ਤੇਰਾਂ ਸਾਲ ਦਾ 'ਅਮਨ' ਲਿਆ ਰਿਹਾ ਹੈ ਬੱਚਿਆਂ ਦੀ ਜ਼ਿੰਦਗੀ ਵਿੱਚ ਸਿੱਖਿਆ ਨਾਲ ਤਬਦੀਲੀ

ਤੇਰਾਂ ਸਾਲ ਦਾ 'ਅਮਨ' ਲਿਆ ਰਿਹਾ ਹੈ ਬੱਚਿਆਂ ਦੀ ਜ਼ਿੰਦਗੀ ਵਿੱਚ ਸਿੱਖਿਆ ਨਾਲ ਤਬਦੀਲੀ

Monday November 09, 2015,

9 min Read

ਜਦੋਂ ਅਸੀਂ ਕਿਸੇ 13 ਸਾਲਾ ਲੜਕੇ ਬਾਰੇ ਗੱਲ ਕਰਦੇ ਹਾਂ ਤਾਂ ਉਨ੍ਹਾਂ ਦਾ ਇੱਕ ਵਿਸ਼ੇਸ਼ ਅਕਸ ਸਾਡੇ ਸਾਹਮਣੇ ਆਉਂਦਾ ਹੈ। ਸਾਨੂੰ ਉਹ ਬੇਸਬਰੀ ਨਾਲ ਸਕੂਲ ਦੀ ਛੁੱਟੀ ਦੀ ਟੱਲੀ ਵੱਜਣ ਦੀ ਉਡੀਕ ਕਰਦੇ ਦਿਖਾਈ ਦਿੰਦੇ ਹਨ ਤਾਂ ਜੋ ਉਹ ਅਸਲ ਵਿੱਚ ਆਪਣੀ ਮਰਜ਼ੀ ਨਾਲ ਜੋ ਕਰਨਾ ਚਾਹੁੰਦੇ ਹਨ, ਉਸ ਨੂੰ ਬੇਰੋਕ ਟੋਕ ਕਰ ਸਕਣ। ਅਮਨ ਵੀ ਅਜਿਹੇ ਹੀ ਸੁਪਨੇ ਦੇਖਣ ਵਾਲੇ ਮੁੰਡਿਆਂ ਵਰਗਾ ਹੀ ਹੈ, ਪਰ ਇੱਕ ਵਾਰੀ ਤੁਸੀਂ ਉਸ ਨੂੰ ਜਾਣਨ ਵਿੱਚ ਸਫ਼ਲ ਹੋ ਜਾਵੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਹੋਰਨਾਂ ਬੱਚਿਆਂ ਤੋਂ ਕਿਵੇਂ ਵੱਖਰਾ ਹੈ। ਅਮਨ ਨੇ ਬੀ ਐਮ ਸੀ (ਬ੍ਰਹਨ ਮੁੰਬਈ ਨਗਰ ਪਾਲਿਕਾ) ਵਜ਼ੀਫ਼ਾ ਪ੍ਰੀਖਿਆ ਬਿਹਤਰੀਨ ਅੰਕਾਂ ਨਾਲ ਪਾਸ ਕੀਤੀ ਅਤੇ ਉਹ ਮਹਾਂਰਾਸ਼ਟਰ ਵਿੱਚ ਸਭ ਤੋਂ ਵਧ ਅੰਕ ਹਾਸਲ ਕਰਨ ਵਾਲੇ ਸਿਖਰਲੇ ਦਸ ਵਿਦਿਆਰਥੀਆਂ ਵਿੱਚੋਂ ਇੱਕ ਹੈ। 13 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਅਮਨ ਸਮਾਜ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਰਿਹਾ ਹੈ। ਰੋਜ਼ਾਨਾ ਸਕੂਲ ਮਗਰੋਂ ਉਹ 'ਲਰਨਿੰਗ ਸਰਕਲ' ਚਲਾਉਂਦਾ ਹੈ, ਜਿਸ ਵਿੱਚ ਉਹ ਸਕੂਲ ਦੇ ਆਪਣੇ ਹਮ-ਉਮਰ ਸਾਥੀਆਂ ਅਤੇ ਅਜਿਹੇ ਬੱਚਿਆਂ ਜੋ ਕਿਸੇ ਕਾਰਨ ਸਿੱਖਿਆ ਤੋਂ ਵਾਂਝੇ ਹਨ ਅਤੇ ਪੜ੍ਹਨਾ ਚਾਹੁੰਦੇ ਹਨ, ਨੂੰ ਸਿਖਾਇਆ ਅਤੇ ਪੜ੍ਹਾਇਆ ਜਾਂਦਾ ਹੈ। ਅਮਨ ਬੋਰੀਵਲੀ ਦੇ ਖਾਦੀ ਭਾਈਚਾਰੇ ਤੋਂ ਆਉਂਦਾ ਹੈ ਅਤੇ ਉਸ ਦਾ ਪਰਿਵਾਰ ਬੇਹੱਦ ਸਧਾਰਨ ਪਿਛੋਕੜ ਵਾਲਾ ਰਿਹਾ ਹੈ। ਉਹ ਇੱਥੇ ਆਪਣੇ ਪਿਓ ਨਾਲ ਰਹਿੰਦਾ ਹੈ ਅਤੇ ਸਾਲ ਵਿੱਚ ਸਿਰਫ਼ ਦੋ ਵਾਰ ਆਪਣੀ ਮਾਂ ਨਾਲ ਮਿਲ ਪਾਉਂਦਾ ਹੈ ਕਿਉਂਕਿ ਉਹ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੀ ਦੇਖਭਾਲ ਲਈ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਰਹਿੰਦੀ ਹੈ।

image


'ਲਰਨਿੰਗ ਸਰਕਲ' ਦੀ ਸ਼ੁਰੂਆਤ

ਲਰਨਿੰਗ ਸਰਕਲ ਦਾ ਵਿਚਾਰ ਉਸ ਦੇ ਮਨ ਵਿੱਚ ਉਸ ਸਮੇਂ ਆਇਆ ਜਦੋਂ ਉਸ ਦੀ ਅਧਿਆਪਕਾ ਨੇ ਮੋਹਿਨੀ ਪਾਂਡੇ ਨੇ ਉਸ ਨੂੰ ਕਰਨ ਲਈ ਇੱਕ ਕੰਮ ਦਿੱਤਾ। ਮੋਹਿਨੀ ਟੀਚ ਫਾਰ ਇੰਡੀਆ ਦੀ ਸਾਬਕਾ ਵਿਦਿਆਰਥਣ ਹੈ ਅਤੇ ਉਸ ਨੇ ਅਪਰੈਲ 2015 ਵਿੱਚ ਆਪਣੀ ਫੈਲਸ਼ਿੱਪ ਪੂਰੀ ਕੀਤੀ ਹੈ। ਉਹ ਬੀਤੇ ਦੋ ਸਾਲਾਂ ਤੋਂ ਬੋਰੀਵਲੀ ਦੇ ਇੱਕਸਾਰ ਤਲਾਬ ਮਿਊਂਸਿਪਲ ਸਕੂਲ ਵਿੱਚ ਅਮਨ ਅਤੇ ਹੋਰਨਾਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਹੈ। ਉਹ ਸਾਨੂੰ ਉਸ ਕੰਮ ਪਿੱਛੇ ਦੀ ਪ੍ਰੇਰਨਾ ਬਾਰੇ ਦੱਸਦੀ ਹੈ ਜਿਸ ਦੇ ਚਲਦਿਆਂ ਲਰਨਿੰਗ ਸਰਕਲ ਅਤੇ ਸਟੂਡੈਂਟ ਲੀਡਰ ਵਰਗੇ ਪ੍ਰੋਗਰਾਮ ਅਸਲ ਸ਼ਕਲ ਲੈਣ ਵਿੱਚ ਕਾਮਯਾਬ ਹੋਏ।

"ਮੈਂ ਇੱਕ ਵੱਡੀ ਗਿਣਤੀ ਵਿੱਚ ਸੈਸ਼ਨ ਕਰਨ ਬਾਰੇ ਵਿਚਾਰ ਕਰਦੀ ਰਹਿੰਦੀ ਸੀ ਜਿਨ੍ਹਾਂ ਤੋਂ ਮੇਰਾ ਮਕਸਦ ਆਪਣੇ ਵਿਦਿਆਰਥੀਆਂ ਨੂੰ ਉਸ ਸਮਾਜ ਬਾਰੇ ਵੱਧ ਤੋਂ ਵੱਧ ਸਿੱਖਿਆ ਦੇਣਾ ਅਤੇ ਜਾਣਨ ਬਾਰੇ ਪ੍ਰੇਰਿਤ ਕਰਨਾ ਹੁੰਦਾ ਸੀ, ਜਿਸ ਵਿੱਚ ਉਹ ਰਹਿੰਦੇ ਹਨ। ਨਾਲ ਹੀ ਮੈਂ ਉਨ੍ਹਾਂ ਨੂੰ ਭਵਿੱਖੀ ਪ੍ਰੇਸ਼ਾਨੀਆਂ ਅਤੇ ਜ਼ਰੂਰਤਾਂ ਦੀ ਕਮੀ ਬਾਰੇ ਦੱਸਣ ਲਈ ਵੀ ਪ੍ਰੇਰਿਤ ਕਰਦੀ ਸੀ। ਮੈਂ ਉਨ੍ਹਾਂ ਦੇ ਦਿਮਾਗ ਵਿੱਚ ਇਹ ਤੱਥ ਬਿਠਾ ਦੇਣਾ ਚਾਹੁੰਦੀ ਸੀ ਕਿ ਅਸੀਂ ਲੋਕ ਮਿਲ ਕੇ ਇਸ ਦੁਨੀਆਂ ਨੂੰ ਰਹਿਣ ਲਈ ਬਿਹਤਰ ਸਥਾਨ ਬਣਾ ਸਕਦੇ ਹਾਂ ਅਤੇ ਅਜਿਹਾ ਕਰਨ ਲਈ ਸਾਨੂੰ ਦੂਜਿਆਂ ਦੀ ਉੁਡੀਕ ਕਰਨ ਥਾਂ ਬਸ ਖੁਦ ਇਕ ਕਦਮ ਅੱਗੇ ਵਧਾਉਣ ਦੀ ਜ਼ਰੂਰਤ ਹੈ।"

ਏਈਐਸਆਰ (ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ) ਦੀ ਸਾਲ 2014 ਦੀ ਰਿਪੋਰਟ ਅਨੁਸਾਰ ਪਿਛਲੇ ਛੇ ਸਾਲਾਂ ਵਿੱਚ ਸਕੂਲ ਵਿੱਚ ਨਾਂ ਦਰਜ ਕਰਾਉਣ ਵਾਲੇ 6 ਤੋਂ 14 ਸਾਲਾਂ ਦੇ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਇਸ ਕਹਾਣੀ ਦਾ ਦੂਜਾ ਪੱਖ ਵੀ ਹੈ। ਸਾਲ 2010 ਅਤੇ 2012 ਨੂੰ ਅਪਵਾਦ ਦੇ ਰੂਪ ਵਿੱਚ ਵੱਖ ਕਰ ਦਿੱਤਾ ਜਾਵੇ ਤਾਂ ਸਰਕਾਰੀ ਸਕੂਲਾਂ ਅਤੇ ਨਿੱਜੀ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਵਿੱਚ ਫਰਕ ਹਰ ਸਾਲ ਵਧਦਾ ਹੀ ਜਾ ਰਿਹਾ ਹੈ। ਜ਼ਾਹਿਰ ਹੈ ਕਿ ਇਸ ਗਿਣਤੀ ਵਿੱਚ ਸੁਧਾਰ ਲਿਆਉਣ ਲਈ ਤਬਦੀਲੀ ਅਤੇ ਨਜ਼ਰੀਆ ਦੋਵੇਂ ਹੀ ਬਦਲਣ ਦੀ ਜ਼ਰੂਰਤ ਹੈ।

ਇਹੀ ਫਰਕ ਅਮਨ ਅਤੇ ਉਸ ਦੇ ਕੁਝ ਸਹਿਪਾਠੀਆਂ ਨੇ ਮਹਿਸੂਸ ਕੀਤਾ ਜਦੋਂ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਉਨ੍ਹਾਂ ਨਾਲ ਪੜ੍ਹਨ ਵਾਲੇ ਕਈ ਸਾਥੀ ਕਲਾਸ ਦੇ ਵਿਦਿਅਕ ਪੱਧਰ ਦੀ ਬਰਾਬਰੀ ਕਰ ਸਕਣ ਵਿੱਚ ਖੁਦ ਨੂੰ ਅਸਫ਼ਲ ਪਾ ਰਹੇ ਹਨ। ਮੋਹਿਨੀ ਅੱਗੇ ਦੱਸਦੀ ਹੈ, "ਅਸੀਂ ਇਸ ਮੁੱਦੇ 'ਤੇ ਘੰਟਿਆਂਬੱਧੀ ਆਪਸ ਵਿੱਚ ਵਿਚਾਰਾਂ ਕੀਤੀਆਂ ਅਤੇ ਅਖੀਰ ਇਸ ਨਤੀਜੇ 'ਤੇ ਪਹੁੰਚੇ ਕਿ ਸਾਨੂੰ ਵਿਦਿਆਰਥੀਆਂ ਵੱਲੋਂ ਵਿਦਿਆਰਥੀਆਂ ਲਈ ਗੈਰ-ਰਸਮੀ 'ਲਰਨਿੰਗ ਸਰਕਲ' ਸ਼ੁਰੂ ਕਰਨਾ ਚਾਹੀਦਾ ਹੈ।

image


ਅਮਨ ਨੂੰ ਇਸ ਚੁਣੌਤੀ ਲਈ ਤਿਆਰ ਕਰਨ ਲਈ ਪ੍ਰੇਰਿਤ ਕਰਨ ਪਿੱਛੇ ਦਾ ਸਧਾਰਨ ਕਾਰਨ ਵੀ ਆਪਣੇ ਆਪ ਵਿੱਚ ਬੇਹੱਦ ਅਨੋਖਾ ਹੈ।

ਮੈਨੂੰ ਲਗਦਾ ਹੈ ਕਿ ਮੇਰੀ ਕਲਾਸ ਦੇ ਮੇਰੇ ਕੁਝ ਮਿੱਤਰ ਜੋ ਪੜ੍ਹਾਈ ਵਿੱਚ ਕਮਜ਼ੋਰ ਹਨ ਅਤੇ ਪਿੱਛੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਕਈ ਵਾਰ ਵਧੇਰੇ ਮਦਦ ਦੀ ਜ਼ਰੂਰਤ ਪੈਂਦੀ ਹੈ। ਕਈ ਵਾਰ ਅਧਿਆਪਕਾਂ ਕੋਲ ਕਰਨ ਲਈ ਬਹੁਤ ਸਾਰੇ ਪ੍ਰਸ਼ਾਸਕੀ ਕੰਮ ਵੀ ਹੁੰਦੇ ਹਨ, ਜਿਨ੍ਹਾਂ ਕਾਰਨ ਉਨ੍ਹਾਂ ਲਈ ਕਲਾਸ ਦੇ ਹਰ ਵਦਿਆਿਰਥੀ 'ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮੋਹਿਨੀ ਦੀਦੀ (ਅਧਿਆਪਕਾਂ ਨੂੰ ਦੀਦੀ ਜਾਂ ਭਾਅ ਜੀ ਕਹਿ ਕੇ ਉਨ੍ਹਾਂ ਨੂੰ ਵੱਡੇ ਭਰਾ ਜਾਂ ਭੈਣ ਦਾ ਦਰਜਾ ਦਿੱਤਾ ਜਾਂਦਾ ਹੈ) ਨੇ ਸਾਨੂੰ ਰੋਜ਼ਾਨਾ ਆਧਾਰ 'ਤੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਸਿਖਾਇਆ ਅਤੇ ਇਸੇ ਵਜ੍ਹਾ ਨਾਲ ਮੈਂ ਅੱਗੇ ਆ ਕੇ ਇਸ ਸਮੱਸਿਆ ਨੂੰ ਚੁਣੌਤੀ ਵਾਂਗ ਲੈਂਦਿਆਂ ਆਪਣੇ ਸਾਥੀਆਂ ਦੀ ਮਦਦ ਕਰਨ ਅਤੇ ਇੱਕ ਤਬਦੀਲੀ ਲਿਆਉਣ ਵਾਲਾ ਬਣਨ ਦਾ ਫੈਸਲਾ ਕੀਤਾ।"

ਵਿਦਿਆਰਥੀ ਇਹ ਕੰਮ ਕਿਵੇਂ ਕਰਦੇ ਹਨ

ਮੋਹਿਨੀ ਇਸ ਕੰਮ ਵਿੱਚ ਰਾਹ ਦਸੇਰੇ ਦੀ ਭੂਮਿਕਾ ਨਿਭਾਉਂਦੀ ਹੈ। ਉਹ ਲੰਘੇ ਦੋ ਸਾਲਾਂ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੈ, ਇਸ ਲਈ ਇਨ੍ਹਾਂ ਦਾ ਆਪਸ ਵਿੱਚ ਤਾਲਮੇਲ ਬਹੁਤ ਵਧੀਆ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਨ੍ਹਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਇਨ੍ਹਾਂ ਨੂੰ ਕੰਮ 'ਤੇ ਕਿਵੇਂ ਲਾਈ ਰੱਖਣਾ ਹੈ। ਉਨ੍ਹਾਂ ਨੇ ਇਸ ਵਿਚਾਰ ਨੂੰ ਸਭ ਤੋਂ ਪਹਿਲਾਂ ਆਪਣੇ ਸਕੂਲ ਵਿੱਚ ਅਮਲੀ ਜਾਮਾ ਪਹਿਨਾਉਂਦਿਆਂ ਅਜ਼ਮਾਇਆ ਅਤੇ ਨਤੀਜੇ ਬਹੁਤ ਸ਼ਾਨਦਾਰ ਰਹੇ। ਉਨ੍ਹਾਂ ਦੀ ਆਪਣੀ ਕਲਾਸ ਵਿੱਚ ਅੰਗਰੇਜ਼ੀ ਬੋਲਣ ਅਤੇ ਵਧੀਆ ਸੋਚਣ ਸ਼ਕਤੀ ਦੇ ਕੌਸ਼ਲ ਵਿੱਚ ਬਹੁਤ ਸੁਧਾਰ ਆਇਆ। ਹੋਰਨਾਂ ਵਿਸ਼ਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਇਕਾਈ ਵਿੱਚ ਉਨ੍ਹਾਂ ਨੇ ਘੱਟ ਤੋਂ ਘੱਟ 0æ5 ਫੀਸਦੀ ਵਾਧਾ ਹਾਸਲ ਕੀਤਾ ਸੀ। ਇਸ ਤੋਂ ਬਿਨਾਂ ਮੋਹਿਨੀ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਦੋਸਤਾਨਾ ਵਿਹਾਰ ਉਨ੍ਹਾਂ ਦੇ ਇਸ ਪ੍ਰਾਜੈਕਟ ਦੀ ਕਾਮਯਾਬੀ ਦਾ ਇਕ ਹੋਰ ਕਾਰਨ ਬਣਿਆ। ਇੱਕ ਵਾਰ ਵਧੀਆ ਨਤੀਜੇ ਆਉਣ ਮਗਰੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਟੀਮ ਦਾ ਉਤਸ਼ਾਹ ਵਧਿਆ ਅਤੇ ਉਨ੍ਹਾਂ ਇਸ ਵਿਚਾਰ ਵਿੱਚ ਕੁਝ ਹੋਰ ਸੁਧਾਰ ਕਰਦਿਆਂ ਬੱਚਿਆਂ ਨੂੰ ਇਸ ਨੂੰ ਆਪਣੇ ਸਕੂਲ ਤੋਂ ਬਾਹਰ ਫੈਲਾਉਣ ਲਈ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਦੀ ਇਹ ਕੋਸ਼ਸ਼ਿ ਰਹੀ ਕਿ ਹੁਣ ਉਨ੍ਹਾਂ ਦੀ ਟੀਮ ਬੱਚਿਆਂ ਨੂੰ ਕੇਂਦਰਿਤ ਕਰਕੇ ਅੱਗੇ ਵਧੇ ਜੋ ਸਕੂਲ ਜਾਣ ਤੋ ਅਸਮਰੱਥ ਹਨ।

'ਲਰਨਿੰਗ ਸਰਕਲ' ਰੋਜ਼ਾਨਾ ਸਕੂਲ ਮਗਰੋਂ ਡੇਢ ਘੰਟੇ ਲਈ ਚਲਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਸਟੂਡੈਂਟ ਲੀਡਰ ਦੇ ਘਰ ਜਾਂਦੇ ਹਨ। ਜੇਕਰ ਕਿਸੇ ਕਾਰਨ ਵਿਦਿਆਰਥੀ ਮੁਹੱਈਆ ਨਹੀਂ ਹੁੰਂਦੇ ਤਾਂ ਵੀ ਇਨ੍ਹਾਂ ਦਾ ਕੰਮ ਰੁਕਦਾ ਨਹੀਂ ਅਤੇ ਉਸ ਦਿਨ ਇਹ ਸੈਸ਼ਨ ਸਮੂਹ ਨਾਲ ਜੁੜੇ ਕਿਸੇ ਹੋਰ ਮੈਂਬਰ ਦੇ ਘਰ ਕੀਤਾ ਜਾਂਦਾ ਹੈ। ਅਮਨ ਨੇ ਦੱਸਿਆ ਕਿ ਉਨ੍ਹਾਂ ਦਾ ਸਰਕਲ ਕੰਮ ਕਿਵੇਂ ਕਰਦਾ ਹੈ। "ਸਭ ਤੋਂ ਪਹਿਲਾਂ ਅਸੀਂ ਆਪਣੇ ਸਮੂਹ ਨੂੰ ਮੌਜੂਦਾ ਗਰੇਡ ਪੱਧਰ ਦੇ ਅਧਾਰ 'ਤੇ ਛੋਟੇ ਛੋਟੇ ਸਮੂਹਾਂ ਵਿੱਚ ਵੰਡਦੇ ਹਾਂ। ਇਸ ਮਗਰੋਂ ਅਸੀਂ ਆਪਣੇ ਉਸ ਦਿਨ ਦੇ ਟੀਚੇ ਤਿਆਰ ਕਰਦੇ ਹੋਏ ਸਾਰੇ ਸਾਥੀਆਂ ਨਾਲ 'ਲਰਨਿੰਗ ਸਰਕਲ' ਵਿੱਚ ਸ਼ਾਮਲ ਹੁੰਦੇ ਹਾਂ ਤਾਂ ਜੋ ਹਰ ਕੋਈ ਟੀਮ ਵਰਕ ਦੇ ਮਹੱਤਵ ਤੋਂ ਜਾਣੂ ਹੋ ਸਕੇ। ਹਰ ਸੈਸ਼ਨ ਮਗਰੋਂ ਸਾਰੇ ਸਾਥੀਆਂ ਨੂੰ ਸਿੱਖੇ ਹੋਏ ਕੰਮ ਦੇ ਅਭਿਆਸ ਲਈ ਵਰਕ ਸ਼ੀਟ ਦਿੱਤੀ ਜਾਂਦੀ ਹੈ। ਇਸ ਮਗਰੋਂ ਸਾਰੇ ਸਟੂਡੈਂਟ ਲੀਡਰ ਇਕੱਠੇ ਬੈਠਦੇ ਹਨ ਅਤੇ ਵਿਕਾਸ ਨੂੰ ਮਾਪਣ ਲਈ ਟੈਸਟ ਪੇਪਰ ਤਿਆਰ ਕਰਦੇ ਹਨ।"

image


ਇਸ ਤੋਂ ਬਿਨਾਂ ਇਨ੍ਹਾਂ ਦੇ 'ਲਰਨਿੰਗ ਸਰਕਲ' ਦੇ ਸਾਰੇ ਸਾਥੀ ਆਪਣੇ ਸੈਸ਼ਨ ਅਤੇ ਲੀਡਰਾਂ ਬਾਰੇ ਆਪਣੇ ਵਿਚਾਰਾਂ ਤੋਂ ਵੀ ਇਸ ਟੀਮ ਨੂੰ ਜਾਣੂ ਕਰਵਾਉਂਦੇ ਹਨ।

ਜਿਵੇਂ ਜਿਵੇਂ 'ਲਰਨਿੰਗ ਸਰਕਲ' ਮਜ਼ਬੂਤ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸ ਨੂੰ ਹੋਰਨਾਂ ਖੇਤਰਾਂ ਵਿੱਚ ਦੁਹਰਾਇਆ ਜਾਂਦਾ ਹੈ। 'ਲਰਨਿੰਗ ਸਰਕਲ' ਸਿਰਫ਼ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਅੱਗੇ ਆਉਣ ਲਈ ਪ੍ਰੇਰਿਤ ਨਹੀਂ ਕਰ ਰਿਹਾ ਬਲਕਿ ਉਮੀਦ ਤੋਂ ਵਧ ਪ੍ਰਦਰਸ਼ਨ ਕਰਨ ਦਾ ਜਜ਼ਬਾ ਵੀ ਜਗਾ ਰਿਹਾ ਹੈ। ਅਮਨ ਦੱਸਦਾ ਹੈ,

"ਸਾਡੇ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਸਾਰੇ ਸਾਥੀ ਕਿਉਂਕਿ ਆਪਸ ਵਿੱਚ ਇੱਕ ਦੂਜੇ ਦੀਆਂ ਸਮਰਥਾਵਾਂ ਤੋਂ ਕਾਫੀ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ, ਇਸ ਲਈ ਉਹ 'ਲਰਨਿੰਗ ਸਰਕਲ' ਵਿੱਚ ਇੱਕ ਦੂਜੇ ਨਾਲ ਬੈਠਦੇ ਹੋਏ ਇੱਕ ਦੂਜੇ ਦੀਆਂ ਸਮਰਥਾਵਾਂ ਨੂੰ ਹੋਰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੋਹਿਨੀ ਦੀਦੀ ਵੱਲੋਂ ਤੈਅ ਕੀਤੇ ਗਏ ਟੀਚਿਆਂ ਅਤੇ ਨਜ਼ਰੀਏ ਨੂੰ ਸੈਸ਼ਨਾਂ ਦੀ ਮਦਦ ਨਾਲ ਹੋਰ ਸੁਧਾਰਿਆ ਜਾਵੇ। ਅਸੀਂ ਉਸੇ ਅਧਾਰ 'ਤੇ ਆਪਣੇ ਟੀਚਿਆਂ ਨੂੰ ਵੰਡ ਦਿੰਦੇ ਹਾਂ। ਅਸੀਂ ਸਾਰੇ ਵਿਸ਼ਿਆਂ ਸਬੰਧੀ ਅਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਮੋਹਿਨੀ ਦੀਦੀ ਵੱਲੋਂ ਦੱਸੀਆਂ ਗਈਆਂ ਬੁਨਿਆਦੀ ਯੋਜਨਾਵਾਂ ਦਾ ਪਾਲਣ ਕਰਦੇ ਹਾਂ। ਹੁਣ ਅਸੀਂ ਆਪਣੇ ਸਮੂਹ ਲਈ ਆਪਣੀਆਂ ਖੁਦ ਦੀਆਂ ਯੋਜਨਾਵਾਂ ਤਿਆਰ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।"

ਚੀਜ਼ਾਂ ਦੀ ਤਬਦੀਲੀ

ਸਿਰਫ਼ ਮੋਹਿਨੀ ਵੱਲੋਂ ਦਿੱਤਾ ਗਿਆ ਕੰਮ ਅਤੇ ਉਸ ਦੀ ਪ੍ਰੇਰਨਾ ਹੀ ਇਨ੍ਹਾਂ ਦੀ ਸਫ਼ਲਤਾ ਦਾ ਮੁੱਖ ਕਾਰਨ ਨਹੀਂ ਹੈ। ਹੁਣ ਜਦੋਂ ਇਹ ਮੁਹਿੰਮ ਕਾਮਯਾਬੀ ਦੇ ਝੰਡੇ ਗੱਡ ਚੁੱਕੀ ਹੈ ਤਾਂ ਉਹ ਪਿੱਛੇ ਦੇਖਦੇ ਹੋਏ ਰਾਹ ਦੇ ਜੋਖਮਾਂ ਬਾਰੇ ਗੱਲ ਕਰਦੀ ਹੈ।

"ਇਸ ਸਾਰੀ ਪ੍ਰਕਿਰਿਆ ਦੌਰਾਨ ਮੈਂ ਦੇਖਿਆ ਕਿ ਮੈਂ ਆਪਣੇ ਸਾਰੇ ਵਿਦਿਆਰਥੀਆਂ ਵਿੱਚ ਜੋਖਮ ਲੈਣ ਦਾ ਜਜ਼ਬਾ ਪੈਦਾ ਕਰ ਦਿੱਤਾ ਹੈ ਅਤੇ ਹੁਣ ਉਹ ਸਿਰਫ਼ ਆਪਣੇ ਲਈ ਨਾ ਸੋਚ ਕੇ ਦੂਜਿਆਂ ਲਈ ਵੀ ਸੋਚਣ ਲੱਗੇ ਹਨ। ਇਸੇ ਦੇ ਮੱਦੇਨਜ਼ਰ ਉਨ੍ਹਾਂ ਵਿੱਚ ਅਚਾਨਕ ਬਹੁਤ ਤਬਦੀਲੀ ਆਈ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਬਹੁਤ ਹੀ ਪਿਆਰ ਤੇ ਸਨਮਾਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹਨ। ਉਹ ਹੁਣ ਪਹਿਲਾਂ ਤੋਂ ਵਧੇਰੇ ਆਜ਼ਾਦ ਮਨੁੱਖ 'ਚ ਤਬਦੀਲ ਹੋ ਗਏ ਹਨ ਅਤੇ ਮੈਨੂੰ ਯਕੀਨ ਹੈ ਕਿ ਜਿਵੇਂ ਜਿਵੇਂ ਇਹ ਵੱਡੇ ਹੋਣਗੇ ਤਾਂ ਉਹ ਇਸ ਸਮੇਂ ਹਾਸਲ ਕੀਤੇ ਗਿਆਨ ਅਤੇ ਸਿੱਖਿਆ ਨਾਲ ਸਮਾਜ ਅਤੇ ਆਪਣੇ ਭਾਈਚਾਰੇ ਦਾ ਭਵਿੱਖ ਸੁਧਾਰਨ ਵਿੱਚ ਕਾਮਯਾਬ ਰਹਿਣਗੇ।"

ਅਮਨ ਵਿੱਚ ਆਈ ਤਬਦੀਲੀ ਨੂੰ ਦੇਖ ਕੇ ਉਹ ਕਹਿੰਦੀ ਹੈ ਕਿ ਹੁਣ ਉਹ ਇੱਕ ਠਰ੍ਹੰਮੇ ਵਾਲੇ ਮੁੰਡੇ ਵਾਂਗ ਹੋ ਗਿਆ ਹੈ ਜੋ ਦੂਜਿਆਂ ਦੀਆਂ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਜ਼ਿੰਮੇਵਾਰੀ ਨਾਲ ਪ੍ਰਤੀਕਿਰਿਆ ਦਿੰਦਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ 'ਲਰਨਿੰਗ ਸਰਕਲ' ਦੇ ਹੋਰਨਾਂ ਵਿਦਿਆਰਥੀਆਂ ਪ੍ਰਤੀ ਉਸ ਦੇ ਰਵੱਈਏ ਵਿੱਚ ਆਈ ਤਬਦੀਲੀ ਨੂੰ ਵੀ ਦੇਖਣ ਵਿੱਚ ਸਫ਼ਲ ਹੋ ਰਹੀ ਹੈ। ਨਾਲ ਉਸ ਦੇ ਮਹੱਤਵਪੂਰਨ ਸੋਚ ਕੌਸ਼ਲ ਵਿੱਚ ਵੀ ਵਾਧਾ ਹੋਇਆ ਹੈ।

ਅਮਨ ਦਾ ਸੁਪਨਾ- ਮਾਸੂਮ, ਵਿਹਾਰਕ ਅਤੇ ਵਿਸ਼ਾਲ

ਅਮਨ ਸਾਨੂੰ ਦੱਸਦਾ ਹੈ ਕਿ ਸਿਰਫ਼ 'ਲਰਨਿੰਗ ਸਰਕਲ' ਕਾਰਨ ਉਹ ਵਧ ਆਤਮ ਵਿਸ਼ਵਾਸੀ ਹੋ ਗਿਆ ਹੈ। ਉਹ ਅੱਗੇ ਦੱਸਦਾ ਹੈ, "ਮੈਂ ਹੁਣ ਸੈਲਫ-ਐਕਸ਼ਨ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਜਾਣਦਾ ਅਤੇ ਸਮਝਦਾ ਹਾਂ।" ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਵੱਡਾ ਹੋ ਕੇ ਕੀ ਬਣਨਾ ਚਹੁੰਦਾ ਹੈ ਤਾਂ ਉਸ ਨੇ ਤੁਰੰਤ ਜਵਾਬ ਦਿੱਤਾ,

"ਮੇਰਾ ਸੁਪਨਾ ਰਾਜਨੀਤੀ ਵਿੱਚ ਸ਼ਾਮਲ ਹੋ ਕੇ ਇੱਕ ਦਿਨ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦਾ ਹੈ।"

ਹੋ ਸਕਦਾ ਹੈ ਕਿ ਇੱਕ ਨੌਜਵਾਨ ਵਜੋਂ ਤੁਹਾਨੂੰ ਇੱਕ ਪਲ ਲਈ ਅਮਨ ਦੀ ਇਹ ਗੱਲ ਯਥਾਰਥਵਾਦੀ ਨਾ ਲੱਗੇ, ਪਰ ਅੱਗੇ ਉਹ ਜੋ ਕੁਝ ਵੀ ਕਹਿੰਦਾ ਹੈ, ਉਹ ਉਸ ਦੇ ਭਵਿੱਖ ਦੇ ਸੁਪਨਿਆਂ ਦੀ ਪੁਸ਼ਟੀ ਕਰਨ ਵਿੱਚ ਮਦਦ ਕਰਦਾ ਹੈ-

"ਜੇਕਰ ਮੈਂ ਅਜਿਹਾ ਕਰਨ ਵਿੱਚ ਅਸਫ਼ਲ ਰਹਿੰਦਾ ਹਾਂ ਤਾਂ ਮੈਂ ਦੇਸ਼ ਦੇ ਰਾਜਨੀਤੀ ਸਿਸਟਮ ਦਾ ਹਿੱਸਾ ਬਣ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਾਨਸਿਕਤਾ ਬਦਲਣ ਦੀ ਕੋਸ਼ਿਸ਼ ਕਰਾਂਗਾ ਅਤੇ ਜੇਕਰ ਮੈਂ ਅਜਿਹਾ ਕਰਨ ਵਿੱਚ ਕਾਮਯਾਬ ਰਹਿੰਦਾ ਹਾਂ ਤਾਂ ਭਾਰਤ ਇੱਕ ਹੋਰ ਵਿਕਸਤ ਦੇਸ਼ ਬਣ ਜਾਵੇਗਾ ਅਤੇ ਸਮਾਜ ਦੇ ਹਰ ਤਬਕੇ ਲਈ ਰਹਿਣ ਵਾਸਤੇ ਵਧੀਆ ਜਗ੍ਹਾ ਦੇ ਰੂਪ ਵਿੱਚ ਸਾਹਮਣੇ ਆਵੇਗਾ।"

ਅਮਨ ਆਪਣੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸਫਲ ਹੁੰਦਾ ਹੈ ਜਾਂ ਨਹੀਂ ਇਹ ਮਹੱਤਵਪੂਰਨ ਨਹੀਂ ਹੈ। ਇਸ ਕਹਾਣੀ ਦਾ ਸਕਾਰਾਤਮਕ ਸਾਰ ਇਹ ਹੈ ਕਿ ਸਾਡੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਵਿੱਚ ਹੁਣ ਵੀ 13 ਸਾਲ ਦੇ ਅਜਿਹੇ ਬੱਚੇ ਮੌਜੂਦ ਹਨ ਜੋ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਉਸ 'ਚੋਂ ਬਾਹਰ ਕੱਢਣ ਦੇ ਸਾਧਨਾਂ ਨੂੰ ਲੱਭਣ ਵਿੱਚ ਜੀਅ-ਜਾਨ ਨਾਲ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਮਦਦ ਲਈ ਸਕਾਰਾਤਮਕ ਕਦਮ ਚੁੱਕ ਰਹੇ ਹਨ। ਫਿਰ ਤੁਸੀਂ ਵੀ ਅਮਨ ਅਤੇ ਉਸ ਵਰਗੇ ਹੋਰਨਾਂ ਲੋਕਾਂ ਲਈ ਵਾਹ-ਵਾਹ ਕਰੋ। ਰੱਬ ਕਰੇ ਕਿ ਉਨ੍ਹਾਂ ਵਰਗਿਆਂ ਦੀ ਗਿਣਤੀ ਵਿੱਚ ਵਾਧਾ ਹੋ ਜਾਵੇ।