ਕਾੱਲੇਜ-ਦੇਖੋ ਨੇ ਪੂਰਵ-ਲੜੀ 'ਏ' ਦੇ ਗੇੜ 'ਚ ਲੰਡਨ ਸਥਿਤ ਮੈਨ-ਕੈਪੀਟਲ ਤੋਂ ਇਕੱਠੇ ਕੀਤੇ 20 ਲੱਖ ਡਾਲਰ

0

'ਗਿਰਨਾਰ-ਸੌਫ਼ਟ' ਦੇ 'ਕਾੱਲੇਜ ਦੇਖੋ ਡਾੱਟ ਕਾੱਮ' (CollegeDekho.com) ਨੇ ਪੂਰਵ-ਲੜੀ 'ਏ' ਦੀ ਫ਼ੰਡਿੰਗ ਦੌਰਾਨ ਲੰਡਨ ਸਥਿਤ 'ਮੈਨ ਕੈਪੀਟਲ' ਤੋਂ 20 ਲੱਖ ਡਾਲਰ ਇਕੱਠੇ ਕੀਤੇ ਹਨ। ਇਹ ਮੰਚ ਇਸ ਧਨ ਦੀ ਵਰਤੋਂ ਮਜ਼ਬੂਤ ਤਕਨਾਲੋਜੀ ਦੇ ਨਿਰਮਾਣ, ਟੀਮ ਨੂੰ ਪੂਰੇ ਜੋਸ਼ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਅਤੇ ਹੋਰ ਕਾੱਲੇਜਾਂ ਨੂੰ ਨਾਲ ਜੋੜਨ ਵਾਸਤੇ ਕਰੇਗਾ।

'ਕਾੱਲੇਜ-ਦੇਖੋ' ਦੇ ਬਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ੍ਰੀ ਰੁਚਿਰ ਅਰੋੜਾ ਦਸਦੇ ਹਨ,''ਅਸੀਂ 'ਕਾੱਲੇਜ-ਦੇਖੋ' ਦੀ ਸ਼ੁਰੂਆਤ ਵਿਦਿਆਰਥੀਆਂ ਲਈ ਕਾਲਜ ਚੁਣਨ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਬੁਨਿਆਦੀ ਤਬਦੀਲੀ ਤੇ ਉਸ ਵਿੱਚ ਸੁਧਾਰ ਲਿਆਉਣ ਲਈ ਕੀਤੀ ਹੈ। ਇਹ ਸਭ ਇੱਕ ਮਜ਼ਬੂਤ ਸੇਵਾ ਨੈੱਟਵਰਕ ਦੀ ਉਸਾਰੀ ਲਈ ਸਾਡੇ ਸਮਰਪਣ ਨਾਲ ਧਿਆਨ-ਕੇਂਦ੍ਰਣ ਅਤੇ ਇੱਕ ਬਿਹਤਰ ਇਕਾਈ-ਅਰਥ ਸ਼ਾਸਤਰ ਤੇ ਆਮਦਨ ਦੀ ਆਮਦ ਕਰ ਕੇ ਹੋ ਸਕਿਆ ਹੈ। ਹੁਣ ਜੋ ਅਸੀਂ 'ਮੈਨ-ਕੈਪੀਟਲ' ਤੋਂ ਫ਼ੰਡ ਪ੍ਰਾਪਤ ਕੀਤੇ ਹਨ, ਉਸ ਤੋਂ ਸਾਡੀ ਪਹੁੰਚ 'ਤੇ ਮੋਹਰ ਲੱਗ ਗਈ ਹੈ। ਇਸ ਨਾਲ ਅਸੀਂ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਸਕਾਂਗੇ।''

ਇਹ ਆੱਨਲਾਈਨ ਮੰਚ ਵਿਦਿਆਰਥੀਆਂ ਨੂੰ ਕਾਲਜਾਂ ਦੀ ਤੁਲਨਾ ਕਰਨ, ਕੋਰਸ ਚੁਣਨ, ਉਨ੍ਹਾਂ ਦੇ ਇੱਛਤ ਕੋਰਸਾਂ ਲਈ ਕੱਟ-ਆੱਫ਼ਸ ਨਿਰਧਾਰਤ ਕਰਨ ਅਤੇ ਕੈਰੀਅਰ ਨਾਲ ਸਬੰਧਤ ਵਿਸ਼ਿਆਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ। 22,000 ਕਾਲਜਾਂ ਦੇ ਡਾਟਾ-ਬੇਸ ਨਾਲ, ਇਹ ਵਿਦਿਆਰਥੀਆਂ ਨੂੰ ਵਾਜਬ ਕਾਲਜਾਂ ਨਾਲ ਜੋੜਦਾ ਹੈ। ਇਹ ਦਾਖ਼ਲਿਆਂ ਦੇ ਚਾਹਵਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਕਾਲਜਾਂ ਬਾਰੇ ਸਹੀ, ਵਿਆਪਕ ਅਤੇ ਨਿਰਪੱਖ ਜਾਣਕਾਰੀ ਦੇਣ ਦਾ ਦਾਅਵਾ ਕਰਦਾ ਹੈ।

ਇਹ ਸਟਾਰਟ-ਅੱਪ ਤਕਨਾਲੋਜੀ ਬਿਹਤਰ ਨਤੀਜੇ ਦੇਣ ਲਈ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਪਿਛਲੇ ਵਰ੍ਹੇ ਦਸੰਬਰ 'ਚ, ਉਸ ਨੇ ਆਪਣੀ ਪ੍ਰਮੁੱਖ ਕੰਪਨੀ 'ਗਿਰਨਾਰ-ਸੌਫ਼ਟ' ਤੋਂ 10 ਲੱਖ ਡਾਲਰ ਲਏ ਸਨ।

ਸ੍ਰੀ ਰੁਚਿਰ ਦਸਦੇ ਹਨ ਕਿ ਕੰਪਨੀ ਨੇ ਤਕਨਾਲੋਜੀ ਨੂੰ ਬਿਲਕੁਲ ਵਰਤੋਂਕਾਰ (ਯੂਜ਼ਰ) ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਹੈ ਤੇ ਇਸ ਪਾਸੇ ਵਰਣਨਯੋਗ ਤਰੱਕੀ ਕੀਤੀ ਗਈ ਹੈ। ਇਸ ਉਤਪਾਦ ਦੀਆਂ ਹਰਮਨਪਿਆਰੀਆਂ ਵਿਸ਼ੇਸ਼ਤਾਵਾਂ ਵਿਚੋਂ ਇੱਕ ਇਹ ਹੈ ਕਿ ਇਹ ਕਿਸੇ ਵਿਦਿਆਰਥੀ ਦਾ ਪ੍ਰੋਫ਼ਾਈਲ ਵੇਖ ਕੇ ਉਸ ਲਈ ਸਹੀ ਤੇ ਫ਼ਿੱਟ ਬੈਠਣ ਵਾਲੇ ਕਾਲਜਾਂ ਦੀ ਸਿਫ਼ਾਰਸ਼ ਕਰਦਾ ਹੈ ਤੇ ਹੋਰ ਲੋੜੀਂਦੇ ਸੁਝਾਅ ਦਿੰਦਾ ਹੈ।

ਨਿਵੇਸ਼ ਬਾਰੇ ਗੱਲ ਕਰਦਿਆਂ 'ਮੈਨ ਕੈਪਟਲ' ਦੇ ਸੀ.ਈ.ਓ. ਲੁਤਫ਼ੀ ਮਨਸੂਰ ਦਸਦੇ ਹਨ,''ਭਾਰਤ ਨੂੰ ਦੁਨੀਆ 'ਚ ਸਟਾਰਟ-ਅੱਪ ਦਾ ਮਹੱਤਵਪੂਰਣ ਧੁਰਾ ਮੰਨਿਆ ਜਾਂਦਾ ਹੈ। ਸਾਨੂੰ ਵਿਸ਼ਵਾਸ ਹੈ ਕਿ 'ਕਾੱਲੇਜ-ਦੇਖੋ ਡਾੱਟ ਕਾੱਮ' ਆਪਣੀ ਤਕਨਾਲੋਜੀ ਆਧਾਰਤ ਪਹੁੰਚ ਰਾਹੀਂ ਦੇਸ਼ 'ਚ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਬਿਲਕੁਲ ਸਹੀ ਰਾਇ ਦੇ ਰਿਹਾ ਹੈ।''

'ਮੈਨ ਕੈਪੀਟਲ' ਦਰਅਸਲ 'ਮਨਸੂਰ ਗਰੁੱਪ' ਦੀ ਇੱਕ ਨਿਵੇਸ਼ ਸ਼ਾਖਾ ਹੈ। 'ਕਾੱਲੇਜ ਦੇਖੋ ਡਾੱਟ ਕਾੱਮ' ਦੀ ਫ਼ੰਡਿੰਗ ਭਾਰਤੀ ਸਟਾਰਟ-ਅੱਪ ਦੇ ਉਦਯੋਗ ਵਿੱਚ ਪਹਿਲਾ ਕਦਮ ਹੈ।

'ਗਿਰਨਾਰ ਸਾੱਫ਼ਟਵੇਅਰ' ਪ੍ਰਮੁੱਖ ਕੰਪਨੀ ਹੈ, ਜਿਸ ਦੇ ਅਨੇਕਾਂ ਪੋਰਟਲ; ਜਿਵੇਂ ਕਾਰਬੇਅ ਡਾੱਟ ਕਾੱਮ, ਕਾਰ ਦੇਖੋ ਡਾੱਟ ਕਾੱਮ, ਗਾੜੀ ਡਾੱਟ ਕਾੱਮ, ਜ਼ਿਗਵ੍ਹੀਲਜ਼ ਡਾੱਟ ਕਾੱਮ, ਬਾਈਕ ਦੇਖੋ ਡਾੱਟ ਕਾੱਮ, ਪ੍ਰਾਈਸ ਦੇਖੋ ਡਾੱਟ ਕਾੱਮ ਅਤੇ ਹੁਣ ਕਾੱਲੇਜ ਦੇਖੋ ਡਾੱਟ ਕਾੱਮ (CarBay.com, CarDekho.com, Gaadi.com, Zigwheels.com, BikeDekho.com, PriceDekho.com, CollegeDekho.com) ਹਨ। ਕੰਪਨੀ ਨੇ ਹੁਣ ਵਿਸ਼ੇਸ਼ ਪੋਰਟਲ ਜਿਵੇਂ ਕਿ 'ਟਾਇਰ ਦੇਖੋ ਡਾੱਟ ਕਾੱਮ' ਅਤੇ 'ਟਰੱਕਸ ਦੇਖੋ ਡਾੱਟ ਕਾੱਮ' (TyreDekho.com, TrucksDekho.com) ਵੀ ਸ਼ੁਰੂ ਕੀਤੇ ਹਨ।

ਜਨਵਰੀ 2015 ਦੌਰਾਨ, ਇਸ ਕੰਪਨੀ ਸਮੂਹ ਨੇ ਹਿਲ ਹਾਊਸ, ਟਾਇਬੂਰਨ ਅਤੇ ਸੀਕਿਊਈਆ ਕੈਪੀਟਲ ਤੋਂ 5 ਕਰੋੜ ਡਾਲਰ ਇਕੱਠੇ ਕੀਤੇ ਸਨ। ਇਸ ਕੰਪਨੀ ਵਿੱਚ ਰਤਨ ਟਾਟਾ ਨੇ ਵੀ ਨਿਵੇਸ਼ ਕੀਤਾ ਹੈ ਤੇ ਐਚ.ਡੀ.ਐਫ਼.ਸੀ. ਬੈਂਕ ਨੇ ਵੀ। ਇਸ ਵਰ੍ਹੇ ਫ਼ਰਵਰੀ 'ਚ, ਗਿਰਨਾਰ ਸਾੱਫ਼ਟ ਦੀ ਅਗਵਾਈ ਹੇਠਲੀ 'ਕਾਰ ਦੇਖੋ' ਨੇ ਡੇਢ ਕਰੋੜ ਡਾਲਰ ਦੀ ਫ਼ੰਡਿੰਗ ਹਾਸਲ ਕੀਤੀ ਸੀ, ਜਿਸ ਦੀ ਅਗਵਾਈ ਗੂਗਲ ਕੈਪੀਟਲ ਅਤੇ ਹੋਰ ਮੌਜੂਦਾ ਨਿਵੇਸ਼ਕਾਂ ਨੇ ਕੀਤੀ ਸੀ।

ਲੇਖਕ: ਤੌਸੀਫ਼ ਆਲਮ

ਅਨੁਵਾਦ: ਮਹਿਤਾਬ-ਉਦ-ਦੀਨ