ਪੜ੍ਹਾਈ ਨੂੰ ਸੁਖਾਲ਼ਾ ਅਤੇ ਮਜ਼ੇਦਾਰ ਬਣਾਉਂਦਾ ਹੈ 'ਪਰਵਰਿਸ਼, ਦਾ ਮਿਊਜ਼ੀਅਮ ਸਕੂਲ'

ਪੜ੍ਹਾਈ ਨੂੰ ਸੁਖਾਲ਼ਾ ਅਤੇ ਮਜ਼ੇਦਾਰ ਬਣਾਉਂਦਾ ਹੈ 'ਪਰਵਰਿਸ਼, ਦਾ ਮਿਊਜ਼ੀਅਮ ਸਕੂਲ'

Tuesday January 05, 2016,

6 min Read

10 ਵਰ੍ਹਿਆਂ ਤੋਂ ਚੱਲ ਰਿਹਾ ਹੈ 'ਪਰਵਰਿਸ਼, ਦਾ ਮਿਊਜ਼ੀਅਮ ਸਕੂਲ' ...

'ਮਿਊਜ਼ੀਅਮ' ਭਾਵ ਅਜਾਇਬਘਰ ਰਾਹੀਂ ਦਿੱਤਾ ਜਾਂਦਾ ਹੈ ਕਿਤਾਬੀ ਗਿਆਨ ...

ਝੁੱਗੀਆਂ-ਬਸਤੀਆਂ ਦੇ ਅਤੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਕਰਵਾਈ ਜਾਂਦੀ ਹੈ ਪੜ੍ਹਾਈ...

ਅਜਾਇਬ ਘਰ ਉਹ ਥਾਂ ਹੁੰਦੀ ਹੈ, ਜਿੱਥੇ ਕਿਸੇ ਦੇਸ਼ ਦੀ ਕਲਾ, ਸਭਿਆਚਾਰ ਅਤੇ ਇਤਿਹਾਸ ਨੂੰ ਡੂੰਘਾਈ ਨਾਲ ਜਾਣਿਆ ਜਾ ਸਕਦਾ ਹੈ, ਉਸ ਨੂੰ ਵੇਖਿਆ ਅਤੇ ਸਮਝਿਆ ਜਾ ਸਕਦਾ ਹੈ; ਪਰ ਕਦੇ ਕਿਸੇ ਨੇ ਸੋਚਿਆ ਕਿ ਅਜਾਇਬਘਰ ਦੀ ਵਰਤੋਂ ਪੜ੍ਹਾਈ ਲਈ ਵੀ ਹੋ ਸਕਦੀ ਹੈਸ। ਭੋਪਾਲ 'ਚ ਰਹਿਣ ਵਾਲੇ ਬੀਬਾ ਸ਼ਿਬਾਨੀ ਘੋਸ਼ ਨੇ ਆਪਣੇ ਸ਼ਹਿਰ ਦੇ ਵਿਭਿੰਨ ਅਜਾਇਬਘਰਾਂ ਨੂੰ ਨਾ ਕੇਵਲ ਪੜ੍ਹਾਈ ਨਾਲ ਜੋੜਿਆ, ਸਗੋਂ ਇਨ੍ਹਾਂ ਦੀ ਮਦਦ ਨਾਲ ਉਹ ਹਜ਼ਾਰਾਂ ਬੱਚਿਆਂ ਦਾ ਭਵਿੱਖ ਸੁਆਰ ਚੁੱਕੇ ਹਨ। ਅੱਜ ਸ਼ਿਬਾਨੀ ਘੋਸ਼ 'ਪਰਵਰਿਸ਼, ਦਾ ਮਿਊਜ਼ੀਅਮ ਸਕੂਲ' ਰਾਹੀਂ ਗ਼ਰੀਬ ਅਤੇ ਝੁੱਗੀਆਂ-ਬਸਤੀਆਂ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਦਾ ਕੰਮ ਕਰ ਰਹੇ ਹਨ। ਇਹੋ ਕਾਰਣ ਹੈ ਕਿ ਕਦੇ ਇਸ ਸਕੂਲ ਵਿੱਚ ਪੜ੍ਹ ਚੁੱਕੇ ਬੱਚੇ ਅੱਜ ਇੰਜੀਨੀਅਰਿੰਗ ਅਤੇ ਦੂਜੇ ਖੇਤਰਾਂ ਵਿੱਚ ਨਾਂਅ ਕਮਾ ਰਹੇ ਹਨ।

image


ਸ਼ਿਬਾਨੀ ਘੋਸ਼ ਜਦੋਂ ਬੀ.ਐਡ. ਦੀ ਪੜ੍ਹਾਈ ਕਰ ਰਹੇ ਸਨ, ਤਦ ਉਨ੍ਹਾਂ ਵੇਖਿਆ ਜਿਹੜੀ ਸਿੱਖਿਆ ਪ੍ਰਣਾਲੀ ਅਤੇ ਕੌਸ਼ਲ ਉਹ ਸਿੱਖ ਰਹੇ ਹਨ, ਉਹ ਬਹੁਤ ਵਧੀਆ ਤਾਂ ਹੈ ਪਰ ਇਸ ਦੀ ਵਰਤੋਂ ਜ਼ਿਆਦਾਤਰ ਸਕੂਲਾਂ ਵਿੱਚ ਨਹੀਂ ਹੁੰਦੀ। ਤਦ ਉਨ੍ਹਾਂ ਸੋਚਿਆ ਕਿ ਬੀ.ਐਡ. ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਜੇ ਉਹ ਕਿਸੇ ਸਕੂਲ ਵਿੱਚ ਪੜ੍ਹਾਉਣ ਦਾ ਕੰਮ ਕਰਨਗੇ, ਤਾਂ ਉਹ ਇਹ ਗਿਆਨ ਦੂਜੇ ਬੱਚਿਆਂ ਤੱਕ ਨਹੀਂ ਪਹੁੰਚਾ ਸਕਣਗੇ ਅਤੇ ਉਹ ਉਸੇ ਵਿਧੀ ਵਿੱਚ ਬੱਝ ਕੇ ਰਹਿ ਜਾਣਗੇ; ਜਿਵੇਂ ਬੱਚਿਆਂ ਨੂੰ ਹੁਣ ਤੱਕ ਪੜ੍ਹਾਇਆ ਜਾਂਦਾ ਹੈ। ਇਸੇ ਲਈ ਉਨ੍ਹਾਂ ਸੋਚਿਆ ਕਿ ਉਹ ਅਜਿਹੇ ਬੱਚਿਆਂ ਨੂੰ ਸਾਖਰ ਕਰਨ ਦਾ ਕੰਮ ਕਰਨਗੇ, ਜੋ ਗੁਣਵੱਤਾ ਵਾਲੀ ਸਿੱਖਿਆ ਤੋਂ ਦੂਰ ਹਨ। ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਬਾਨੀ ਦੇਸ਼ ਦੇ ਵੱਖੋ-ਵੱਖਰੇ ਸਥਾਨਾਂ ਉਤੇ ਗਏ। ਉਨ੍ਹਾਂ ਪਾਂਡੀਚੇਰੀ ਦੇ ਅਰਵਿੰਦ ਆਸ਼ਰਮ ਅਤੇ ਦੂਜੇ ਸਕੂਲਾਂ ਦੀ ਸਿੱਖਿਆ ਪ੍ਰਣਾਲ਼ੀ ਨੂੰ ਸਮਝਿਆ। ਤਦ ਉਨ੍ਹਾਂ ਨੂੰ ਲੱਗਾ ਕਿ ਕਿਉਂ ਨਾ ਉਹ ਭੋਪਾਲ 'ਚ ਮੌਜੂਦ ਅਜਾਇਬ ਘਰ ਨੂੰ ਸਿੱਖਿਆ ਦਾ ਸਾਧਨ ਬਣਾਉਣ।

image


ਆਪਣਾ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਬਾਨੀ ਨੇ ਭੋਲ ਦੀਆਂ ਵੱਖੋ-ਵੱਖਰੀਆਂ ਬਸਤੀਆਂ ਦਾ ਸਰਵੇਖਣ ਕੀਤਾ। ਇੱਥੇ ਉਨ੍ਹਾਂ ਵੇਖਿਆ ਕਿ ਇਨ੍ਹਾਂ ਬਸਤੀਆਂ ਵਿੱਚ ਰਹਿਣ ਵਾਲੇ ਕਈ ਬੱਚੇ ਸਕੂਲ ਨਹੀਂ ਜਾਂਦੇ। ਇਸ ਦੀ ਥਾਂ ਉਹ ਦੂਜਿਆਂ ਦੇ ਘਰਾਂ ਵਿੱਚ ਨੌਕਰੀ ਜਾਂ ਮਜ਼ਦੂਰੀ ਕਰਦੇ ਸਨ; ਕਿਉਂਕਿ ਅਜਿਹਾ ਕਰ ਕੇ ਉਹ ਆਪਣੇ ਪਰਿਵਾਰ ਦਾ ਆਰਥਿਕ ਬੋਝ ਥੋੜ੍ਹਾ ਘੱਟ ਕਰਨ ਦਾ ਕੰਮ ਕਰਦੇ ਸਨ। ਸਰਵੇਖਣ ਦੌਰਾਨ ਉਨ੍ਹਾਂ ਕਈ ਬੱਚਿਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਬਸਤੀ ਤੋਂ ਬਾਹਰ ਕਿਸੇ ਵਧੀਆ ਥਾਂ ਪੜ੍ਹਾਈ ਕਰਵਾਉਣਗ, ਤਾਂ ਜੋ ਭਵਿੱਖ 'ਚ ਉਹ ਕੁੱਝ ਬਣ ਸਕਣ। ਇਸ ਲਈ ਕੁੱਝ ਬੱਚੇ ਤਿਆਰ ਤਾਂ ਹੋ ਗਏ ਪਰ ਇਨ੍ਹਾਂ ਬੱਚਿਆਂ ਨੂੰ ਇੱਕ ਚਿੰਤਾ ਵੀ ਸੀ ਕਿ ਕਿਤੇ ਉਨ੍ਹਾਂ ਦਾ ਰੋਜ਼ਗਾਰ ਬੰਦ ਨਾ ਹੋ ਜਾਵੇ। ਇਸੇ ਲਈ ਸ਼ਿਬਾਨੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਨਹੀਂ ਹੋਵੇਗਾ ਅਤੇ ਜੋ ਬੱਚੇ ਕੰਮ ਕਰਨਾ ਚਾਹੁੰਦੇ ਹਨ, ਉਹ ਨਾਲ਼ ਹੀ ਪੜ੍ਹਾਈ ਵੀ ਕਰ ਸਕਣਗੇ। ਇਸ ਦਾ ਬਹੁਤ ਹਾਂ-ਪੱਖੀ ਅਸਰ ਪਿਆ ਅਤੇ ਸ਼ੁਰੂ ਵਿੱਚ ਹੀ 40 ਬੱਚੇ ਉਨ੍ਹਾਂ ਕੋਲ਼ ਪੜ੍ਹਨ ਲਈ ਤਿਆਰ ਹੋ ਗਏ। ਇਸੇ ਲਈ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਸ਼ਾਮੀਂ 3 ਵਜੇ ਤੋਂ 5 ਵਜੇ ਤੱਕ ਦਾ ਸਮਾਂ ਤੈਅ ਕੀਤਾ। ਨਾਲ਼ ਹੀ ਭੋਪਾਲ ਦੇ 5 ਅਜਾਇਬਘਰਾਂ ਨਾਲ ਗੱਠਜੋੜ ਕਾਇਮ ਕੀਤਾ। ਇਨ੍ਹਾਂ ਅਜਾਇਬਘਰਾਂ ਵਿੱਚ ਰੀਜਨਲ ਸਾਇੰਸ ਸੈਂਟਰ, ਮਾਨਵ ਸੰਗ੍ਰਹਾਲਯ, ਸਟੇਟ ਮਿਊਜ਼ੀਅਮ, ਨੈਸ਼ਨਲ ਹਿਸਟਰੀ ਮਿਊਜ਼ੀਅਮ ਅਤੇ ਆਦਿਵਾਸੀ ਮਿਊਜ਼ੀਅਮ ਸ਼ਾਮਲ ਸਨ।

image


ਇਸ ਤਰ੍ਹਾਂ ਸਤੰਬਰ 2005 ਤੋਂ 'ਪਰਵਰਿਸ਼, ਦਾ ਮਿਊਜ਼ੀਅਮ ਸਕੂਲ' ਦੀ ਸ਼ੁਰੂਆਤ ਹੋਈ। 'ਯੂਅਰ ਸਟੋਰੀ' ਨੂੰ ਸ਼ਿਬਾਨੀ ਨੇ ਦੱਸਿਆ,''ਸ਼ੁਰੂਆਤ ਵਿੱਚ ਅਸੀਂ ਇੱਕ ਬੱਸ ਕਿਰਾਏ ਉਤੇ ਲਈ, ਜੋ ਵੱਖੋ-ਵੱਖਰੀਆਂ ਬਸਤੀਆਂ 'ਚ ਜਾ ਕੇ ਬੱਚਿਆਂ ਨੂੰ ਇਕੱਠਾ ਕਰਦੇ ਅਤੇ ਉਨ੍ਹਾਂ ਨੂੰ ਅਜਾਇਬਘਰ ਲਿਆਉਣ-ਲਿਜਾਣ ਦਾ ਕੰਮ ਕਰਦੇ। ਇਸ ਦੌਰਾਨ ਬੱਚਿਆਂ ਨੂੰ ਅਜਾਇਬਘਰ ਵਿੱਚ ਘੁੰਮਣ ਲਈ ਛੱਡ ਦਿੱਤਾ ਜਾਂਦਾ ਸੀ। ਜਿਸ ਤੋਂ ਬਾਅਦ ਬੱਚਿਆਂ ਦੇ ਮਨ ਵਿੱਚ ਜੋ ਪ੍ਰਸ਼ਨ ਉਠਦੇ ਸਨ, ਉਨ੍ਹਾਂ ਨੂੰ ਉਥੇ ਹੀ ਜੁਆਬ ਦਿੱਤੇ ਜਾਂਦੇ ਸਨ।'' ਸ਼ਿਬਾਨੀ ਦਾ ਕਹਿਣਾ ਹੈ ਕਿ 'ਅਸੀਂ ਚਾਹੁੰਦੇ ਸਾਂ ਕਿ ਸੁਆਲ ਬੱਚਿਆਂ ਵੱਲੋਂ ਆਵੇ ਕਿ ਅਜਿਹਾ ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਹੈ? ਇਸ ਦੌਰਾਨ ਅਸੀਂ ਪੜ੍ਹਾਈ ਦੀ ਕੋਈ ਗੱਲ ਨਾ ਕੀਤੀ ਅਤੇ ਕੇਵਲ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਹੀ ਦਿੱਤੇ।'

ਹੌਲ਼ੀ-ਹੌਲ਼ੀ ਬੱਚੇ ਜਦੋਂ ਵੱਧ ਦਿਲਚਸਪੀ ਲੈਣ ਲੱਗੇ, ਤਾਂ ਅਜਾਇਬਘਰ ਵਿਖਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਇਨ੍ਹਾਂ ਬੱਚਿਆਂ ਦਾ ਦਾਖ਼ਲਾ ਨਿਯਮਤ ਰੂਪ ਵਿੱਚ ਸਕੂਲਾਂ 'ਚ ਕਰਨ ਲੱਗੇ। ਕਿਉਂਕਿ ਤਦ ਤੱਕ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਸਮਝ ਆ ਗਿਆ ਸੀ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਵਿੱਚ ਦਿਲਚਸਪੀ ਲੈ ਰਹੇ ਹਨ। ਜਿਸ ਤੋਂ ਬਾਅਦ ਅਜਾਇਬਘਰ ਰਾਹੀਂ ਸ਼ਿਬਾਨੀ ਅਤੇ ਉਨ੍ਹਾਂ ਦੀ ਟੀਮ ਅਜਾਇਬਘਰ ਰਾਹੀਂ ਉਨ੍ਹਾਂ ਨੂੰ ਪੜ੍ਹਾਉਣ ਦਾ ਕੰਮ ਕਰਨ ਲੱਗੇ।

image


ਸ਼ਿਬਾਨੀ ਨੇ ਆਪਣੇ ਕੋਲ ਆਉਣ ਵਾਲ਼ੇ ਬੱਚਿਆਂ ਨੂੰ ਨੈਸ਼ਨਲ ਓਪਨ ਸਕੂਲ ਤੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਿਵਾਈਆਂ। ਜਿਸ ਤੋਂ ਬਾਅਦ ਅੱਜ ਉਨ੍ਹਾਂ ਕੋਲ ਪੜ੍ਹਾਈ ਕਰ ਚੁੱਕੇ ਕਈ ਬੱਚੇ ਨਾ ਕੇਵਲ ਕਾਲਜ ਵਿੱਚ ਪੜ੍ਹਾਈ ਕਰ ਰਹੇ ਹਨ, ਸਗੋਂ ਕਈ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਵਿਚੋਂ ਕਈ ਬੱਚੇ ਅਜਿਹੇ ਹਨ, ਜਿਨ੍ਹਾਂ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਸ਼ਿਬਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਵ ਪੜ੍ਹਾਈ ਦੇ ਨਾਲ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਵੀ ਹੈ। ਇਸੇ ਲਈ ਉਨ੍ਹਾਂ ਕੋਲ਼ ਆਉਣ ਵਾਲ਼ੇ ਬੱਚਿਆਂ ਨੂੰ ਇਹ ਵਿਭਿੰਨ ਪ੍ਰਕਾਰ ਦੀ ਕਿੱਤਾਮੁਖੀ ਸਿਖਲਾਈ ਦੇਣ ਦਾ ਕੰਮ ਕਰਨ ਲੱਗੇ। ਤਾਂ ਜੋ ਉਨ੍ਹਾਂ ਦੇ ਪੜ੍ਹਾਏ ਬੱਚੇ ਨਾ ਕੇਵਲ ਪੜ੍ਹਾਈ ਵਿੱਚ ਅੱਵਲ ਰਹਿਣ, ਸਗੋਂ ਉਨ੍ਹਾਂ ਦੀ ਕੁਸ਼ਲਤਾ ਵਿੱਚ ਵੀ ਨਿਖਾਰ ਆਵੇ। ਇਹੋ ਕਾਰਣ ਹੈ ਕਿ ਪਿਛਲੇ 10 ਵਰ੍ਹਿਆਂ ਦੌਰਾਨ 1,200 ਬੱਚੇ ਉਨ੍ਹਾਂ ਦੀ ਦੇਖ-ਰੇਖ ਵਿੱਚ ਸਿੱਖਆ ਹਾਸਲ ਕਰ ਕੇ ਆਪਣੀ ਜ਼ਿੰਦਗੀ ਸੁਆਰ ਰਹੇ ਹਨ।

ਫ਼ਿਲਹਾਲ ਲਗਭਗ 150 ਬੱਚੇ ਉਨ੍ਹਾਂ ਕੋਲ਼ ਪੜ੍ਹ ਰਹੇ ਹਨ। ਇਹ ਸਕੂਲ ਸੱਤੇ ਦਿਨ ਲਗਦਾ ਹੈ। ਖ਼ਾਸ ਗੱਲ ਇਹ ਹੈ ਕਿ ਸਿੱਖਿਆ ਦਾ ਕੰਮਕਾਜ ਉਹੀ ਲੋਕ ਸੰਭਾਲ਼ਦੇ ਹਨ, ਜਿਸ ਤਬਕੇ ਤੋਂ ਇਹ ਬੱਚੇ ਆਉਂਦੇ ਹਨ। ਸ਼ਿਬਾਨੀ ਅਨੁਸਾਰ ਝੁੱਗੀਆਂ-ਬਸਤੀਆਂ ਵਿੱਚ ਰਹਿਣ ਵਾਲ਼ੀਆਂ 10 ਕੁੜੀਆਂ ਜੋ ਹੁਣ ਪੜ੍ਹ-ਲਿਖ ਗਈਆਂ ਹਨ, ਉਹ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਚੁੱਕਦੀਆਂ ਹਨ। ਜਦ ਕਿ ਅਜਾਇਬਘਰ ਦੀ ਕਲਾਸ ਉਨ੍ਹਾਂ ਦੇ ਵਲੰਟੀਅਰ ਸੰਭਾਲ਼ਦੇ ਹਨ। ਬੱਚਿਆਂ ਨੂੰ ਕਿਤਾਬੀ ਗਿਆਨ ਬਿਹਤਰ ਤਰੀਕੇ ਸਮਝਾਉਣ ਲਈ ਇਹ ਲੋਕ ਅਜਾਇਬਘਰ ਵਿੱਚ ਹੀ ਬੱਚਿਆਂ ਨੂੰ ਉਨ੍ਹਾਂ ਹੀ ਗੈਲਰੀਆਂ 'ਚ ਲੈ ਜਾਂਦੇ ਹਨ, ਜਿਸ ਵਿਸ਼ੇ ਨੂੰ ਉਹ ਪੜ੍ਹ ਰਹੇ ਹੁੰਦੇ ਹਨ। ਇਹ ਲੋਕ ਕਾਪੀ-ਕਿਤਾਬ ਤੋਂ ਹਟ ਕੇ ਪ੍ਰੈਕਟੀਕਲ ਰਾਹੀਂ ਭਾਵ ਵਿਵਹਾਰਕ ਗਿਆਨ ਰਾਹੀਂ ਉਨ੍ਹਾਂ ਚੀਜ਼ਾਂ ਨੂੰ ਸਮਝਾਉਂਦੇ ਹਨ। ਇਸ ਕਾਰਣ ਬੱਚੇ ਕਿਸੇ ਵੀ ਚੀਜ਼ ਨੂੰ ਛੇਤੀ ਤੇ ਆਸਾਨੀ ਨਾਲ ਸਮਝਣ ਲਗਦੇ ਹਨ। ਉਦਾਹਰਣ ਲਈ ਨਰਮਦਾ ਨਦੀ ਕੀ ਕਹਾਣੀ ਹੈ ਜਾਂ ਆਦਿਵਾਸੀਆਂ ਦਾ ਇਤਿਹਾਸ ਕਿੰਨਾ ਪੁਰਾਣਾ ਹੈ ਜਾਂ ਫਿਰ ਚੁੰਬਕੀ ਤਾਕਤ ਕਾਰਣ ਹਰ ਚੀਜ਼ ਧਰਤੀ ਉਤੇ ਡਿਗਦੀ ਹੈ ਪਰ ਧੂੰਆਂ ਆਕਾਸ਼ ਵੱਲ ਕਿਉਂ ਉਡਦਾ ਹੈ? ਉਸ ਤਰ੍ਹਾਂ ਦੇ ਸਾਰੇ ਪ੍ਰਸ਼ਨ ਅਜਾਇਬਘਰ ਵਿੱਚ ਪੜ੍ਹਾਈ ਦੌਰਾਨ ਬੱਚਿਆਂ ਨੂੰ ਦਿੱਤੇ ਜਾਂਦੇ ਹਨ।

ਅੱਜ 'ਪਰਵਰਿਸ਼, ਦਾ ਮਿਊਜ਼ੀਅਮ ਸਕੂਲ' ਵਿੱਚ ਪੜ੍ਹਨ ਵਾਲੇ ਕਈ ਬੱਚੇ ਟੀ.ਵੀ. ਦੇ ਪ੍ਰੋਗਰਾਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵੀ ਵਿਖਾ ਚੁੱਕੇ ਹਨ, ਨਾਚ-ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ। ਸਕੂਲ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਦਿਲਚਸਪੀ ਦੇ ਹਿਸਾਬ ਨਾਲ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਕਦੇ ਇਸੇ ਸਕੂਲ ਵਿੱਚ ਪੜ੍ਹਨ ਵਾਲ਼ੇ ਅਰੁਣ ਮਾਤਰੇ ਨਾਂਅ ਦਾ ਇੱਕ ਵਿਦਿਆਰਥੀ ਅੱਜ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੀ ਮਾਂ ਦੂਜਿਆਂ ਦੇ ਘਰਾਂ ਵਿੱਚ ਕੰਮਕਾਜ ਕਰਦੀ ਹੈ, ਜਦ ਕਿ ਉਸ ਦੇ ਪਿਤਾ ਇੱਕ ਕੰਪਨੀ ਵਿੱਚ ਚਪੜਾਸੀ ਹਨ। ਸ਼ਿਬਾਨੀ ਘੋਸ਼ ਦਾ ਕਹਿਣਾ ਹੈ,''ਸਾਡੀ ਯੋਜਨਾ ਇਹ ਕੰਮ ਦੂਜੇ ਸ਼ਹਿਰਾਂ ਵਿੱਚ ਵੀ ਫੈਲਾਉਣ ਦੀ ਹੈ, ਇਸ ਲਈ ਸਾਨੂੰ ਤਲਾਸ਼ ਹੈ ਅਜਿਹੀਆਂ ਸੰਸਥਾਵਾਂ ਦੀ ਜੋ ਆਪੋ-ਆਪਣੇ ਸ਼ਹਿਰਾਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਅਜਾਇਬਘਰ ਨਾਲ ਜੋੜਨ।''

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ

    Share on
    close