ਮੀਰਾ ਦੀਆਂ ਦੋ ਅੱਖਾਂ ਨੇ ਦਿੱਤੀ 2,000 ਤੋਂ ਵੱਧ ਨੇਤਰਹੀਣਾਂ ਨੂੰ ਰੌਸ਼ਨ ਜ਼ਿੰਦਗੀ

0

ਇੱਕ ਨੇਤਰਹੀਣ ਦੇ ਹੱਥ ਵਿੱਚ ਹੈ ਸਾੱਫ਼ਟਵੇਅਰ ਕੰਪਨੀ 'ਟੈਕ ਵਿਜ਼ਨ' ਦੀ ਕਮਾਂਡ...

ਕਈ ਨੇਤਰਹੀਣ ਬਣੇ ਬੈਂਕਾਂ ਵਿੱਚ ਪ੍ਰੋਬੇਸ਼ਨ ਆੱਫ਼ੀਸਰ...

8 ਤੋਂ 80 ਹਜ਼ਾਰ ਰੁਪਏ ਤੱਕ ਕਮਾ ਰਹੇ ਹਨ ਨੇਤਰਹੀਣ...

ਨੇਤਰਹੀਣ ਵਿਦਿਆਰਥੀ ਕਰ ਰਹੇ ਹਨ ਪੀ-ਐਚ.ਡੀ. ਅਤੇ ਲਾੱਅ (ਕਾਨੂੰਨ) ਦੀ ਪੜ੍ਹਾਈ...

'ਵਿਜ਼ਨ ਅਨਲਿਮਿਟੇਡ' ਵਿੱਚ 5 ਹਜ਼ਾਰ ਤੋਂ ਵੱਧ ਕਿਤਾਬਾਂ ਬ੍ਰੇਲ ਲਿਪੀ ਵਿੱਚ...

ਨੇਤਰਹੀਣਾਂ ਦੀ ਉਚ ਸਿੱਖਿਆ ਉਤੇ ਹੈ ਖ਼ਾਸ ਜ਼ੋਰ...

ਜੋ ਲੋਕ ਦੁਨੀਆਂ ਦੀਆਂ ਰੰਗੀਨੀਆਂ ਨਹੀਂ ਵੇਖ ਸਕਦੇ, ਉਨ੍ਹਾਂ ਨੂੰ ਸੁਨਹਿਰੀ ਸੁਫ਼ਨੇ ਵਿਖਾ ਰਹੇ ਹਨ। ਜੋ ਨੇਤਰਹੀਣ ਮੁੱਠੀ ਵਿੱਚ ਬੰਦ ਸੁਫ਼ਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਪ੍ਰੇਰਣਾ ਬਣ ਰਹੇ ਹਨ... ਮੀਰਾ ਬੜਵੇ। ਪਿਛਲੇ ਦੋ ਦਹਾਕਿਆਂ ਤੋਂ ਨੇਤਰਹੀਣ ਬੱਚਿਆਂ ਦੇ ਭਵਿੱਖ ਨੂੰ ਸੁਆਰਨ ਵਿੱਚ ਲੱਗੇ ਮੀਰਾ ਬੜਵੇ ਹੁਣ ਤੱਕ 2,000 ਤੋਂ ਵੱਧ ਨੇਤਰਹੀਣ ਬੱਚਿਆਂ ਦਾ ਮੁੜ-ਵਸੇਬਾ ਕਰ ਚੁੱਕੇ ਹਨ। ਇਹ ਬੱਚੇ ਨਾਚ, ਸੰਗੀਤ ਤੋਂ ਲੈ ਕੇ ਸਾੱਫ਼ਟਵੇਅਰ ਇੰਜੀਨੀਅਰਿੰਗ ਤੱਕ ਵਿੱਚ ਆਪਣਾ ਕੈਰੀਅਰ ਬਣਾ ਰਹੇ ਹਨ, ਬੇਕਰੀ ਚਲਾ ਰਹੇ ਹਨ, ਲਾਇਬਰੇਰੀ ਸੰਭਾਲ ਰਹੇ ਹਨ। ਮੀਰਾ ਬੜਵੇ ਦੇ 'ਨਿਵਰਾਂਤ ਅੰਧ ਮੁਕਤ ਵਿਕਾਸਾਲਯ' ਰਾਹੀਂ ਪੜ੍ਹਨ ਵਾਲੇ ਨੇਤਰਹੀਣ ਬੱਚੇ ਵੱਖੋ-ਵੱਖਰੇ ਖੇਤਰਾਂ ਤੇ ਕੇਰੀਅਰਜ਼ ਵਿੱਚ ਆਪਣਾ ਨਾਂਅ ਰੌਸ਼ਨ ਕਰ ਰਹੇ ਹਨ। ਉਨ੍ਹਾਂ ਦੇ ਪੜ੍ਹਾਈ ਨੇਤਰਹੀਣ ਬੱਚੇ ਅੱਜ 8 ਹਜ਼ਾਰ ਰੁਪਏ ਤੋਂ ਲੈ ਕੇ 80 ਹਜ਼ਾਰ ਰੁਪਏ ਤੱਕ ਕਮਾ ਰਹੇ ਹਨ। ਇਸੇ ਵਰ੍ਹੇ ਉਨ੍ਹਾਂ ਦੇ 52 ਨੇਤਰਹੀਣ ਬੱਚਿਆਂ ਦੀ ਵੱਖੋ-ਵੱਖਰੇ ਬੈਂਕਾਂ ਵਿੱਚ ਨਿਯੁਕਤੀ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 30 ਤੋਂ ਵੱਧ ਬੱਚੇ ਪ੍ਰੋਬੇਸ਼ਨ ਆੱਫ਼ੀਸਰ ਦੇ ਅਹੁਦੇ ਉਤੇ ਨਿਯੁਕਤ ਹੋਏ ਹਨ।

''ਜਿਨ੍ਹਾਂ ਦੇ ਖੰਭਾਂ ਵਿੱਚ ਤਾਕਤ ਹੁੰਦੀ ਹੈ, ਉਹ ਆਕਾਸ਼ ਵਿੱਚ ਉਚਾਈ ਤੱਕ ਉਡ ਸਕਦੇ ਹਨ, ਪਰ ਜੋ ਜ਼ਮੀਨ 'ਤੇ ਰਹਿ ਗਏ, ਅਸੀਂ ਉਨ੍ਹਾਂ ਲਈ ਜਿਊਣਾ ਹੈ।'' ਇਹ ਸੋਚ ਹੈ ਪੁਣੇ ਕੋਲ ਵਿਦਿਆਨਗਰ 'ਚ ਰਹਿੰਦੇ ਮੀਰਾ ਬੜਵੇ ਦੀ; ਜੋ ਪਿਛਲੇ ਦੋ ਦਹਾਕਿਆਂ ਤੋਂ ਨੇਤਰਹੀਣ ਲੋਕਾਂ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣਾ ਸਿਖਾ ਰਹੇ ਹਨ। ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਅਤੇ ਉਸ ਤੋਂ ਬਾਅਦ ਬੀ.ਐਡ. ਕਰਨ ਵਾਲੀ ਮੀਰਾ ਨੇ 'ਨਿਵਰਾਂਤ ਅੰਧ ਮੁਕਤ ਵਿਕਾਸਾਲਯ' ਸ਼ੁਰੂ ਕਰਨ ਤੋਂ ਪਹਿਲਾਂ ਕਈ ਸਾਲ ਕਾਲਜ ਅਤੇ ਸਕੂਲ ਵਿੱਚ ਪੜ੍ਹਾਉਣ ਦਾ ਕੰਮ ਕੀਤਾ। ਇੱਕ ਵਾਰ ਉਹ ਆਪਣੇ ਪਤੀ ਨਾਲ ਪੁਣੇ ਦੇ ਗੋਰੇਗਾਓਂ 'ਚ ਮੌਜੂਦ ਨੇਤਰਹੀਣਾਂ ਦੇ ਇੱਕ ਸਕੂਲ ਵਿੱਚ ਗਹੇ। ਜਿੱਥੇ ਉਨ੍ਹਾਂ ਨੂੰ ਕਈ ਛੋਟੇ-ਛੋਟੇ ਬੱਚੇ ਵਿਖਾਈ ਦਿੱਤੇ। ਇਸੇ ਦੌਰਾਨ ਇੱਕ ਬੱਚਾ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਗਲੇ ਲਾ ਲਿਆ - ਇਹ ਸੋਚ ਕੇ ਕਿ ਉਸ ਦੀ ਮਾਂ ਉਸ ਨੂੰ ਮਿਲਣ ਲਈ ਆਈ ਹੈ। ਪਰ ਜਦੋਂ ਉਸ ਬੱਚੇ ਨੂੰ ਅਸਲੀਅਤ ਪਤਾ ਲੱਗੀ, ਤਾਂ ਉਹ ਰੋਣ ਲੱਗਾ। ਇਸ ਗੱਲ ਨੇ ਮੀਰਾ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਫ਼ੈਸਲਾ ਕੀਤਾ ਕਿ ਕਾਲਜ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਛੱਡ ਕੇ ਉਹ ਅਜਿਹੇ ਨੇਤਰਹੀਣ ਬੱਚਿਆਂ ਲਈ ਕੁੱਝ ਕਰਨਗੇ।

ਇਸ ਤੋਂ ਬਾਅਦ ਉਹ ਵਲੰਟੀਅਰ ਦੇ ਤੌਰ ਉਤੇ ਇਨ੍ਹਾਂ ਨੇਤਰਹੀਣ ਬੱਚਿਆਂ ਨਾਲ ਜੁੜ ਗਏ ਤੇ ਉਨ੍ਹਾਂ ਨੂੰ ਅੰਗਰੇਜ਼ੀ ਸਿਖਾਉਣ ਲੱਗੇ। ਲਗਾਤਾਰ ਤਿੰਨ ਸਾਲਾਂ ਤੱਕ ਨੇਤਰਹੀਣ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਨੂੰ ਸਮਝ ਆਉਣ ਲੱਗਾ ਕਿ ਇਨ੍ਹਾਂ ਨੇਤਰਹੀਣ ਬੱਚਿਆਂ ਨੂੰ ਸਕੂਲ ਵਿੱਚ ਇੰਨੀ ਮਦਦ ਦੀ ਜ਼ਰੂਰਤ ਨਹੀਂ ਹੁੰਦੀ, ਜਿੰਨੀ ਉਨ੍ਹਾਂ ਨੂੰ ਬਾਲਗ਼ ਹੋਣ ਉਤੇ ਲੋੜ ਹੁੰਦੀ ਹੈ ਕਿਉਂਕਿ ਤਦ ਉਨ੍ਹਾਂ ਨੂੰ ਨਾ ਘਰ ਅਪਣਾਉਂਦਾ ਹੈ ਤੇ ਨਾ ਹੀ ਸਮਾਜ। ਇਸੇ ਤਰ੍ਹਾਂ ਇੱਕ ਦਿਨ ਮੀਰਾ ਦੀ ਮੁਲਾਕਾਤ ਆਪਣੇ ਘਰ ਨੇੜੇ ਫ਼ੁਟਪਾਥ ਉਤੇ ਇੱਕ ਨੇਤਰਹੀਣ ਲੜਕੇ ਸਿਧਾਰਥ ਗਾਇਕਵਾਡ ਨਾਲ ਹੋਈ; ਜੋ ਲਗਭਗ 10-15 ਦਿਨਾਂ ਤੋਂ ਭੁੱਖਾ ਸੀ। ਉਸ ਲੜਕੇ ਨੂੰ 20 ਸਾਲ ਪਹਿਲਾਂ ਉਸ ਦੇ ਮਾਤਾ-ਪਿਤਾ ਨੇ ਨੇਤਰਹੀਣ ਸਕੂਲ ਵਿੱਚ ਛੱਡ ਦਿੱਤਾ ਸੀ; ਜਿਸ ਤੋਂ ਬਾਅਦ ਉਹ ਉਸ ਨੂੰ ਲੈਣ ਲਈ ਨਹੀਂ ਆਏ। ਮੀਰਾ ਅਨੁਸਾਰ ਉਸ ਲੜਕੇ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਚੱਲ ਵੀ ਨਹੀਂ ਸਕਦਾ ਸੀ। ਜਿਸ ਤੋਂ ਬਾਅਦ ਉਹ ਉਸ ਨੂੰ ਲੈਣ ਲਈ ਨਹੀਂ ਆਏ। ਮੀਰਾ ਅਨੁਸਾਰ ਉਸ ਲੜਕੇ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਚੱਲ ਵੀ ਨਹੀਂ ਸਕਦਾ ਸੀ। ਜਿਸ ਤੋਂ ਬਾਅਦ ਉਹ ਉਸ ਨੂੰ ਆਪਣੇ ਘਰ ਲੈ ਆਏ। ਤਦ ਮੀਰਾ ਉਸ ਸੱਚਾਈ ਦੇ ਰੂ-ਬ-ਰੂ ਹੋਏ, ਜਿਸ ਦਾ ਨੇਤਰਹੀਣ ਲੋਕ ਸਾਹਮਣਾ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਿਧਾਰਥ ਨੂੰ ਨਾ ਕੇਵਲ ਪੜ੍ਹਾਇਆ ਅਤੇ ਉਸ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣਾ ਸਿਖਾਇਆ, ਸਗੋਂ ਉਸ ਨੂੰ ਮਾਂ ਦਾ ਪਿਆਰ ਵੀ ਦਿੱਤਾ। ਇਸ ਘਟਨਾ ਤੋਂ ਬਾਅਦ ਮੀਰਾ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਕਿ ਅੱਜ ਉਹ 200 ਤੋਂ ਵੱਧ ਨੇਤਰਹੀਣ ਬੱਚਿਆਂ ਦੀ ਮਾਂ ਹਨ, ਉਹ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ।

ਅੱਜ ਮੀਰਾ 2,000 ਤੋਂ ਵੱਧ ਨੇਤਰਹੀਣ ਬੱਚਿਆਂ ਦਾ ਮੁੜ-ਵਸੇਬਾ ਕਰ ਚੁੱਕੇ ਹਨ। ਮੀਰਾ ਦਾ ਕਹਿਣਾ ਹੈ ਕਿ 'ਉਨ੍ਹਾਂ ਲੋਕਾਂ ਦੀਆਂ ਵੀ ਆਪਣੀਆਂ ਕੁੱਝ ਇੱਛਾਵਾਂ ਹੁੰਦੀਆਂ ਹਨ, ਇਸੇ ਲਈ ਮੈਨੂੰ ਸਮਾਜ ਨਾਲ ਕਾਫ਼ੀ ਲੜਨਾ ਪਿਆ।' ਅੱਜ ਉਨ੍ਹਾਂ ਦੇ ਪੜ੍ਹਾਈ ਤਿੰਨ ਨੇਤਰਹੀਣ ਬੱਚੇ ਪੀ-ਐਚ.ਡੀ. ਕਰ ਰਹੇ ਹਨ, ਤਾਂ ਕੁੱਝ ਬੱਚੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਖ਼ੁਦ ਮੀਰਾ ਲਗਭਗ 14 ਸਾਲਾਂ ਤੱਕ ਇਨ੍ਹਾਂ ਨੇਤਰਹੀਣ ਬੱਚਿਆਂ ਨੂੰ 22 ਵਿਸ਼ੇ ਪੜ੍ਹਾ ਚੁੱਕੇ ਹਨ। 'ਨਿਸ਼ਾਂਤ ਅੰਧ ਮੁਕਤ ਵਿਕਾਸਾਲਯ' ਦੀ ਆਪਣੀ ਇੱਕ ਪ੍ਰਿੰਟਿੰਗ ਪ੍ਰੈਸ ਹੈ, ਜਿੱਥੇ ਹਰ ਸਾਲ 2 ਲੱਖ ਤੋਂ ਵੱਧ ਪੇਪਰ ਬ੍ਰੇਲ ਲਿਪੀ ਵਿੱਚ ਛਪਦੇ ਹਨ। ਮੀਰਾ ਦਸਦੇ ਹਨ ਕਿ ਉਨ੍ਹਾਂ ਦੀ ਸੰਸਥਾ ਉਚ ਸਿੱਖਿਆ ਉਤੇ ਖ਼ਾਸ ਜ਼ੋਰ ਦਿੰਦੀ ਹੈ। ਇੱਥੇ ਬ੍ਰੇਲ ਲਿਪੀ ਵਿੱਚ ਛਪੀਆਂ ਕਿਤਾਬਾਂ ਮਹਾਰਾਸ਼ਟਰ ਦੇ ਕਈ ਦੂਜੇ ਕਾਲਜਾਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ; ਜਿਨ੍ਹਾਂ ਨੂੰ ਇਹ ਸੰਸਥਾ ਮੁਫ਼ਤ ਦਿੰਦੀ ਹੈ। ਮੀਰਾ ਅਨੁਸਾਰ,''ਜਦੋਂ ਮੈਂ ਇਨ੍ਹਾਂ ਬੱਚਿਆਂ ਉਤੇ ਕੰਮ ਸ਼ੁਰੂ ਕੀਤਾ, ਤਾਂ ਸਾਡੀ ਵਿਦਿਅਕ ਵਿਵਸਥਾ ਵਿੱਚ ਅਜਿਹੇ ਬੱਚਿਆਂ ਲਈ ਇੱਕ ਵੀ ਸ਼ਬਦ ਬ੍ਰੇਲ ਵਿੱਚ ਨਹੀਂ ਸੀ।'' ਪਰ ਅੱਜ ਉਥੇ ਦੇਸ਼ ਭਰ ਦੇ ਕਈ ਬੱਚੇ ਆਪਣੀ ਜ਼ਰੂਰਤ ਮੁਤਾਬਕ ਕਿਤਾਬਾਂ ਲੈਣ ਲਈ ਚਿੱਠੀ ਲਿਖਦੇ ਹਨ। ਜਿਸ ਤੋਂ ਬਾਅਦ ਇਹ ਲੋਕ ਉਨ੍ਹਾਂ ਜ਼ਰੂਰਤਾਂ ਨੂੰ ਧਿਆਨ ਵਿੱਚ ਰਖਦਿਆਂ ਕਿਤਾਬਾਂ ਛਾਪਦੇ ਹਨ। ਮੀਰਾ ਕਹਿੰਦੇ ਹਨ ਕਿ 'ਨੇਤਰਹੀਣਾਂ ਲਈ ਬ੍ਰੇਲ ਗੇਟਵੇਅ ਆੱਫ਼ ਨਾੱਲੇਜ ਹੈ, ਉਹ ਗਿਆਨ ਦਾ ਦਰਵਾਜ਼ਾ ਹੈ ਉਨ੍ਹਾਂ ਲਈ।'

'ਨਿਵਾਂਤ ਅੰਧ ਮੁਕਤ ਵਿਕਾਸਾਲਯ' ਦੀ ਆਪਣੀ ਇੱਕ ਚਾਕਲੇਟ ਫ਼ੈਕਟਰੀ ਵੀ ਹੈ, ਜਿਸ ਦਾ ਨਾਂਅ ਹੈ 'ਚਾੱਕੋ ਨਿਵਾਂਤ'। ਲਗਭਗ ਚਾਰ ਸਾਲ ਪੁਰਾਣੀ ਇਸ ਫ਼ੈਕਟਰੀ ਦਾ ਸੰਚਾਲਨ ਨੇਤਰਹੀਣ ਲੋਕ ਹੀ ਸੰਭਾਲਦੇ ਹਨ। ਇਸ ਫ਼ੈਕਟਰੀ ਵਿੱਚ 35 ਤੋਂ 40 ਨੇਤਰਹੀਣ ਲੋਕ ਕੰਮ ਕਰਦੇ ਹਨ ਅਤੇ ਜਦੋਂ ਇਨ੍ਹਾਂ ਵਿਚੋਂ ਕਿਸੇ ਦੀ ਨੌਕਰੀ ਬਾਹਰ ਕਿਤੇ ਲੱਗ ਜਾਂਦੀ ਹੈ, ਤਾਂ ਉਨ੍ਹਾਂ ਦੀ ਥਾਂ ਦੂਜੇ ਨੇਤਰਹੀਣ ਬੱਚੇ ਲੈ ਲੈਂਦੇ ਹਨ। ਅੱਜ 'ਚਾੱਕੋ ਨਿਵਾਂਤ' ਇੱਕ ਬ੍ਰਾਂਡ ਬਣ ਚੁੱਕਾ ਹੈ; ਤਦ ਤਹੀ ਤਾਂ ਕਾਰਪੋਰੇਟ ਸੈਕਟਰ ਵਿੱਚ ਉਨ੍ਹਾਂ ਦੇ ਬਣਾਏ ਚਾੱਕਲੇਟ ਦੀ ਖ਼ੂਬ ਮੰਗ ਹੈ। ਮੀਰਾ ਦਸਦੇ ਹਨ ਕਿ ਇਸ ਵਾਰ ਦੀਵਾਲੀ ਮੌਕੇ 'ਚਾੱਕੋ ਨਿਵਾਂਤ' ਨੇ ਲਗਭਗ 4 ਲੱਖ ਰੁਪਏ ਦਾ ਕਾਰੋਬਾਰ ਕੀਤਾ।

ਇਸ ਸੰਸਥਾ ਦੀ ਇੱਕ ਸਾੱਫ਼ਟਵੇਅਰ ਕੰਪਨੀ ਵੀ ਹੈ 'ਟੈਕ ਵਿਜ਼ਨ'; ਜਿਸ ਨੂੰ ਸਿਲੀਕਾੱਨ ਵੈਲੀ ਤੋਂ ਵੱਖੋ-ਵੱਖਰੇ ਪ੍ਰਾਜੈਕਟ ਮਿਲਦੇ ਰਹਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਕੰਪਨੀ ਨੂੰ ਚਲਾਉਣ ਵਾਲੇ ਨੇਤਰਹੀਣ ਲੋਕਾਂ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਕੋਲ ਨੌਕਰੀ ਦਿੱਤੀ ਹੈ, ਜੋ ਵੇਖ ਸਕਦੇ ਹਨ। ਮੀਰਾ ਦਸਦੇ ਹਨ ਕਿ 'ਜਿਸ ਸਮਾਜ ਨੇ ਉਨ੍ਹਾਂ ਨੂੰ ਨਕਾਰਿਆ, ਇਹ ਬੱਚੇ ਉਸ ਸਮਾਜ ਨੂੰ ਅਪਣਾ ਰਹੇ ਹਨ। ਇਹੋ ਇਨ੍ਹਾਂ ਬੱਚਿਆਂ ਦੀ ਖ਼ਾਸੀਅਤ ਹੈ, ਤਦ ਹੀ ਤਾਂ ਇਨ੍ਹਾਂ ਬੱਚਿਆਂ ਦੀ ਜ਼ਿੱਦ ਅੱਗੇ ਮੈਂ ਸਿਰ ਨਿਵਾਉਂਦੀ ਹਾਂ।' ਸੰਸਥਾ ਦੀ ਆਪਣੀ ਬ੍ਰੇਲ ਲਿਪੀ ਦੀ ਲਾਇਬਰੇਰੀ ਵੀ ਹੈ; ਜਿਸ ਦਾ ਨਾਂਅ ਹੈ 'ਵਿਜ਼ਨ ਅਨਲਿਮਿਟੇਡ'; ਇਸ ਲਾਇਬਰੇਰੀ ਵਿੱਚ 5 ਹਜ਼ਾਰ ਤੋਂ ਵੱਧ ਕਿਤਾਬਾਂ ਬ੍ਰੇਲ ਲਿਪੀ ਵਿੱਚ ਲਿਖੀਆਂ ਹੋਈਆਂ ਹਨ ਅਤੇ ਇਹ ਸਾਰੀਆਂ ਕਿਤਾਬਾਂ ਉਚ ਸਿੱਖਿਆ ਨਾਲ ਜੁੜੀਆਂ ਹੋਈਆਂ ਹਨ। ਅੱਜ ਇਸ ਲਾਇਬਰੇਰੀ ਦੀਆਂ 17 ਸ਼ਾਖ਼ਾਵਾਂ ਮਹਾਰਾਸ਼ਟਰ ਦੇ ਵਿਭਿੰਨ ਸ਼ਹਿਰਾਂ ਵਿੱਚ ਕੰਮ ਕਰ ਰਹੀਆਂ ਹਨ; ਤਾਂ ਜੋ ਨਿੱਕੇ-ਨਿੱਕੇ ਪਿੰਡ ਵਿੱਚ ਰਹਿਣ ਵਾਲੇ ਨੇਤਰਹੀਣ ਬੱਚਿਆਂ ਨੂੰ ਵੀ ਉਚ ਸਿੱਖਿਆ ਮਿਲ ਸਕੇ। ਇੱਥੇ ਜ਼ਰੂਰਤ ਦੇ ਹਿਸਾਬ ਨਾਲ ਬ੍ਰੇਲ ਲਿਪੀ ਵਿੱਚ ਲਿਖੀਆਂ ਕਿਤਾਬਾਂ ਨੂੰ ਰੱਖਿਆ ਗਿਆ ਹੈ।

ਅੱਜ ਮੀਰਾ ਦੇ ਪਤੀ ਵੀ ਆਪਣਾ ਕਾਰੋਬਾਰ ਛੱਡ ਕੇ ਉਨ੍ਹਾਂ ਨਾਲ ਮਿਲ ਕੇ ਨੇਤਰਹੀਣ ਲੋਕਾਂ ਨੂੰ ਸਵੈ-ਨਿਰਭਰ ਬਣਾਉਣ ਦਾ ਕੰਮ ਕਰ ਰਹੇ ਹਨ। ਤਦ ਹੀ ਤਾਂ ਪਤੀ-ਪਤਨੀ ਦੀ ਇਹ ਜੋੜੀ ਮਾਤਾ-ਪਿਤਾ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਨਾ ਕੇਵਲ ਬਾਲਗ਼ ਨੇਤਰਹੀਣ ਲੋਕਾਂ ਦੇ ਮੁੜ-ਵਸੇਬੇ ਵਿੱਚ ਮਦਦ ਕਰ ਰਹੀ ਹੈ, ਸਗੋਂ ਇਹ ਲੋਕ ਉਨ੍ਹਾਂ ਦੇ ਵਿਆਹ ਤੱਕ ਕਰਵਾਉਂਦੇ ਹਨ। ਨਿਵਾਂਸ 'ਚ ਰਹਿਣ ਵਾਲੇ ਬੱਚੇ 18 ਸਾਲ ਤੋਂ ਲੈ ਕੇ 25 ਸਾਲਾਂ ਤੱਕ ਦੇ ਵਿਚਕਾਰ ਹਨ। ਨਿਵਾਂਤ 'ਚ ਪੜ੍ਹਨ ਵਾਲੇ ਬੱਚੇ ਆਪ ਤਾਂ ਪੜ੍ਹਦੇ ਹੀ ਹਨ, ਨਾਲ ਹੀ ਦੂਜਿਆਂ ਨੂੰ ਪੜ੍ਹਾਉਣ ਦਾ ਕੰਮ ਵੀ ਕਰਦੇ ਹਨ। ਇੱਥੇ ਹਰੇਕ ਨੇਤਰਹੀਣ ਬੱਚੇ ਨੂੰ ਕੰਮ ਵੰਡਿਆ ਗਿਆ ਹੈ। ਇਹੋ ਕਾਰਣ ਹੈ ਕਿ ਅੱਜ ਇਨ੍ਹਾਂ ਨੇਤਰਹੀਣ ਬੱਚਿਆਂ ਵਿੱਚ ਸਵੈਮਾਣ ਕਿਸੇ ਆਮ ਇਨਸਾਨ ਤੋਂ ਘੱਟ ਨਹੀਂ ਹੈ।


ਲੇਖਕ : ਹਰੀਸ਼ ਬਿਸ਼ਟ

ਅਨੁਵਾਦ : ਮੇਹਤਾਬਉਦੀਨ