ਪੰਜ ਸਾਲਾ ਆੱਨਲਾਈਨ ਫ਼ੈਸ਼ਨ ਬ੍ਰਾਂਡ ਟੀਸੌਰਟ ਡਾੱਟ ਕਾੱਮ ਕਰ ਰਿਹਾ ਹੈ 100 ਕਰੋੜ ਰੁਪਏ ਦੀ ਟਰਨਓਵਰ ਦੀਆਂ ਤਿਆਰੀਆਂ

0

ਕੋਈ ਵੇਲਾ ਹੁੰਦਾ ਸੀ ਜਦੋਂ ਦੂਜੀ ਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਤੱਕ ਨਵੇਂ ਰੁਝਾਨ ਤੇ ਫ਼ੈਸ਼ਨ ਕਦੇ ਪੁੱਜਦੇ ਹੀ ਨਹੀਂ ਸਨ। ਸਾਲ 2010 'ਚ ਦਿੱਲੀ ਦੇ ਸ੍ਰੀ ਅਤੁਲ ਅਗਰਵਾਲ (33) ਨੇ ਵੇਖਿਆ ਕਿ ਆਮ ਲੋਕਾਂ ਤੱਕ ਤਾਂ ਵਸਤਾਂ ਤੇ ਉਤਪਾਦ ਕਦੇ ਪੁੱਜਦੇ ਹੀ ਨਹੀਂ; ਇਸੇ ਲਈ ਉਨ੍ਹਾਂ ਨੇ ਇਸ ਪਾੜੇ ਨੂੰ ਪੂਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਅਗਲੇ ਵਰ੍ਹੇ 2011 'ਚ ਉਨ੍ਹਾਂ ਆਪਣੀ ਵੈਬਸਾਈਟ ਟੀਸੌਰਟ ਡਾੱਟ ਕਾੱਮ (Teesort.com) ਦੀ ਸ਼ੁਰੂਆਤ ਕਰ ਲਈ।

ਟੀਸੌਰਟ ਡਾੱਟ ਕਾੱਮ ਦਾ ਆਪਣਾ ਕੱਪੜਿਆਂ ਦਾ ਇੱਕ ਫ਼ੈਸ਼ਨ ਬ੍ਰਾਂਡ 'ਟੀ.ਐਸ.ਐਕਸ. ਡਾੱਟ ਇਨ' ਹੈ; ਜੋ ਮਰਦਾਂ ਦੇ ਕੱਪੜੇ ਵੇਚਦਾ ਹੈ ਅਤੇ ਉਹ ਦਿੱਲੀ ਤੋਂ ਬਾਹਰ ਸਥਿਤ ਹੈ। ਇਹ ਵੈਬਸਾਈਟ ਪੋਰਟਲ ਆਮ ਪਹਿਨੇ ਜਾਣ ਵਾਲੇ ਮਰਦਾਨਾ ਕੱਪੜੇ ਵੇਚਦਾ ਹੈ। ਇਹ ਵਿਕਰੀ ਆਪਣੀ ਖ਼ੁਦ ਦੀ ਵੈਬਸਾਈਟ ਅਤੇ 15 ਆੱਨਲਾਈਨ ਬਾਜ਼ਾਰਾਂ ਜਿਵੇਂ ਕਿ ਫ਼ਲਿੱਪਕਾਰਟ, ਐਮੇਜ਼ੌਨ, ਸਨੈਪਡੀਲ ਤੇ ਹੋਮਸ਼ਾੱਪ 18 ਉਤੇ ਕੀਤੀ ਜਾ ਰਹੀ ਹੈ।

ਕੰਪਨੀ ਦੇ ਸਹਿ-ਬਾਨੀ ਸ੍ਰੀ ਆਲੋਕ ਅਗਰਵਾਲ ਦਸਦੇ ਹਨ,''ਅਸੀਂ ਕਿਸੇ ਇੱਕ ਸਰੋਤ ਜਾਂ ਮਾਰਕਿਟ-ਪਲੇਸ ਤੋਂ 20 ਫ਼ੀ ਸਦੀ ਤੋਂ ਵੱਧ ਆਮਦਨ ਨਹੀਂ ਕਮਾਉਂਦੇ। ਇਸ ਲਈ ਅਸੀਂ ਵਿਕਰੀਆਂ ਤੇ ਆਮਦਨ ਲਈ ਕਿਸੇ ਇੱਕ ਸਰੋਤ ਉਤੇ ਨਿਰਭਰ ਨਹੀਂ ਹਾਂ।''

ਸਾਲ 2013 'ਚ ਜਦੋਂ ਟੀਸੌਰਟ ਨੇ ਵਿਕਰੀ ਦਾ 1 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਸੀ, ਤਦ ਸ੍ਰੀ ਅਤੁਲ ਅਗਰਵਾਲ ਦੇ ਭਰਾ ਸ੍ਰੀ ਆਲੋਕ ਅਗਰਵਾਲ (35) ਨੇ ਵੀ ਆਪਣੀ ਨੌਕਰੀ ਛੱਡ ਕੇ 'ਟੀਸੌਰਟ' ਦਾ ਕੰਮ ਅਰੰਭ ਕਰ ਦਿੱਤਾ ਸੀ। ਦਿੱਲੀ ਦੇ ਜੰਮਪਲ਼ ਸ੍ਰੀ ਆਲੋਕ ਅਗਰਵਾਲ ਦਿੱਲੀ ਯੂਨੀਵਰਸਿਟੀ ਦੇ ਕਾਮਰਸ ਗਰੈਜੂਏਟ ਹਨ ਅਤੇ ਉਨ੍ਹਾਂ ਨੇ ਆਈ.ਐਮ.ਟੀ. ਗ਼ਾਜ਼ੀਆਬਾਦ ਤੋਂ ਐਮ.ਬੀ.ਏ. ਕੀਤੀ ਹੈ। ਟੀਸੌਰਟ 'ਚ ਆਉਣ ਤੋਂ ਪਹਿਲਾਂ ਸ੍ਰੀ ਆਲੋਕ ਵੋਡਾਫ਼ੋਨ, ਭਾਰਤੀ ਟੈਲੀਟੈਕ ਤੇ ਐਮ.ਟੀ.ਐਸ. ਜਿਹੀਆਂ ਕੰਪਨੀਆਂ ਵਿੱਚ ਵੱਖੋ-ਵੱਖਰੇ ਅਹੁਦਿਆਂ ਉਤੇ ਕੰਮ ਕਰ ਚੁੱਕੇ ਸਨ। ਸ੍ਰੀ ਅਤੁਲ ਅਗਰਵਾਲ ਬਿਟਸ-ਪਿਲਾਨੀ ਤੋਂ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਦੇ ਗਰੈਜੂਏਟ ਹਨ। ਉਹ ਟੀਸੌਰਟ ਚਲਾਉਣ ਤੋਂ ਪਹਿਲਾਂ ਫ਼ਰਾਂਸ ਵਿੱਚ ਟੀ.ਸੀ.ਐਸ. ਲਈ ਕੰਮ ਕਰ ਚੁੱਕੇ ਹਨ।

ਇੱਕ ਕਰੋੜ ਰੁਪਏ ਤੱਕ ਦੇ ਅੰਕੜੇ ਤੱਕ ਪੁੱਜਣ ਦੀ ਯਾਤਰਾ ਕੋਈ ਬਹੁਤੀ ਸੁਖਾਵੀਂ ਨਹੀਂ ਸੀ। ਸਭ ਤੋਂ ਵੱਡੀ ਚੁਣੌਤੀ ਸੀ ਆੱਨਲਾਈਨ ਕੱਪੜੇ ਖ਼ਰੀਦਣ ਵਾਲੇ ਗਾਹਕਾਂ ਦਾ ਭਰੋਸਾ ਜਿੱਤਣਾ। ਉਸ ਵੇਲੇ ਤਾਂ ਆਮ ਗਾਹਕ ਸੰਭਾਵੀ ਘੁਟਾਲ਼ਿਆਂ ਤੋਂ ਡਰਦੇ ਸਨ ਅਤੇ ਆਪਣੇ ਬੈਂਕ ਖਾਤੇ ਦਾ ਨੰਬਰ ਵੀ ਛੇਤੀ ਕਿਤੇ ਕਿਸੇ ਨੂੰ ਨਹੀਂ ਦੱਸਦੇ ਸਨ। ਉਨ੍ਹਾਂ ਨੂੰ ਪੱਕਾ ਯਕੀਨ ਨਹੀਂ ਹੁੰਦਾ ਸੀ ਕਿ ਉਹ ਆਪਣੇ ਖਾਤੇ ਵਿਚੋਂ ਇੰਨੀ ਰਕਮ ਕਢਵਾ ਤਾਂ ਚੁੱਕੇ ਹਨ, ਪਰ ਪਤਾ ਨਹੀਂ ਕਿ ਉਨ੍ਹਾਂ ਨੂੰ ਆਪਣਾ ਮਨਪਸੰਦ ਉਤਪਾਦ ਮਿਲੇਗਾ ਵੀ ਕਿ ਨਹੀਂ।

ਆੱਰਡਰਜ਼ ਦੀ ਪ੍ਰਾਸੈਸਿੰਗ

ਮਰਦਾਨਾ ਕੱਪੜੇ ਆੱਨਲਾਈਨ ਵੇਚਣ ਦੇ ਨਾਲ-ਨਾਲ ਟੀਸੌਰਟ ਨੇ ਗਾਹਕਾਂ ਨੂੰ ਇਹ ਸਹੂਲਤ ਵੀ ਦਿੱਤੀ ਕਿ ਉਹ ਆਪਣੇ ਮਨਪਸੰਦ ਡਿਜ਼ਾਇਨ ਆਪਣੀਆਂ ਟੀ-ਸ਼ਰਟਾਂ, ਜੈਕੇਟਸ, ਟਰੈਕ ਪੈਂਟਾਂ ਤੇ ਹੋਰ ਅਜਿਹੇ ਕੱਪੜਿਆਂ ਉਤੇ ਬਣਵਾ ਸਕਦੇ ਸਨ। ਭਾਰਤ ਦੇ 16 ਤੋਂ ਵੀ ਵੱਧ ਕੱਪੜਾ ਨਿਰਮਾਤਾ ਅਜਿਹੀ ਪੇਸ਼ਕਸ਼ ਦੇ ਕੇ ਚੋਖਾ ਮੁਨਾਫ਼ਾ ਕਮਾ ਚੁੱਕੇ ਹਨ। ਟੀਸੌਰਟ ਦੇ 13 ਅਜਿਹੇ ਲੌਜਿਸਟਿਕਸ ਭਾਈਵਾਲ ਹਨ, ਜੋ 72 ਘੰਟਿਆਂ ਦੇ ਅੰਦਰ-ਅੰਦਰ ਮਾਲ ਗਾਹਕਾਂ ਤੱਕ ਪਹੁੰਚਾਉਂਦੇ ਹਨ। ਸ੍ਰੀ ਆਲੋਕ ਦਸਦੇ ਹਨ ਕਿ ਉਨ੍ਹਾਂ ਦੇ ਮੁਨਾਫ਼ੇ ਦਾ 10-12 ਫ਼ੀ ਸਦੀ ਹਿੱਸਾ ਉਨ੍ਹਾਂ ਲੌਜਿਸਟਕਸ ਭਾਈਵਾਲ਼ਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਨੂੰ ਇੱਕ ਦਿਨ ਵਿੱਚ ਔਸਤਨ 3,000 ਦੇ ਲਗਭਗ ਆੱਰਡਰ ਮਿਲਦੇ ਹਨ। ਕੱਪੜਿਆਂ ਦੀ ਕੀਮਤ ਔਸਤਨ 350 ਰੁਪਏ ਤੋਂ ਲੈ ਕੇ 2,000 ਰੁਪਏ ਤੱਕ ਹੈ।

ਸ੍ਰੀ ਅਤੁਲ ਅਗਰਵਾਲ ਨੇ ਦੱਸਿਆ,''ਸਾਡਾ ਆਪਣਾ ਸਾੱਫ਼ਟਵੇਅਰ ਹੈ, ਜੋ ਸਾਨੂੰ ਅਜਿਹੀਆਂ ਸਾਰੀਆਂ ਵਸਤਾਂ ਦੀ ਸੂਚੀ ਪਹਿਲਾਂ ਹੀ ਦੱਸ ਦਿੰਦਾ ਹੈ ਜੋ ਸਾਨੂੰ ਚਾਹੀਦੀਆਂ ਹੋ ਸਕਦੀਆਂ ਹਨ। ਜਦੋਂ ਇੱਕ ਵਾਰ ਅਸੀਂ ਨਿਰਮਾਤਾਵਾਂ ਨੂੰ ਆਪਣੀ ਜ਼ਰੂਰਤ ਦਸਦੇ ਹਾਂ, ਉਹ ਉਸੇ ਹਿਸਾਬ ਨਾਲ ਕੱਪੜੇ ਤਿਆਰ ਕਰਦੇ ਹਨ, ਉਨ੍ਹਾਂ ਨੂੰ ਪਰਖਦੇ ਹਨ ਤੇ ਵਿਕਰੀ ਲਈ ਸਾਡੇ ਗੁਦਾਮ ਤੱਕ ਪਹੁੰਚਾਉਂਦੇ ਹਨ। ਗਾਹਕ ਨੇ ਆਪਣੇ ਜੋ ਨਾਪ ਆਦਿ ਦੇ ਜੋ ਅੰਕੜੇ ਦਿੱਤੇ ਹੁੰਦੇ ਹਨ, ਉਹ ਕੱਪੜੇ ਉਸੇ ਹਿਸਾਬ ਨਾਲ ਤਿਆਰ ਕੀਤੇ ਜਾਂਦੇ ਹਨ। ਨਾਲ ਹੀ ਭਾਰਤ ਦੇ ਸਾਰੇ ਹੀ ਸ਼ਹਿਰਾਂ ਤੇ ਕਸਬਿਆਂ ਤੱਕ ਵੱਖੋ-ਵੱਖਰੇ ਪ੍ਰਕਾਰ ਦੇ ਅਨੇਕਾਂ ਡਿਜ਼ਾਇਨ ਉਪਲਬਧ ਕਰਵਾਉਂਦੇ ਹਾਂ।''

ਟੀਸੌਰਟ ਹੁਣ ਤੱਕ 20 ਲੱਖ ਆੱਰਡਰ ਡਿਲਿਵਰ ਕਰ ਚੁੱਕਾ ਹੈ। 70 ਤੋਂ 75 ਫ਼ੀ ਸਦੀ ਆੱਰਡਰ ਖ਼ਾਸ ਕਰ ਕੇ ਉਤਰ ਤੇ ਦੱਖਣ ਭਾਰਤ ਦੇ ਦੂਜੇ ਤੇ ਤੀਜੇ ਵਰਗ ਦੇ ਸ਼ਹਿਰਾਂ ਤੋਂ ਆਉਂਦੇ ਹਨ।

ਵਿਕਾਸ-ਪੰਧ

ਟੀਸੌਰਟ ਦੀ ਸ਼ੁਰੂਆਤ 50 ਲੱਖ ਰੁਪਏ ਦੀ ਅਰੰਭਲੀ ਪੂੰਜੀ ਰਾਹੀਂ ਕੀਤੀ ਗਈ ਸੀ; ਜੋ ਕਿ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਹੀ ਇਕੱਠੀ ਕੀਤੀ ਗਈ ਸੀ। ਉਸ ਰਕਮ ਦੀ ਵਰਤੋਂ ਪਹਿਲੇ 3 ਸਾਲਾਂ ਵਿੱਚ ਕੀਤੀ ਗਈ ਸੀ। ਹੁਣ ਤੱਕ ਕੰਪਨੀ ਨੇ ਆਪਣੇ ਮੁਨਾਫ਼ੇ ਦਾ 40 ਫ਼ੀ ਸਦੀ ਇਸੇ ਕੰਪਨੀ ਦੇ ਕਾਰੋਬਾਰ ਵਿੱਚ ਲਾਇਆ ਹੈ।

ਇਸ ਵੇਲੇ ਇਹ ਕੰਪਨੀ ਟੀਸੌਰਟ ਦਿੱਲੀ ਤੋਂ ਬਾਹਰ ਸਥਿਤ ਹੈ ਅਤੇ ਹੁਣ ਇਹ ਆਪਣਾ ਪਾਸਾਰ ਬੈਂਗਲੁਰੂ 'ਚ ਕਰਨ ਜਾ ਰਹੀ ਹੈ। ਅਗਲੇ ਪੰਜ ਤੋਂ ਛੇ ਮਹੀਨਿਆਂ ਅੰਦਰ ਉਥੇ ਇੱਕ ਗੁਦਾਮ ਖੋਲ੍ਹ ਦਿੱਤਾ ਜਾਵੇਗਾ। ਇਸ ਕੰਪਨੀ ਦੇ 40 ਮੁਲਾਜ਼ਮ ਹਨ ਤੇ ਹੁਣ ਇਹ ਆਪਣਾ ਟੀ.ਐਸ.ਐਕਸ ਬ੍ਰਾਂਡ ਸਮੁੱਚੇ ਭਾਰਤ ਦੇ ਨਿੱਕੇ ਸ਼ਹਿਰਾਂ ਤੱਕ ਪਹੁੰਚਾਉਣ ਦੀਆਂ ਤਿਆਰੀਆਂ ਵਿੱਚ ਹੈ। ਇਸ ਤੋਂ ਇਲਾਵਾ, ਇਹ ਕੰਪਨੀ ਰਾਸ਼ਟਰੀ ਅਤੇ ਖੇਤਰੀ ਪ੍ਰਕਾਸ਼ਨਾਵਾਂ ਭਾਵ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਵੀ ਦੇਵੇਗੀ ਅਤੇ ਇਸ ਲਈ ਡਿਜੀਟਲ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਣੀ ਹੈ। ਅਗਲੇ ਵਿੱਤੀ ਵਰ੍ਹੇ ਦੌਰਾਨ ਮਾਰਕਿਟਿੰਗ ਦੀਆਂ ਪਹਿਲਕਦਮੀਆਂ ਲਈ ਇਸ ਨੇ 10 ਕਰੋੜ ਰੁਪਏ ਇਕੱਠੇ ਵੀ ਕਰ ਲਏ ਹਨ।

ਟੀਸੌਰਟ ਡਾੱਟ ਕਾੱਮ ਹਰ ਸਾਲ 300 ਫ਼ੀ ਸਦੀ ਦੀ ਦਰ ਨਾਲ ਅੱਗੇ ਵਧ ਰਹੀ ਹੈ ਅਤੇ ਅਗਲੇ ਦੋ ਤੋਂ ਤਿੰਨ ਵਰ੍ਹਿਆਂ ਤੱਕ ਇਸ ਦੀ ਵਿਕਰੀ 100 ਕਰੋੜ ਰੁਪਏ ਤੋਂ ਵਧ ਕੇ 500 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਤੇ ਅਜਿਹੀਆਂ ਯੋਜਨਾਵਾਂ ਵੀ ਇਹ ਕੰਪਨੀ ਉਲੀਕ ਰਹੀ ਹੈ। ਇਹ ਆਪਣੇ ਪੋਰਟਫ਼ੋਲੀਓ ਦਾ ਪਾਸਾਰ ਦੋ ਨਵੇਂ ਵਰਗਾਂ - ਔਰਤਾਂ ਦੇ ਕੱਪੜੇ ਤੇ ਬੱਚਿਆਂ ਦੇ ਕੱਪੜੇ - ਵਿੱਚ ਕਰੇਗੀ ਅਤੇ ਇਸ ਦੇ ਇਰਾਦੇ ਹੁਣ ਮੱਧ-ਪੂਰਬੀ ਤੇ ਦੱਖਣ-ਪੂਰਬੀ ਦੇਸ਼ਾਂ ਤੱਕ ਪਹੁੰਚ ਕਰਨ ਦੇ ਵੀ ਹਨ।

ਕੱਪੜੇ ਦੇ ਈ-ਪ੍ਰਚੂਨ ਬਾਜ਼ਾਰ ਉਤੇ ਇੱਕ ਝਾਤ

ਗੂਗਲ ਦੀ ਰਿਪੋਰਟ ਅਨੁਸਾਰ ਸਾਲ 2020 ਤੱਕ ਭਾਰਤ ਦੇ ਈ-ਪ੍ਰਚੂਨ ਫ਼ੈਸ਼ਨ ਬਾਜ਼ਾਰ ਦੇ 35 ਅਰਬ ਡਾਲਰ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ ਅਤੇ ਪ੍ਰਚੂਨ ਬਾਜ਼ਾਰ ਰਾਹੀਂ ਕਮਾਈ ਜਾਣ ਵਾਲੀ ਕੁੱਲ ਆਮਦਨ ਦਾ 35 ਫ਼ੀ ਸਦੀ ਹਿੱਸਾ ਇਸੇ ਫ਼ੈਸ਼ਨ ਬਾਜ਼ਾਰ ਦਾ ਹੀ ਹੋਣ ਦਾ ਵੀ ਅਨੁਮਾਨ ਹੈ। ਐਮੇਜ਼ੌਨ, ਈ-ਬੇਅ, ਫ਼ਲਿਪਕਾਰਟ ਤੇ ਸਨੈਪਡੀਲ ਜਿਹੇ ਮਾਰਕਿਟ-ਪਲੇਸਜ਼ ਭਾਵ ਬਾਜ਼ਾਰ ਹੁਣ ਵਿਕਰੇਤਾਵਾਂ ਦੀ ਗਿਣਤੀ ਵਿੱਚ ਨਿੱਤ ਵਾਧਾ ਕਰਦੇ ਜਾ ਰਹੇ ਹਨ ਅਤੇ ਵਰਤੋਂਕਾਰਾਂ ਤੱਕ ਉਤਪਾਦ ਛੇਤੀ ਤੋਂ ਛੇਤੀ ਪਹੁੰਚਾਉਣ ਦੇ ਵਧੀਆ ਤੋਂ ਵਧੀਆ ਢੰਗ-ਤਰੀਕੇ ਵਿਕਸਤ ਕਰ ਰਹੇ ਹਨ। ਹੁਣ ਫ਼ੈਸ਼ਨੇਬਲ ਤੇ ਡਿਜ਼ਾਇਨਰ ਕੱਪੜੇ ਖ਼ਰੀਦਣਾ ਕੇਵਲ ਇੱਕ ਕਲਿੱਕ ਦੀ ਦੂਰੀ ਉਤੇ ਰਹਿ ਗਿਆ ਹੈ।

ਯੈਪਮੀ, ਜ਼ੋਵੀ ਤੇ ਜੈਬੌਂਗ ਜਿਹੀਆਂ ਵੱਡੀਆਂ ਕੰਪਨੀਆਂ ਤੋਂ ਇਲਾਵਾ ਫ਼ੈਸ਼ਨਆਰਾ, ਬੇਵਕੂਫ਼, ਫ਼ੈਸ਼ਨ ਐਂਡ ਯੂ, ਕੂਵਜ਼ ਤੇ ਫ਼ੈਸ਼ਨੋਵ ਜਿਹੀਆਂ ਨਵੀਆਂ ਨਿੱਕੀਆਂ ਕੰਪਨੀਆਂ (ਸਟਾਰਟ-ਅੱਪਸ) ਮਹਾਂਨਗਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਆਮ ਗਾਹਕਾਂ ਤੱਕ ਪੁੱਜ ਰਹੀਆਂ ਹਨ। ਈ-ਕਾਮਰਸ ਦੇ ਵਿਕਸਤ ਹੋਣ ਸਦਕਾ ਅੱਜ ਦੂਜੀ ਤੇ ਤੀਜੀ ਸ਼੍ਰੇਣੀ ਦੇ ਨਿਵਾਸੀਆਂ ਕੋਲ ਵੀ ਨਵੇਂ ਤੋਂ ਨਵੇਂ ਕੱਪੜਿਆਂ ਦੀ ਕੁਲੈਕਸ਼ਨ ਇਕੱਠੀ ਹੋ ਗਈ ਹੈ।

ਜਿਹੜੀਆਂ ਹੋਰ ਵੈਬਸਾਈਟ ਆਪਣੀ ਮਨਪਸੰਦ ਦੇ ਡਿਜ਼ਾਇਨ ਤਿਆਰ ਕਰ ਕੇ ਟੀ-ਸ਼ਰਟਾਂ ਦਿੰਦੀਆਂ ਹਨ; ਉਨ੍ਹਾਂ ਵਿੱਚ ਸੌਕਰੇਟੀਸ, ਕਸਟਮੀਕ, ਆਈਲੋਗੋ ਡਾੱਟ ਇਨ, 99 ਸ਼ਰਟਸ ਡਾੱਟ ਕਾੱਮ, ਕੈਂਪਸ ਸੂਤਰਾ ਤੇ ਹੋਰ ਕੰਪਨੀਆਂ ਸ਼ਾਮਲ ਹਨ। ਹੁਣ ਕਿਉਂਕਿ ਕੱਪੜਿਆਂ ਦਾ ਆੱਨਲਾਈਨ ਬਾਜ਼ਾਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ, ਇਸੇ ਲਈ ਸਮੁੱਚੇ ਭਾਰਤ 'ਚ ਅਨੇਕਾਂ ਨਿਰਮਾਤਾ ਤੇ ਡਿਜ਼ਾਇਨਰ ਪ੍ਰਫ਼ੁੱਲਤ ਹੋ ਰਹੇ ਹਨ।

ਇਸ ਤੋਂ ਇਲਾਵਾ, ਨਿਵੇਸ਼ਕ ਵੀ ਵੱਡੇ ਪੱਧਰ ਉਤੇ ਇਸ ਬਾਜ਼ਾਰ 'ਚ ਆਪਣਾ ਧਨ ਲਾ ਰਹੇ ਹਨ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਗੁੜਗਾਓਂ ਦੇ ਫ਼ੈਸ਼ਨ ਈ-ਰੀਟੇਲਰ ਯੈਪਮੀ ਨੇ ਮਲੇਸ਼ੀਆ ਦੇ ਸਰਕਾਰੀ ਕੋਸ਼ 'ਖ਼ਜ਼ਾਨਾ ਨੈਸ਼ਨਲ ਬਰਹੈਡ' ਰਾਹੀਂ 7 ਕਰੋੜ 50 ਲੱਖ ਡਾਲਰ ਇਕੱਠੇ ਕੀਤੇ ਹਨ। ਜ਼ੋਵੀ ਨੇ ਆਪਣੀ ਛੋਟੀ ਐਪ. ਲਾਂਚ ਕਰਨ ਲਈ 5 ਕਰੋੜ ਡਾਲਰ ਇਕੱਠੇ ਕੀਤੇ ਹਨ ਅਤੇ ਇੰਝ ਹੀ ਜੈਬੌਂਗ ਨੇ 20 ਕਰੋੜ ਡਾਲਰ ਇਕੱਠੇ ਕੀਤੇ ਹਨ।

ਟੀਸੌਰਟ ਨੂੰ ਪਿਛਲੇ ਵਿੱਤੀ ਵਰ੍ਹੇ ਦੌਰਾਨ 30 ਕਰੋੜ ਰੁਪਏ ਦੀ ਆਮਦਨ ਹੋਈ ਸੀ ਅਤੇ ਇਸ ਵਿੱਤੀ ਵਰ੍ਹੇ ਇਸ ਦੀ ਆਮਦਨ 100 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਸ੍ਰੀ ਅਤੁਲ ਅਗਰਵਾਲ ਦਾ ਕਹਿਣਾ ਹੈ,''ਸ਼ਾਇਦ ਅਸੀਂ ਆੱਨਲਾਈਨ ਪ੍ਰਾਈਵੇਟ ਫ਼ੈਸ਼ਨ ਦਾ ਇੱਕੋ-ਇੱਕ ਅਜਿਹਾ ਬ੍ਰਾਂਡ ਹਾਂ, ਜੋ ਹਾਲੇ ਵੀ ਨਿਵੇਸ਼ਕਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰ ਰਿਹਾ ਹੈ ਤੇ ਇਸ ਦੇ ਬਾਵਜੂਦ ਮੁਨਾਫ਼ਾ ਕਮਾ ਰਹੇ ਹਾਂ।''

ਲੇਖਕ: ਅਪਰਾਜਿਤਾ ਚੌਧਰੀ

ਅਨੁਵਾਦ: ਮਹਿਤਾਬ-ਉਦ-ਦੀਨ