ਅੰਗ ਦਾਨ ਦੀ ਮੁਹਿੰਮ ਚਲਾਉਣ ਵਾਲੀ ਪ੍ਰਿਯੰਕਾ ਜੈਨ ਮੌਤ ਤੋਂ ਬਾਅਦ ਕਰ ਗਈ ਚਾਰ ਲੋਕਾਂ ਨੂੰ ਆਪਣੇ ਅੰਗ ਦਾਨ

0

23 ਵਰ੍ਹੇ ਦੀ ਪ੍ਰਿਯੰਕਾ ਜੈਨ ਨੇ ਪਿਛਲੇ ਸਾਲ ਜਦੋਂ ਉਸਦੀ ਮੌਤ ਮਗਰੋਂ ਆਪਣਾ ਸ਼ਰੀਰ ਪੀਜੀਆਈ ਨੂੰ ਦਾਨ ਦੇਣ ਦੀ ਸਹੁੰ ਚੁੱਕੀ ਸੀ ਤਾਂ ਉਸ ਨੂੰ ਵੀ ਨਹੀਂ ਪਤਾ ਸੀ ਕੇ ਇੱਕ ਸਾਲ ‘ਚ ਹੀ ਉਸ ਦੀ ਇੱਛਾ ਮਨੁੱਖੀ ਮਦਦ ਦੇ ਕੰਮ ਆ ਜਾਵੇਗੀ. ਪਿੱਛਲੇ ਹਫ਼ਤੇ ਪੁਣੇ ਸ਼ਹਿਰ ‘ਚ ਹਾਦਸੇ ਦੇ ਦੌਰਾਨ ਫੱਟੜ ਹੋਈ ਪ੍ਰਿਯੰਕਾ ਨੂੰ ਤਾਂ ਨਹੀਂ ਬਚਾਇਆ ਜਾ ਸਕਿਆ ਪਰ ਉਸ ਦੇ ਸ਼ਰੀਰ ਦੇ ਵੱਖ ਵੱਖ ਅੰਗਾਂ ਨੇ ਚਾਰ ਲੋਕਾਂ ਨੂੰ ਨਵੀਂ ਜਿੰਦਗੀ ਦੇ ਦਿੱਤੀ.

ਪ੍ਰਿਯੰਕਾ ਨੇ ਸ਼ਰੀਰ ਦਾਨ ਕਰਨ ਦੇ ਨਾਲ ਨਾਲ ਇਹ ਸਹੁੰ-ਪੱਤਰ ਵੀ ਭਰਿਆ ਸੀ ਕੇ ਕਿਸੇ ਹਾਦਸੇ ਵਿੱਚ ਉਸ ਦੀ ਦਿਮਾਗੀ ਤੌਰ ‘ਤੇ ਮੌਤ ਮੰਨੀ ਜਾਣ ਪਿਛੋਂ ਉਸ ਦੇ ਅੰਗ ਵੀ ਦਾਨ ਕੀਤੇ ਜਾਣ. ਪ੍ਰਿਯੰਕਾ ਦੇ ਘਰ ਦਿਆਂ ਨੇ ਉਸ ਦੇ ਸ਼ਰੀਰ ਦੇ ਅੰਗ ਪੀਜੀਆਈ ਵਿੱਚ ਗੰਭੀਰ ਹਾਲਤ ਵਿੱਚ ਦਾਖਿਲ ਲੋੜਮੰਦ ਮਰੀਜਾਂ ਲਈ ਦਾਨ ਕਰ ਦਿੱਤੇ. ਇਸ ਦੇ ਨਾਲ ਹੀ ਪ੍ਰਿਯੰਕਾ ਪੀਜੀਆਈ ਦੀ ਪਹਿਲੀ ਅਜਿਹੀ ਅੰਗ-ਦਾਨੀ ਬਣ ਗਈ ਹੈ ਜਿਸ ਨੇ ਜਿਉਂਦੇ-ਜੀ ਆਪਣੇ ਅੰਗ ਦਾਨ ਕਰਨ ਦੀ ਸਹੁੰ ਚੁੱਕੀ ਸੀ ਅਤੇ ਉਸ ਨੂੰ ਪੂਰਾ ਕੀਤਾ. ਪ੍ਰਿਯੰਕਾ ਆਪਣੇ ਦੋਸਤਾਂ ਨਾਲ ਰਲ੍ਹ ਕੇ ਲੋਕਾਂ ਨੂੰ ਮੌਤ ਮਗਰੋਂ ਅੰਗ ਦਾਨ ਅਤੇ ਸ਼ਰੀਰ ਦਾਨ ਕਰਨ ਲਈ ਪ੍ਰੇਰਿਤ ਕਰਦੀ ਸੀ.

ਪ੍ਰਿਯੰਕਾ ਦੀ ਇੱਛਾ ਦੇ ਮੁਤਾਬਿਕ ਉਸ ਦੀ ਦੋਵੇਂ ਕਿਡਨੀਆਂ ਅਤੇ ਦੋਵੇਂ ਅੱਖਾਂ ਲੋੜਮੰਦ ਮਰੀਜਾਂ ਨੂੰ ਦੇ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਮਰੀਜਾਂ ਨੂੰ ਨਵੀਂ ਜਿੰਦਗੀ ਮਿਲ ਗਈ ਹੈ.

ਪ੍ਰਿਯੰਕਾ ਆਪਣੇ ਦੋਸਤਾਂ ਨਾਲ ਗੋਆ ਦੇ ਸੈਰ ਸਪਾਟੇ ‘ਤੇ ਗਈ ਸੀ. ਗੋਆ ਤੋਂ ਪੁਣੇ ਜਾਂਦੇ ਹੋਏ ਗੱਡੀ ਦਾ ਟਾਇਰ ਫੱਟ ਜਾਣ ਕਰਕੇ ਪ੍ਰਿਯੰਕਾ ਫੱਟੜ ਹੋ ਗਈ. ਉਸਦੇ ਸਿਰ ਵਿੱਚ ਸੱਟ ਵੱਜੀ. ਉਸਦੇ ਪਰਿਵਾਰ ਦੇ ਲੋਕ ਉਸ ਨੂੰ ਪੁਣੇ ਤੋਂ ਚੰਡੀਗੜ੍ਹ ਪੀਜੀਆਈ ਲੈ ਕੇ ਆਏ. ਸਿਰ ਦੀ ਸੱਟ ਕਰਕੇ ਪ੍ਰਿਯੰਕਾ ਕੋਮਾ ਵਿੱਚ ਚਲੀ ਗਈ. ਤਿੰਨ ਦਿਨਾਂ ਬਾਅਦ ਉਸ ਨੂੰ ਦਿਮਾਗੀ ਤੌਰ ‘ਤੇ ਮ੍ਰਿਤ ਕਰਾਰ ਦੇ ਦਿੱਤਾ.

ਇਸ ਤੋਂ ਬਾਅਦ ਪ੍ਰਿਯੰਕਾ ਵੱਲੋਂ ਕੀਤੀ ਅੰਗ ਦਾਨ ਕਰਨ ਦੀ ਸਹੁੰ ਨੂੰ ਪੂਰੀ ਕਰਦੇ ਹੋਏ ਉਸ ਦੇ ਮਾਪਿਆਂ ਨੇ ਉਸ ਦੇ ਅੰਗ ਦਾਨ ਕਰ ਦਿੱਤੇ.

ਪੀਜੀਆਈ ਵਿੱਚ ਅੰਗ ਦਾਨ ਮੁਹਿੰਮ ਦੇ ਨੋਡਲ ਅਧਿਕਾਰੀ ਡਾਕਟਰ ਵਿਪਿਨ ਕੌਸ਼ਲ ਨੇ ਦੱਸਿਆ ਕੇ ਪ੍ਰਿਯੰਕਾ ਦੇ ਅੰਗ ਦਾਨ ਕਰਕੇ ਚਾਰ ਮਰੀਜਾਂ ਨੂੰ ਇੱਕ ਤਰ੍ਹਾਂ ਦੀ ਨਵੀਂ ਜਿੰਦਗੀ ਮਿਲ ਗਈ ਹੈ. ਦੋ ਨੇਤਰਹੀਣ ਮਰੀਜਾਂ ਨੂੰ ਅੱਖਾਂ ਮਿਲ ਗਈਆਂ ਹਨ ਅਤੇ ਦੋ ਹੋਰ ਮਰੀਜਾਂ ਨੂੰ ਕਿਡਨੀ ਦਿੱਤੀਆਂ ਗਈਆਂ ਹਨ. ਉਸ ਦੇ ਦਿਲ ਅਤੇ ਲੀਵਰ ਨੂੰ ਟ੍ਰਾੰਸਪਲਾਂਟ ਨਹੀਂ ਕੀਤਾ ਜਾ ਸਕਿਆ.

ਲੇਖਕ: ਰਵੀ ਸ਼ਰਮਾ