‘ਵਿਕਾਸ’ ਅਤੇ ‘ਜਨੂੰਨ’ ਵਿਚਕਾਰ ਸੁਆਦਲੇ ਖਾਣਿਆਂ ਦੀ ਲੰਮੀ ਕਤਾਰ

0

ਛੇ ਸਾਲਾਂ ਦੀ ਉਮਰ ਵਿਚ ਜਦੋਂ ਬਹੁਤੇ ਲੋਕ ਪਾਰਕ ਵਿਚ ਟਹਿਲਣ-ਟੱਪਣ, ਆਪਣੇ ਹੱਥ ਗੰਦੇ ਕਰਨ ਅਤੇ ਖਿਡੌਣਿਆਂ ਪਿੱਛੇ ਆਪਣੇ ਭੈਣ-ਭਰਾਵਾਂ ਨਾਲ ਲੜਨ ਝਗੜ ਵਿਚ ਮਸ਼ਗੂਲ ਹੁੰਦੇ ਸਨ, ਵਿਕਾਸ ਖੰਨਾ ਅੰਮ੍ਰਿਤਸਰ ਵਿਚ ਆਪਣੇ ਸਾਧਾਰਨ ਜਿਹੇ ਘਰ ਦੀ ਰਸੋਈ ਵਿਚ ਆਪਣੀ ਦਾਦੀ ਦੀ ਇਮਦਾਦ ਕਰ ਰਹੇ ਸਨ। ਉਨ੍ਹਾਂ ਦੇ ਖਰਾਬ ਪੈਰ ਉਸ ਦੀਆਂ ਗਤੀਵਿਧੀਆਂ ਨੂੰ ਸੀਮਿਤ ਤਾਂ ਕਰ ਸਕਦੇ ਸਨ, ਪਰ ਉਨ੍ਹਾਂ ਨੇ ਇਨ੍ਹਾਂ ਨੂੰ ਕਦੀ ਆਪਣੇ ਉਤੇ ਹਾਵੀ ਨਹੀਂ ਹੋਣ ਦਿੱਤਾ। ਵਿਕਾਸ ਖੰਨਾ ਵੱਡੇ ਹੋਏ ਤਾਂ ਅੰਮ੍ਰਿਤਸਰ ਵਿਚ ਸ੍ਰੀ ਹਰਮਿੰਦਰ ਸਾਹਿਬ ਦੇ ਰਸੋਈ ਘਰ ਵਿਚ ਲੰਗਰ ਲਈ ਸੇਵਾ ਕਰਨ ਲੱਗੇ। ਤੇ ਫਿਰ 17 ਸਾਲਾਂ ਦੀ ਉਮਰ ਵਿਚ ਉਨ੍ਹਾਂ ਲਾਰੈਂਸ ਗਾਰਡਨ ਵਿਚ ਆਪਣਾ ਕੈਟਰਿੰਗ ਕਾਰੋਬਾਰ ਸ਼ੁਰੂ ਕਰ ਲਿਆ।

ਅੱਜ ਉਹ ਨਿਊਯਾਰਕ ਅਤੇ ਦੁਬਈ ਦੇ ਮਿਸ਼ਲਿਨ ਸਟਾਰ ਵਾਲੇ ਰੈਸਟੋਰੈਂਟ ‘ਜਨੂੰਨ’ ਦੇ ਮੁੱਖ ਸ਼ੈੱਫ ਅਤੇ ਬਰਾਂਡ ਅੰਬੈਂਸਡਰ ਦੇ ਤੌਰ ‘ਤੇ ਭਾਰਤੀ ਵਿਅੰਜਨਾਂ ਨੂੰ ਵਿਸ਼ਵ ਪੱਧਰ 'ਤੇ ਲੈ ਜਾਣ ਵਾਲੀ ਇੰਟਰਨੈਸ਼ਨਲ ਸੈਲੀਬ੍ਰਿਟੀ ਹਨ। ਵਿਕਾਸ ਖੰਨਾ ਅਨੇਕਾਂ ਉਤਸ਼ਾਹੀ ਸ਼ੈੱਫ਼ਾਂ ਅਤੇ ਅਹਾਰ ਜਗਤ ਵਿਚ ਕੁਝ ਕਰ ਗੁਜ਼ਰਨ ਦੀ ਇੱਛਾ ਰੱਖਣ ਵਾਲੇ ਕਾਰੋਬਾਰੀਆਂ ਲਈ ਪ੍ਰੇਰਨਾ ਦਾ ਸਰੋਤ ਹਨ।

ਸੰਸਾਰ ਭਰ ਵਿਚ ਮਸ਼ਹੂਰ ਹੋਣ ਲਈ ਕਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ, ਬਾਰੇ ਪੁੱਛਣ ਉਤੇ ਉਨ੍ਹਾਂ ਕਿਹਾ ਕਿ ਸਫ਼ਲਤਾ ਲਈ ਦ੍ਰਿੜਤਾ, ਇਮਾਨਦਾਰੀ, ਮੌਲਿਕਤਾ ਅਤੇ ਰੀਇਨਵੈਨਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ।

ਦ੍ਰਿੜਤਾ

''ਜਿੰਨੇ ਛੋਟੇ ਪੱਧਰ 'ਤੇ ਸ਼ੁਰੂਆਤ ਮੈਂ ਕੀਤੀ ਸੀ, ਕਿਸੇ ਹੋਰ ਨੇ ਨਹੀਂ ਕੀਤੀ ਹੋਵੇਗੀ”, ਵਿਕਾਸ ਖੰਨਾ ਕਹਿੰਦੇ ਹਨ ਜਿਨ੍ਹਾਂ ਨੂੰ ਅਮਰੀਕਾ ਵਿਚ ਪੈਰ ਪਾਉਣ ਤੋਂ ਬਾਅਦ ਬਹੁਤ ਅਸੰਭਵ ਕੰਮ ਕਰਨੇ ਪਏ ਸਨ। ਉਨ੍ਹਾਂ ਨੇ ਬਰਤਨ ਧੋਣ ਤੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਨਿਊਯਾਰਕ ਦੇ ਵਾਲ ਸਟਰੀਟ ਕੋਲ ਤੰਦੂਰ ਪੈਲੇਸ ਨਾਂ ਦਾ ਆਪਣਾ ਰੈਸਟੋਰੈਂਟ ਨਾਲ ਆਪਣੇ ਢੰਗ ਨਾਲ ਕੰਮ ਕੀਤਾ। ਤੰਦੂਰ ਪੈਲੇਸ ਬਹੁਤ ਛੋਟੇ ਪੱਧਰ ਦਾ ਕੰਮ ਸੀ, ਪਰ ਇਸ ਤੋਂ ਬਾਅਦ ਵਿਕਾਸ ਖੰਨਾ ਵਿਅੰਜਨ ਬਣਾਉਣ ਦੇ ਖੇਤਰ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਲੱਗ ਪਏ। 2007 ਵਿਚ ਉਨ੍ਹਾਂ ਨੇ ਨਿਊਯਾਰਕ ਵਿਚ ਸੰਕਟ ਵਿਚ ਘਿਰੇ ਰੈਸਟੋਰੈਂਟ ਡਿਲਨਜ਼ ਦੇ ਪੁਨਰ-ਨਿਰਮਾਣ ਲਈ ਕੰਸਲਟੈਂਟ ਸ਼ੈੱਫ ਵਜੋਂ ਕੰਮ ਕਰਨ ਤੋਂ ਲੈ ਕੇ ਸ਼ੈੱਫ ਗਾਰਡਨ ਰਾਮਸੇ ਦੇ ਕਿਚਨ ਨਾਈਟ ਮੇਅਰਜ਼ ਵਿਚ ਆਪਣੀ ਹਾਜ਼ਰੀ ਜਾ ਲੁਆਈ। ਡਿਲਨਜ਼ ਦਾ ਪੁਨਰ-ਨਿਰਮਾਣ ਕਰ ਕੇ ਉਨ੍ਹਾਂ ਇਸ ਦਾ ਨਾਂ ਪੂਰਣਿਮਾ ਰੱਖਿਆ ਅਤੇ ਖੁਦ ਇਸ ਦੇ ਇੰਚਾਰਜ ਬਣ ਗਏ। ਇਹ ਰੈਸਟੋਰੈਂਟ ਉਨ੍ਹਾਂ ਡੇਢ ਸਾਲ ਚਲਾਇਆ ਅਤੇ ਇਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਰਾਜੇਸ਼ ਭਾਦਰਵਾਜ ਨਾਲ ਆਪਣੀ ਅਗਲੀ ਬੜੀ ਯੋਜਨਾ ਲਈ ਨਿਕਲ ਗਏ। ਆਖਰਕਾਰ ਦੋ ਦਸੰਬਰ 2010 ਨੂੰ ‘ਜਨੂੰਨ’ ਦਾ ਕੰਮ ਸ਼ੁਰੂ ਕੀਤਾ ਗਿਆ। ਉਹ ਦੱਸਦੇ ਹਨ: ''ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ‘ਜਨੂੰਨ’ ਕੋਈ ਬਹੁਤੀ ਚੰਗੀ ਕਲਪਨਾ ਨਹੀਂ ਹੈ। ਇਹ ਵੀ ਕਿਹਾ ਗਿਆ ਕਿ ਇਹ ਚੱਲੇਗਾ ਨਹੀਂ, ਬਹੁਤ ਜ਼ਿਆਦਾ ਸਾਧਾਰਨ ਹੋਣ ਕਰ ਕੇ ‘ਜਨੂੰਨ’ ਦੀ ਆਲੋਚਨਾ ਕੀਤੀ ਗਈ।”

ਬਿਨਾਂ ਸ਼ੱਕ ਉਹ ਲੋਕ ਗ਼ਲਤ ਸਨ। ‘ਜਨੂੰਨ’ ਨੂੰ ਪਹਿਲਾ ਮਿਸ਼ਲਿਨ ਸਟਾਰ 22 ਅਕਤੂਬਰ 2011 ਨੂੰ ਮਹਿਜ਼ 10 ਮਹੀਨਿਆਂ ਦੇ ਰਿਕਾਰਡ ਸਮੇਂ ਵਿਚ ਹੀ ਮਿਲ ਗਿਆ। ਉਹ ਦੱਸਦੇ ਹਨ, ''ਮੈਨੂੰ ਉਸ ਸਾਲ ਅਮਰੀਕਾ ਦਾ ‘ਹੌਟੈਸਟ ਸ਼ੈੱਫ਼’ ਮੰਨਿਆ ਗਿਆ ਅਤੇ ਅਚਾਨਕ ਹੀ ਲੋਕ ਤੇ ਮੀਡੀਆ ਵਿਕਾਸ ਖੰਨਾ ਨੂੰ ਦੇਖਣ ਲਈ ਉਮੜਨ ਲੱਗੇ।” ਇਸ ਤੋਂ ਬਾਅਦ ਲਗਾਤਾਰ ਰੈਸਟੋਰੈਂਟ ਨੂੰ 4 ਸਾਲ ਮਿਸ਼ਲਨ ਸਟਾਰ ਮਿਲਦਾ ਰਿਹਾ।

ਰੀਇਨਵੈਨਸ਼ਨ

ਵਿਕਾਸ ਖੰਨਾ ਦੱਸਦੇ ਹਨ, ''ਮੈਂ ਖੁਰਾਕ ਸਮੱਗਰੀ ਨਾਲ ਕਾਫੀ ਵੱਖਰੇ ਢੰਗ ਨਾਲ ਕੰਮ ਸ਼ੁਰੂ ਕੀਤਾ।” ਉਨ੍ਹਾਂ ਨੇ ਖਾਣਾ ਪਕਾਉਣ ਦੀ ਕਲਾ ਬਾਰੇ ਕਾਫ਼ੀ ਕੰਮ ਕੀਤਾ ਅਤੇ ਆਪਣੀਆਂ ਪੁਸਤਕਾਂ, ਸ਼ੋਅਜ਼ ਅਤੇ ਦਸਤਾਵੇਜ਼ੀ ਫਿਲਮਾਂ ਰਾਹੀਂ ਰੀਇਨਵੈਨਸ਼ਨ ਲਈ ਪੁਲੰਘਾਂ ਪੁੱਟੀਆਂ।

ਉਹ ਦੱਸਦੇ ਹਨ ਕਿ ਖੁਰਾਕ ਸਮੱਗਰੀ ਦੇ ਵੱਖ-ਵੱਖ ਪਹਿਲੂ ਹੁੰਦੇ ਹਨ ਜੋ ਉਨ੍ਹਾਂ ਦੀਆਂ ਕਿਤਾਬਾਂ ਦੇ ਨਾਵਾਂ ਤੋਂ ਵੀ ਜ਼ਾਹਿਰ ਹੋ ਜਾਂਦੇ ਹਨ। ਯਾਦ ਰਹੇ ਕਿ ਪੁਰਸਕਾਰ ਪ੍ਰਾਪਤ ਵਿਕਾਸ ਖੰਨਾ ਨੇ 17 ਪੁਸਤਕਾਂ ਲਿਖੀਆਂ ਹਨ ਅਤੇ ਹਰ ਕਿਤਾਬ ਵਿਚ ਖੁਰਾਕ ਸਮੱਗਰੀ ਅਤੇ ਵਿਅੰਜਨਾਂ ਬਾਰੇ ਕਹਾਣੀਆਂ, ਆਪਣੀ ਕਹਾਣੀ ਆਪ ਕਹਿੰਦੀਆਂ ਹਨ। ਉਨ੍ਹਾਂ ਨੇ ‘ਦਿ ਮੈਜਿਕ ਰੋਲਿੰਗ ਪਿੰਨ’ ਦੇ ਸਿਰਲੇਖ ਹੇਠ ਬੱਚਿਆਂ ਲਈ ਕਿਤਾਬ ਵੀ ਲਿਖੀ ਹੈ ਜਿਸ ਵਿਚ ਖੁਰਾਕ ਸਮੱਗਰੀ ਦੀ ਖੋਜ ਕਰਨ ਵਾਲੇ ਜੁਗਨੂੰ ਨਾਂ ਦੇ ਮੁੰਡੇ ਦੀ ਕਹਾਣੀ ਬਿਆਨ ਕੀਤੀ ਹੈ। ਦਸਤਾਵੇਜ਼ੀ ਫਿਲਮਾਂ ਦੀ ਲੜੀ ਵਿਚ ‘ਹੋਲੀ ਕਿਚਨਜ਼’ ਵਿਚ ਖਾਣਾ ਬਣਾਉਣ ਦੀ ਅਧਿਆਤਮਿਕ ਪ੍ਰਸੰਗਾਂ ਵਾਲੀ ਪ੍ਰੰਪਰਾ ਦੀ ਪੁਣ-ਛਾਣ ਕੀਤੀ ਗਈ ਹੈ।

ਇਮਾਨਦਾਰੀ

ਰਸੋਈ ਘਰ ਦੇ ਮਸ਼ੀਨੀਕਰਨ ਬਾਰੇ ਉਨ੍ਹਾਂ ਦਾ ਬੜਾ ਸਪਸ਼ਟ ਉਤਰ ਸੀ: ''ਖਾਣੇ ਬਾਰੇ ਮੈਂ ਹੱਥਾਂ ਦੀ ਮਿਹਨਤ ਨੂੰ ਬੜੀ ਅਹਿਮੀਅਤ ਦਿੰਦਾ ਹਾਂ। ਜਿੰਨਾ ਵੀ ਸੰਭਵ ਹੋ ਸਕੇ, ਮੈਂ ਮਸ਼ੀਨਾਂ ਤੋਂ ਦੂਰ ਹੀ ਰਹਿੰਦਾ ਹਾਂ। ਬਹੁਤ ਵਾਰ ਇਨ੍ਹਾਂ ਦੀ ਲੋੜ ਨਹੀਂ ਹੁੰਦੀ। ਜ਼ਰੂਰਤ ਤਾਂ ਬੱਸ ਤਕਨੀਕ ਦੀ ਹੁੰਦੀ ਹੈ।”

ਵਿਕਾਸ ਖੰਨਾ ਆਪਣੇ ਖੇਤਰ ਵਿਚ ਪ੍ਰਸੰਗਿਕ ਰਹਿਣ ਲਈ ਲਗਾਤਾਰ ਨਵੀਆਂ ਖੋਜਾਂ ਨਾਲ ਜੁੜੇ ਰਹਿਣ ਵਿਚ ਵਿਸ਼ਵਾਸ ਰੱਖਦੇ ਹਨ। ‘ਜਨੂੰਨ’ ਦੇ ਮੇਨੂ ਵਿਚ ਇਹ ਵਿਸ਼ਵਾਸ ਦਿਖਾਈ ਵੀ ਦਿੰਦਾ ਹੈ। ਇਸ ਮੇਨੂ ਵਿਚ ਸਮੱਗਰੀ, ਸੁਆਦ ਅਤੇ ਅਨੁਭਵ ਦੇ ਆਧਾਰ 'ਤੇ ਲਗਾਤਾਰ ਤਬਦੀਲੀ ਹੁੰਦੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਟੈਂਪਲੇਟ ਮੇਨੂ ਹੁਣ ਕਾਰਗਰ ਨਹੀਂ ਹੈ। ਸ਼ੈੱਫ਼ ਲੋਕਾਂ ਦਾ ਹੁਣ ਨਵਾਂ ਦੌਰ ਆਇਆ ਹੈ ਜੋ ਖਾਣ ਵਾਲੀਆਂ ਚੀਜ਼ਾਂ ਦੇ ਨਾਲ-ਨਾਲ ਸਿਰਜਣਾਤਮਕ ਤਰੀਕੇ ਨਾਲ ਬਹੁਤ ਕੁਝ ਨਵਾਂ ਕਰਦੇ ਰਹਿੰਦੇ ਹਨ। ਲੋਕ ਵੀ ਅਜਿਹੇ ਅਨੁਭਵਾਂ ਦੀ ਤਲਾਸ਼ ਵਿਚ ਰਹਿੰਦੇ ਹਨ ਜੋ ਨਵੇਂ ਅਤੇ ਇਨੋਵੇਟਿਵ ਹੋਣ।

ਇਸ ਤੋਂ ਸਬਕ ਲੈਂਦਿਆਂ ਵਿਕਾਸ ਖੰਨਾ ਨੇ ਭਾਰਤੀ ਵਿਅੰਜਨਾਂ ਨੂੰ ਗੈਰ ਪਰਵਾਸੀਆਂ ਵੱਲੋਂ ਅਮਰੀਕਾ ਆਉਣ ਵਾਲੇ ਹੋਰ ਭਾਰਤੀਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਤੋਂ ਹਟ ਕੇ ਕੁਝ ਨਵਾਂ ਕਰਨ ਦਾ ਫੈਸਲਾ ਕੀਤਾ। ਉਹ ਦੱਸਦੇ ਹਨ, ''ਅਸੀਂ ਚਾਹੁੰਦੇ ਹਾਂ ਕਿ ਲੋਕ ਭਾਰਤੀ ਭੋਜਨ ਦੀ ਗਹਿਰਾਈ ਨੂੰ ਆਮ ਵਿਅੰਜਨਾਂ ਤੋਂ ਕਿਤੇ ਅੱਗੇ ਜਾ ਕੇ ਮਹਿਸੂਸ ਕਰਨ ਜਿਨ੍ਹਾਂ ਲਈ ਇਹ ਵਿਅੰਜਨ ਮਸ਼ਹੂਰ ਹਨ।

ਪ੍ਰੇਰਨਾ

ਵਿਕਾਸ ਖੰਨਾ ਨੇ ਉਨ੍ਹਾਂ ਅਨੇਕ ਲੋਕਾਂ ਨੂੰ ਪ੍ਰੇਰਿਆ ਹੈ ਜਿਹੜੇ ਰਸੋਈ ਘਰ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ‘ਮਾਸਟਰ ਸ਼ੈੱਫ਼ ਇੰਡੀਆ’ ਸੀਰੀਜ਼ ਦੌਰਾਨ ਉਨ੍ਹਾਂ ਦਾ ਲੋਕਾਂ 'ਤੇ ਪੈਣ ਵਾਲਾ ਪ੍ਰਭਾਵ ਇਸ ਦੀ ਬਿਹਤਰ ਉਦਾਹਰਨ ਹੈ। ਇਸ ਵਿਚ ਉਹ ਖੁਦ ਬਿਲ ਯੂਸਫ਼, ਡੇਨੀਅਲ, ਬਾਲੁਦ, ਸੰਜੀਵ ਕਪੂਰ, ਵਿਨੀਤ ਭਾਟੀਆ ਅਤੇ ਅਤੁਲ ਕੋਚਰ ਵਰਗੇ ਕੁਝ ਮਸ਼ਹੂਰ ਸ਼ੈੱਫ਼ਾਂ ਦੀ ਪ੍ਰਸੰਸਾ ਕਰਦੇ ਹਨ। ਇਸ ਸੂਚੀ ਵਿਚ ਸਭ ਤੋਂ ਵੱਡਾ ਨਾਂ ਜੂਲੀਆ ਚਾਈਲਡ ਦਾ ਸੀ ਜਿਸ ਨੂੰ ਮਿਲਣ ਲਈ ਸਮਾਂ ਤੈਅ ਹੋ ਚੁੱਕਾ ਸੀ, ਪਰ ਇਸ ਮੁਲਾਕਾਤ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਤੋਂ ਚਲੀ ਗਈ।

ਜੇ ਤੁਸੀਂ ਉਨ੍ਹਾਂ ਦੀ ਸ਼ਖਸੀਅਤ ਤੋਂ ਨਜ਼ਰ ਹਟਾ ਕੇ ਸ਼ੈੱਫ਼ ਵਾਲੀ ਸ਼ਖਸੀਅਤ ਵੱਲ ਧਿਆਨ ਦੇਵੋ, ਤਾਂ ਵਿਕਾਸ ਖੰਨਾ ਸਾਧਾਰਨ, ਤੜਕ-ਭੜਕ ਤੋਂ ਦੂਰ ਰਹਿਣ ਵਾਲੀ ਸੈਲੀਬ੍ਰਿਟੀ ਹਨ। ਉਹ ਹਰ ਮਿਲਣ ਆਉਣ ਵਾਲੇ ਦਾ ਧਿਆਨ ਰੱਖਦੇ ਹਨ। ਉਨ੍ਹਾਂ ਨੂੰ ਕਿਤਾਬਾਂ ਉਤੇ ਆਟੋਗਰਾਫ਼ ਦੇ ਕੇ, ਸੈਲਫ਼ੀ ਖਿਚਵਾ ਕੇ ਅਤੇ ਲੋਕਾਂ ਨਾਲ ਗੱਲਬਾਤ ਕਰ ਕੇ ਬੜੀ ਖੁਸ਼ੀ ਹੁੰਦੀ ਹੈ। ਉਹ ਅਜਿਹੇ ਬੰਦੇ ਨਹੀਂ ਹਨ ਜਿਨ੍ਹਾਂ ਨੂੰ ਸਿਰਫ਼ ਇਕ ਹੀ ਵਾਰ ਮਿਲਿਆ ਜਾ ਸਕਦਾ ਹੈ। ਅਗਲੇ ਦਿਨ ਅਗਲੇ ਪ੍ਰੋਗਰਾਮ ਵਿਚ ਵੀ ਅਸੀਂ ਉਨ੍ਹਾਂ ਨੂੰ ਉਵੇਂ ਹੀ ਮਿਲ ਸਕਦੇ ਹਾਂ।


ਲੇਖਕ : ਰਾਜ ਬੱਲਭ

ਅਨੂਵਾਦ : ਬਲਪ੍ਰੀਤ ਕੌਰ