'ਸੰਗੀਤ-ਸੂਰਜ' ਪੰਡਤ ਜਸਰਾਜ ਦੇ ਸੰਘਰਸ਼ ਦੀ ਅਣਛੋਹੀ ਕਹਾਣੀ

'ਸੰਗੀਤ-ਸੂਰਜ' ਪੰਡਤ ਜਸਰਾਜ ਦੇ ਸੰਘਰਸ਼ ਦੀ ਅਣਛੋਹੀ ਕਹਾਣੀ

Monday November 30, 2015,

5 min Read

ਨੌਜਵਾਨ ਜਸਰਾਜ ਜਦੋਂ ਪੈਦਲ ਦੱਖਣੀ ਕੋਲਕਾਤਾ ਤੋਂ ਕੇਂਦਰੀ ਕੋਲਕਾਤਾ ਤੱਕ ਮਾਂ ਲਈ ਦਵਾਈਆਂ ਲਭਦੇ ਘੁੰਮ ਰਹੇ ਸਨ

ਕਿਸੇ ਵੀ ਕਾਮਯਾਬੀ ਪਿੱਛੇ ਸੰਘਰਸ਼ ਦੀ ਇੱਕ ਲੰਮੀ ਦਾਸਤਾਨ ਲੁਕੀ ਹੁੰਦੀ ਹੈ। ਸੰਘਰਸ਼ ਦੀਆਂ ਕਹਾਣੀਆਂ ਕਦੀ-ਕਦਾਈਂ ਤਾਂ ਕਿਸੇ ਨੂੰ ਪਤਾ ਚੱਲ ਜਾਂਦੀਆਂ ਹਨ ਪਰ ਕਦੇ-ਕਦੇ ਉਹ ਕਹਾਣੀਆਂ, ਉਹ ਘਟਨਾਵਾਂ ਕਾਮਯਾਬੀ ਦੀਆਂ ਤੈਹਾਂ ਵਿੱਚ ਗੁੰਮ ਹੋ ਜਾਂਦੀਆਂ ਹਨ। ਬਹੁਤ ਔਖਿਆਂ ਹੀ ਫਿਰ ਉਹ ਤੈਹਾਂ ਕਿਸੇ ਦਿਨ ਖੁੱਲ੍ਹਦੀਆਂ ਜਾਂਦੀਆਂ ਹਨ ਅਤੇ ਸੰਘਰਸ਼ ਦੇ ਅਣਛੋਹੇ ਪੱਖ ਸਾਹਮਣੇ ਆਉਂਦੇ ਰਹਿੰਦੇ ਹਨ। ਭਾਰਤੀ ਸੰਗੀਤ ਦੇ ਆਕਾਸ਼ ਉਤੇ ਲੰਮੇ ਸਮੇਂ ਤੱਕ ਸੂਰਜ ਬਣ ਕੇ ਚਮਕਦੇ ਰਹੇ 'ਸੰਗੀਤ-ਸੂਰਜ' (ਸੰਗੀਤ ਮਾਰਤੰਡ) ਪੰਡਤ ਜਸਰਾਜ ਅੱਜ ਇਸ ਦੁਨੀਆਂ ਦੀ ਸਭ ਤੋਂ ਵਿਲੱਖਣ ਸ਼ਖ਼ਸੀਅਤ ਵਜੋਂ ਮੌਜੂਦ ਹਨ। ਪੂਰਾ ਸਾਲ ਉਹ ਕਿਤੇ ਵੀ ਰਹਿਣ, ਪਰ ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਉਹ ਹੈਦਰਾਬਾਦ ਜ਼ਰੂਰ ਆਉਂਦੇ ਹਨ ਅਤੇ ਜਦੋਂ ਉਹ ਹੈਦਰਾਬਾਦ ਆਉਂਦੇ ਹਨ, ਤਾਂ ਉਨ੍ਹਾਂ ਦੇ ਸੰਘਰਸ਼ਾਂ ਦੀਆਂ ਯਾਦਾਂ ਵੀ ਪਰਤ ਆਉਂਦੀਆਂ ਹਨ। ਹੈਦਰਾਬਾਦ ਵਿੱਚ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਨ ਲਈ ਇੱਕੋ ਥਾਂ ਹੈ ਅਤੇ ਉਹ ਹੈ, ਉਨ੍ਹਾਂ ਦੇ ਪਿਤਾ ਦੀ ਸਮਾਧੀ, ਜਿੱਥੇ ਉਹ ਘੰਟਿਆਂ ਬੱਧੀ ਬਹਿ ਕੇ ਸੰਗੀਤ ਦੀ ਉਸ ਦੇਣ ਨੂੰ ਯਾਦ ਕਰਦੇ ਹਨ, ਜੋ ਉਨ੍ਹਾਂ ਨੂੰ ਆਪਣੇ ਪਿਤਾ ਜੀ ਤੋਂ ਮਿਲੀ ਸੀ। ਚਾਰ-ਪੰਜ ਸਾਲਾਂ ਦੀ ਉਮਰ ਬਹੁਤ ਜ਼ਿਆਦਾ ਨਹੀਂ ਹੁੰਦੀ ਅਤੇ ਉਸ ਉਮਰ ਵਿੱਚ ਪਿਤਾ ਤੋਂ ਸਦਾ ਲਈ ਵਿੱਛੜਨ ਦਾ ਦਰਦ ਉਹੀ ਜਾਣ ਸਕਦਾ ਹੈ, ਜਿਸ ਉਤੇ ਉਹ ਬੀਤੀ ਹੈ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ, ਸੰਘਰਸ਼ ਦਾ ਲੰਮਾ ਸਿਲਸਿਲਾ।

image


ਹੈਦਰਾਬਾਦ ਅੰਬਰਪੇਟ ਵਿਖੇ ਪਿਤਾ ਦੀ ਸਮਾਧੀ ਕੋਲ 'ਯੂਅਰ ਸਟੋਰੀ' ਦੇ ਡਾ. ਅਰਵਿੰਦ ਯਾਦਵ ਨਾਲ ਇੱਕ ਬੇਹੱਦ ਨਿਜੀ ਗੱਲਬਾਤ ਦੌਰਾਨ ਪੰਡਤ ਜੀ ਨੇ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਆਪਣੀ ਇਸ ਕਾਮਯਾਬੀ ਪਿੱਛੇ ਲੁਕੇ ਪੱਖਾਂ ਬਾਰੇ ਪੰਡਤ ਜਸਰਾਜ ਸਪੱਸ਼ਟ ਤੌਰ ਉਤੇ ਪ੍ਰਵਾਨ ਕਰਦੇ ਹਨ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਹੈ, ਸਗੋਂ ਹਰ ਦਿਨ ਅਤੇ ਹਰ ਛਿਣ ਨੂੰ ਵੀ ਉਹ ਸੰਘਰਸ਼ ਹੀ ਮੰਨਦੇ ਹਨ।

image


ਅੱਜ ਜੋ ਕਹਾਣੀ ਅਸੀਂ ਸੁਣਾ ਰਹੇ ਹਾਂ, ਉਹ ਕਹਾਣੀ ਕੋਲਕਾਤਾ ਦੀਆਂ ਗਲ਼ੀਆਂ ਵਿੱਚ ਮਾਂ ਦੀਆਂ ਦਵਾਈਆਂ ਲਈ ਭਟਕਦੇ ਨੌਜਵਾਨ ਜਸਰਾਜ ਦੀ ਹੈ। ਉਨ੍ਹਾਂ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਪੰਡਤ ਜਸਰਾਜ ਆਖਦੇ ਹਨ,''ਪਿਤਾ ਦੀ ਸੇਵਾ ਨਹੀਂ ਕਰ ਸਕਿਆ ਸਾਂ। ਮਾਂ ਨਾਲ ਸੀ ਪਰ ਉਨ੍ਹਾਂ ਨੂੰ ਕੈਂਸਰ ਨੇ ਆਣ ਘੇਰਿਆ। 1950 ਦੇ ਦਹਾਕੇ ਵਿੱਚ ਕੈਂਸਰ ਦਾ ਹੋਣਾ ਕੀ ਹੋ ਸਕਦਾ ਹੈ, ਹੁਣ ਇਸ ਦਾ ਅੰਦਾਜ਼ਾ ਲਾਉਣਾ ਔਖਾ ਹੈ। ਡਾਕਟਰ ਦੀਆਂ ਲਿਖੀਆਂ ਦਵਾਈਆਂ ਲਭਦਾ-ਲਭਦਾ ਪੈਦਲ ਹੀ ਦੱਖਣੀ ਕੋਲਕਾਤਾ ਤੋਂ ਕੇਂਦਰੀ ਕੋਲਕਾਤਾ ਪੁੱਜਾ। ਦਵਾਈਆਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਤਾਂ ਸਨ ਪਰ ਉਦੋਂ ਕੈਂਸਰ ਦੀਆਂ ਉਹ ਖ਼ਾਸ ਦਵਾਈਆਂ ਛੇਤੀ ਕਿਤੇ ਉਪਲਬਧ ਨਹੀਂ ਹੁੰਦੀਆਂ ਸਨ। ਜਦੋਂ ਆਖ਼ਰ ਇੱਕ ਦੁਕਾਨ ਉਤੇ ਦਵਾਈਆਂ ਮਿਲੀਆਂ, ਤਾਂ ਜੇਬ ਵਿੱਚ ਓਨੇ ਰੁਪਏ ਨਹੀਂ ਸਨ, ਜਿੰਨੀਆਂ ਮਹਿੰਗੀਆਂ ਉਹ ਦਵਾਈਆਂ ਸਨ। ਜੇਬ ਵਿਚੋਂ ਜਿੰਨੇ ਵੀ ਰੁਪਏ ਨਿੱਕਲ ਸਕਦੇ ਹਨ, ਕੱਢਣ ਤੋਂ ਬਾਅਦ ਮੈਂ ਕਿਹਾ ਕਿ ਬਾਕੀ ਪੈਸੇ ਬਾਅਦ 'ਚ ਦੇ ਦੇਵਾਂਗਾ। ਦਵਾਈ ਦੀ ਦੁਕਾਨ ਵਾਲੇ ਦਾ ਜਵਾਬ ਸੀ ਕਿ ਦਵਾਈਆਂ ਦੀ ਦੁਕਾਨ ਉਤੇ ਕਦੇ ਉਧਾਰ ਸੁਣਿਆ ਹੈ? ਪਰ ਉਸੇ ਸਮੇਂ ਕਿਸੇ ਨੇ ਆਪਣਾ ਹੱਥ ਮੇਰੇ ਮੋਢੇ ਉਤੇ ਰੱਖਿਆ ਅਤੇ ਦੁਕਾਨਦਾਰ ਨੂੰ ਕਿਹਾ ਕਿ ਜਿੰਨੇ ਰੁਪਏ ਬਣਦੇ ਹਨ, ਲੈ ਲਓ ਅਤੇ ਪੂਰੀਆਂ ਦਵਾਈਆਂ ਦੇ ਦੇਵੋ, ਬਾਕੀ ਰੁਪਏ ਮੇਰੇ ਖਾਤੇ ਵਿੱਚ ਲਿਖ ਲੈਣਾ। ... ਉਹ ਦੁਕਾਨ ਦੇ ਮਾਲਕ ਸਨ। ਪਤਾ ਨਹੀਂ ਮੈਨੂੰ ਕਿਵੇਂ ਜਾਣਦੇ ਸਨ!''

image


ਪੰਡਤ ਜਸਰਾਜ ਮੰਨਦੇ ਹਨ ਕਿ ਸੰਘਰਸ਼, ਮਿਹਨਤ, ਮੁਸ਼ੱਕਤ, ਅਭਿਆਸ (ਰਿਆਜ਼) ਸਾਰੀਆਂ ਚੀਜ਼ਾਂ ਜੀਵਨ ਵਿੱਚ ਜ਼ਰੂਰੀ ਹਨ ਪਰ ਉਨ੍ਹਾਂ ਸਭ ਦੇ ਨਾਲ ਉਪਰ ਵਾਲ਼ੇ ਦੀ ਮਿਹਰਬਾਨੀ ਵੀ ਜ਼ਰੂਰੀ ਹੈ। ਉਹੀ ਸੰਘਰਸ਼ ਵਿੱਚ ਸਾਥ ਦਿੰਦਾ ਹੈ। ਪੰਡਤ ਜੀ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਲੋਕਾਂ ਨੂੰ ਜ਼ਮੀਨ ਤੋਂ ਆਕਾਸ਼ ਦਾ ਰਾਹ ਵਿਖਾਇਆ ਹੈ। ਉਨ੍ਹਾਂ ਦੇ ਜੀਵਨ ਦੀਆਂ ਕਈ ਕਹਾਣੀਆਂ ਹਨ, ਜੋ ਲੋਕਾਂ ਨੂੰ ਨਵੀਂ ਰਾਹ ਵਿਖਾ ਸਕਦੀਆਂ ਹਨ। ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਪੰਡਤ ਜੀ ਦਸਦੇ ਹਨ,''ਮਾਂ ਲਈ ਦਵਾਈਆਂ ਦਾ ਇੰਤਜ਼ਾਮ ਤਾਂ ਹੋ ਗਿਆ ਸੀ। ਡਾਕਟਰ ਨੇ ਕਿਹਾ ਸੀ ਕਿ ਦਿਨ ਵਿੱਚ ਦੋ ਵਾਰ ਉਨ੍ਹਾਂ ਨੂੰ ਇੰਜੈਕਸ਼ਨ ਲਾਉਣਾ ਹੋਵੇਗਾ। ਇਸ ਲਈ ਡਾਕਟਰ ਨੇ ਇੱਕ ਵਾਰ ਘਰ ਆਉਣ ਦੇ 15 ਰੁਪਏ ਲੈਣੇ ਸਨ। ਤਦ ਇੱਕ ਦਿਨ ਵਿੱਚ 30 ਰੁਪਏ ਇਕੱਠੇ ਕਰਨਾ ਬਹੁਤ ਔਖਾ ਕੰਮ ਸੀ, ਪਰ ਸੁਆਲ ਮਾਂ ਦਾ ਸੀ। ਮੈਂ ਹਾਂ ਕਰ ਦਿੱਤੀ। ਜਦੋਂ ਡਾਕਟਰ ਸਾਹਿਬ ਇੰਜੈਕਸ਼ਨ ਲਾ ਕੇ ਵਾਪਸ ਜਾ ਰਹੇ ਸਨ, ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅੱਜ ਸ਼ਾਮੀਂ ਆੱਲ ਇੰਡੀਆ ਰੇਡੀਓ ਜ਼ਰੂਰ ਸੁਣਨਾ, ਉਸ ਉਤੇ ਮੈਂ ਗਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਗਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਮੈਂ ਆਪਣੀ ਭਾਣਜੀ ਦੇ ਘਰ ਪਾਰਟੀ ਉਤੇ ਜਾ ਰਿਹਾ ਹਾਂ। ...ਮੈਂ ਨਿਰਾਸ਼ ਹੋ ਗਿਆ, ਪਰ ਜਦੋਂ ਦੂਜੇ ਦਿਨ ਡਾਕਟਰ ਸਾਹਿਬ ਆਏ, ਤਾਂ ਉਨ੍ਹਾਂ ਦਾ ਰੌਂਅ ਬਿਲਕੁਲ ਹੀ ਬਦਲਿਆ ਹੋਇਆ ਸੀ। ਉਨ੍ਹਾਂ ਕਿਹਾ,''ਮੈਂ ਤੇਰਾ ਗਾਣਾ ਸੁਣਿਆ, ਪਤਾ ਹੈ, ਇਹ ਗਾਣਾ ਮੈਂ ਆਪਣੀ ਭਾਣਜੀ ਦੇ ਘਰ ਸੁਣਿਆ ਸੀ ਤੇ ਭਾਣਜੀ ਨੇ ਕਿਹਾ ਕਿ ਇਸ ਗਾਉਣ ਵਾਲਿਆਂ ਕੋਲ ਪੈਸੇ ਨਹੀਂ ਹੁੰਦੇ।'' ...ਉਨ੍ਹਾਂ ਦੀ ਭਾਣਜੀ ਗੀਤਾ ਰਾਏ ਸੀ, ਜੋ ਬਾਅਦ ਵਿੱਚ ਗਾਇਕਾ ਗੀਤਾ ਦੱਤ ਦੇ ਨਾਂਅ ਨਾਲ ਮਸ਼ਹੂਰ ਹੋਈ। ਡਾਕਟਰ ਸਾਹਿਬ ਨੇ ਉਸ ਦਿਨ ਤੋਂ ਬਾਅਦ ਕੇਵਲ ਦੋ ਰੁਪਏ ਪ੍ਰਤੀ ਵਿਜ਼ਿਟ ਲੈਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਸੰਘਰਸ਼ ਦੇ ਦਿਨਾਂ ਵਿੱਚ ਕੋਈ ਨਾ ਕੋਈ ਮੇਰੇ ਨਾਲ-ਨਾਲ ਚਲਦਾ ਰਿਹਾ।''

ਪੰਡਤ ਜਸਰਾਜ ਮੰਨਦੇ ਹਨ ਕਿ ਸੰਘਰਸ਼ ਵਿਚੋਂ ਨਿੱਕਲ਼ ਕੇ ਹੀ ਕਾਮਯਾਬੀਆਂ ਮਿਲਦੀਆਂ ਹਨ ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਕਾਮਯਾਬੀਆਂ ਨੂੰ 'ਮੈਂ' ਭਾਵ ਹਉਮੈ ਦੀ ਭੇਟ ਨਹੀਂ ਚੜ੍ਹਾ ਦੇਣਾ ਚਾਹੀਦਾ। ਆਦਮੀ ਜਦੋਂ ਆਪਣੇ ਆਪ ਉਤੇ ਘਮੰਡ ਕਰਦਾ ਹੈ, ਤਾਂ ਉਹ ਖ਼ਤਮ ਹੋ ਜਾਂਦਾ ਹੈ। ਉਸ ਦੇ ਸੰਘਰਸ਼ ਦੇ ਸਹੀ ਅਰਥ ਵੀ ਕਿਤੇ ਗੁਆਚ ਜਾਂਦੇ ਹਨ।

image


ਪੰਡਤ ਜਸਰਾਜ ਦੇ ਬਚਪਨ ਦੇ ਕੁੱਝ ਦਿਨ ਹੈਦਰਾਬਾਦ ਦੀਆਂ ਗਲ਼ੀਆਂ-ਮੁਹੱਲਿਆਂ ਵਿੱਚ ਬੀਤੇ ਹਨ। ਇੱਥੋਂ ਦਾ ਗੌਲੀਗੁਡਾ ਚਮਨ ਅਤੇ ਨਾਮਪੱਲੀ ਅਜਿਹੇ ਮੁਹੱਲੇ ਹਨ, ਜਿੱਥੇ ਪੰਡਤ ਜੀ ਦੇ ਬਚਪਨ ਦੀਆਂ ਕਈ ਯਾਦਾਂ ਹਨ। ਉਨ੍ਹਾਂ ਨੂੰ ਸਕੂਲ ਦੇ ਰਸਤੇ ਵਿੱਚ ਪੈਂਦੇ ਉਹ ਹੋਟਲ ਵੀ ਯਾਦ ਹਨ, ਜਿੱਥੇ ਰੁਕ ਕੇ ਉਹ ਬੇਗ਼ਮ ਅਖ਼ਤਰ ਦੀ ਗ਼ਜ਼ਲ ... 'ਦੀਵਾਨਾ ਬਨਾਨਾ ਹੈ, ਤੋ ਦੀਵਾਨਾ ਬਨਾ ਦੇ, ਵਰਨਾ ਕਹੀਂ ਤਕਦੀਰ ਤਮਾਸ਼ਾ ਨਾ ਬਨਾ ਦੇ' ਸੁਣਿਆ ਕਰਦੇ ਸਨ। ... ਇਸ ਗ਼ਜ਼ਲ ਨੇ ਉਨ੍ਹਾਂ ਦਾ ਸਕੂਲ ਛੁਡਾ ਦਿੱਤਾ ਸੀ ਅਤੇ ਫਿਰ ਉਹ ਤਬਲਾ ਵਜਾਉਣ ਲੱਗੇ। ਕਈ ਸਾਲਾਂ ਬਾਅਦ ਲਾਹੌਰ 'ਚ ਉਨ੍ਹਾਂ ਨੂੰ ਗਾਇਕ ਕਲਾਕਾਰ ਵਜੋਂ ਮੰਚ ਦਾ ਮੁੱਖ ਖਿੱਚ-ਕੇਂਦਰ ਬਣਨ ਦੀ ਸੁੱਝੀ ਅਤੇ ਫਿਰ ਗਾਇਕ ਬਣਨ ਲਈ ਵੀ ਲੰਮੇ ਸੰਘਰਸ਼ਾਂ ਦਾ ਸਿਲਸਿਲਾ ਜਾਰੀ ਰਿਹਾ।

ਪੰਡਤ ਜੀ ਮੰਨਦੇ ਹਨ ਕਿ ਇਸ ਲੰਮੀ ਜ਼ਿੰਦਗੀ ਵਿੱਚੋਂ ਕੁੱਝ ਪ੍ਰੇਰਣਾ ਜੇ ਲਈ ਜਾ ਸਕਦੀ ਹੈ, ਤਾਂ ਇਹੋ ਕਿ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਗਾਉਣ ਦਾ ਸ਼ੌਕ ਹੈ, ਤਾਂ ਸਿੱਖਦੇ ਰਹੋ ਅਤੇ ਰਿਆਜ਼ ਕਰਦੇ ਰਹੋ ਅਤੇ ਉਸ ਉਪਰ ਵਾਲ਼ੇ ਦੀ ਮਿਹਰਬਾਨੀ ਦੀ ਉਡੀਕ ਕਰੋ।