ਇੱਕ ਚਾਹ ਬਣਾਉਣ ਵਾਲਾ ਕਿਵੇਂ ਬਣਿਆ ਚਾਰਟਰਡ ਅਕਾਊਂਟੈਂਟ? ਮਹਾਰਾਸ਼ਟਰ ਸਰਕਾਰ ਨੇ ਬਣਾਇਆ 'ਅਰਨ ਐਂਡ ਲਰਨ' ਸਕੀਮ ਦਾ ਬ੍ਰਾਂਡ ਅੰਬੈਸਡਰ

0

ਬੈਂਕਿੰਗ ਅਤੇ ਫ਼ਾਈਨਾਂਸ 'ਚ ਪੁਣੇ ਦੇ ਸਾਹੂ ਕਾਲਜ ਤੋਂ ਕੀਤੀ ਬੀ.ਏ. ਪਾਸ...

ਬੀ.ਏ. 'ਚ ਮਰਾਠੀ ਭਾਸ਼ਾ ਚੁਣਨ 'ਤੇ ਕਈਆਂ ਨੇ ਕਿਹਾ,'ਤੂੰ ਕਦੇ ਸੀ.ਏ. ਨਹੀਂ ਕਰ ਸਕੇਂਗਾ'...

ਸਰਕਾਰ ਨੇ 'ਅਰਨ ਐਂਡ ਲਰਨ' ਸਕੀਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ...

ਜੋ ਲੋਕ ਆਪਣੀਆਂ ਘਾਟਾਂ ਉਤੇ ਰੋਂਦੇ ਹਨ, ਉਹ ਆਪਣੀਆਂ ਗ਼ਲਤੀਆਂ ਲੁਕਾਉਂਦੇ ਹਨ, ਉਨ੍ਹਾਂ ਦੀ ਮਿਹਨਤ ਵਿੱਚ ਕਿਤੇ ਕੋਈ ਅਜਿਹੀ ਕਮੀ ਰਹਿ ਜਾਂਦੀ ਹੈ, ਜਿਸ ਕਾਰਣ ਉਹ ਆਪਣੀ ਸਹੀ ਮੰਜ਼ਿਲ ਉਤੇ ਨਹੀਂ ਪੁੱਜ ਸਕਦੇ। ਹੁਣ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਉਸ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ,, ਲਗਨ ਨਾਲ ਸਹੀ ਦਿਸ਼ਾ ਵਿੱਚ ਮਿਹਨਤ ਕਰਦੇ ਰਹੋ, ਮੰਜ਼ਿਲ ਮਿਲਣੀ ਤੈਅ ਹੈ।

ਇਹ ਕਹਾਣੀ 28 ਸਾਲਾਂ ਦੇ ਸੋਮਨਾਥ ਗਿਰਾਮ ਦੀ ਹੈ। ਉਸ ਸੋਮਨਾਥ ਗਿਰਾਮ ਦੀ, ਜਿਸ ਨੂੰ ਲੋਕ ਕੁੱਝ ਦਿਨ ਪਹਿਲਾਂ ਤੱਕ ਚਾਹ ਵੇਚਣ ਵਾਲੇ ਵਜੋਂ ਜਾਣਦੇ ਸਨ। ਉਸ ਸੋਮਨਾਥ ਦੀ, ਜਿਸ ਦੀ ਦੁਕਾਨ ਉਤੇ ਲੋਕ ਚਾਹ ਪੀਣ ਜਾਂਦੇ ਸਨ ਅਤੇ ਆਪਣੀ ਪਸੰਦ ਦੀ ਚਾਹ ਬਣਵਾਉਂਦੇ, ਪੈਸੇ ਦਿੰਦੇ ਅਤੇ ਤੁਰਦੇ ਲਗਦੇ। ਉਸ ਸੋਮਨਾਥ ਦੀ, ਜਿਸ ਨੂੰ ਕਦੇ ਕੋਈ ਇਹ ਵੀ ਨਹੀਂ ਪੁੱਛਦਾ ਸੀ ਕਿ ਉਹ ਜੀਵਨ ਵਿੱਚ ਕੀ ਕਰੇਗਾ। ਪਰ ਕੁੱਝ ਦਿਨਾਂ ਅੰਦਰ ਹੀ ਇੰਝ ਵਾਪਰਿਆ ਕਿ ਉਸ ਦੀ ਪਛਾਣ ਹੀ ਬਦਲ ਗਈ...! ਜੀ ਹਾਂ, ਸੋਮਨਾਥ ਗਿਰਾਮ ਪੁਣੇ ਦੇ ਸਦਾਸ਼ਿਵ ਪੇਠ ਭਾਵ ਇਲਾਕੇ ਵਿੱਚ ਚਾਹ ਵੇਚਦਾ ਰਿਹਾ ਪਰ ਚਾਹ ਵੇਚਦੇ-ਵੇਚਦੇ ਉਸ ਨੇ ਕੁੱਝ ਅਜਿਹਾ ਕਰ ਵਿਖਾਇਆ ਕਿ ਅੱਜ ਉਸ ਨੂੰ ਮਿਲਣ ਵਾਲ਼ਿਆਂ ਦੀ ਇੱਕ ਲੰਮੇਰੀ ਕਤਾਰ ਲੱਗੀ ਹੈ ਪਰ ਲੋਕਾਂ ਦੀ ਇਹ ਕਤਾਰ ਚਾਹ ਪੀਣ ਲਈ ਨਹੀਂ, ਸਗੋਂ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਹੈ। ਸੋਮਨਾਥ ਗਿਰਾਮ ਹੁਣ 'ਚਾਹ ਵਾਲ਼ੇ' ਤੋਂ ਸਤਿਕਾਰਯੋਗ ਚਾਰਟਰਡ ਅਕਾਊਂਟੈਂਟ ਬਣ ਗਿਆ ਹੈ। ਸਾਧਾਰਣ ਜਿਹੇ ਦਿਸਣ ਵਾਲੇ ਸੋਮਨਾਥ ਗਿਰਾਮ ਨੇ ਬਹੁਤ ਔਖੀ ਸਮਝੀ ਜਾਣ ਵਾਲੀ ਸੀ.ਏ. ਦੀ ਪ੍ਰੀਖਿਆ ਪਾਸ ਕਰ ਲਈ ਸੀ। ਸੋਮਨਾਥ ਨੂੰ ਫ਼ਾਈਨਲ ਪ੍ਰੀਖਿਆ ਵਿੱਚ 55 ਫ਼ੀ ਸਦੀ ਅੰਕ ਪ੍ਰਾਪਤ ਹੋਏ।

ਆਖਦੇ ਹਨ ਕਿ ਖ਼ੁਸ਼ੀਆਂ ਆਉਣ ਲਗਦੀਆਂ ਹਨ, ਤਾਂ ਨਾ ਕੇਵਲ ਘਰ ਦੇ ਦਰਵਾਜ਼ੇ 'ਚੋਂ ਆਉਂਦੀਆਂ ਹਨ, ਸਗੋਂ ਉਨ੍ਹਾਂ ਨੂੰ ਜਿੱਥੋਂ ਵੀ ਅਜਿਹਾ ਮੌਕਾ ਮਿਲਦਾ ਹੈ, ਘਰ ਵਿੱਚ ਦਾਖ਼ਲ ਹੋ ਜਾਂਦੀਆਂ ਹਨ। ਸੋਮਨਾਥ ਗਿਰਾਮ ਲਈ ਇੱਕੋ ਵੇਲੇ ਦੋਹਰੀਆਂ ਖ਼ੁਸ਼ੀਆਂ ਆਈਆਂ। ਇੱਧਰ ਸੀ.ਏ. ਦਾ ਨਤੀਜਾ ਅਤੇ ਉਧਰ ਮਹਾਰਾਸ਼ਟਰ ਸਰਕਾਰ ਨੇ ਉਸ ਨੂੰ 'ਅਰਨ ਐਂਡ ਲਰਨ' ਸਕੀਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ। ਹੁਣ ਸੋਮਨਾਥ ਗਿਰਾਮ ਨਾ ਕੇਵਲ ਮਹਾਰਾਸ਼ਟਰ, ਸਗੋਂ ਸਮੁੱਚੇ ਦੇਸ਼ ਦੇ ਅਜਿਹੇ ਵਿਦਿਆਰਥੀਆਂ ਲਈ ਆਦਰਸ਼ ਬਣ ਚੁੱਕਾ ਹੈ ਜੋ ਵਸੀਲਿਆਂ ਦੀ ਘਾਟ ਕਾਰਣ ਪੜ੍ਹ ਨਹੀਂ ਸਕਦੇ ਪਰ ਪੜ੍ਹਾਈ ਛੱਡਣੀ ਵੀ ਨਹੀਂ ਚਾਹੁੰਦੇ। ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਤਾਵੜੇ ਨੇ 'ਯੂਅਰ ਸਟੋਰੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਬਹੁਤ ਵਧੀਆ ਖ਼ਬਰ ਹੈ ਕਿ ਇੱਕ ਚਾਹ ਵੇਚਣ ਵਾਲੇ ਨੇ ਸੀ.ਏ. ਜਿਹੀ ਔਖੀ ਪ੍ਰੀਖਿਆ ਪਾਸ ਕਰ ਲਈ ਹੈ, ਅਸੀਂ ਉਸ ਨੂੰ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇਸ਼ ਵਿੰਚ ਚਾਹ ਵੇਚਣ ਵਾਲਿਆਂ ਦੇ ਚੰਗੇ ਦਿਨ ਚੱਲ ਰਹੇ ਹਨ, ਨਰੇਂਦਰ ਭਾਈ ਪੀ.ਐਮ. ਦੀ ਕੁਰਸੀ ਤੱਕ ਪੁੱਜੇ ਅਤੇ ਸੋਮਨਾਥ ਸੀ.ਏ. ਜਿਹੀ ਔਖੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸ੍ਰੀ ਤਾਵੜੇ ਨੇ ਕਿਹਾ ਕਿ ਸਰਕਾਰ ਨੇ ਸੋਮਨਾਥ ਗਿਰਾਮ ਦੀ ਮਿਹਨਤ ਨੂੰ ਸਲਾਮ ਕੀਤਾ ਹੈ ਤੇ ਉਸ ਨੂੰ ਆਪਣੀ ਇੱਕ ਯੋਜਨਾ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ; ਤਾਂ ਜੋ ਅਜਿਹੇ ਹੋਰ ਵਿਦਿਆਰਥੀਆਂ ਨੂੰ ਇਸ ਤੋਂ ਪ੍ਰੇਰਣਾ ਮਿਲੇ।

ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਸਾਂਗਵੀ ਦੇ ਰਹਿਣ ਵਾਲੇ ਸੋਮਨਾਥ ਵਿੱਚ ਬਚਪਨ ਤੋਂ ਹੀ ਪੜ੍ਹ-ਲਿਖ ਕੇ ਕੁੱਝ ਬਣਨ ਦੀ ਇੱਛਾ ਸੀ। ਪਰ ਗ਼ਰੀਬੀ ਕਾਰਣ ਉਨ੍ਹਾਂ ਦੀ ਪੜ੍ਹਾਈ ਨਾ ਹੋ ਸਕੀ। ਘਰ ਦੀ ਗ਼ਰੀਬੀ ਦੂਰ ਕਰਨ ਲਈ ਸੋਮਨਾਥ ਨੂੰ ਕਮਾਈ ਲਈ ਆਪਣੇ ਪਿੰਡ ਤੋਂ ਬਾਹਰ ਜਾਣਾ ਪਿਆ। ਕਹਿੰਦੇ ਹਨ ਕਿ ਗ਼ਰੀਬੀ ਦੀ ਭੁੱਖ ਬਹੁਤ ਖ਼ਤਰਨਾਕ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਲੰਮੇ ਸਮੇਂ ਤੱਕ ਖਾਣਾ ਨਾ ਮਿਲ਼ੇ, ਤਾਂ ਸਾਹਮਣੇ ਵਾਲਾ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਜਦੋਂ ਸੋਮਨਾਥ ਨੂੰ ਕੁੱਝ ਸਮਝੀਂ ਨਾ ਪਿਆ, ਤਾਂ ਉਸ ਨੇ ਪੁਣੇ ਦੇ ਸਦਾਸ਼ਿਵ ਪੇਠ ਇਲਾਕੇ ਵਿੱਚ ਇੱਕ ਨਿੱਕੀ ਜਿਹੀ ਚਾਹ ਦੀ ਦੁਕਾਨ ਖੋਲ੍ਹ ਲਈ। ਇਸ ਨਾਲ ਜਿਵੇਂ-ਤਿਵੇਂ ਸੋਮਨਾਥ ਅਤੇ ਉਸ ਦੇ ਘਰ ਵਾਲ਼ਿਆਂ ਦਾ ਗੁਜ਼ਾਰਾ ਚੱਲਣ ਲੱਗ ਪਿਆ। ਪਰ ਸੋਮਨਾਥ ਅੰਦਰ ਪੜ੍ਹਨ ਦੀ ਜੋ ਇੱਛਾ ਸੀ, ਉਹ ਔਖੇ ਹਾਲਾਤ ਦੇ ਬਾਵਜੂਦ ਜਿਊਂਦੀ ਸੀ। ਚਾਹ ਦੀ ਦੁਕਾਨ ਨਾਲ ਥੋੜ੍ਹੇ ਪੈਸੇ ਆਉਣ ਲੱਗੇ, ਤਾਂ ਪੜ੍ਹਾਈ ਦੀ ਉਸ ਦੀ ਇੱਛਾ ਹੋਰ ਵੀ ਮਜ਼ਬੂਤ ਹੋਣ ਲੱਗੀ। ਸੋਮਨਾਥ ਨੇ ਤਦ ਸੀ.ਏ. ਪਾਸ ਕਰਨ ਦਾ ਟੀਚਾ ਮਿੱਥਿਆ ਅਤੇ ਉਸ ਲਈ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਦਿਨ ਨੂੰ ਪੜ੍ਹਨ ਦਾ ਸਮਾਂ ਨਾ ਮਿਲਣ 'ਤੇ ਉਹ ਰਾਤਾਂ ਨੂੰ ਜਾਗ ਕੇ ਪ੍ਰੀਖਿਆ ਲਈ ਤਿਆਰੀ ਕਰਦਾ ਤੇ ਨੋਟਸ ਬਣਾਉਂਦਾ ਰਹਿੰਦਾ।

'ਯੂਅਰ ਸਟੋਰੀ' ਨਾਲ ਗੱਲ ਕਰਦਿਆਂ ਸੋਮਨਾਥ ਗਿਰਾਮ ਨੇ ਦੱਸਿਆ,'ਮੈਨੂੰ ਇਹ ਭਰੋਸਾ ਸੀ ਕਿ ਸੀ.ਏ. ਦੀ ਪ੍ਰੀਖਿਆ ਜ਼ਰੂਰ ਪਾਸ ਕਰਾਂਗਾ, ਭਾਵੇਂ ਸਭ ਇਹੋ ਆਖਦੇ ਸਨ ਕਿ ਇਹ ਬਹੁਤ ਔਖਾ ਕੰਮ ਹੈ, ਤੂੰ ਨਹੀਂ ਕਰ ਸਕੇਂਗਾ। ਕਈ ਲੋਕਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਚਾਰਟਰਡ ਅਕਾਊਂਟੈਂਟ ਬਣਨ ਲਈ ਵਧੀਆ ਅੰਗਰੇਜ਼ੀ ਦੀ ਜ਼ਰੂਰਤ ਪਵੇਗੀ। ਕਿਉਂਕਿ ਮੈਨੂੰ ਮਰਾਠੀ ਤੋਂ ਇਲਾਵਾ ਵਧੀਆ ਹਿੰਦੀ ਵੀ ਨਹੀਂ ਆਉਂਦੀ ਸੀ ਪਰ ਮੈਂ ਹਾਰ ਨਾ ਮੰਨੀ। ਕੋਸ਼ਿਸ਼ ਕਰਦਾ ਰਿਹਾ। ਪਹਿਲਾਂ ਮੈਂ ਬੈਂਕਿੰਗ ਅਤੇ ਫ਼ਾਈਨਾਂਸ ਵਿੱਚ ਮਰਾਠੀ ਮਾਧਿਅਮ ਰਾਹੀਂ ਬੀ.ਏ. ਪਾਸ ਕੀਤੀ ਅਤੇ ਅੱਜ ਮੇਰਾ ਸੁਫ਼ਨਾ ਪੂਰਾ ਹੋਇਆ।'

ਇੱਕ ਗ਼ਰੀਬ ਪਰਿਵਾਰ ਵਿੱਚ ਜਨਮੇ ਸੋਮਨਾਥ ਦੇ ਪਿਤਾ ਸ੍ਰੀ ਬਲੀਰਾਮ ਗਿਰਾਮ ਇੱਕ ਸਾਧਾਰਣ ਕਿਸਾਨ ਹਨ। ਮਹਾਰਾਸ਼ਟਰ ਵਿੱਚ ਕਿਸਾਨਾਂ ਦੀ ਖ਼ਰਾਬ ਹਾਲਤ ਤੋਂ ਵਾਕਫ਼ ਸੋਮਨਾਥ ਨੇ ਬਹੁਤ ਪਹਿਲਾਂ ਇਹ ਸੋਚ ਲਿਆ ਸੀ ਕਿ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਲਈ ਕੁੱਝ ਵੱਡਾ ਕਰਨਾ ਹੋਵੇਗਾ। ਇੱਥੋਂ ਹੀ ਸ਼ੁਰੂ ਹੋਇਆ ਸੀ.ਏ. ਬਣਨ ਦੇ ਸੁਫ਼ਨੇ ਦਾ ਸਫ਼ਰ। ਸਾਲ 2006 'ਚ ਸੋਮਨਾਥ ਆਪਣੇ ਪਿੰਡ ਸਾਂਗਵੀ ਤੋਂ ਪੁਣੇ ਚਲਾ ਗਿਆ, ਜਿੱਥੇ ਉਸ ਨੇ ਸਾਹੂ ਕਾਲਜ ਤੋਂ ਬੀ.ਏ. ਦੀ ਪ੍ਰੀਖਿਆ ਪਾਸ ਕੀਤੀ। ਬੀ.ਏ. ਪਾਸ ਕਰਨ ਤੋਂ ਬਾਅਦ ਸੀ.ਏ. ਕਰਨ ਲਈ ਜ਼ਰੂਰੀ ਆਰਟੀਕਲਸ਼ਿਪ ਵਿੱਚ ਜੁਟ ਗਿਆ। ਇਸ ਦੌਰਾਨ ਉਸ ਨੂੰ ਪੈਸਿਆਂ ਦੀ ਔਕੜ ਆਉਣ ਲੱਗੀ। ਸੋਮਨਾਥ ਨੇ ਦੱਸਿਆ,'ਇੱਕ ਵੇਲਾ ਅਜਿਹਾ ਵੀ ਆਇਆ, ਜਦੋਂ ਮੈਨੂੰ ਲੱਗਾ ਕਿ ਮੈਂ ਹੁਣ ਸੀ.ਏ. ਨਹੀਂ ਕਰ ਸਕਾਂਗਾ। ਪੈਸੇ ਨੂੰ ਲੈ ਕੇ ਕਾਫ਼ੀ ਤੰਗੀ ਚੱਲ ਰਹੀ ਸੀ, ਘਰ ਵਾਲਿਆਂ ਲਈ ਵੀ ਔਕੜ ਸੀ ਪਰ ਮੈਂ ਹਿੰਮਤ ਨਹੀਂ ਹਾਰੀ। ਚਾਹ ਦੀ ਦੁਕਾਨ ਸ਼ੁਰੂ ਕੀਤੀ। ਚਾਹ ਦੀ ਦੁਕਾਨ ਨੇ ਪੁਣੇ 'ਚ ਰਹਿਣ ਲਈ ਖ਼ਰਚੇ ਦੀ ਚਿੰਤਾ ਦੂਰ ਕਰ ਦਿੱਤੀ ਅਤੇ ਮੇਰਾ ਸੀ.ਏ. ਬਣਨ ਦਾ ਸੁਫ਼ਨਾ ਪੂਰਾ ਹੋ ਗਿਆ।'

ਸੂਬਾ ਸਰਕਾਰ ਵੱਲੋਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ ਉਤੇ 'ਯੂਅਰ ਸਟੋਰੀ' ਨਾਲ ਗੱਲਬਾਤ ਦੌਰਾਨ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਸੋਮਨਾਥ ਨੇ ਕਿਹਾ,''ਮੈਂ ਬਹੁਤ ਖ਼ੁਸ਼ ਹਾਂ ਕਿ ਰਾਜ ਸਰਕਾਰ ਨੇ ਮੈਨੂੰ 'ਕਮਾਓ ਤੇ ਸਿੱਖਿਆ ਹਾਸਲ ਕਰੋ' ਯੋਜਨਾ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।''

ਆਪਣੀ ਸਫ਼ਲਤਾ ਦਾ ਸਿਹਰਾ ਘਰ ਵਾਲਿਆਂ ਨੂੰ ਦਿੰਦਿਆਂ ਸੋਮਨਾਥ ਨੇ ਦੱਸਿਆ ਕਿ ਉਸ ਦੀ ਸਫ਼ਲਤਾ ਪਿੱਛੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਯੋਗਦਾਨ ਹੈ, ਜਿਨ੍ਹਾਂ ਨੇ ਸਦਾ ਮੇਰੇ ਉਤੇ ਭਰੋਸਾ ਰੱਖਿਆ। ਅੱਜ ਸੋਮਨਾਥ ਦੀਆਂ ਅੱਖਾਂ ਵਿੱਚ ਆਪਣੇ ਸੁਫ਼ਲੇ ਪੂਰੇ ਹੋਣ ਤੋਂ ਬਾਅਦ ਦੀ ਬੇਫ਼ਿਕਰੀ ਵੇਖੀ ਜਾ ਸਕਦੀ ਹੈ। ਕਾਫ਼ੀ ਲੰਮੇ ਸਫ਼ਰ ਤੋਂ ਬਾਅਦ ਸੋਮਨਾਥ ਨੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ, ਅੱਗੇ ਸੋਮਨਾਥ ਦਾ ਇਰਾਦਾ ਗ਼ਰੀਬ ਬੱਚਿਆਂ ਨੂੰ ਸਿੱਖਿਆ ਵਿੱਚ ਮਦਦ ਕਰਨ ਦਾ ਹੈ।

ਸੋਮਨਾਥ ਦੇ ਇਸ ਜਜ਼ਬੇ ਨੂੰ 'ਯੂਅਰ ਸਟੋਰੀ' ਦਾ ਸਲਾਮ, ਜੀਵਨ ਵਿੱਚ ਹੋਰ ਬਿਹਤਰ ਕਰਨ ਲਈ ਸੋਮਨਾਥ ਨੂੰ ਸਾਡੀਆਂ ਸ਼ੁਭਕਾਮਨਾਵਾਂ!!!

ਲੇਖਕ: ਨੀਰਜ ਸਿੰਘ

ਅਨੁਵਾਦ: ਅਨੁਰਾਧਾ ਸ਼ਰਮਾ