'ਸਟਾਰਟ-ਅੱਪ ਇੰਡੀਆ' ਦੇ ਰੁਝਾਨ ਨੇ 2015 ਨੂੰ ਬਣਾਇਆ ਮੀਲ-ਪੱਥਰ

'ਸਟਾਰਟ-ਅੱਪ ਇੰਡੀਆ' ਦੇ ਰੁਝਾਨ ਨੇ 2015 ਨੂੰ ਬਣਾਇਆ ਮੀਲ-ਪੱਥਰ

Thursday December 31, 2015,

10 min Read

ਭਾਰਤ 'ਚ ਸਟਾਰਟ-ਅੱਪ (ਨਵੀਆਂ ਨਿੱਕੀਆਂ ਕੰਪਨੀਆਂ ਸਥਾਪਤ ਕਰਨ) ਦੇ ਜੋਸ਼ੀਲੇ ਰੁਝਾਨ ਨੇ ਸਾਲ 2015 ਨੂੰ ਸੱਚਮੁਚ ਇੱਕ ਮੀਲ-ਪੱਥਰ ਬਣਾ ਦਿੱਤਾ ਹੈ। ਪਿਛਲੇ ਵਰ੍ਹੇ ਬਹੁਤ ਸਾਰੀਆਂ ਨਵੀਆਂ ਕੰਪਨੀਆਂ ਆਈਆਂ ਤੇ ਕੁੱਝ ਵੱਡੀਆਂ ਕੰਪਨੀਆਂ ਬੰਦ ਵੀ ਹੋਈਆਂ। ਬਹੁਤ ਸਾਰੇ ਵੱਡੇ ਸੌਦੇ ਹੋਏ ਤੇ ਵੱਡੇ ਨਿਵੇਸ਼ ਵੀ ਕੀਤੇ ਗਏ। ਕੁੱਝ ਸਟਾਰਟ-ਅੱਪਸ ਲਈ ਇਹ ਸਮਾਂ ਵਧੀਆ ਸੀ ਤੇ ਕੁੱਝ ਲਈ ਇਹ ਵੀ ਮਾੜਾ ਵੀ ਰਿਹਾ।

'ਯੂਅਰ ਸਟੋਰੀ' ਨੇ ਸਾਲ 2015 ਦੌਰਾਨ ਅਜਿਹੇ ਕੁੱਝ ਚੋਟੀ ਦੇ ਰੁਝਾਨ ਇਕੱਠੇ ਕੀਤੇ ਹਨ, ਜੋ ਇੱਥੇ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ।

ਹਾਇਪਰਲੋਕਲ ਇਨਕਲਾਬ

ਤੁਹਾਡਾ ਸਥਾਨਕ ਪੰਸਾਰੀ (ਗਰੌਸਰ) ਇਸ ਵਰ੍ਹੇ ਤਕਨੀਕੀ ਮਾਹਿਰ ਬਣ ਗਿਆ ਤੇ ਇੰਝ ਹੀ ਤੁਹਾਡਾ ਪਲੰਬਰ ਵੀ ਤੇ ਤੁਹਾਡੇ ਲੋਕਲ ਫ਼ੂਡ ਡਿਲੀਵਰੀ ਨਾਲ ਜੁੜੇ ਲੜਕੇ ਵੀ। ਸਾਲ 2015 ਦੌਰਾਨ ਐਮੇਜ਼ੌਨ, ਓਲਾ, ਫ਼ਲਿਪਕਾਰਟ, ਸਨੈਪਡੀਲ ਤੇ ਪੇਅਟੀਐਮ ਜਿਹੀਆਂ ਵੱਡੀਆਂ ਕੰਪਨੀਆਂ ਗਰੌਸਰੀ ਸੇਵਾਵਾਂ ਦੇ ਸਥਾਨਕ ਪੱਧਰ ਦੇ ਬਾਜ਼ਾਰ ਵਿੱਚ ਉਤਰੀਆਂ। ਫ਼ੂਡ ਡਿਲੀਵਰੀ ਸੇਵਾ 'ਯਮਿਸਟ' ਨੇ ਪਾਸਾਰ ਲਈ 20 ਲੱਖ ਡਾਲਰ ਇਕੱਠੇ ਕੀਤੇ, ਜਦ ਕਿ 'ਸਵਿੱਗੀ' ਨੇ ਚੇਨਈ 'ਚ ਵੀ ਆਪਣੀ ਹੋਂਦ ਜ਼ਾਹਿਰ ਕੀਤੀ ਤੇ ਹੁਣ ਉਹ ਪਹਿਲੇ ਦਰਜੇ ਦੇ ਸਾਰੇ ਸ਼ਹਿਰਾਂ ਵਿੱਚ ਚਲੀ ਗਈ ਹੈ। ਘਰ ਤੱਕ ਆਪਣੀਆਂ ਸੇਵਾਵਾਂ ਦੇਣ ਵਾਲੀ ਕੰਪਨੀ 'ਹਾਊਸਜੁਆਏ' 10 ਮਹੀਨਿਆਂ ਵਿੱਚ ਹੀ 40 ਆੱਰਡਰਜ਼ ਪ੍ਰਤੀ ਦਿਨ ਤੋਂ 4,000 ਆੱਰਡਰ ਪ੍ਰਤੀ ਦਿਨ ਤੱਕ ਪੁੱਜ ਗਈ। ਉਧਰ ਰਤਨ ਟਾਟਾ ਦੀ ਸਹਾਇਤਾ ਪ੍ਰਾਪਤ ਕੰਪਨੀ 'ਅਰਬਨਕਲੈਪ' ਨੂੰ ਇਕੱਲੇ ਮੁੰਬਈ 'ਚ ਹੀ 3,000 ਵਿਕਰੇਤਾ ਮਿਲ ਗਏ। ਸ਼ਾੱਪਸਿਟੀ ਨੇ ਆੱਫ਼ਲਾਈਨ ਸ਼ਾੱਪਿੰਗ ਨੂੰ ਆਸਾਨ ਬਣਾਇਆ। ਡਿਜੀਟਲ ਭੁਗਤਾਨ ਪ੍ਰਦਾਤਾ 'ਮੋਮੋ' ਨੇ ਰੈਸਟੋਰੈਂਟਸ ਤੋਂ ਅਗਾਂਹ ਆਪਣੇ ਕਦਮ ਵਧਾਏ ਤੇ ਉਹ ਗਰੌਸਰੀ ਸਟੋਰਜ਼ , ਸਪਾਅਜ਼ ਤੇ ਸੈਲੂਨਜ਼ ਤੇ ਕੱਪੜਿਆਂ ਦੇ ਸਟੋਰਜ਼ ਤੱਕ ਚਲੀ ਗਈ।

ਭਾਰਤੀ ਭਾਸ਼ਾਵਾਂ ਆੱਨਲਾਈਨ ਆਈਆਂ

ਕੁੱਝ ਉਦਮੀਆਂ ਨੇ ਮਹਿਸੂਸ ਕੀਤਾ ਕਿ ਭਾਰਤ ਦੀ 70.80 ਪ੍ਰਤੀਸ਼ਤ ਦੇ ਲਗਭਗ ਆਬਾਦੀ ਅੰਗਰੇਜ਼ੀ ਭਾਸ਼ਾ ਨਹੀਂ ਬੋਲਦੀ। ਇਸੇ ਲਈ 'ਸਨੈਪਡੀਲ' ਨੇ ਤੇਲਗੂ ਤੇ ਹਿੰਦੀ ਭਾਸ਼ਾ ਵਿੱਚ ਵੀ ਈ-ਕਾਮਰਸ ਦੇਣਾ ਸ਼ੁਰੂ ਕੀਤਾ। 'ਸਟੋਰਕਿੰਗ' ਨਾਂਅ ਦੀ ਈ-ਕਾਮਰਸ ਸਟਾਰਟ-ਅੱਪ ਕੰਪਨੀ ਸਥਾਨਕ ਭਾਸ਼ਾਵਾਂ ਵਿੱਚ ਕੰਮ ਕਰਦੀ ਹੈ ਤੇ ਉਸ ਦੀ ਭਾਈਵਾਲੀ ਮੋਬੀਕੁਇੱਕ ਨਾਲ ਹੈ, ਜਿੱਥੋਂ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਕਲਾਸੀਫ਼ਾਈਡ ਮੰਚ 'ਕੁਇਕਰ' ਵੀ ਹੁਣ ਸੱਤ ਭਾਸ਼ਾਵਾਂ ਵਿੱਚ ਉਪਲਬਧ ਹੈ। ਨਿਊਜ਼ ਮੀਡੀਆ ਵਿੱਚ 'ਯੂਅਰ ਸਟੋਰੀ' ਨੇ ਵੀ 10 ਭਾਰਤੀ ਭਾਸ਼ਾਵਾਂ ਵਿੱਚ ਵਿਲੱਖਣ ਖ਼ਬਰਾਂ ਦੇਣ ਦਾ ਰਿਕਾਰਡ ਕਾਇਮ ਕੀਤਾ। 'ਇਨ-ਸ਼ੌਰਟ' ਨੇ ਵੀ ਅਜਿਹੀਆਂ ਸੇਵਾਵਾਂ ਦਿੱਤੀਆਂ। ਇਹ ਰੁਝਾਨ ਯਕੀਨੀ ਤੌਰ ਉਤੇ ਵਧਣ ਜਾ ਰਿਹਾ ਹੈ। ਸਨੈਪਡੀਲ ਦੀ ਭਾਈਵਾਲੀ ਨਾਲ 'ਪ੍ਰਾਸੈਸ ਨਾਈਨ ਟੈਕਨਾਲੋਜੀਸ ਪ੍ਰਾਈਵੇਟ ਲਿਮਟਿਡ' ਪਹਿਲਾਂ ਹੀ ਯਾਤਰਾ ਤੇ ਪ੍ਰਚੂਨ ਖੇਤਰ ਦੀਆਂ ਸੇਵਾਵਾਂ ਅੰਗਰੇਜ਼ੀ ਤੋਂ ਵਿਭਿੰਨ ਭਾਸ਼ਾਵਾਂ ਵਿੱਚ ਅਨੁਵਾਦ ਕਰ ਰਹੀ ਹੈ।

image


ਦੂਜੇ ਦਰਜੇ ਦੇ ਸ਼ਹਿਰ ਹੁਣ ਗੌਣ (ਸੈਕੰਡਰੀ) ਨਹੀਂ ਰਹੇ

ਸਟਾਰਟ-ਅਪਸ ਨੇ 2015 'ਚ ਮਹਾਂਨਗਰਾਂ ਤੋਂ ਅਗਾਂਹ ਵੀ ਵੇਖਿਆ ਤੇ ਕੁੱਝ ਛੋਟੇ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਵੀ ਅਥਾਹ ਮੌਕੇ ਪਾਏ। 'ਫ਼ਾਸੋ'ਜ਼' ਜਿਹੀ ਕੰਪਨੀ ਬੜੌਦਾ ਤੇ ਅਹਿਮਦਾਬਾਦ ਜਿਹੇ ਦੂਜੇ ਦਰਜੇ ਦੇ ਸ਼ਹਿਰਾਂ ਵਿੱਚ ਗਈ, ਇੰਝ ਉਸ ਨੇ ਕੁੱਲ 10 ਸ਼ਹਿਰਾਂ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਉਧਰ ਗਰੌਸਰੀ ਸਰਵਿਸ 'ਗ੍ਰੌਫ਼ਰਜ਼' ਦੂਜੇ ਦਰਜੇ ਦੇ 17 ਸ਼ਹਿਰਾਂ ਵਿੱਚ ਗਈ, ਜਿਸ ਨਾਲ ਉਹ ਹੁਣ 27 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਆੱਟੋ ਰਿਕਸ਼ਾ ਐਗਰੀਗੇਟਰ ਤੇ ਆੱਨ-ਡਿਮਾਂਡ ਗਰੌਸਰੀ ਪ੍ਰੋਵਾਈਡਰ 'ਜੁਗਨੂੰ' ਨੇ ਤੀਜੇ ਦਰਜੇ ਦੇ ਸ਼ਹਿਰ ਉਦੇਪੁਰ 'ਚ ਵੀ ਆਪਣੀਆਂ ਸੇਵਾਵਾਂ ਅਰੰਭਣ ਦਾ ਐਲਾਨ ਕੀਤਾ। ਟੈਕਸੀ ਐਗਰੀਗੇਟਰ 'ਓਲਾ' ਵੀ ਇਸ ਵਰ੍ਹੇ ਦੂਜੇ ਦਰਜੇ ਦੇ ਸ਼ਹਿਰਾਂ ਵਿੱਚ ਦਾਖ਼ਲ ਹੋਈ ਤੇ ਇੰਝ ਕੋਚੀ ਤੇ ਤ੍ਰਿਵੈਂਦਰਮ ਸਮੇਤ ਕੁੱਲ 102 ਸ਼ਹਿਰਾਂ ਵਿੱਚ ਉਹ ਹੁਣ ਆਪਣੀ ਟੈਕਸੀ ਸੇਵਾ ਚਲਾ ਰਹੀ ਹੈ। ਉਸ ਦੇ ਮੁਕਾਬਲੇ ਦੀ ਟੈਕਸੀ ਕੰਪਨੀ 'ਉਬੇਰ' ਵੀ ਦੂਜੇ ਦਰਜੇ ਦੇ 7 ਸ਼ਹਿਰਾਂ ਵਿੱਚ ਦਾਖ਼ਲ ਹੋਈ ਤੇ ਹੁਣ ਉਦੇਪੁਰ ਸਮੇਤ ਉਹ ਕੁੱਲ 18 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਮੇਰੂ ਕੈਬਜ਼ ਵੀ ਹੁਣ 23 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਪੁਰਾਣੇ ਫ਼ੈਸ਼ਨ ਦੇ ਮੰਚਾਂ ਨੂੰ ਵੀ ਹੁਣ ਵਧੇਰੇ ਆੱਰਡਰ ਦੂਜੇ ਤੇ ਤੀਜੇ ਦਰਜੇ ਦੇ ਸ਼ਹਿਰਾਂ ਤੋਂ ਆ ਰਹੇ ਹਨ; ਜਿਸ ਕਰ ਕੇ ਉਨ੍ਹਾਂ ਸ਼ਹਿਰਾਂ ਵਿੱਚ ਵੀ ਹੁਣ ਲੌਜਿਸਟਿਕ ਫ਼ਰਮਾਂ ਤੇਜ਼ੀ ਨਾਲ ਕਾਇਮ ਹੋ ਰਹੀਆਂ ਹਨ।

ਪੂਲਿੰਗ ਦੇ ਵਧੀਆ ਨਤੀਜੇ

ਫ਼ਰਾਂਸ ਦੀ ਕੰਪਨੀ 'ਬਲਾਬਲਾ ਕਾਰਜ਼' ਵੀ ਜਨਵਰੀ 2015 ਦੌਰਾਨ ਭਾਰਤ 'ਚ ਦਾਖ਼ਲ ਹੋਈ; ਜੋ ਕਿ ਲੰਮੀ ਦੂਰੀ ਤੱਕ ਦੀਆਂ ਟੈਕਸੀ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ਤੇ ਖ਼ਰਚਾ ਕਈ ਯਾਤਰੀ ਮਿਲ ਕੇ ਵੰਡ ਸਕਦੇ ਹਨ। ਇਸ ਸੇਵਾ ਨੇ ਨਿਜੀ ਡਰਾਇਵਰਾਂ ਨੂੰ ਵੀ ਆਪਣੇ ਨਾਲ ਜੋੜਿਆ ਹੈ। ਇੰਝ ਕਾਰ-ਪੂਲਿੰਗ ਦਾ ਵਿਚਾਰ ਵੀ ਬਾਜ਼ਾਰ ਵਿੱਚ ਨਿੱਤਰਿਆ। ਅੱਠ ਸਾਲ ਪੁਰਾਣੀ 'ਮੇਰੂ ਕੈਬਜ਼' ਨੇ ਸਤੰਬਰ 2015 'ਚ ਕਾਰ-ਪੂਲਿੰਗ ਅਰੰਭ ਕੀਤੀ। ਨਾਲ ਹੀ ਅਮਰੀਕਾ ਦੀ ਉਬੇਰ ਕੰਪਨੀ ਨੇ ਬੈਂਗਲੁਰੂ ਵਿੱਚ ਆਪਣੀ ਸੇਵਾ ਅਰੰਭ ਕੀਤੀ ਤੇ ਇੱਕ ਮਹੀਨੇ ਬਾਅਦ 'ਓਲਾ' ਵੀ ਇਸ ਬਾਜ਼ਾਰ ਵਿੱਚ ਦਾਖ਼ਲ ਹੋ ਗਈ। ਹੁਣ ਜਦੋਂ ਦਿੱਲੀ ਸਰਕਾਰ ਨੇ ਵਾਹਨਾਂ ਲਈ 'ਓਡ ਅਤੇ ਈਵਨ' ਭਾਵ 'ਬਿਖਮ ਅਤੇ ਸਮ' ਯੋਜਨਾ ਅਰੰਭ ਕਰਨ ਦਾ ਪ੍ਰਸਤਾਵ ਰੱਖਿਆ ਹੈ, ਇਸ ਨਾਲ ਇਹ ਰੁਝਾਨ ਹੋਰ ਵਧਣਾ ਯਕੀਨੀ ਹੈ। ਇਸ ਯੋਜਨਾ ਅਨੁਸਾਰ ਬਿਖਮ ਨੰਬਰ ਭਾਵ ਟੌਂਕ ਨੰਬਰਾਂ ਵਾਲੀਆਂ ਕਾਰਾਂ ਕੇਵਲ ਬਿਖਮ ਮਿਤੀਆਂ ਨੂੰ ਹੀ ਦਿੱਲੀ ਦੀਆਂ ਸੜਕਾਂ ਉਤੇ ਦੌੜ ਸਕਣਗੀਆਂ ਅਤੇ ਇੰਝ ਸਾਲ 2016 ਦੌਰਾਨ ਨਵੀਆਂ ਟੈਕਸੀ ਕੰਪਨੀਆਂ ਦਿੱਲੀ 'ਚ ਉਤਰ ਸਕਦੀਆਂ ਹਨ।

ਅਨੇਕਾਂ ਬਰਖ਼ਾਸਤਗੀਆਂ/ਬਰਤਰਫ਼ੀਆਂ

ਸਟਾਰਟ-ਅੱਪਸ ਦੇ ਸੈਂਕੜੇ ਮੁਲਾਜ਼ਮਾਂ ਨੂੰ ਸਾਲ 2015 ਦੌਰਾਨ ਬਰਤਰਫ਼ੀਆਂ/ਬਰਖ਼ਾਸਤਗੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਣ ਇਸ ਪ੍ਰਣਾਲੀ ਦੇ ਤਾਣੇ-ਬਾਣੇ/ਸੰਰਚਨਾ, ਕੰਮ-ਕਾਜ ਦੇ ਢੰਗ ਤੇ ਵਿਵਹਾਰਕਤਾ ਉਤੇ ਵੀ ਕਈ ਤਰ੍ਹਾਂ ਦੇ ਸੁਆਲ ਉਠਾਏ। ਸਹਿ-ਬਾਨੀ ਤੇ ਸੀ.ਈ.ਓ. ਰਾਹੁਲ ਯਾਦਵ ਦੀ ਜੁਲਾਈ ਮਹੀਨੇ ਦੌਰਾਨ ਬਰਤਰਫ਼ੀ ਤੋਂ ਬਾਅਦ ਰੀਅਲ ਐਸਟੇਟ ਮੰਚ ਹਾਊਸਿੰਗ ਨੇ ਅਗਸਤ ਮਹੀਨੇ 600 ਮੁਲਾਜ਼ਮ ਬਰਤਰਫ਼ ਕੀਤੇ ਤੇ ਆਪਣੇ ਖ਼ਰਚੇ ਘਟਾਉਣ ਲਈ ਨਵੰਬਰ ਮਹੀਨੇ 200 ਹੋਰ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ। ਫਿਰ ਛੇਤੀ ਹੀ ਫ਼ੂਡ ਡਿਲੀਵਰੀ ਕੰਪਨੀ 'ਟਾਇਨੀਆਉਲ' ਨੇ ਵੀ 100 ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਆਪਣਾ ਪੁਣੇ ਦਾ ਦਫ਼ਤਰ ਬੰਦ ਕਰ ਦਿੱਤਾ। ਜਿਸ ਕਰ ਕੇ ਮੁਲਾਜ਼ਮਾਂ ਨੇ ਆਪਣੀਆਂ ਬਕਾਇਆ ਰਕਮਾਂ ਲੈਣ ਲਈ ਕਥਿਤ ਤੌਰ ਉਤੇ ਸਹਿ-ਬਾਨੀ ਗੌਰਵ ਚੌਧਰੀ ਨੂੰ ਬੰਧਕ ਬਣਾ ਲਿਆ। 'ਟਾਇਨੀ ਆਉਲ' ਦੀ ਸ਼ਰੀਕ ਕੰਪਨੀ 'ਜ਼ੋਮਾਟੋ', ਜੋ 2015 'ਚ ਹੀ ਯੂਨੀਕੌਰਨ ਕਲੱਬ ਵਿੱਚ ਸ਼ਾਮਲ ਹੋਈ, ਨੇ ਵੀ ਨਵੰਬਰ ਮਹੀਨੇ ਆਪਣੇ 10 ਫ਼ੀ ਸਦੀ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ। ਉਸ ਤੋਂ ਬਾਅਦ ਸੀ.ਈ.ਓ. ਸ੍ਰੀ ਦੀਪਿੰਦਰ ਗੋਇਲ ਨੇ ਸਮੂਹ ਮੁਲਾਜ਼ਮਾਂ ਨੂੰ ਇੱਕ ਈ-ਮੇਲ ਸੁਨੇਹਾ ਘੱਲਿਆ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇ ੳਹ ਵਧੀਆ ਕਾਰਗੁਜ਼ਾਰੀ ਨਹੀਂ ਵਿਖਾਉਣਗੇ, ਤਾਂ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਹਾਲੇ ਕੇਵਲ ਇੱਕ ਹਫ਼ਤਾ ਪਹਿਲਾਂ 'ਗਰੈਬਹਾਊਸ' ਨੇ ਆਪਣੇ 150 ਤੋਂ ਵੀ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ।

ਐਪ-ਵਣਜ ਅੱਗੇ ਆਇਆ

ਈ-ਕਾੱਮਰਸ ਸਾਲ 2015 ਦੌਰਾਨ 'ਦਸਤੀ' (ਹੈਂਡੀ) ਬਣ ਗਿਆ ਅਤੇ 'ਫ਼ਲਿਪਕਾਰਟ' ਅਤੇ 'ਸਨੈਪਡੀਲ' ਜਿਹੀਆਂ ਵੱਡੀਆਂ ਕੰਪਨੀਆਂ ਨੇ ਮੋਬਾਇਲ ਫ਼ੋਨਾਂ ਦੀ ਵਧਦੀ ਵਰਤੋਂ ਉਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ। ਭਾਰਤ ਹੁਣ ਅਜਿਹਾ ਦੇਸ਼ ਬਣਦਾ ਜਾ ਰਿਹਾ ਹੈ, ਜਿਥੋਂ ਦੇ ਲੋਕ ਮੋਬਾਇਲ ਫ਼ੋਨ ਰੱਖਣ ਨੂੰ ਪਹਿਲ ਦਿੰਦੇ ਹਨ। 'ਈਲੇਨਿਕ' ਜਿਹੀਆਂ ਸਟਾਰਟ-ਅੱਪਸ ਕੇਵਲ ਐਪ. ਰਾਹੀਂ ਆਪਣਾ ਕਾਰੋਬਾਰ ਕਰ ਰਹੀਆਂ ਹਨ। ਇੰਝ 'ਮਿੰਤਰਾ' ਵੀ ਮਈ 2015 'ਚ ਕੇਵਲ ਐਪ. ਦੇ ਆਧਾਰ ਉਤੇ ਮਾਲ ਵੇਚਣ ਵਾਲੀ ਕੰਪਨੀ ਬਣ ਗਈ ਸੀ ਤੇ ਮੀਡੀਆ ਨੇ ਉਸ ਬਾਰੇ ਕਾਫ਼ੀ ਖ਼ਬਰਾਂ ਵੀ ਛਾਪੀਆਂ ਸਨ। ਫਿਰ ਫ਼ਲਿਪਕਾਰਟ ਬਾਰੇ ਵੀ ਅਫ਼ਵਾਹ ਉਡੀ ਸੀ ਕਿ ਉਹ ਵੀ ਹੁਣ ਕੇਵਲ ਐਪ. ਰਾਹੀਂ ਸਾਮਾਨ ਵੇਚਿਆ ਕਰੇਗੀ ਕਿਉਂਕਿ ਉਸ ਦੀ ਮੋਬਾਇਲ ਵੈਬਸਾਈਟ ਅਚਾਨਕ ਬੰਦ ਹੋ ਗਈ ਸੀ ਪਰ ਬਾਅਦ ਵਿੱਚ ਉਨ੍ਹਾਂ ਇੱਕ ਨਵੀਂ ਮੋਬਾਇਲ ਸਾਈਟ 'ਫ਼ਲਿਪਕਾਰਟ ਲਾਈਟ' ਅਪਲੋਡ/ਸਥਾਪਤ ਕਰ ਦਿੱਤੀ; ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਬਿਲਕੁਲ ਕਿਸੇ ਐਪ. ਵਾਂਗ ਹੀ ਚੱਲੇਗੀ ਤੇ ਉਸ ਦਾ ਇੰਟਰਨੈਟ-ਵਜ਼ਨ ਕੇਵਲ 10 ਕੇ.ਬੀ. (ਕਿਲੋ-ਬਾਇਟਸ) ਹੈ। ਉਸ ਦੇ ਮੁਕਾਬਲੇ ਦੀ ਸ਼ਰੀਕ/ਵਿਰੋਧੀ ਕੰਪਨੀ 'ਸਨੈਪਡੀਲ' ਨੇ ਫਿਰ ਆਪਣੀ ਇੱਕ ਵੈਬਸਾਈਟ 'ਸਨੈਪ-ਲਾਇਟ' ਲਾਂਚ ਕਰ ਦਿੱਤੀ; ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਹ ਅਸਲ ਮੋਬਾਇਲ ਸਾਈਟ ਨਾਲੋਂ 85 ਫ਼ੀ ਸਦੀ ਤੇਜ਼ ਹੈ। ਐਮੇਜ਼ੌਨ ਅਤੇ ਫ਼ਲਿਪਕਾਰਟ ਨੇ ਆਪਣੀਆਂ ਵਿਸ਼ੇਸ਼ ਐਪਸ. ਵੀ ਲਾਂਚ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦਾ 70 ਫ਼ੀ ਸਦੀ ਕਾਰੋਬਾਰੀ ਲੈਣ-ਦੇਣ ਉਨ੍ਹਾਂ ਐਪਸ. ਰਾਹੀਂ ਹੋ ਰਿਹਾ ਹੈ। ਇਨ੍ਹਾਂ ਐਪਸ. 2015 ਦੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੁੱਝ ਵਿਸ਼ੇਸ਼ ਪੇਸ਼ਕਸ਼ਾਂ ਵੀ ਦਿੱਤੀਆਂ ਸਨ।

ਓਮਨੀ ਚੈਨਲ ਪੈਦਾ ਹੋਇਆ

ਆੱਨਲਾਈਨ ਕਾਰੋਬਾਰ 2015 ਦੌਰਾਨ ਆੱਫ਼ਲਾਈਨ ਕੰਪਨੀਆਂ ਦੇ ਬਰਾਬਰ ਚੱਲਿਆ ਤੇ ਜਿਸ ਕਰ ਕੇ ਓਮਨੀ ਚੈਨਲ ਪੈਦਾ ਹੋਇਆ। ਇੰਝ ਹੱਦ ਦਰਜੇ ਦੀਆਂ ਸਥਾਨਕ ਸੇਵਾਵਾਂ ਅਗਲੇ ਪੱਧਰ ਉਤੇ ਚਲੀਆਂ ਗਈਆਂ ਕਿਉਂਕਿ ਓਮਨੀ ਚੈਨਲ ਦੀਆਂ ਨੀਤੀਆਂ ਨੇ ਆੱਫ਼ਲਾਈਨ ਕਾਰੋਬਾਰੀਆਂ ਨੂੰ ਈ-ਵਣਜ ਦੇ ਖੇਤਰ ਵਿੱਚ ਲਿਆਂਦਾ। ਓਮਨੀ ਚੈਨਲ ਅਧੀਨ ਗਾਹਕ ਉਤਪਾਦਾਂ ਨੂੰ ਆੱਨਲਾਈਨ ਲੱਭ ਸਕਦੇ ਹਨ ਤੇ ਇੱਟਾਂ ਤੋਂ ਲੈ ਕੇ ਮੋਰਟਾਰ ਦੇ ਗੋਲ਼ਿਆਂ ਤੱਕ ਸਭ ਕੁੱਝ ਖ਼ਰੀਦ ਸਕਦੇ ਹਨ। 'ਫ਼ਾਸ਼ਾਲੌਟ' ਜਿਹੀਆਂ ਕੰਪਨੀਆਂ ਆਪਣੀ ਐਪ. ਰਾਹੀਂ ਕੁੱਝ ਇੰਸੈਂਟਿਵਜ਼ (ਪ੍ਰੋਤਸਾਹਨ) ਵੀ ਦਿੰਦੀਆਂ ਹਨ। ਸਨੈਪਡੀਲ ਦਾ ਓਮਨੀ ਚੈਨਲ ਮੰਚ, ਅਕਤੂਬਰ ਮਹੀਨੇ ਅਰੰਭ ਕੀਤਾ ਗਿਆ ਸੀ; ਜਿਸ ਰਾਹੀਂ ਆੱਫ਼ਲਾਈਨ ਮੰਚਾਂ ਨੂੰ ਕਾਰੋਬਾਰਾਂ ਨਾਲ ਜੋੜਿਆ ਗਿਆ। ਇੰਝ ਆੱਫ਼ਲਾਈਨ ਮੰਚਾਂ ਨੂੰ ਗਠਤ ਕੀਤਾ ਗਿਆ, ਤਾਂ ਜੋ ਗਾਹਕ ਆਪਣੇ ਆੱਰਡਰ ਕੀਤੇ ਗਏ ਉਤਪਾਦ ਆਪਣੇ ਲਾਗਲੇ ਆੱਫ਼ਲਾਈਨ ਸਟੋਰ ਤੋਂ ਹਾਸਲ ਕਰ ਸਕੇ। ਪ੍ਰਚੂਨ ਵਿਕਰੀ ਦੇ ਖੇਤਰ ਦੀਆਂ ਵਿਸ਼ਾਲ ਕੰਪਨੀਆਂ ਜਿਵੇਂ ਟਾਟਾ, ਰਿਲਾਇੰਸ, ਯੂਨੀਲੀਵਰ ਤੇ ਆਦਿੱਤਿਆ ਬਿਰਲਾ ਗਰੁੱਪ ਆਦਿ ਨੇ ਵੀ ਆੱਨਲਾਈਨ ਕਾੱਮਰਸ ਅਰੰਭਿਆ ਤੇ ਉਨ੍ਹਾਂ ਵਿਚੋਂ ਕੁੱਝ ਨੇ ਤਾਂ ਫ਼ਲਿਪਕਾਰਟ ਤੇ ਐਮੇਜ਼ੌਨ ਉਤੇ ਵੀ ਆਪਣੇ ਉਤਪਾਦ ਵੇਚਣੇ ਸ਼ੁਰੂ ਕਰ ਦਿੱਤੇ।

ਫ਼ੂਡ ਸਟਾਰਟ-ਅੱਪਸ ਦੀ ਚੜ੍ਹਾਈ ਤੇ ਪਤਨ

ਫ਼ੂਡ ਸਟਾਰਟ-ਅੱਪਸ ਨੇ ਸਾਲ 2015 ਦੇ ਪਹਿਲੇ ਅੱਧ ਦੌਰਾਨ ਬਹੁਤ ਸਾਰਾ ਧਨ ਖਾ ਲਿਆ ਪਰ ਬਾਅਦ 'ਚ ਇਹ ਆਪਣੀ ਮੌਤ ਆਪੇ ਮਰ ਗਿਆ। ਫ਼ੂਡ ਡਿਲੀਵਰੀ ਸਟਾਰਟ-ਅੱਪਸ ਵਿੱਚ ਸਾਲ ਦੇ ਪਹਿਲੇ ਅੱਧ ਦੌਰਾਨ ਕਾਫ਼ੀ ਚੜ੍ਹਾਈ ਵੇਖੀ ਗਈ ਤੇ ਇਕੱਲੇ ਅਪ੍ਰੈਲ ਮਹੀਨੇ ਦੌਰਾਨ ਹੀ 7 ਕਰੋੜ 40 ਲੱਖ ਡਾਲਰ ਇਸ ਖੇਤਰ ਵਿੱਚ ਲਾਏ ਗਏ। ਪਰ ਅਗਸਤ 2015 ਤੱਕ ਹਾਲਤ ਵਿਗੜ ਗਈ ਕਿਉਂਕਿ ਜ਼ੋਮੈਟੋ ਅਤੇ ਟਾਇਨੀ-ਆਉਲ ਜਿਹੀਆਂ ਕੰਪਨੀਆਂ ਨੇ ਵੱਡੇ ਪੱਧਰ ਉਤੇ ਆਪਣੇ ਕਾਮਿਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਅਤੇ 'ਫ਼ੂਡ-ਪਾਂਡਾ' ਨੂੰ ਵੀ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਕਤੂਬਰ 2015 'ਚ ਫ਼ੰਡਾਂ ਦੀ ਘਾਟ 'ਸਪੂਨਜੁਆਏ' ਅਤੇ 'ਡੈਜ਼ੋ' ਜਿਹੀਆਂ ਕੰਪਨੀਆਂ ਨੂੰ ਵੀ ਲੈ ਬੈਠੀ। 'ਈਟਲੋ' ਵੀ ਹੁਣ ਲਗਭਗ ਬੰਦ ਹੀ ਹੋ ਚੁੱਕੀ ਸਮਝੀ ਜਾ ਰਹੀ ਹੈ। ਫ਼ੂਡ ਡਿਲੀਵਰੀ ਦੇ ਖੇਤਰ ਨਾਲ ਜੁੜੀਆਂ ਬਹੁਤੀਆਂ ਕੰਪਨੀਆਂ ਸਹੀ ਸਮੇਂ ਉਤੇ ਭੋਜਨ ਨਹੀਂ ਪਹੁੰਚਾ ਪਾ ਰਹੀਆਂ ਸਨ ਤੇ ਉਨ੍ਹਾਂ ਦਾ ਆਮਦਨ ਦਾ ਮਾੱਡਲ ਵੀ ਮਾੜਾ ਸੀ; ਜਿਸ ਕਰ ਕੇ ਉਨ੍ਹਾਂ ਨੂੰ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਕੁੱਝ ਹੋਰ ਵਧੀਆ ਨੀਤੀਆਂ ਉਲੀਕਣੀਆਂ ਪੈਣਗੀਆਂ।

ਸਟਾਰਟ-ਅੱਪਸ ਨੂੰ ਮਿਲਿਆ ਰਤਨ ਟਾਟਾ ਦਾ ਸਹਾਰਾ

ਸ੍ਰੀ ਰਤਨ ਟਾਟਾ ਸਾਲ 2012 ਦੌਰਾਨ ਟਾਟਾ ਗਰੁੱਪ ਦੇ ਚੇਅਰਮੈਨ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਗਏ ਸਨ ਅਤੇ ਉਸ ਤੋਂ ਬਾਅਦ ਉਹ ਕੁੱਝ ਨਿੱਕੀਆਂ ਨਵੀਆਂ ਕੰਪਨੀਆਂ (ਸਟਾਰਟ-ਅੱਪਸ) ਅਤੇ ਤਕਨਾਲੋਜੀ-ਆਧਾਰਤ ਕੰਪਨੀਆਂ ਨੂੰ ਵਿੱਤੀ ਸਹਾਇਤਾ ਦੇਣ ਜਿਹੇ ਮਹਾਨ ਕੰਮ ਵਿੱਚ ਰੁੱਝ ਗਏ। ਉਨ੍ਹਾਂ 2014 ਦੌਰਾਨ ਸਨੈਪਡੀਲ, ਅਰਬਨ ਲੈਡਰ ਤੇ ਬਲੂ ਸਟੋਨ ਵਿੱਚ ਆਪਣਾ ਧਨ ਲਾਇਆ ਸੀ ਪਰ ਸਾਲ 2015 'ਚ ਉਨ੍ਹਾਂ ਓਲਾ, ਪੇਅਟੀਐਮ, ਅਰਬਨ ਲੈਡਰ, ਜ਼ਾਇਓਮੀ, ਕਾਰਯਾ, ਹੋਲਾਸ਼ੈਫ਼, ਕਾਰਦੇਖੋ ਅਤੇ ਲਿਬਰੇਟ ਜਿਹੀਆਂ ਕੁੱਲ 11 ਕੰਪਨੀਆਂ ਵਿੱਚ ਆਪਣਾ ਧਨ ਲਾਇਆ। ਉਨ੍ਹਾਂ ਦੇ ਬਰਾਬਰ ਦੇ ਸਨਅਤਕਾਰ ਵਿਪਰੋ ਦੇ ਸ੍ਰੀ ਅਜ਼ੀਮਪ੍ਰੇਮਜੀ ਨੇ ਵੀ ਸਾਲ 2014 'ਚ 'ਮਿੰਤਰਾ' ਅਤੇ ਸਨੈਪਡੀਲ ਵਿੱਚ ਆਪਣਾ ਧਨ ਲਾਇਆ। ਇਨਫ਼ੋਸਿਸ ਦੇ ਬਾਨੀ ਨਾਰਾਇਣ ਮੂਰਤੀ ਨੇ ਐਮੇਜ਼ੌਨ ਵਿੱਚ ਆਪਣਾ ਧਨ ਲਾਇਆ। ਇੰਝ ਕਾਰਪੋਰੇਟਸ ਨੇ ਮਿਲਜੁਲ ਕੇ ਅੰਤ ਸਟਾਰਟ-ਅਪ ਦੀ ਇਹ ਖੇਡ ਅਰੰਭੀ; ਜਿਸ ਦਾ ਸਿੱਧਾ ਫ਼ਾਇਦਾ ਨੌਜਵਾਨ ਪੀੜ੍ਹੀ ਨੂੰ ਹੋਇਆ। ਦੇਸ਼ ਨੂੰ ਹੀ ਨਵੇਂ ਸਫ਼ਲ ਉਦਮੀ ਮਿਲੇ।

'ਸਿਲੀਕੌਨ ਵੈਲੀ' ਦੇ ਉਦਮੀਆਂ ਦੀ ਘਰ-ਵਾਪਸੀ

ਗੂਗਲ, ਯਾਹੂ, ਫ਼ੇਸਬੁੱਕ ਤੇ ਸਿਲੀਕੌਨ ਵੈਲੀ ਵਿੱਚ ਕੁੱਝ ਹੋਰ ਵੱਡੀਆਂ ਕੰਪਨੀਆਂ ਨੂੰ ਵੱਡੇ ਘਾਟਿਆਂ/ਨੁਕਸਾਨ ਤੋਂ ਬਾਅਦ ਭਾਰਤ ਦੇ ਈ-ਕਾਮਰਸ ਵਿੱਚ ਵਾਧਾ ਦਰਜ ਕੀਤਾ ਗਿਆ। ਗੂਗਲ ਦੇ ਪਹਿਲਾਂ ਪ੍ਰੋਡਕਟ ਮੈਨੇਜਰ ਰਹਿ ਚੁੱਕੇ ਸ੍ਰੀ ਪੁਨੀਤ ਸੋਨੀ ਨੇ ਮੋਟਰੋਲਾ ਵਿੱਚ ਨਵੀਂ ਰੂਹ ਫੂਕੀ ਤੇ ਉਹ ਬੇਅ ਏਰੀਆ ਛੱਡ ਕੇ ਭਾਰਤ 'ਚ ਰਹਿਣ ਲਈ ਆ ਗਏ। ਫਿਰ ਉਹ ਮਾਰਚ 2015 'ਚ ਫ਼ਲਿਪਕਾਰਟ ਦੇ ਚੀਫ਼ ਪ੍ਰੋਡਕਟ ਆੱਫ਼ੀਸਰ ਬਣ ਗਏ। ਕੈਲੀਫ਼ੋਰਨੀਆ 'ਚ ਰਹਿੰਦੇ ਗੂਗਲ ਨਾਲ ਜੁੜੇ ਸ੍ਰੀ ਨਿਕੇਤ ਦੇਸਾਈ ਵੀ ਅਪ੍ਰੈਲ 'ਚ ਫ਼ਲਿਪਕਾਰਟ ਦੇ ਚੀਫ਼ ਆੱਫ਼ ਸਟਾਫ਼ ਬਣ ਗਏ। ਉਧਰ ਸਨੈਪਡੀਲ ਨੇ ਸਿਲੀਕੌਨ ਵੈਲੀ ਦੇ ਪ੍ਰਸਿੱਧ ਉਦਮੀ ਗੌਰਵ ਗੁਪਤਾ ਨੂੰ ਇੰਜਨੀਅਰਿੰਗ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ। ਪਹਿਲਾਂ ਵਿਦੇਸ਼ਾਂ 'ਚ ਸੈਟਲ ਹੋ ਚੁੱਕੇ ਕੁੱਝ ਭਾਰਤੀ ਤਕਨੀਕੀ ਮਾਹਿਰ ਭਾਰਤ ਪਰਤ ਆਏ। ਉਨ੍ਹਾਂ ਨੇ 2015 'ਚ ਆਪਣੇ ਖ਼ੁਦ ਦੇ ਉਦਮ ਅਰੰਭ ਕੀਤੇ -- ਜਿਵੇਂ ਵਿਕਰਮ ਪੀ. ਕੁਮਾਰ ਨੇ 'ਐਕਸਪਲੋਰ', ਮੇਹੁਲ ਸੁਤਾਰੀਆ ਨੇ 'ਟ੍ਰਾਂਜ਼ਿਟਪੀਡੀਆ', ਸੰਕੇਤ ਅਵਲਾਨੀ ਨੇ 'ਟੈਕਸੀ ਫ਼ੈਬ੍ਰਿਕ' ਜਿਹੀਆਂ ਕੰਪਨੀਆਂ ਅਰੰਭ ਕੀਤੀਆਂ; ਇਹ ਕੇਵਲ ਕੁੱਝ ਕੁ ਨਾਮ ਹਨ।

ਅਕਵਾਇਰ ਕਰਨ ਦਾ ਸਿਲਸਿਲਾ ਜਾਰੀ

ਭਾਰਤ ਵਿੱਚ ਰਲੇਵਿਆਂ ਅਤੇ ਕੰਪਨੀਆਂ ਅਕਵਾਇਰ ਕੀਤੇ ਜਾਣ ਦੁਆਰਾ ਨਵੇਂ ਉਦਮ ਕਾਇਮ ਕਰਨਾ ਕੋਈ ਸੁਖਾਲ਼ਾ ਕੰਮ ਨਹੀਂ ਹੈ। ਸਾਲ 2015 'ਚ 200 ਦੇ ਲਗਭਗ ਕੰਪਨੀਆਂ ਅਕਵਾਇਰ ਹੋਈਆਂ; ਜਿਵੇਂ ਸਨੈਪਡੀਲ ਨੇ ਫ਼੍ਰੀਚਾਰਜ, ਓਲਾ ਨੇ ਟੈਕਸੀ ਫ਼ਾਰ ਸ਼ਯੋਰ ਨੂੰ, ਮਹਿੰਦਰਾ ਨੇ ਬੇਬੀਓਏ, ਪ੍ਰੈਕਟੋ ਨੇ ਕਿਕਵੈਲ ਅਤੇ ਇਨਸਟੈਂਟਹੈਲਥ ਅਤੇ ਹਾਊਸਿੰਗ ਨੇ ਹੋਮਬਾਇ 360 ਨੂੰ ਅਕਵਾਇਰ ਕੀਤਾ। ਇਹ ਰੁਝਾਨ ਹਾਲੇ ਘਟਣ ਦੀ ਕੋਈ ਸੰਭਾਵਨਾ ਨਹੀਂ ਦਿਸਦੀ ਕਿਉਂਕਿ ਬਹੁਤ ਸਾਰੀਆਂ ਸਟਾਰਟਅੱਪਸ ਨੇ 2015 'ਚ ਫ਼ੰਡ ਇਕੱਠੇ ਕਰਨ ਦੇ ਕਈ ਗੇੜ ਰੱਖੇ ਸਨ। ਸਾਲ 2016 ਦੌਰਾਨ ਹੋਰ ਬਹੁਤ ਸਾਰੀਆਂ ਕੰਪਨੀਆਂ ਅਕਵਾਇਰ ਹੋ ਸਕਦੀਆਂ ਹਨ।

ਸਟਾਰਟ-ਅੱਪਸ ਦਾ ਵੀ ਧੜਕਦਾ ਹੈ ਦਿਲ

ਸਾਲ 2015 ਦੌਰਾਨ ਵਿਸ਼ਵ ਨੇ ਕਈ ਕੁਦਰਤੀ ਆਫ਼ਤਾਂ ਵੀ ਵੇਖੀਆਂ; ਜਿਨ੍ਹਾਂ ਵਿੱਚ ਸੈਂਕੜੇ ਵਿਅਕਤੀ ਮਾਰੇ ਗਏ। ਕੁੱਝ ਸਟਾਰਟ-ਅੱਪਸ ਨੇ ਪੀੜਤਾਂ ਦੀ ਮਦਦ ਵਿੱਚ ਆਪਣਾ ਯੋਗਦਾਨ ਪਾਇਆ। ਇੰਝ ਉਨ੍ਹਾਂ ਇਹ ਸਿੱਧ ਕੀਤਾ ਕਿ ਉਹ ਕੇਵਲ ਮੁਨਾਫ਼ਿਆਂ ਨੂੰ ਹੀ ਤੱਕਦੇ। ਦਸੰਬਰ 2015 ਦੌਰਾਨ ਚੇਨਈ 'ਚ ਆਏ ਹੜ੍ਹਾਂ ਦੌਰਾਨ ਓਲਾ ਨੇ ਕਿਸ਼ਤੀਆਂ ਮੁਹੱਈਆ ਕਰਵਾਈਆਂ ਤੇ ਉਬੇਰ ਦੀਆਂ ਟੈਕਸੀਆਂ ਨੇ ਸੰਕਟ ਸਮੇਂ ਆਪਣੀਆਂ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ। ਪੇਅਟੀਐਮ ਨੇ ਆਮ ਜਨਤਾ ਦੀ ਸਹੂਲਤ ਲਈ ਫ਼੍ਰੀ ਰੀਚਾਰਜ ਕੀਤੇ ਅਤੇ ਜ਼ੋਮੈਟੋ ਨੇ ਇੱਕ ਆੱਰਡਰ ਬਦਲੇ ਇੱਕ ਜਣੇ ਦਾ ਭੋਜਨ ਮੁਫ਼ਤ ਮੁਹੱਈਆ ਕਰਵਾਇਆ। ਅੰਕੜੇ ਇਕੱਠੇ ਕਰਨ ਵਾਲੀ ਸਟਾਰਟ-ਅੱਪ 'ਸੋਸ਼ਲ-ਕੌਪਸ' ਨੇ ਚੇਨਈ ਦੇ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਵਿੱਚ ਹੱਥ ਵੰਡਾਇਆ। ਨੇਪਾਲ ਦੇ ਭੂਚਾਲ ਦੌਰਾਨ ਵੀ ਇਸ ਕੰਪਨੀ ਨੇ ਅਜਿਹੀ ਰਾਹਤ ਪਹੁੰਚਾਈ ਸੀ।

ਲੇਖਕ: ਅਤਹਿਰਾ ਏ. ਨਾਇਰ

ਅਨੁਵਾਦ: ਮਹਿਤਾਬ-ਉਦ-ਦੀਨ