿਵੇਂ ਕਿ ਉਹ ਆਪਣੀ ਆਜ਼ਾਦੀ ਦੇ 65 ਵਰ੍ਹਿਆਂ ਤੋਂ ਕਰਦਾ ਆ ਰਿਹਾ ਹੈ, ਤਾਂ ਇਸ ਨਾਲ ਕੋਈ ਖ਼ਾਸ ਗੱਲ ਨਹੀਂ ਬਣਨ ਲੱਗੀ। ਫਿਰ ਅਸੀਂ ਆਮ ਜਨਤਕ ਪਾਣੀ, ਬਿਜਲੀ, ਪਖਾਨੇ, ਸਕੂਲ ਅਤੇ ਰੋਜ਼ਗਾਰ ਪਹੁੰਚਾਉਣ ਦੇ ਸੁਫ਼ਨੇ ਕਦੇ ਵੀ ਸਾਕਾਰ ਨਹੀਂ ਕਰ ਸਕਾਂਗੇ। ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਹ ਸਭ ਵਿਲੱਖਣਤਾ ਤੇ ਤੇਜ਼ ਰਫ਼ਤਾਰ ਨਾਲ ਕਰ ਸਕਦੇ ਹਾਂ।''

ਮੌਜੂਦਾ 'ਸਵੱਛ ਭਾਰਤ ਅਭਿਆਨ' ਸ਼ੁਰੂ ਹੋਣ ਤੋਂ ਪਹਿਲਾਂ ਹੀ ਛਵੀ ਨੇ ਆਪਣੇ ਪਿੰਡ ਵਾਸੀਆਂ ਨਾਲ ਮਿਲ ਕੇ ਪਖਾਨਿਆਂ ਦੀ ਉਸਾਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ। 'ਹਿੰਦੁਸਤਾਨ ਟਾਈਮਜ਼' ਨਾਲ ਗੱਲਬਾਤ ਦੌਰਾਨ ਛਵੀ ਰਾਜਾਵਤ ਨੇ ਦੱਸਿਆ,''ਸੋਡਾ ਦੇ ਕੁੱਲ 900 ਘਰਾਂ ਵਿਚੋਂ 800 ਵਿੱਚ ਪਖਾਨਿਆਂ ਦੀ ਉਸਾਰੀ ਕੀਤੀ ਜਾ ਚੁੱਕੀ ਹੈ। ਇੱਕ ਸਾੱਫ਼ਟ ਡ੍ਰਿੰਕ ਕੰਪਨੀ ਨੇ ਪਿੰਡ ਦੇ ਤਾਲਾਬ ਦੀ ਸਫ਼ਾਈ ਲਈ 20 ਲੱਖ ਰੁਪਏ ਖ਼ਰਚ ਕੀਤੇ ਹਨ। ਪਿੰਡ ਵਾਸੀ ਇਸੇ ਤਾਲਾਬ ਤੋਂ ਹੀ ਪੀਣ ਵਾਲਾ ਪਾਣੀ ਲੈਂਦੇ ਹਨ।''