8 ਸਾਲ ਪਹਿਲਾਂ ਮੈਂ ਸੜਕ 'ਤੇ ਸਾਂ, ਮੈਂ ਆਪਣਾ ਹੀਰੋ ਹੌਂਡਾ ਸਪਲੈਂਡਰ 13,000 ਰੁਪਏ 'ਚ ਵੇਚਣਾ ਪਿਆ ਸੀ ਤੇ ਖ਼ੁਦ ਨੂੰ ਬਹੁਤ ਅਮੀਰ ਮਹਿਸੂਸ ਕੀਤਾ ਸੀ: ਸ਼ਚਿਨ ਭਾਰਦਵਾਜ

0

ਅੱਠ ਸਾਲ ਪਹਿਲਾਂ ਸ਼ਚਿਨ ਭਾਰਦਵਾਜ ਤੀਲਾਂ ਦੀ ਡੱਬੀ ਜਿੰਨੇ ਇੱਕ ਘਰ ਵਿੱਚ ਰਹਿੰਦੇ ਸਨ ਤੇ ਉਸੇ ਨੂੰ ਉਨ੍ਹਾਂ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਸੀ। ਉਨ੍ਹਾਂ ਨੇ ਦੋ ਵਰ੍ਹੇ ਇੰਝ ਹੀ ਕੱਟੇ ਸਨ। ਉਨ੍ਹਾਂ ਨੂੰ ਬੈਂਗਲੁਰੂ ਰਹਿੰਦੇ ਆਪਣੇ ਮਾਪਿਆਂ ਨੂੰ ਵੀ ਪੁਣੇ ਸੱਦਦਿਆਂ ਸੰਗ ਆਉਂਦੀ ਸੀ। ਇਹ ਉਹ ਸਮਾਂ ਸੀ, ਜਦੋਂ ਖਾਣਾ ਡਿਲਿਵਰ ਕਰਨ ਦੇ ਨਵੇਂ ਉਦਮ 'ਟੇਸਟੀ-ਖਾਨਾ' ਨੇ ਹਾਲੇ ਸ਼ਹਿਰ ਵਿੱਚ ਆਪਣੀ ਪਕੜ ਬਣਾਉਣੀ ਅਰੰਭ ਹੀ ਕੀਤੀ ਸੀ।

ਉਹ ਲਗਾਤਾਰ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਸਨ, ਉਨ੍ਹਾਂ ਨੂੰ ਤਦ ਆਪਣੀਆਂ ਸਭ ਤੋਂ ਪਿਆਰੀਆਂ ਵਸਤਾਂ ਤੱਕ ਵੀ ਵੇਚਣੀਆਂ ਪਈਆਂ ਸਨ। ਅਜਿਹੇ ਵੇਲੇ ਹੀ ਉਨ੍ਹਾਂ ਨੂੰ ਮਾਸਿਕ ਕਿਰਾਇਆ ਅਦਾ ਕਰਨ ਲਈ ਆਪਣਾ ਹੀਰੋ ਹੌਂਡਾ ਸਪਲੈਂਡਰ ਮੋਟਰਸਾਇਕਲ ਵੀ ਬਹੁਤ ਸਸਤੇ ਭਾਅ ਕੇਵਲ 13 ਹਜ਼ਾਰ ਰੁਪਏ 'ਚ ਵੇਚਣਾ ਪਿਆ ਸੀ।

ਪਰ ਹੁਣ ਤਾਂ ਸਪਲੈਂਡਰ ਦੇ ਦਿਨ ਬੀਤ ਚੁੱਕੇ ਹਨ ਤੇ ਅੱਜ ਸ਼ਚਿਨ ਹੁਰਾਂ ਕੋਲ ਚਮਕਦਾਰ ਭੂਰੇ ਰੰਗ ਦੀ ਬੀ.ਐਮ.ਡਬਲਿਊ. ਕਾਰ ਹੈ। ਉਹ ਇੱਕ ਮਹੀਨੇ ਦੇ ਪੁੱਤਰ ਦੇ ਮਾਣਮੱਤੇ ਪਿਤਾ ਹੈ ਅਤੇ ਉਹ ਆਪਣਾ ਦੂਜੇ ਉਦਮ 'ਸਮਿੰਕ' ਅਰੰਭ ਕਰਨ ਲਈ ਤਿਆਰ ਹਨ!

ਪਿਛਲੇ ਕੁੱਝ ਵਰ੍ਹਿਆਂ ਦੌਰਾਨ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਚੁੱਕੇ ਹਨ। 'ਟੇਸਟੀ-ਖਾਨਾ' ਨੂੰ ਪਿਛਲੇ ਵਰ੍ਹੇ ਨਵੰਬਰ ਮਹੀਨੇ 'ਫ਼ੂਡਪਾਂਡਾ' ਨੇ ਲਗਭਗ 120 ਕਰੋੜ ਰੁਪਏ 'ਚ ਖ਼ਰੀਦ ਲਿਆ ਸੀ।

ਸੁਖਾਲ਼ੀ ਨਾ ਰਹੀ 'ਫ਼ੂਡਪਾਂਡਾ' ਵਿੱਚ ਤਬਦੀਲੀ

ਇਸ ਸੌਦੇ ਲਈ ਗੱਲਬਾਤ ਪਿਛਲੇ ਵਰ੍ਹੇ ਅਗਸਤ ਮਹੀਨੇ ਸ਼ੁਰੂ ਹੋਈ ਸੀ ਅਤੇ ਛੇਤੀ ਹੀ ਜਾਪਣ ਲੱਗ ਪਿਆ ਸੀ ਕਿ ਸੌਦਾ ਕਿਸੇ ਤਣ-ਪੱਤਣ ਜ਼ਰੂਰ ਲੱਗੇਗਾ। ਅਤੇ ਹੋਇਆ ਵੀ ਇੰਝ ਹੀ ਕਿਉਂਕਿ ਅੱਖ ਦੇ ਫੋਰ ਵਿੱਚ ਹੀ ਇਹ ਸੌਦਾ ਹੋ ਗਿਆ ਸੀ।

ਬਰਲਿਨ ਸਥਿਤ ਖਾਣਾ ਡਿਲਿਵਰ ਕਰਨ ਵਾਲੀ ਨਵੀਂ ਕੰਪਨੀ 'ਡਿਲਿਵਰੀ ਹੀਰੋ' ਨੇ ਸਾਲ 2011 'ਚ 50 ਲੱਖ ਡਾਲਰ ਨਿਵੇਸ਼ ਕੀਤੇ ਸਨ ਅਤੇ 'ਟੇਸਟੀ-ਖਾਨਾ' ਵਿੱਚ ਵੀ ਉਸ ਦੇ ਸਭ ਤੋਂ ਵੱਧ ਸ਼ੇਅਰ ਸਨ, ਅਤੇ ਤਦ ਉਹ ਸਥਾਨਕ ਟੀਮ ਨਾਲ ਸੌਦਾ ਕਰਨ ਲਈ ਸਹਿਮਤ ਹੋ ਗਈ ਸੀ। ਸ਼ਚਿਨ ਅਤੇ ਸ਼ੈਲਡਨ ਦੋਵੇਂ ਇਸ ਸੌਦੇ ਤੋਂ ਬਹੁਤ ਖ਼ੁਸ਼ ਸਨ ਕਿਉਂਕਿ ਉਹ ਆਪਣੇ ਕੁੱਝ ਸਹਾਇਕ ਨਿਵੇਸ਼ਕਾਂ ਨੂੰ 10 ਗੁਣਾ ਮੁਨਾਫ਼ਾ ਦੇਣ ਦੇ ਯੋਗ ਹੋ ਗਏ ਸਨ ਅਤੇ ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਚੋਖਾ ਮੁਨਾਫ਼ਾ ਹੋਣਾ ਸੀ, ਜਿਨ੍ਹਾਂ ਨੇ 'ਟੇਸਟੀ-ਖਾਨਾ' ਦੇ ਮੁਢਲੇ ਦਿਨਾਂ ਵਿੱਚ ਪੂਰਾ ਸਾਥ ਦਿੱਤਾ ਸੀ।

ਇਸ ਸੌਦੇ ਤੋਂ ਬਾਅਦ ਬਹੁਤਾ ਕੁੱਝ ਅਨੁਮਾਨ ਮੁਤਾਬਕ ਨਾ ਵਾਪਰਿਆ। ਦੋ ਪ੍ਰਬੰਧਕੀ ਟੀਮਾ ਵਿਚਾਲੇ ਕੁੱਝ ਵੱਡੇ ਵਿਰੋਧ ਪੈਦਾ ਹੋ ਗਏ ਸਨ।

ਸ਼ਚਿਨ ਨੇ ਦੱਸਿਆ,''ਮੈਂ ਜਦੋਂ ਉਸ ਤੋਂ ਹੋਰ ਵੇਰਵੇ ਮੰਗੇ, ਤਾਂ ਉਸ ਨੇ ਇਨ੍ਹਾਂ ਮੁੱਦਿਆਂ ਉਤੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੇ ਕਿਹਾ ਕਿ 'ਫ਼ੂਡਪਾਂਡਾ' 'ਚ ਕੰਮ ਕਰਨ ਦਾ ਤਰੀਕਾ ਇਨ੍ਹਾਂ 100 ਮੈਂਬਰਾਂ ਵਾਲੀ ਤੇ 7 ਸਾਲ ਪੁਰਾਣੀ 'ਟੇਸਟੀ-ਖਾਨਾ' ਦੀ ਟੀਮ ਤੋਂ ਬਹੁਤ ਵੱਖਰੀ ਕਿਸਮ ਦਾ ਸੀ।''

ਸ਼ਚਿਨ ਨੇ ਦੱਸਿਆ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ ਕਿ 'ਫ਼ੂਡਪਾਂਡਾ' ਕਿਵੇਂ ਚਲਦੀ ਹੈ ਜਾਂ ਕਿਵੇਂ ਆਪਣਾ ਪ੍ਰਬੰਧ ਚਲਾਉਂਦੀ ਹੈ। ਉਨ੍ਹਾਂ ਕਿਹਾ,''ਇਹ ਮੇਰੀ ਨਾਤਜਰਬੇਕਾਰੀ ਹੀ ਹੋਵੇਗੀ, ਜੇ ਮੈਂ ਕਹਾਂ ਕਿ ਕੰਮ ਕਰਨ ਦਾ ਕੇਵਲ ਮੇਰਾ ਤਰੀਕਾ ਹੀ ਸਹੀ ਹੈ।''

ਉਨ੍ਹਾਂ ਨੇ ਖ਼ੁਦ ਅਤੇ 'ਟੇਸਟੀ-ਖਾਨਾ' ਦੀ ਟੀਮ ਨੇ ਇਸੇ ਵਰ੍ਹੇ ਮਾਰਚ ਮਹੀਨੇ 'ਫ਼ੂਡਪਾਂਡਾ' ਨੂੰ ਛੱਡ ਦਿੱਤਾ। ਸੂਤਰਾਂ ਅਨੁਸਾਰ ਇਸ ਬਾਨੀ ਟੀਮ ਦੇ ਕਰੋੜਾਂ ਰੁਪਏ ਹੱਥੋਂ ਨਿੱਕਲ਼ ਗਏ ਸਨ, ਜੋ ਕਿ 'ਫ਼ੂਡਪਾਂਡਾ' ਵਿੱਚ ਸ਼ੇਅਰਾਂ ਵਜੋਂ ਫਸੇ ਹੋਏ ਸਨ।

ਸ਼ਚਿਨ ਨੇ ਦੱਸਿਆ,''ਸਾਡੇ ਲਈ ਕਾਰੋਬਾਰ ਜਮਾਉਣ ਲਈ ਨੈਤਿਕਤਾ ਅਤੇ ਸਿਧਾਂਤ ਬਹੁਤ ਵੱਡੀ ਚੀਜ਼ ਸਨ, ਇਸੇ ਕਰ ਕੇ ਅਸੀਂ ਕੋਈ ਸਮਝੌਤਾ ਨਾ ਕੀਤਾ। ਮੈਂ ਨਹੀਂ ਚਾਹੁੰਦਾ ਸਾਂ ਕਿ ਮੈਂ ਰਾਤੋ-ਰਾਤ ਤਰੱਕੀ ਕਰਨ ਲਈ ਕੋਈ ਗ਼ੈਰ-ਨੈਤਿਕ ਕੰਮ ਕਰਾਂ ਤੇ ਮੇਰੇ ਲਈ ਹੌਲੀ-ਹੌਲੀ ਅਗਾਂਹ ਵਧਣਾ ਹੀ ਠੀਕ ਸੀ। ਮੈਂ ਤਾਂ ਅਜਿਹਾ ਵਿਅਕਤੀ ਹਾਂ ਕਿ ਮੈਂ ਕਦੇ ਕਿਸੇ ਪੁਲਿਸ ਵਾਲ਼ੇ ਨੂੰ ਰਿਸ਼ਵਤ ਨਹੀਂ ਦਿੱਤੀ। ਇੱਕ ਵਾਰ ਮੇਰਾ ਲਾਇਸੈਂਸ ਛੇ ਮਹੀਨਿਆਂ ਲਈ ਮੁਲਤਵੀ ਰਿਹਾ ਸੀ ਕਿਉਂਕਿ ਮੈਂ ਸੱਚਮੁਚ ਇੱਕ ਗ਼ਲਤੀ ਕੀਤੀ ਸੀ। ਪਰ ਮੈਂ ਕਦੇ ਵੀ ਰਿਸ਼ਵਤ ਦੇ ਕੇ ਆਪਣਾ ਲਾਇਸੈਂਸ ਵਾਪਸ ਨਹੀਂ ਲਿਆ ਸੀ।''

ਜਦੋਂ ਅਸੀਂ 'ਫ਼ੂਡਪਾਂਡਾ' 'ਚੋਂ ਨਿੱਕਲਣ ਦੀ ਗੱਲ ਕਰਦੇ ਹਾਂ ਤੇ ਇਹ ਪੁੱਛਿਆ ਜਾਂਦਾ ਕਿ ਅੰਤ 'ਚ ਉਨ੍ਹਾਂ ਨੂੰ ਕੀ ਮਿਲਿਆ। ਤਦ ਇਸ ਬਾਰੇ ਉਹ ਕਹਿੰਦੇ ਹਨ,''ਮੇਰੇ ਕੋਲ ਜੋ ਕੁੱਝ ਵੀ ਹੈ, ਮੈਂ ਉਸ ਤੋਂ ਖ਼ੁਸ਼ ਹਾਂ। ਮੈਨੂੰ ਹੋਰ ਕੁੱਝ ਨਹੀਂ ਚਾਹੀਦਾ। ਦਰਅਸਲ, ਅਸੀਂ ਕੁੱਝ ਮੁਲਾਜ਼ਮਾਂ ਲਈ 'ਈ.ਐਸ.ਓ.ਪੀ.ਐਸ.' (ਇੰਪਲਾਈਜ਼ ਸਟੌਕ ਓਨਰਸ਼ਿਪ ਪਲੈਨ ਭਾਵ ਮੁਲਾਜ਼ਮਾਂ ਦੀ ਸਟਾੱਕ ਖ਼ਰੀਦਣ ਦੀ ਯੋਜਨਾ) ਦੇ ਲਿਖਤੀ ਦਸਤਾਵੇਜ਼ ਤਿਆਰ ਨਹੀਂ ਕਰ ਸਕੇ ਸਾਂ। ਅਸੀਂ (ਸ਼ੈਲਡਨ ਤੇ ਸ਼ਚਿਨ) ਦੋਵਾਂ ਨੇ ਉਨ੍ਹਾਂ ਨੂੰ ਆਪਣੀਆਂ ਜੇਬਾਂ 'ਚੋਂ ਹੀ ਅਦਾਇਗੀ ਕੀਤੀ ਸੀ। ਇਹ ਜੀਵਨ ਬਹੁਤ ਛੋਟਾ ਹੈ ਅਤੇ ਤੁਸੀਂ ਇੱਥੇ ਕੋਈ 'ਸ਼ਾਰਟ-ਕੱਟ' ਨਹੀਂ ਮਾਰ ਸਕਦੇ ਅਤੇ ਤੁਸੀਂ ਉਨ੍ਹਾਂ ਲੋਕਾਂ ਵਾਂਗ ਨਹੀਂ ਬਣ ਸਕਦੇ, ਜਿਨ੍ਹਾਂ ਨੇ ਤੁਹਾਨੂੰ ਅੱਜ ਦੀ ਹਾਲਤ ਤੱਕ ਪਹੁੰਚਾਇਆ ਹੈ।''

'ਸੀਅ ਮੀਅ ਇਨ ਨੋ ਕਿਊ' (ਮੈਨੂੰ ਕਿਸੇ ਕਤਾਰ ਵਿੱਚ ਨਾ ਵੇਖੋ - 'ਸਮਿੰਕ') ਕਿਵੇਂ ਪੈਦਾ ਹੋਈ?

PHOTO CAPTION : ਸ਼ਚਿਨ (ਖੱਬੇ) ਆਪਣੀ 'ਸਮਿੰਕ' ਟੀਮ ਨਾਲ

'ਫ਼ੂਡਪਾਂਡਾ' 'ਚ ਕੁੱਝ ਸਮਾਂ ਰਹਿਣ ਤੋਂ ਬਾਅਦ ਸ਼ਚਿਨ ਅਚਾਨਕ ਹੀ ਇੱਕ ਹੋਰ ਮੀਲ-ਪੱਥਰ ਗੱਡਣ ਲਈ ਤਿਆਰ ਹੋ ਗਏ ਸਨ। ਉਹ ਪਿਤਾ ਬਣਨ ਵਾਲੇ ਸਨ। ਉਹ ਚੇਤੇ ਕਰ ਕੇ ਦਸਦੇ ਹਨ ਕਿ ਉਨ੍ਹਾਂ ਨੂੰ ਕਿਵੇਂ ਅਲਟਰਾ ਸੋਨੋਗ੍ਰਾਫ਼ੀਜ਼ ਅਤੇ ਮਹਿਲਾ ਡਾਕਟਰਾਂ ਕੋਲ ਲਗਾਤਾਰ ਜਾਣਾ ਪੈਂਦਾ ਸੀ।

''ਸਾਨੂੰ ਉਨ੍ਹਾਂ ਥਾਵਾਂ ਉਤੇ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਸੀ ਤੇ ਤੁਸੀਂ ਵੀ ਆਪਣੇ ਖ਼ੁਦ ਦੇ ਤਜਰਬਿਆਂ ਤੋਂ ਜਾਣੂ ਹੋਵੋਗੇ ਕਿ ਉਹ ਉਡੀਕ ਬਹੁਤ ਲੰਮੇਰੀਆਂ ਜਾਪਿਆ ਕਰਦੀਆਂ ਹਨ। ਮੈਂ ਇਸ ਗੱਲ ਉਤੇ ਸੋਚਣਾ ਜਾਰੀ ਰੱਖਿਆ ਕਿ ਉਡੀਕ ਦੀ ਇਸ ਲੰਮੇਰੀ ਪ੍ਰਕਿਰਿਆ ਨੂੰ ਵਧੇਰੇ ਕਾਰਜ-ਕੁਸ਼ਲ ਕਿਵੇਂ ਬਣਾਇਆ ਜਾ ਸਕਦਾ ਹੈ।''

ਸ਼ਚਿਨ ਅਤੇ ਉਨ੍ਹਾਂ ਦੀ ਪਤਨੀ ਡਾਕਟਰਾਂ ਨੂੰ ਮਿਲਣ ਦੀ ਉਸੇ ਉਡੀਕ ਵਿੱਚ ਜੇ ਕਦੇ ਖਾਣਾ ਖਾਣ ਲਈ ਚਲੇ ਜਾਂਦੇ, ਤਾਂ ਕਈ ਵਾਰ ਉਨ੍ਹਾਂ ਦੀ ਵਾਰੀ ਹੀ ਨਿੱਕਲ ਜਾਂਦੀ ਸੀ।

ਸ਼ਚਿਨ ਨੂੰ ਹੈਰਾਨੀ ਹੁੰਦੀ ਕਿ ''ਆਖ਼ਰ ਇਹ ਲੋਕ ਆਪਣੀਆਂ ਕਤਾਰਾਂ ਨੂੰ ਹੋਰ ਵਧੀਆ ਤਰੀਕੇ ਕਿਵੇਂ ਨਹੀਂ ਚਲਾ ਸਕਦੇ? ਤਕਨਾਲੋਜੀ ਇਹ ਸਮੱਸਿਆ ਵੀ ਨਿਸ਼ਚਤ ਤੌਰ ਉਤੇ ਹੱਲ ਕਰ ਸਕਦੀ ਹੈ।''

ਆਪਣੇ ਸਾਬਕਾ ਸਹਿ-ਬਾਨੀ ਸ਼ੈਲਡਨ ਅਤੇ 'ਟੇਸਟੀ-ਖਾਨਾ' ਦੇ ਮੁੱਖ ਸੇਲਜ਼ ਆੱਫ਼ੀਸਰ ਸੰਤੋਸ਼ ਨਾਲ ਮਿਲ ਕੇ ਸ਼ਚਿਨ ਪਹਿਲਾਂ ਹੀ 'ਸਮਿੰਕ' ਨਾਂਅ ਦੀ ਕੰਪਨੀ ਚਲਾ ਚੁੱਕੇ ਸਨ ਅਤੇ ਪੁਣੇ ਦੀਆਂ ਅੱਠ ਕਲੀਨਿਕਸ ਨਾਲ ਸਮਝੌਤਾ ਵੀ ਕਰ ਚੁੱਕੇ ਸਨ।

ਸਮਿੰਕ ਆਖ਼ਰ ਕੰਮ ਕਿਵੇਂ ਕਰਦੀ ਹੈ?

'ਸਮਿੰਕ' ਇੱਕ ਮੋਬਾਇਲ ਐਪਲੀਕੇਸ਼ਨ ਹੈ, ਜੋ ਕੰਪਨੀਆਂ ਨੂੰ ਆਪਣੇ ਗਾਹਕਾਂ ਜਾਂ ਮਰੀਜ਼ਾਂ ਦੀ ਵੱਡੀ ਗਿਣਤੀ ਨਾਲ ਸਿੱਝਣ ਵਿੱਚ ਮਦਦ ਕਰਦੀ ਹੈ। ਇਹ ਕਤਾਰਾਂ ਦਾ ਇੰਤਜ਼ਾਮ ਸੰਭਾਲਦੀ ਹੈ ਅਤੇ ਗਾਹਕਾਂ ਨੂੰ ਐਸ.ਐਮ.ਐਸ. ਰਾਹੀਂ ਨੋਟੀਫ਼ਿਕੇਸ਼ਨਾਂ ਭੇਜ ਕੇ ਦਸਦੀ ਹੈ ਕਿ ਉਨ੍ਹਾਂ ਦੀ ਵਾਰੀ ਆ ਗਈ ਹੈ ਜਾਂ ਉਨ੍ਹਾਂ ਦੇ ਉਤਪਾਦ ਤਿਆਰ ਹੋ ਗਏ ਹਨ ਅਤੇ ਉਹ ਆਪਣੀਆਂ ਚੀਜ਼ਾਂ ਲਿਜਾ ਸਕਦੇ ਹਨ। ਇਹ ਐਪਲੀਕੇਸ਼ਨ ਗਾਹਕਾਂ ਜਾਂ ਮਰੀਜ਼ਾਂ ਨੂੰ ਕਤਾਰ ਦੀ ਅਸਲ ਸਥਿਤੀ ਤੋਂ ਜਾਣੂ ਕਰਵਾਉਂਦੀ ਰਹਿੰਦੀ ਹੈ ਅਤੇ ਲੋਕ ਉਸ ਕਤਾਰ ਤੋਂ ਦੂਰ ਬੈਠੇ ਵੀ ਉਸ ਕਤਾਰ ਵਿੱਚ ਲੱਗੇ ਰਹਿੰਦੇ ਹਨ।

ਇਹ ਐਪਲੀਕੇਸ਼ਨ ਪਹਿਲਾਂ ਹੀ ਹਰ ਮਹੀਨੇ ਡਾਕਟਰਾਂ ਨਾਲ ਲਗਭਗ 1,000 ਰਿਮੋਟ ਬੁਕਿੰਗਜ਼ ਕਰਦੀ ਹੈ। ਇਹ ਡਾਕਟਰ ਪਹਿਲਾਂ ਉਨ੍ਹਾਂ ਨਾਲ ਸਾਈਨ-ਅੱਪ ਕਰ ਚੁੱਕੇ ਹਨ। ਉਹ ਹੁਣ ਇੱਕ 'ਹਿਊਮਨ ਰਿਸੋਰਸ' ਫ਼ਰਮ ਨਾਲ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਨ ਤੇ ਇੰਟਰਵਿਊ ਲਈ ਆਉਣ ਵਾਲੇ ਉਮੀਦਵਾਰਾਂ ਦੀ ਮਦਦ ਵੀ ਇਸੇ ਐਪਲੀਕੇਸ਼ਨ ਰਾਹੀਂ ਕਰਨਗੇ।

ਸ਼ਚਿਨ ਨੇ ਦੱਸਿਆ ਕਿ 'ਸਮਿੰਕ' ਦਾ ਘੇਰਾ ਬਹੁਤ ਵਿਸ਼ਾਲ ਹੈ ਕਿਉਂਕਿ ਇਸ ਦੀ ਵਰਤੋਂ ਕਲੀਨਿਕਸ ਤੇ 'ਵਾਕ-ਇਨ-ਇੰਟਰਵਿਊਜ਼' ਦੇ ਨਾਲ-ਨਾਲ ਆਰ.ਟੀ.ਓਜ਼ ਤੇ ਪਾਸਪੋਰਟ ਸੇਵਾ ਕੇਂਦਰਾਂ ਜਿਹੀਆਂ ਸਰਕਾਰੀ ਸੇਵਾਵਾਂ ਤੋਂ ਲੈ ਕੇ ਕਾਰ ਜਾਂ ਮੋਟਰਸਾਇਕਲ ਸਰਵਿਸ ਸਟੇਸ਼ਨਾਂ ਤੱਕ ਉਤੇ ਕੀਤੀ ਜਾ ਸਕਦੀ ਹੈ।

ਆਮ ਦੁਕਾਨਦਾਰ ਤੇ ਹੋਰ ਵਿਕਰੇਤਾ ਵੀ ਇਸ ਐਪ. ਦੀ ਵਰਤੋਂ ਕਰ ਸਕਦੇ ਹਨ ਅਤੇ ਆਪਣੇ ਗਾਹਕਾਂ ਤੇ ਮੁਵੱਕਿਲਾਂ ਦੀ ਵੱਡੀ ਗਿਣਤੀ ਨਾਲ ਸਿੱਝ ਸਕਦੇ ਹਨ। ਇਸ ਉਤਪਾਦ ਦੀ ਲਾਗਤ ਗਾਹਕਾਂ ਦੀ ਗਿਣਤੀ ਦੇ ਆਧਾਰ ਉਤੇ ਲਗਭਗ 2,000 ਰੁਪਏ ਪ੍ਰਤੀ ਮਹੀਨਾ ਪੈਂਦੀ ਹੈ।

ਦੁਨੀਆਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਅਜਿਹੀ ਐਪਲੀਕੇਸ਼ਨਜ਼ ਦੀ ਵਰਤੋਂ ਕਰਦੀਆਂ ਹਨ। ਕੁੱਝ ਕਲੀਨਿਕਸ ਤੇ ਕੁੱਝ ਰੈਸਟੋਰੈਂਟਸ ਵੀ ਇਸ ਦੀ ਵਰਤੋਂ ਕਰਦੇ ਹਨ। 'ਮਾਇ ਟਾਈਮ' ਅਤੇ 'ਕਿਊ-ਲੈਸ' ਨਾਲ ਬਹੁਤ ਸਾਰੀਆਂ ਕੰਪਨੀਆਂ ਗਾਹਕਾਂ ਦੀ ਵੱਡੀ ਗਿਣਤੀ ਨਾਲ ਸਿੱਝ ਸਕਦੀਆਂ ਹਨ।

ਭਵਿੱਖ ਕਿਹੋ ਜਿਹਾ ਹੈ?

ਸ਼ਚਿਨ ਦਾ ਕਹਿਣਾ ਹੈ,''ਮੈਂ ਹੁਣ ਤੱਕ ਕਾਫ਼ੀ ਕੁੱਝ ਸਿੱਖ ਚੁੱਕਾ ਹਾਂ। ਮੈਨੂੰ ਖ਼ੁਸ਼ੀ ਹੈ ਕਿ ਮੈਂ 'ਟੇਸਟੀ-ਖਾਨਾ' ਨਾਲ ਵਧੀਆ ਕਾਰੋਬਾਰ ਕੀਤਾ ਸੀ ਅਤੇ ਹੁਣ ਮੈਂ ਫਿਰ 'ਸਮਿੰਕ' ਨਾਲ ਕੁੱਝ ਨਵਾਂ ਕਰਨ ਲਈ ਤਿਆਰ ਹਾਂ।'' ਸੱਚਮੁਚ ਸ਼ਚਿਨ ਦਾ ਕਾਰੋਬਾਰੀ ਉਦਮ ਦਾ ਸਫ਼ਰ ਲਗਾਤਾਰ ਜਾਰੀ ਰਹੇਗਾ।